ਉਤਪਤ 15

15
ਅੰਸ ਦੇਣ ਦਾ ਬਚਨ
1ਇਨ੍ਹਾਂ ਗੱਲਾਂ ਦੇ ਮਗਰੋਂ ਯਹੋਵਾਹ ਦਾ ਬਚਨ ਅਬਰਾਮ ਦੇ ਕੋਲ ਦਰਸ਼ਨ ਵਿੱਚ ਆਇਆ ਕਿ ਨਾ ਡਰ ਅਬਰਾਮ ਮੈਂ ਤੇਰੇ ਲਈ ਢਾਲ ਹਾਂ ਅਤੇ ਤੇਰਾ ਅੱਤ ਵੱਡਾ ਅਜਰ ਹਾਂ 2ਉਪਰੰਤ ਅਬਰਾਮ ਨੇ ਆਖਿਆ ਹੇ ਯਹੋਵਾਹ ਪ੍ਰਭੁ ਤੂੰ ਮੈਨੂੰ ਕੀ ਦੇਵੇਂਗਾ? ਕਿਉਂਜੋ ਮੈਂ ਔਤ ਜਾਂਦਾ ਹਾਂ ਅਰ ਮੇਰੇ ਘਰ ਦਾ ਵਾਰਿਸ ਇਹ ਦਮਿਸ਼ਕੀ ਅਲੀਅਜ਼ਰ ਹੈ 3ਨਾਲੇ ਅਬਰਾਮ ਨੇ ਆਖਿਆ ਵੇਖ ਤੈਂ ਮੈਨੂੰ ਕੋਈ ਅੰਸ ਨਾ ਦਿੱਤੀ ਅਰ ਵੇਖ ਮੇਰਾ ਘਰਜੰਮ ਮੇਰਾ ਵਾਰਿਸ ਹੋਵੇਗਾ 4ਤਾਂ ਵੇਖੋ ਯਹੋਵਾਹ ਦਾ ਬਚਨ ਉਹ ਦੇ ਕੋਲ ਆਇਆ ਕਿ ਇਹ ਤੇਰਾ ਵਾਰਿਸ ਨਾ ਹੋਵੇਗਾ ਪਰ ਉਹ ਜੋ ਤੇਰੇ ਤੁਖ਼ਮ ਵਿੱਚੋਂ ਨਿੱਕਲੇਗਾ ਤੇਰਾ ਵਾਰਿਸ ਹੋਵੇਗਾ 5ਤਾਂ ਉਹ ਉਸ ਨੂੰ ਬਾਹਰ ਲੈ ਗਿਆ ਅਰ ਆਖਿਆ ਅਕਾਸ਼ ਵੱਲ ਨਿਗਾਹ ਮਾਰ ਅਤੇ ਤਾਰੇ ਗਿਣ ਜੇ ਤੂੰ ਉਨ੍ਹਾਂ ਨੂੰ ਗਿਣ ਸੱਕੇਂ, ਫੇਰ ਉਸ ਨੇ ਉਹ ਨੂੰ ਆਖਿਆ ਐਂਨੀ ਹੀ ਤੇਰੀ ਅੰਸ ਹੋਵੇਗੀ 6ਉਸ ਨੇ ਯਹੋਵਾਹ ਦੀ ਪਰਤੀਤ ਕੀਤੀ ਅਤੇ ਉਹ ਨੇ ਉਹ ਦੇ ਲਈ ਏਸ ਗੱਲ ਨੂੰ ਧਰਮ ਗਿਣਿਆ 7ਅਤੇ ਉਸ ਨੇ ਉਹ ਨੂੰ ਆਖਿਆ, ਮੈਂ ਯਹੋਵਾਹ ਹਾਂ ਜੋ ਤੈਨੂੰ ਕਸਦੀਆਂ ਦੇ ਊਰ ਤੋਂ ਕੱਢ ਲੈ ਆਇਆ ਹਾਂ ਤਾਂਜੋ ਮੈਂ ਤੈਨੂੰ ਇਹ ਧਰਤੀ ਤੇਰੀ ਮਿਲਖ ਹੋਣ ਲਈ ਦਿਆਂ 8ਤਾਂ ਉਸ ਨੇ ਆਖਿਆ, ਹੇ ਪ੍ਰਭੁ ਯਹੋਵਾਹ ਮੈਂ ਕਿਸ ਤਰਾਂ ਜਾਣਾਂ ਕਿ ਮੈਂ ਉਹ ਨੂੰ ਮਿਲਖ ਵਿੱਚ ਲਵਾਂਗਾ? 9ਤਾਂ ਉਸ ਨੇ ਉਹ ਨੂੰ ਆਖਿਆ, ਮੇਰੇ ਲਈ ਇੱਕ ਤਿੰਨਾਂ ਵਰਿਹਾਂ ਦੀ ਵਹਿੜ ਅਰ ਇੱਕ ਤਿੰਨਾਂ ਵਰਿਹਾਂ ਦੀ ਬੱਕਰੀ ਅਰ ਇੱਕ ਤਿੰਨਾਂ ਵਰਿਹਾਂ ਦਾ ਛੱਤ੍ਰਾ ਅਰ ਇੱਕ ਘੁੱਗੀ ਅਰ ਇੱਕ ਕਬੂਤਰ ਦਾ ਬੱਚਾ ਲੈ 10ਤਾਂ ਉਹ ਉਸ ਦੇ ਲਈ ਏਹ ਸਭ ਲੈ ਆਇਆ ਅਤੇ ਉਨ੍ਹਾਂ ਦੇ ਦੋ ਦੋ ਟੋਟੇ ਕੀਤੇ ਅਤੇ ਉਸ ਨੇ ਇੱਕ ਟੋਟੇ ਨੂੰ ਦੂਜੇ ਦੇ ਸਾਹਮਣੇ ਰੱਖਿਆ ਪਰ ਪੰਛੀਆਂ ਦੇ ਟੋਟੇ ਨਾ ਕੀਤੇ 11ਜਦ ਸ਼ਿਕਾਰੀ ਪੰਖੇਰੂ ਉਨ੍ਹਾਂ ਲੋਥਾਂ ਉੱਤੇ ਉਤਰੇ ਤਦ ਅਬਰਾਮ ਨੇ ਉਨ੍ਹਾਂ ਨੂੰ ਹਟਾਇਆ 12ਜਾਂ ਸੂਰਜ ਡੁੱਬਣ ਲੱਗਾ ਤਾਂ ਗੂੜ੍ਹੀ ਨੀਂਦਰ ਅਬਰਾਮ ਉੱਤੇ ਆ ਪਈ ਅਤੇ ਵੇਖੋ ਇੱਕ ਵੱਡਾ ਡਰਾਉਣਾ ਅਨ੍ਹੇਰਾ ਉਹ ਦੇ ਉੱਤੇ ਛਾ ਗਿਆ 13ਉਸ ਨੇ ਅਬਰਾਮ ਨੂੰ ਆਖਿਆ, ਤੂੰ ਸੱਚ ਜਾਣ ਭਈ ਤੇਰੀ ਅੰਸ ਇੱਕ ਦੇਸ ਵਿੱਚ ਜਿਹੜਾ ਉਨ੍ਹਾਂ ਦਾ ਨਹੀਂ ਹੈ ਪਰਦੇਸੀ ਹੋਊਗੀ ਅਤੇ ਉਨ੍ਹਾਂ ਦੀ ਗੁਲਾਮੀ ਕਰੇਗੀ ਅਰ ਓਹ ਉਨ੍ਹਾਂ ਨੂੰ ਚਾਰ ਸੌ ਵਰਿਹਾਂ ਤੀਕ ਦੁਖ ਦੇਣਗੇ 14ਅਤੇ ਉਸ ਕੌਮ ਦਾ ਵੀ ਜਿਹ ਦੀ ਉਹ ਗ਼ੁਲਾਮੀ ਕਰਨਗੇ ਮੈਂ ਨਿਆਉਂ ਕਰਾਂਗਾ ਅਤੇ ਇਹ ਦੇ ਮਗਰੋਂ ਓਹ ਵੱਡੇ ਮਾਲ ਧਨ ਨਾਲ ਨਿੱਕਲ ਆਉਣਗੇ 15ਪਰ ਤੂੰ ਆਪਣੇ ਪਿਉ ਦਾਦਿਆਂ ਕੋਲ ਸ਼ਾਂਤੀ ਨਾਲ ਜਾਵੇਂਗਾ 16ਤੂੰ ਚੰਗੇ ਬਿਰਧਪੁਣੇ ਵਿੱਚ ਦਫ਼ਨਾਇਆ ਜਾਵੇਂਗਾ ਅਤੇ ਚੌਥੀ ਪੀੜ੍ਹੀ ਵਿੱਚ ਓਹ ਐੱਧਰ ਫੇਰ ਮੁੜਣਗੇ ਕਿਉਂਜੋ ਅਮੋਰੀਆਂ ਦੀ ਬੁਰਿਆਈ ਅਜੇ ਪੂਰੀ ਨਹੀਂ ਹੋਈ 17ਐਉਂ ਹੋਇਆ ਕਿ ਸੂਰਜ ਆਥਣਿਆ ਅਤੇ ਅਨ੍ਹੇਰਾ ਹੋ ਗਿਆ ਤਾਂ ਵੇਖੋ ਇੱਕ ਧੂੰਏਂ ਵਾਲਾ ਤੰਦੂਰ ਅਰ ਬਲਦੀ ਮਿਸਾਲ ਇਨ੍ਹਾਂ ਟੋਟਿਆਂ ਵਿੱਚੋਂ ਦੀ ਲੰਘ ਗਈ 18ਉਸ ਦਿਨ ਯਹੋਵਾਹ ਨੇ ਇੱਕ ਨੇਮ ਅਬਰਾਮ ਨਾਲ ਬੰਨ੍ਹਿਆਂ ਕਿ ਤੇਰੀ ਅੰਸ ਨੂੰ ਮੈਂ ਇਹ ਧਰਤੀ ਦੇ ਦਿੱਤੀ ਹੈ ਅਰਥਾਤ ਮਿਸਰ ਦੇ ਦਰਿਆ ਤੋਂ ਲੈਕੇ ਵੱਡੇ ਦਰਿਆ ਫਰਾਤ ਤੀਕ 19ਅਤੇ ਕੇਨੀ ਅਰ ਕਨਿੱਜ਼ੀ ਅਰ ਕਦਮੋਨੀ 20ਅਰ ਹਿੱਤੀ ਅਰ ਪਰਿੱਜ਼ੀ ਅਰ ਰਫਾਈਮ 21ਅਰ ਅਮੋਰੀ ਅਰ ਕਨਾਨੀ ਅਰ ਗਿਰਗਾਸ਼ੀ ਅਰ ਯਬੂਸੀ ਏਹ ਵੀ ਦੇ ਦਿੱਤੇ।।

المحددات الحالية:

ਉਤਪਤ 15: PUNOVBSI

تمييز النص

شارك

نسخ

None

هل تريد حفظ أبرز أعمالك على جميع أجهزتك؟ قم بالتسجيل أو تسجيل الدخول