16
1ਯਿਸ਼ੂ ਨੇ ਕਿਹਾ, “ਮੈਂ ਤੁਹਾਨੂੰ ਇਹ ਸਭ ਕੁਝ ਕਿਹਾ ਹੈ ਤਾਂ ਜੋ ਤੁਸੀਂ ਠੋਕਰ ਨਾ ਖਾਓ। 2ਉਹ ਤੁਹਾਨੂੰ ਪ੍ਰਾਰਥਨਾ ਸਥਾਨ ਤੋਂ ਬਾਹਰ ਕੱਢਣਗੇ। ਦਰਅਸਲ ਉਹ ਸਮਾਂ ਆ ਰਿਹਾ ਹੈ ਜਦੋਂ ਲੋਕ ਤੁਹਾਨੂੰ ਮਾਰਨਗੇ ਅਤੇ ਉਹ ਸੋਚਣਗੇ ਕਿ ਉਹ ਪਰਮੇਸ਼ਵਰ ਦੀ ਸੇਵਾ ਕਰ ਰਹੇ ਹਨ। 3ਉਹ ਇਹ ਗੱਲਾਂ ਇਸ ਲਈ ਕਰਨਗੇ ਕਿਉਂਕਿ ਉਹ ਲੋਕ ਪਿਤਾ ਜਾਂ ਮੈਨੂੰ ਬਿਲਕੁਲ ਹੀ ਨਹੀਂ ਜਾਣਦੇ। 4ਮੈਂ ਤੁਹਾਨੂੰ ਇਹ ਇਸ ਲਈ ਦੱਸਿਆ ਹੈ, ਕਿ ਜਦੋਂ ਉਹ ਸਮਾਂ ਆਵੇਗਾ ਤਾਂ ਤੁਸੀਂ ਯਾਦ ਕਰੋਗੇ ਕਿ ਮੈਂ ਤੁਹਾਨੂੰ ਉਹਨਾਂ ਬਾਰੇ ਚੇਤਾਵਨੀ ਦਿੱਤੀ ਸੀ। ਮੈਂ ਇਹ ਤੁਹਾਨੂੰ ਸ਼ੁਰੂ ਵਿੱਚ ਨਹੀਂ ਸੀ ਦੱਸਿਆ ਕਿਉਂਕਿ ਉਸ ਸਮੇਂ ਮੈਂ ਤੁਹਾਡੇ ਨਾਲ ਸੀ। 5ਪਰ ਹੁਣ ਮੈਂ ਉਹਨਾਂ ਕੋਲ ਜਾ ਰਿਹਾ ਹਾਂ ਜਿਨ੍ਹਾਂ ਨੇ ਮੈਨੂੰ ਭੇਜਿਆ ਹੈ। ਤੁਹਾਡੇ ਵਿੱਚੋਂ ਕੋਈ ਵੀ ਮੈਨੂੰ ਨਹੀਂ ਪੁੱਛਦਾ, ‘ਤੁਸੀਂ ਕਿੱਥੇ ਜਾ ਰਹੇ ਹੋ’? 6ਪਰ ਤੁਸੀਂ ਸੋਗ ਨਾਲ ਭਰ ਗਏ ਹੋ ਕਿਉਂਕਿ ਮੈਂ ਇਹ ਗੱਲਾਂ ਆਖੀਆਂ ਹਨ। 7ਪਰ ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਇਹ ਤੁਹਾਡੇ ਭਲੇ ਲਈ ਹੈ ਜੋ ਮੈਂ ਤੁਹਾਡੇ ਤੋਂ ਦੂਰ ਜਾ ਰਿਹਾ ਹਾਂ। ਜਦ ਤੱਕ ਮੈਂ ਨਹੀਂ ਜਾਂਦਾ ਮਦਦਗਾਰ ਤੁਹਾਡੇ ਕੋਲ ਨਹੀਂ ਆਵੇਗਾ। ਪਰ ਜੇ ਮੈਂ ਜਾਂਦਾ ਹਾਂ ਤਾਂ ਮੈਂ ਉਸਨੂੰ ਤੁਹਾਡੇ ਕੋਲ ਭੇਜਾਂਗਾ। 8ਜਦੋਂ ਉਹ ਆਵੇਗਾ ਉਹ ਸੰਸਾਰ ਨੂੰ ਪਾਪ ਦੇ ਬਾਰੇ, ਧਾਰਮਿਕਤਾ ਦੇ ਬਾਰੇ, ਅਤੇ ਨਿਆਂ ਦੇ ਬਾਰੇ ਦੋਸ਼ੀ ਸਿੱਧ ਕਰੇਗਾ। 9ਪਾਪ ਬਾਰੇ ਇਸ ਲਈ ਕਿਉਂਕਿ ਲੋਕ ਮੇਰੇ ਤੇ ਵਿਸ਼ਵਾਸ ਨਹੀਂ ਕਰਦੇ। 10ਧਾਰਮਿਕਤਾ ਬਾਰੇ ਇਸ ਲਈ ਕਿਉਂਕਿ ਮੈਂ ਆਪਣੇ ਪਿਤਾ ਕੋਲ ਜਾ ਰਿਹਾ ਹਾਂ, ਜਿੱਥੇ ਤੁਸੀਂ ਮੈਨੂੰ ਨਹੀਂ ਵੇਖ ਸਕੋਂਗੇ। 11ਅਤੇ ਨਿਆਂ ਬਾਰੇ ਇਸ ਲਈ ਕਿਉਂਕਿ ਇਸ ਸੰਸਾਰ ਦਾ ਰਾਜਕੁਮਾਰ ਹੁਣ ਦੋਸ਼ੀ ਠਹਿਰਾਇਆ ਗਿਆ ਹੈ।
12“ਮੈਂ ਤੁਹਾਨੂੰ ਹੋਰ ਵੀ ਬਹੁਤ ਕੁਝ ਕਹਿਣਾ ਹੈ ਪਰ ਇਸ ਸਮੇਂ ਤੁਸੀਂ ਇਸ ਨੂੰ ਸਹਿਣ ਨਹੀਂ ਕਰ ਸਕਦੇ ਹੋ। 13ਪਰ ਜਦੋਂ ਉਹ ਸੱਚ ਦਾ ਆਤਮਾ ਆਵੇਗਾ। ਉਹ ਤੁਹਾਡੀ ਸੱਚਾਈ ਵਿੱਚ ਅਗਵਾਈ ਕਰੇਗਾ। ਉਹ ਆਪਣੇ ਆਪ ਨਹੀਂ ਬੋਲੇਗਾ, ਉਹ ਉਹੀ ਬੋਲੇਗਾ ਜੋ ਉਹ ਸੁਣਦਾ ਹੈ ਅਤੇ ਉਹ ਤੁਹਾਨੂੰ ਹੋਣ ਵਾਲੀਆਂ ਗੱਲਾਂ ਦੱਸੇਗਾ। 14ਉਹ ਮੇਰੀ ਵਡਿਆਈ ਕਰੇਗਾ ਕਿਉਂਕਿ ਉਹ ਤੁਹਾਨੂੰ ਉਹ ਸਭ ਦੱਸੇਗਾ ਜੋ ਕੁਝ ਉਹ ਮੇਰੇ ਕੋਲੋਂ ਪ੍ਰਾਪਤ ਕਰੇਗਾ। 15ਜੋ ਕੁਝ ਪਿਤਾ ਦਾ ਹੈ ਉਹ ਮੇਰਾ ਹੈ। ਇਸੇ ਲਈ ਮੈਂ ਕਿਹਾ ਹੈ ਕਿ ਪਵਿੱਤਰ ਆਤਮਾ ਤੁਹਾਨੂੰ ਉਹ ਦੱਸੇਗਾ ਜੋ ਕੁਝ ਉਹ ਮੇਰੇ ਕੋਲੋਂ ਪ੍ਰਾਪਤ ਕਰੇਗਾ।”
ਚੇਲਿਆਂ ਦਾ ਸੋਗ ਖੁਸ਼ੀ ਵਿੱਚ ਬਦਲਣਾ
16ਯਿਸ਼ੂ ਨੇ ਫਿਰ ਕਿਹਾ, “ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਨਹੀਂ ਵੇਖੋਂਗੇ, ਅਤੇ ਇਸ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਵੇਖੋਂਗੇ।”
17ਇਸ ਤੇ ਕੁਝ ਚੇਲਿਆਂ ਨੇ ਇੱਕ-ਦੂਜੇ ਨੂੰ ਕਿਹਾ, “ਇਸਦਾ ਕੀ ਅਰਥ ਹੈ ਕਿ, ‘ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਨਹੀਂ ਵੇਖੋਂਗੇ ਅਤੇ ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਵੇਖੋਂਗੇ, ਕਿਉਂਕਿ ਮੈਂ ਆਪਣੇ ਪਿਤਾ ਕੋਲ ਜਾ ਰਿਹਾ ਹਾਂ?’ ” 18ਉਹ ਪੁੱਛਦੇ ਰਹੇ, “ਕਿ ‘ਉਹ ਥੋੜ੍ਹੀ ਦੇਰ,’ ਤੋਂ ਕੀ ਭਾਵ ਹੈ? ਅਸੀਂ ਸਮਝ ਨਹੀਂ ਪਾਉਂਦੇ ਕਿ ਉਹ ਕੀ ਕਹਿ ਰਹੇ ਹਨ।”
19ਯਿਸ਼ੂ ਨੇ ਜਾਣ ਲਿਆ ਕਿ ਚੇਲੇ ਉਹਨਾਂ ਨੂੰ ਇਸ ਬਾਰੇ ਪੁੱਛਣਾ ਚਾਹੁੰਦੇ ਹਨ। ਤਾਂ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਕੀ ਤੁਸੀਂ ਇੱਕ-ਦੂਜੇ ਨੂੰ ਪੁੱਛ ਰਹੇ ਹੋ ਮੇਰੇ ਕਹਿਣ ਦਾ ਕੀ ਮਤਲਬ ਸੀ ਜਦੋਂ ਮੈਂ ਇਹ ਕਿਹਾ, ‘ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਨਹੀਂ ਵੇਖੋਂਗੇ ਅਤੇ ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਦੇਖੋਗੇ’? 20ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਤੁਸੀਂ ਰੋਂਵੋਗੇ ਅਤੇ ਸੋਗ ਕਰੋਗੇ, ਜਦ ਕਿ ਸੰਸਾਰ ਖੁਸ਼ ਹੋਵੇਗਾ। ਤੁਸੀਂ ਸੋਗ ਕਰੋਗੇ, ਪਰ ਤੁਹਾਡਾ ਸੋਗ ਆਨੰਦ ਵਿੱਚ ਬਦਲ ਜਾਵੇਗਾ। 21ਜਦੋਂ ਔਰਤ ਆਪਣੇ ਬੱਚੇ ਨੂੰ ਜਨਮ ਦੇ ਰਹੀ ਹੁੰਦੀ ਹੈ ਤਾਂ ਉਸ ਦਰਦ ਨੂੰ ਸਹਿਣ ਕਰ ਰਹੀ ਹੁੰਦੀ ਹੈ ਕਿਉਂਕਿ ਉਸ ਦਾ ਸਮਾਂ ਆ ਗਿਆ ਹੁੰਦਾ ਹੈ। ਪਰ ਜਦੋਂ ਉਸ ਦਾ ਬੱਚਾ ਪੈਦਾ ਹੁੰਦਾ ਹੈ ਤਾਂ ਉਹ ਆਪਣੀ ਖੁਸ਼ੀ ਦੇ ਕਰਕੇ ਦਰਦ ਨੂੰ ਭੁੱਲ ਜਾਂਦੀ ਹੈ ਕਿਉਂਕਿ ਬੱਚਾ ਦੁਨੀਆਂ ਵਿੱਚ ਪੈਦਾ ਹੋਇਆ ਹੈ। 22ਇਸੇ ਤਰ੍ਹਾਂ ਤੁਹਾਡੇ ਨਾਲ ਹੋਵੇਗਾ: ਹੁਣ ਤੁਹਾਡਾ ਸੋਗ ਦਾ ਸਮਾਂ ਆ ਗਿਆ ਹੈ। ਪਰ ਮੈਂ ਤੁਹਾਨੂੰ ਫਿਰ ਮਿਲਾਂਗਾ ਅਤੇ ਤੁਸੀਂ ਖੁਸ਼ ਹੋਵੋਂਗੇ ਅਤੇ ਕੋਈ ਵੀ ਤੁਹਾਡੀ ਖੁਸ਼ੀ ਨੂੰ ਨਹੀਂ ਖੋਹ ਸਕਦਾ। 23ਉਸ ਦਿਨ ਤੁਸੀਂ ਮੈਨੂੰ ਕੁਝ ਨਹੀਂ ਪੁੱਛੋਂਗੇ। ਮੈਂ ਤੁਹਾਨੂੰ ਸੱਚ ਦੱਸਦਾ ਹਾਂ ਮੇਰਾ ਪਿਤਾ ਤੁਹਾਨੂੰ ਉਹ ਸਭ ਦੇਵੇਗਾ ਜੋ ਤੁਸੀਂ ਮੇਰੇ ਨਾਮ ਤੇ ਮੰਗੋਂਗੇ। 24ਹੁਣ ਤੱਕ ਤੁਸੀਂ ਮੇਰੇ ਨਾਮ ਵਿੱਚ ਕੁਝ ਨਹੀਂ ਮੰਗਿਆ। ਮੰਗੋ ਅਤੇ ਤੁਹਾਨੂੰ ਮਿਲ ਜਾਵੇਗਾ ਅਤੇ ਤੁਹਾਡੀ ਖੁਸ਼ੀ ਪੂਰੀ ਹੋਵੇਗੀ।
25“ਭਾਵੇਂ ਕਿ ਮੈਂ ਬੁਝਾਰਤਾਂ ਵਿੱਚ ਬੋਲ ਰਿਹਾ ਹਾਂ ਪਰ ਇੱਕ ਸਮਾਂ ਆ ਰਿਹਾ ਹੈ ਜਦੋਂ ਮੈਂ ਇਸ ਤਰ੍ਹਾਂ ਦੀ ਭਾਸ਼ਾ ਨਹੀਂ ਵਰਤਾਂਗਾ। ਪਰ ਤੁਹਾਨੂੰ ਆਪਣੇ ਪਿਤਾ ਬਾਰੇ ਸਪੱਸ਼ਟ ਸ਼ਬਦਾਂ ਵਿੱਚ ਦੱਸਾਂਗਾ। 26ਉਸ ਦਿਨ ਤੁਸੀਂ ਮੇਰੇ ਨਾਮ ਵਿੱਚ ਮੰਗੋਂਗੇ। ਅਤੇ ਮੈਂ ਤੁਹਾਨੂੰ ਦੱਸਦਾ ਹੈ ਕਿ ਮੈਂ ਤੁਹਾਡੇ ਲਈ ਪਿਤਾ ਕੋਲੋਂ ਨਹੀਂ ਮੰਗਾਂਗਾ। 27ਪਿਤਾ ਆਪ ਤੁਹਾਨੂੰ ਪਿਆਰ ਕਰਦਾ ਹੈ ਕਿਉਂਕਿ ਤੁਸੀਂ ਮੈਨੂੰ ਪਿਆਰ ਕੀਤਾ ਹੈ ਅਤੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਮੈਂ ਪਰਮੇਸ਼ਵਰ ਵੱਲੋਂ ਆਇਆ ਹਾਂ। 28ਮੈਂ ਪਿਤਾ ਵੱਲੋਂ ਇਸ ਸੰਸਾਰ ਤੇ ਆਇਆ। ਹੁਣ ਮੈਂ ਇਸ ਦੁਨੀਆਂ ਨੂੰ ਛੱਡ ਰਿਹਾ ਹਾਂ ਅਤੇ ਵਾਪਸ ਪਿਤਾ ਕੋਲ ਜਾ ਰਿਹਾ ਹਾਂ।”
29ਤਦ ਯਿਸ਼ੂ ਦੇ ਚੇਲਿਆਂ ਨੇ ਕਿਹਾ, “ਹੁਣ ਤੁਸੀਂ ਸਾਫ਼ ਬੋਲ ਰਹੇ ਹੋ ਅਤੇ ਕੋਈ ਬੁਝਾਰਤ ਵਿੱਚ ਨਹੀਂ ਬੋਲ ਰਹੇ ਹੋ। 30ਹੁਣ ਅਸੀਂ ਜਾਣਦੇ ਹਾਂ ਕਿ ਤੁਹਾਨੂੰ ਸਭ ਕੁਝ ਪਤਾ ਹੈ ਅਤੇ ਇਹ ਜ਼ਰੂਰਤ ਨਹੀਂ ਕਿ ਤੁਹਾਨੂੰ ਕੋਈ ਕੁਝ ਪੁੱਛੇ। ਇਸ ਲਈ ਸਾਨੂੰ ਵਿਸ਼ਵਾਸ ਹੈ ਕਿ ਤੁਸੀਂ ਪਰਮੇਸ਼ਵਰ ਵੱਲੋਂ ਆਏ ਹੋ।”
31ਯਿਸ਼ੂ ਨੇ ਜਵਾਬ ਦਿੱਤਾ, “ਕੀ ਹੁਣ ਤੁਸੀਂ ਵਿਸ਼ਵਾਸ ਕਰਦੇ ਹੋ? 32ਇੱਕ ਸਮਾਂ ਆਵੇਗਾ ਜਦੋਂ ਤੁਸੀਂ ਖਿੱਲਰ ਜਾਵੋਂਗੇ ਅਤੇ ਹਰ ਕੋਈ ਆਪਣੇ ਘਰ ਨੂੰ ਮੁੜ ਜਾਵੇਗਾ। ਤੁਸੀਂ ਮੈਨੂੰ ਇਕੱਲੇ ਨੂੰ ਛੱਡ ਦੇਵੋਂਗੇ। ਪਰ ਮੈਂ ਇਕੱਲਾ ਨਹੀਂ ਹਾਂ ਕਿਉਂਕਿ ਮੇਰਾ ਪਿਤਾ ਮੇਰੇ ਨਾਲ ਹੈ।
33“ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਆਖੀਆਂ ਹਨ ਤਾਂ ਜੋ ਤੁਸੀਂ ਮੇਰੇ ਵਿੱਚ ਸ਼ਾਂਤੀ ਪਾ ਸਕੋਂ। ਇਸ ਸੰਸਾਰ ਵਿੱਚ ਤੁਹਾਡੇ ਤੇ ਕਸ਼ਟ ਆਉਣਗੇ। ਪਰ ਹੌਸਲਾ ਰੱਖੋ! ਮੈਂ ਸੰਸਾਰ ਨੂੰ ਜਿੱਤ ਲਿਆ ਹੈ।”