3
ਨਿਕੋਦੇਮਾਸ ਅਤੇ ਨਵਾਂ ਜਨਮ
1ਨਿਕੋਦੇਮਾਸ ਨਾਮਕ ਇੱਕ ਫ਼ਰੀਸੀ, ਜੋ ਯਹੂਦੀਆਂ ਦੇ ਪ੍ਰਧਾਨਾਂ ਵਿੱਚੋਂ ਇੱਕ ਸੀ, 2ਉਹ ਰਾਤ ਦੇ ਸਮੇਂ ਯਿਸ਼ੂ ਦੇ ਕੋਲ ਆਇਆ ਅਤੇ ਯਿਸ਼ੂ ਨੂੰ ਕਿਹਾ, “ਰੱਬੀ, ਅਸੀਂ ਜਾਣਦੇ ਹਾਂ ਕਿ ਤੁਸੀਂ ਪਰਮੇਸ਼ਵਰ ਵੱਲੋਂ ਭੇਜੇ ਗਏ ਗੁਰੂ ਹੋ ਕਿਉਂਕਿ ਇਹ ਅਨੌਖੇ ਕੰਮ, ਜੋ ਤੁਸੀਂ ਕਰਦੇ ਹੋ, ਹੋਰ ਕੋਈ ਵੀ ਨਹੀਂ ਕਰ ਸਕਦਾ ਜਦੋਂ ਤੱਕ ਪਰਮੇਸ਼ਵਰ ਉਸ ਦੇ ਨਾਲ ਨਾ ਹੋਵੇ।”
3ਯਿਸ਼ੂ ਨੇ ਉਸ ਨੂੰ ਜਵਾਬ ਦਿੱਤਾ, “ਮੈਂ ਤੈਨੂੰ ਸੱਚ-ਸੱਚ ਆਖਦਾ ਹਾਂ ਕਿ ਕੋਈ ਮਨੁੱਖ ਪਰਮੇਸ਼ਵਰ ਦੇ ਰਾਜ ਨੂੰ ਨਹੀਂ ਵੇਖ ਸਕਦਾ ਜਦੋਂ ਤੱਕ ਕਿ ਉਹ ਨਵਾਂ ਜਨਮ ਨਾ ਪਾ ਲਵੇ।”
4ਨਿਕੋਦੇਮਾਸ ਨੇ ਯਿਸ਼ੂ ਨੂੰ ਪੁੱਛਿਆ, “ਜੇ ਕੋਈ ਵਿਅਕਤੀ ਪਹਿਲਾਂ ਤੋਂ ਹੀ ਬਜ਼ੁਰਗ ਹੋਵੇ ਤਾਂ ਦੁਬਾਰਾ ਜਨਮ ਕਿਵੇਂ ਲੈ ਸਕਦਾ ਹੈ, ਕੀ ਉਹ ਨਵਾਂ ਜਨਮ ਲੈਣ ਲਈ ਫੇਰ ਆਪਣੀ ਮਾਤਾ ਦੀ ਕੁੱਖ ਵਿੱਚ ਪਰਵੇਸ਼ ਕਰੇ?”
5ਯਿਸ਼ੂ ਨੇ ਉੱਤਰ ਦਿੱਤਾ, “ਮੈਂ ਤੈਨੂੰ ਸੱਚ-ਸੱਚ ਆਖਦਾ ਹਾਂ, ਕੋਈ ਮਨੁੱਖ ਪਰਮੇਸ਼ਵਰ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ ਜਦੋਂ ਤੱਕ ਉਸ ਦਾ ਜਨਮ ਪਾਣੀ ਅਤੇ ਪਵਿੱਤਰ ਆਤਮਾ ਤੋਂ ਨਹੀਂ ਹੁੰਦਾ। 6ਕਿਉਂਕਿ ਜੋ ਕੋਈ ਸਰੀਰ ਤੋਂ ਪੈਦਾ ਹੁੰਦਾ ਹੈ ਉਹ ਸਰੀਰਕ ਹੈ ਅਤੇ ਜੋ ਆਤਮਾ ਤੋਂ ਪੈਦਾ ਹੁੰਦਾ ਹੈ ਉਹ ਆਤਮਿਕ ਹੈ। 7ਇਸ ਗੱਲ ਤੋਂ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਮੈਂ ਤੈਨੂੰ ਇਹ ਕਿਹਾ, ਕਿ ਤੈਨੂੰ, ‘ਨਵਾਂ ਜਨਮ,’ ਲੈਣਾ ਜ਼ਰੂਰੀ ਹੈ। 8ਜਿਸ ਤਰ੍ਹਾਂ ਹਵਾ ਜਿਸ ਪਾਸੇ ਵੱਲ ਚਾਹੁੰਦੀ ਹੈ, ਉਸ ਵੱਲ ਵਗਦੀ ਹੈ। ਤੁਸੀਂ ਹਵਾ ਦੀ ਆਵਾਜ਼ ਤਾਂ ਸੁਣਦੇ ਹੋ ਪਰ ਇਹ ਨਹੀਂ ਦੱਸ ਸੱਕਦੇ ਕਿ ਉਹ ਕਿਸ ਪਾਸੇ ਵੱਲੋਂ ਆਉਂਦੀ ਅਤੇ ਕਿਸ ਪਾਸੇ ਨੂੰ ਜਾਂਦੀ ਹੈ। ਆਤਮਾ ਤੋਂ ਪੈਦਾ ਹੋਇਆ ਮਨੁੱਖ ਵੀ ਅਜਿਹਾ ਹੀ ਹੈ।”
9ਨਿਕੋਦੇਮਾਸ ਨੇ ਪੁੱਛਿਆ, “ਇਹ ਸਭ ਕਿਵੇਂ ਹੋ ਸਕਦਾ ਹੈ?”
10ਯਿਸ਼ੂ ਨੇ ਜਵਾਬ ਦਿੱਤਾ, “ਤੂੰ ਇਸਰਾਏਲ ਦਾ ਇੱਕ ਗੁਰੂ ਹੋ ਕੇ ਵੀ ਇਨ੍ਹਾਂ ਗੱਲਾਂ ਨੂੰ ਨਹੀਂ ਸਮਝਦਾ?” 11ਮੈਂ ਤੈਨੂੰ ਸੱਚ-ਸੱਚ ਆਖਦਾ ਹਾਂ, ਅਸੀਂ ਜੋ ਜਾਣਦੇ ਹਾਂ ਉਸ ਬਾਰੇ ਗਵਾਹੀ ਦਿੰਦੇ ਹਾਂ, ਅਤੇ ਅਸੀਂ ਉਸ ਦੀ ਗਵਾਹੀ ਦਿੰਦੇ ਹਾਂ, ਜੋ ਅਸੀਂ ਵੇਖਿਆ ਹੈ, ਪਰ ਤੁਸੀਂ ਸਾਡੀ ਗਵਾਹੀ ਕਬੂਲ ਨਹੀਂ ਕਰਦੇ। 12ਅਜੇ ਤਾਂ ਮੈਂ ਤੁਹਾਡੇ ਨਾਲ ਸਰੀਰਕ ਗੱਲਾਂ ਕਰਦਾ ਹਾਂ ਤਾਂ ਵੀ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰਦੇ ਅਤੇ ਜੇ ਮੈਂ ਤੁਹਾਡੇ ਨਾਲ ਸਵਰਗ ਦੀਆਂ ਗੱਲਾਂ ਕਰਾ ਤਾਂ ਤੁਸੀਂ ਵਿਸ਼ਵਾਸ ਕਿਵੇਂ ਕਰੋਗੇ? 13ਮਨੁੱਖ ਦੇ ਪੁੱਤਰ ਦੇ ਇਲਾਵਾ ਹੋਰ ਕੋਈ ਸਵਰਗ ਵਿੱਚ ਨਹੀਂ ਗਿਆ ਕਿਉਂਕਿ ਉਹੀ ਪਹਿਲਾਂ ਸਵਰਗ ਤੋਂ ਉੱਤਰਿਆ ਹੈ। 14ਜਿਸ ਤਰ੍ਹਾਂ ਮੋਸ਼ੇਹ ਨੇ ਉਜਾੜ ਵਿੱਚ ਸੱਪ ਨੂੰ ਉੱਚਾ ਚੁੱਕਿਆ ਸੀ,#3:14 ਗਿਣ 21:9 ਉਸੇ ਪ੍ਰਕਾਰ ਇਹ ਜ਼ਰੂਰੀ ਹੈ ਕਿ ਮਨੁੱਖ ਦਾ ਪੁੱਤਰ ਵੀ ਉੱਚਾ ਚੁੱਕਿਆ ਜਾਵੇ, 15ਕਿ ਹਰ ਇੱਕ ਮਨੁੱਖ ਉਹਨਾਂ ਤੇ ਵਿਸ਼ਵਾਸ ਕਰੇ ਅਤੇ ਅਨੰਤ ਜੀਵਨ ਪ੍ਰਾਪਤ ਕਰੇ।
16ਪਰਮੇਸ਼ਵਰ ਨੇ ਸੰਸਾਰ ਨਾਲ ਅਜਿਹਾ ਪਿਆਰ ਕੀਤਾ ਕਿ ਉਹਨਾਂ ਨੇ ਆਪਣਾ ਇੱਕਲੌਤਾ ਪੁੱਤਰ ਦੇ ਦਿੱਤਾ ਕਿ ਹਰ ਇੱਕ ਵਿਅਕਤੀ, ਜੋ ਉਹਨਾਂ ਉੱਤੇ ਵਿਸ਼ਵਾਸ ਕਰਦਾ ਹੈ, ਉਹ ਨਾਸ਼ ਨਾ ਹੋਵੇ ਪਰ ਅਨੰਤ ਜੀਵਨ ਪ੍ਰਾਪਤ ਕਰੇ। 17ਕਿਉਂਕਿ ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਸੰਸਾਰ ਤੇ ਦੋਸ਼ ਲਗਾਉਣ ਲਈ ਨਹੀਂ ਪਰ ਸੰਸਾਰ ਨੂੰ ਬਚਾਉਣ ਲਈ ਭੇਜਿਆ। 18ਹਰ ਇੱਕ ਮਨੁੱਖ ਜੋ ਪਰਮੇਸ਼ਵਰ ਦੇ ਪੁੱਤਰ ਤੇ ਵਿਸ਼ਵਾਸ ਕਰਦਾ ਹੈ, ਉਸ ਉੱਤੇ ਕਦੇ ਦੋਸ਼ ਨਹੀਂ ਲਗਾਇਆ ਜਾਂਦਾ; ਜੋ ਮਨੁੱਖ ਵਿਸ਼ਵਾਸ ਨਹੀਂ ਕਰਦਾ ਉਹ ਦੋਸ਼ੀ ਮੰਨਿਆ ਗਿਆ ਹੈ ਕਿਉਂਕਿ ਉਸ ਨੇ ਪਰਮੇਸ਼ਵਰ ਦੇ ਨਾਮ ਅਤੇ ਉਸਦੇ ਇੱਕਲੌਤੇ ਪੁੱਤਰ ਤੇ ਵਿਸ਼ਵਾਸ ਨਹੀਂ ਕੀਤਾ। 19ਉਹਨਾਂ ਦੇ ਦੋਸ਼ੀ ਠਹਿਰਨ ਦਾ ਕਾਰਨ ਇਹ ਹੈ: ਕਿ ਚਾਨਣ ਸੰਸਾਰ ਵਿੱਚ ਆਇਆ ਸੀ ਪਰ ਮਨੁੱਖਾਂ ਨੇ ਚਾਨਣ ਨੂੰ ਪਸੰਦ ਨਹੀਂ ਕੀਤਾ। ਪਰ ਉਹਨਾਂ ਨੇ ਹਨੇਰੇ ਨੂੰ ਪਿਆਰ ਕੀਤਾ ਕਿਉਂਕਿ ਉਹਨਾਂ ਦੇ ਕੰਮ ਬੁਰੇ ਸਨ। 20ਜਿਹੜਾ ਵਿਅਕਤੀ ਬੁਰੇ ਕੰਮ ਕਰਦਾ ਹੈ ਉਹ ਚਾਨਣ ਤੋਂ ਨਫ਼ਰਤ ਕਰਦਾ ਅਤੇ ਚਾਨਣ ਵਿੱਚ ਨਹੀਂ ਆਉਂਦਾ ਹੈ ਕਿ ਕਿਤੇ ਉਸ ਦੇ ਕੰਮ ਪ੍ਰਗਟ ਨਾ ਹੋਣ ਜਾਣ; 21ਪਰ ਜਿਹੜਾ ਮਨੁੱਖ ਸੱਚਾਈ ਤੇ ਚੱਲਦਾ ਹੈ ਉਹ ਚਾਨਣ ਦੇ ਕੋਲ ਆਉਂਦਾ ਹੈ, ਜਿਸਦੇ ਨਾਲ ਇਹ ਪ੍ਰਗਟ ਹੋ ਜਾਵੇ ਕਿ ਉਸ ਦੇ ਕੰਮ ਪਰਮੇਸ਼ਵਰ ਦੇ ਵੱਲੋਂ ਹਨ।
ਬਪਤਿਸਮਾ ਦੇਣ ਵਾਲੇ ਯੋਹਨ ਦੁਆਰਾ ਮਸੀਹ ਯਿਸ਼ੂ ਦੀ ਵਡਿਆਈ
22ਇਸ ਦੇ ਬਾਅਦ ਯਿਸ਼ੂ ਅਤੇ ਉਹਨਾਂ ਦੇ ਚੇਲੇ ਯਹੂਦੀਆਂ ਦੇ ਇਲਾਕੇ ਵਿੱਚ ਆਏ, ਜਿੱਥੇ ਯਿਸ਼ੂ ਆਪਣੇ ਚੇਲਿਆਂ ਦੇ ਨਾਲ ਰਹਿ ਕੇ ਲੋਕਾਂ ਨੂੰ ਬਪਤਿਸਮਾ ਦਿੰਦੇ ਰਹੇ। 23ਯੋਹਨ ਵੀ ਸ਼ਾਲੇਮ ਦੇ ਨੇੜੇ ਨਗਰ ਏਨੋਨ ਵਿੱਚ ਬਪਤਿਸਮਾ ਦਿੰਦੇ ਸਨ ਕਿਉਂਕਿ ਉੱਥੇ ਪਾਣੀ ਬਹੁਤ ਸੀ। ਲੋਕ ਉੱਥੇ ਬਪਤਿਸਮਾ ਲੈਣ ਜਾਂਦੇ ਸਨ। 24ਇਹ ਗੱਲ ਯੋਹਨ ਦੇ ਕੈਦ ਹੋਣ ਤੋਂ ਪਹਿਲਾਂ ਦੀ ਹੈ। 25ਯੋਹਨ ਦੇ ਚੇਲਿਆਂ ਦੀ ਇੱਕ ਯਹੂਦੀ ਨਾਲ ਸ਼ੁੱਧੀਕਰਣ ਦੇ ਵਿਸ਼ਾ ਵਿੱਚ ਬਹਿਸ ਛਿੜ ਪਈ। 26ਇਸ ਲਈ ਚੇਲੇ ਯੋਹਨ ਦੇ ਕੋਲ ਆਏ ਅਤੇ ਉਹਨਾਂ ਨੂੰ ਕਿਹਾ, “ਰੱਬੀ, ਵੇਖੋ, ਯਰਦਨ ਨਦੀ ਦੇ ਪਾਰ ਉਹ ਵਿਅਕਤੀ ਜੋ ਤੁਹਾਡੇ ਨਾਲ ਸੀ ਅਤੇ ਤੁਸੀਂ ਜਿਸ ਦੀ ਗਵਾਹੀ ਦਿੰਦੇ ਸੀ, ਸਭ ਲੋਕ ਉਹਨਾਂ ਦੇ ਕੋਲ ਜਾ ਰਹੇ ਹਨ ਅਤੇ ਉਹ ਸਾਰੇ ਲੋਕ ਉਹਨਾਂ ਕੋਲੋਂ ਬਪਤਿਸਮਾ ਲੈ ਰਹੇ ਹਨ।”
27ਯੋਹਨ ਨੇ ਉੱਤਰ ਦਿੱਤਾ, “ਕੋਈ ਵੀ ਵਿਅਕਤੀ ਸਿਰਫ ਉਨ੍ਹਾਂ ਹੀ ਪ੍ਰਾਪਤ ਕਰ ਸਕਦਾ ਹੈ ਜਿਨ੍ਹਾਂ ਉਸ ਨੂੰ ਸਵਰਗ ਵਿੱਚੋਂ ਦਿੱਤਾ ਜਾਵੇ। 28ਤੁਸੀਂ ਆਪ ਮੇਰੇ ਗਵਾਹ ਹੋ ਕਿ ਮੈਂ ਕਿਹਾ ਸੀ, ‘ਮੈਂ ਮਸੀਹ ਨਹੀਂ ਪਰ ਮੈਂ ਮਸੀਹ ਦੇ ਅੱਗੇ ਘੱਲਿਆ ਗਿਆ ਹਾਂ।’ 29ਲਾੜੀ ਲਾੜੇ ਦੀ ਹੁੰਦੀ ਹੈ। ਪਰ ਲਾੜੇ ਦੇ ਨਾਲ ਉਸ ਦੇ ਮਿੱਤਰ ਉਸ ਦਾ ਸ਼ਬਦ ਸੁਣ ਕੇ ਬਹੁਤ ਆਨੰਦ ਹੁੰਦੇ ਹਨ। ਅਤੇ ਮੇਰਾ ਇਹ ਆਨੰਦ ਹੁਣ ਪੂਰਾ ਹੋ ਗਿਆ ਹੈ। 30ਇਹ ਜ਼ਰੂਰੀ ਹੈ ਕਿ ਉਹ ਵੱਧਦੇ ਜਾਣ ਅਤੇ ਮੈਂ ਘੱਟਦਾ ਜਾਂਵਾਂ।”
31ਯਿਸ਼ੂ ਜਿਹੜੇ ਉੱਪਰੋ ਆਉਂਦੇ ਹਨ ਬਾਕੀ ਸਾਰਿਆਂ ਤੋਂ ਮਹਾਨ ਹਨ। ਜੋ ਧਰਤੀ ਤੋਂ ਹੈ, ਉਹ ਧਰਤੀ ਦਾ ਹੀ ਹੈ ਅਤੇ ਧਰਤੀ ਦੀਆਂ ਹੀ ਗੱਲਾਂ ਕਰਦਾ ਹੈ। ਯਿਸ਼ੂ ਜੋ ਸਵਰਗ ਤੋਂ ਆਏ ਹਨ, ਉਹ ਸਭ ਤੋਂ ਮਹਾਨ ਹਨ। 32ਯਿਸ਼ੂ ਉਹਨਾਂ ਗੱਲਾਂ ਬਾਰੇ ਦੱਸਦੇ ਹਨ ਜੋ ਉਹਨਾਂ ਨੇ ਵੇਖੀਆਂ ਅਤੇ ਸੁਣੀਆਂ ਹਨ। ਫਿਰ ਵੀ ਕੋਈ ਉਹਨਾਂ ਦੀ ਗਵਾਹੀ ਤੇ ਵਿਸ਼ਵਾਸ ਨਹੀਂ ਕਰਦਾ। 33ਜਿਨ੍ਹਾਂ ਲੋਕਾਂ ਨੇ ਯਿਸ਼ੂ ਦੀ ਗਵਾਹੀ ਤੇ ਵਿਸ਼ਵਾਸ ਕੀਤਾ ਹੈ, ਉਹਨਾਂ ਨੇ ਇਹ ਸਾਬਤ ਕੀਤਾ ਕਿ ਪਰਮੇਸ਼ਵਰ ਸੱਚੇ ਹਨ। 34ਕਿਉਂਕਿ ਜੋ ਪਰਮੇਸ਼ਵਰ ਦੁਆਰਾ ਭੇਜੇ ਗਏ ਹਨ ਉਹ ਪਰਮੇਸ਼ਵਰ ਦੇ ਬਚਨਾਂ ਦਾ ਪ੍ਰਚਾਰ ਕਰਦੇ ਹਨ, ਕਿਉਂਕਿ ਪਰਮੇਸ਼ਵਰ ਉਹਨਾਂ ਨੂੰ ਭਰਪੂਰੀ ਦਾ ਪਵਿੱਤਰ ਆਤਮਾ ਦਿੰਦੇ ਹਨ। 35ਪਿਤਾ ਪੁੱਤਰ ਨਾਲ ਪਿਆਰ ਕਰਦਾ ਹੈ ਅਤੇ ਪਿਤਾ ਨੇ ਪੁੱਤਰ ਨੂੰ ਸਾਰਾ ਅਧਿਕਾਰ ਦਿੱਤਾ ਹੈ। 36ਉਹ ਜੋ ਪੁੱਤਰ ਤੇ ਵਿਸ਼ਵਾਸ ਕਰਦਾ ਹੈ, ਅਨੰਤ ਜੀਵਨ ਉਸੇ ਦਾ ਹੈ ਪਰ ਜੋ ਪੁੱਤਰ ਨੂੰ ਨਹੀਂ ਮੰਨਦਾ, ਉਸ ਕੋਲ ਅਨੰਤ ਜੀਵਨ ਨਹੀਂ ਹੈ ਪਰ ਪਰਮੇਸ਼ਵਰ ਦਾ ਕ੍ਰੋਧ ਉਸ ਉੱਤੇ ਹੋਵੇਗਾ।