9
ਯਿਸ਼ੂ ਦਾ ਅੰਨ੍ਹੇ ਨੂੰ ਚੰਗਾ ਕਰਨਾ
1ਜਦੋਂ ਯਿਸ਼ੂ ਜਾ ਰਹੇ ਸੀ ਤਾਂ ਉਹਨਾਂ ਨੇ ਇੱਕ ਆਦਮੀ ਨੂੰ ਵੇਖਿਆ ਜਿਹੜਾ ਜਨਮ ਤੋਂ ਅੰਨ੍ਹਾ ਸੀ। 2ਉਹਨਾਂ ਦੇ ਚੇਲਿਆਂ ਨੇ ਯਿਸ਼ੂ ਨੂੰ ਪੁੱਛਿਆ, “ਰੱਬੀ, ਕਿਸ ਨੇ ਪਾਪ ਕੀਤਾ ਹੈ, ਇਹ ਆਦਮੀ ਨੇ ਜਾਂ ਉਸ ਦੇ ਮਾਤਾ-ਪਿਤਾ ਨੇ ਜੋ ਉਹ ਅੰਨ੍ਹਾ ਪੈਦਾ ਹੋਇਆ ਸੀ?”
3ਯਿਸ਼ੂ ਨੇ ਉੱਤਰ ਦਿੱਤਾ, “ਨਾ ਹੀ ਇਸ ਦੇ ਮਾਤਾ-ਪਿਤਾ ਨੇ ਤੇ ਨਾ ਹੀ ਉਸ ਨੇ ਪਾਪ ਕੀਤਾ ਹੈ। ਪਰ ਇਸ ਲਈ ਹੋਇਆ ਤਾਂ ਜੋ ਪਰਮੇਸ਼ਵਰ ਦੀ ਮਹਿਮਾ ਪ੍ਰਗਟ ਹੋਵੇ। 4ਜਿਨ੍ਹਾ ਚਿਰ ਦਿਨ ਹੈ, ਸਾਨੂੰ ਉਹਨਾਂ ਦੇ ਕੰਮ ਕਰਨੇ ਚਾਹੀਦੇ ਹਨ ਜਿਨ੍ਹਾ ਨੇ ਮੈਨੂੰ ਭੇਜਿਆ ਹੈ। ਰਾਤ ਆ ਰਹੀ ਹੈ, ਜਦੋਂ ਕੋਈ ਕੰਮ ਨਹੀਂ ਕਰ ਸਕਦਾ। 5ਜਦੋਂ ਤੱਕ ਮੈਂ ਇਸ ਦੁਨੀਆਂ ਵਿੱਚ ਹਾਂ, ਮੈਂ ਇਸ ਦੁਨੀਆਂ ਦਾ ਚਾਨਣ ਹਾਂ।”
6ਇਹ ਕਹਿਣ ਤੋਂ ਬਾਅਦ, ਉਹਨਾਂ ਨੇ ਜ਼ਮੀਨ ਤੇ ਥੁੱਕਿਆ ਅਤੇ ਉਸ ਥੁੱਕ ਨਾਲ ਥੋੜ੍ਹਾ ਜਿਹਾ ਮਿੱਟੀ ਦਾ ਲੇਪ ਬਣਾਇਆ ਅਤੇ ਉਸ ਦੀਆਂ ਅੱਖਾਂ ਤੇ ਲਾ ਦਿੱਤਾ। 7ਯਿਸ਼ੂ ਨੇ ਉਸਨੂੰ ਕਿਹਾ, “ਜਾਓ ਅਤੇ ਸਿਲੋਅਮ ਦੇ ਤਲਾਬ ਵਿੱਚ ਧੋਵੋ” (ਇਸ ਸ਼ਬਦ ਦਾ ਅਰਥ ਹੈ ਭੇਜਿਆ)। ਤਾਂ ਉਹ ਆਦਮੀ ਚੱਲਿਆ ਗਿਆ ਅਤੇ ਉੱਥੇ ਉਸ ਨੇ ਆਪਣੀਆਂ ਅੱਖਾਂ ਨੂੰ ਧੋਤਾ ਅਤੇ ਵੇਖਦਿਆਂ ਘਰ ਆਇਆ।
8ਉਸ ਦੇ ਗੁਆਂਢੀਆਂ ਅਤੇ ਉਹਨਾਂ ਲੋਕਾਂ ਨੇ, ਜਿਨ੍ਹਾਂ ਨੇ ਪਹਿਲਾਂ ਉਸ ਨੂੰ ਭੀਖ ਮੰਗਦਾ ਵੇਖਿਆ ਸੀ, ਪੁੱਛਿਆ, “ਕੀ ਇਹ ਉਹ ਮਨੁੱਖ ਨਹੀਂ ਜਿਹੜਾ ਬੈਠ ਕੇ ਭੀਖ ਮੰਗਦਾ ਹੁੰਦਾ ਸੀ?” 9ਕਈ ਲੋਕਾਂ ਨੇ ਕਿਹਾ ਕਿ ਇਹ ਉਹੀ ਹੈ ਅਤੇ ਕਈਆਂ ਨੇ ਕਿਹਾ।
“ਨਹੀਂ, ਇਹ ਮਨੁੱਖ ਉਹ ਨਹੀਂ ਹੈ ਸਿਰਫ ਇਹ ਉਸ ਵਰਗਾ ਦਿੱਖਦਾ ਹੈ।”
ਪਰ ਉਸ ਮਨੁੱਖ ਨੇ ਆਖਿਆ, “ਮੈਂ ਉਹੀ ਮਨੁੱਖ ਹਾਂ।”
10ਲੋਕਾਂ ਨੇ ਉਸ ਨੂੰ ਪੁੱਛਿਆ, “ਫਿਰ ਤੇਰੀਆਂ ਅੱਖਾਂ ਕਿਵੇਂ ਖੁੱਲ੍ਹ ਗਈਆਂ?”
11ਉਸ ਨੇ ਉੱਤਰ ਦਿੱਤਾ, “ਜਿਸ ਆਦਮੀ ਨੂੰ ਉਹ ਯਿਸ਼ੂ ਕਹਿੰਦੇ ਹਨ ਉਹਨਾਂ ਨੇ ਕੁਝ ਮਿੱਟੀ ਦਾ ਲੇਪ ਬਣਾਇਆ ਅਤੇ ਮੇਰੀ ਅੱਖਾਂ ਤੇ ਲਾਇਆ। ਉਹਨਾਂ ਨੇ ਮੈਨੂੰ ਸਿਲੋਅਮ ਦੇ ਤਾਲਬ ਵਿੱਚੋਂ ਜਾ ਕੇ ਧੋਣ ਲਈ ਕਿਹਾ। ਮੈਂ ਗਿਆ ਅਤੇ ਧੋ ਲਿਆ ਅਤੇ ਫਿਰ ਮੈਂ ਵੇਖ ਸਕਿਆ।”
12ਉਹਨਾਂ ਨੇ ਪੁੱਛਿਆ, “ਇਹ ਆਦਮੀ ਕਿੱਥੇ ਹੈ?”
ਉਸ ਨੇ ਉੱਤਰ ਦਿੱਤਾ। “ਮੈਂ ਨਹੀਂ ਜਾਣਦਾ।”
ਫ਼ਰੀਸੀ ਦੁਆਰਾ ਚੰਗਿਆਈ ਦੀ ਜਾਂਚ
13ਫਿਰ ਲੋਕ ਉਸ ਵਿਅਕਤੀ ਨੂੰ ਜਿਹੜਾ ਅੰਨ੍ਹਾ ਸੀ, ਫ਼ਰੀਸੀਆਂ ਦੇ ਕੋਲ ਲਿਆਏ। 14ਜਿਸ ਦਿਨ ਯਿਸ਼ੂ ਨੇ ਮਿੱਟੀ ਗਿੱਲੀ ਕੀਤੀ ਅਤੇ ਉਸ ਅੰਨ੍ਹੇ ਦੀਆਂ ਅੱਖੀਆਂ ਖੋਲ੍ਹਿਆ ਸਨ ਉਹ ਦਿਨ ਸਬਤ ਦਾ ਸੀ। 15ਇਸ ਲਈ ਫ਼ਰੀਸੀਆਂ ਨੇ ਫਿਰ ਉਸ ਨੂੰ ਪੁੱਛਿਆ, “ਤੈਨੂੰ ਰੋਸ਼ਨੀ ਕਿਵੇਂ ਮਿਲੀ?” ਉਸ ਮਨੁੱਖ ਨੇ ਉੱਤਰ ਦਿੱਤਾ, “ਉਹਨਾਂ ਨੇ ਮੇਰੀਆਂ ਅੱਖਾਂ ਤੇ ਗਿੱਲੀ ਮਿੱਟੀ ਲਗਾਈ ਅਤੇ ਮੈਂ ਧੋ ਲਿਆ ਤੇ ਹੁਣ ਮੈਂ ਦੇਖ ਸਕਦਾ ਹਾਂ।”
16ਕੁਝ ਫ਼ਰੀਸੀਆਂ ਨੇ ਕਿਹਾ, “ਇਹ ਮਨੁੱਖ ਪਰਮੇਸ਼ਵਰ ਵੱਲੋਂ ਨਹੀਂ ਹੈ ਕਿਉਂਕਿ ਇਹ ਸਬਤ ਦੇ ਦਿਨ ਨੂੰ ਨਹੀਂ ਮੰਨਦਾ।”
ਪਰ ਦੂਸਰੇ ਲੋਕਾਂ ਨੇ ਪੁੱਛਿਆ, “ਇੱਕ ਪਾਪੀ ਅਜਿਹੇ ਚਮਤਕਾਰ ਕਿਵੇਂ ਕਰ ਸਕਦਾ ਹੈ?” ਇਸ ਲਈ ਉਹ ਆਪਸ ਵਿੱਚ ਸਹਿਮਤ ਨਹੀਂ ਸਨ।
17ਤਾਂ ਫਿਰ ਉਹ ਸਾਰੇ ਫ਼ਰੀਸੀ ਉਸ ਅੰਨ੍ਹੇ ਆਦਮੀ ਕੋਲ ਗਏ ਅਤੇ ਪੁੱਛਿਆ, “ਤੂੰ ਇਸ ਆਦਮੀ ਬਾਰੇ ਕੀ ਕਹੇਗਾ? ਜਿਸ ਨੇ ਤੇਰੀਆਂ ਅੱਖਾਂ ਖੋਲ੍ਹੀਆਂ ਸਨ।”
ਉਸ ਆਦਮੀ ਨੇ ਉੱਤਰ ਦਿੱਤਾ, “ਉਹ ਇੱਕ ਨਬੀ ਹੈ।”
18ਉਹਨਾਂ ਯਹੂਦੀ ਅਧਿਕਾਰੀਆਂ ਨੇ ਇਹ ਵਿਸ਼ਵਾਸ ਨਹੀਂ ਕੀਤਾ ਕਿ ਉਹ ਅੰਨ੍ਹਾ ਸੀ ਅਤੇ ਉਹ ਚੰਗਾ ਹੋ ਚੁੱਕਾ ਹੈ ਜਦੋਂ ਤੱਕ ਉਹਨਾਂ ਆਦਮੀ ਦੇ ਮਾਤਾ-ਪਿਤਾ ਨੂੰ ਨਹੀਂ ਸੱਦਿਆ। 19ਉਹਨਾਂ ਨੇ ਉਸ ਦੇ ਮਾਤਾ-ਪਿਤਾ ਪੁੱਛਿਆ, ਕੀ ਇਹ ਤੁਹਾਡਾ ਪੁੱਤਰ ਹੈ? “ਕੀ ਇਹ ਉਹੀ ਵਿਅਕਤੀ ਹੈ ਜਿਹੜਾ ਅੰਨ੍ਹਾ ਪੈਦਾ ਹੋਇਆ ਸੀ? ਹੁਣ ਉਹ ਕਿਵੇਂ ਵੇਖ ਸਕਦਾ ਹੈ?”
20ਉਸ ਦੇ ਮਾਤਾ-ਪਿਤਾ ਨੇ ਜਵਾਬ ਦਿੱਤਾ, “ਅਸੀਂ ਜਾਣਦੇ ਹਾਂ ਕਿ ਇਹ ਸਾਡਾ ਪੁੱਤਰ ਹੈ। ਅਤੇ ਅਸੀਂ ਜਾਣਦੇ ਹਾਂ ਕਿ ਉਹ ਅੰਨ੍ਹਾ ਪੈਦਾ ਹੋਇਆ ਸੀ। 21ਪਰ ਉਹ ਹੁਣ ਕਿਵੇਂ ਵੇਖ ਸਕਦਾ ਹੈ, ਅਤੇ ਕਿਸ ਨੇ ਉਸ ਦੀਆਂ ਅੱਖਾਂ ਨੂੰ ਖੋਲ੍ਹਿਆ ਹੈ, ਸਾਨੂੰ ਨਹੀਂ ਪਤਾ। ਉਸ ਨੂੰ ਪੁੱਛੋ, ਕਿਉਂਕਿ ਉਹ ਉਮਰ ਦਾ ਸਿਆਣਾ ਹੈ; ਉਹ ਆਪੇ ਹੀ ਤੁਹਾਨੂੰ ਦੱਸੇਗਾ।” 22ਉਸ ਦੇ ਮਾਤਾ-ਪਿਤਾ ਨੇ ਇਹ ਇਸ ਲਈ ਕਿਹਾ ਕਿਉਂਕਿ ਉਹ ਯਹੂਦੀ ਆਗੂਆਂ ਤੋਂ ਡਰਦੇ ਸਨ, ਕਿਉਂਕਿ ਉਹਨਾਂ ਨੇ ਪਹਿਲਾਂ ਹੀ ਫ਼ੈਸਲਾ ਕਰ ਲਿਆ ਸੀ ਕਿ ਜੋ ਕੋਈ ਵੀ ਸਵੀਕਾਰ ਕਰਦਾ ਹੈ ਕਿ ਯਿਸ਼ੂ ਮਸੀਹਾ ਹੈ, ਉਸਨੂੰ ਪ੍ਰਾਰਥਨਾ ਸਥਾਨ ਤੋਂ ਬਾਹਰ ਕੱਢ ਦਿੱਤਾ ਜਾਵੇਗਾ। 23ਇਸੇ ਕਾਰਨ ਉਸ ਦੇ ਮਾਤਾ-ਪਿਤਾ ਨੇ ਕਿਹਾ, “ਉਹ ਉਮਰ ਦਾ ਸਿਆਣਾ ਹੈ; ਉਸਨੂੰ ਪੁੱਛੋ।”
24ਉਹਨਾਂ ਨੇ ਦੂਸਰੀ ਵਾਰ ਉਸ ਆਦਮੀ ਨੂੰ ਸੱਦਿਆ ਜੋ ਅੰਨ੍ਹਾ ਸੀ। ਉਹਨਾਂ ਨੇ ਕਿਹਾ, “ਸੱਚ ਬੋਲ ਕੇ ਤੂੰ ਪਰਮੇਸ਼ਵਰ ਦੀ ਵਡਿਆਈ ਕਰ। ਅਸੀਂ ਜਾਣਦੇ ਹਾਂ ਕਿ ਇਹ ਆਦਮੀ ਪਾਪੀ ਹੈ।”
25ਉਸ ਨੇ ਜਵਾਬ ਦਿੱਤਾ, “ਭਾਵੇਂ ਉਹ ਪਾਪੀ ਹੈ ਜਾਂ ਨਹੀਂ, ਮੈਨੂੰ ਨਹੀਂ ਪਤਾ। ਇੱਕ ਚੀਜ਼ ਜੋ ਮੈਂ ਜਾਣਦਾ ਹਾਂ, ਮੈਂ ਅੰਨ੍ਹਾ ਸੀ ਪਰ ਹੁਣ ਮੈਂ ਵੇਖਦਾ ਹਾਂ!”
26ਤਾਂ ਉਹਨਾਂ ਨੇ ਉਸ ਨੂੰ ਪੁੱਛਿਆ, “ਉਸ ਨੇ ਤੈਨੂੰ ਕੀ ਕੀਤਾ? ਉਸ ਨੇ ਤੇਰੀਆਂ ਅੱਖਾਂ ਕਿਵੇਂ ਖੋਲ੍ਹੀਆਂ?”
27ਉਸ ਨੇ ਜਵਾਬ ਦਿੱਤਾ, “ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਪਰ ਤੁਸੀਂ ਨਹੀਂ ਸੁਣਿਆ। ਤੁਸੀਂ ਇਸ ਨੂੰ ਦੁਬਾਰਾ ਕਿਉਂ ਸੁਣਨਾ ਚਾਹੁੰਦੇ ਹੋ? ਕੀ ਤੁਸੀਂ ਵੀ ਉਹਨਾਂ ਦੇ ਚੇਲੇ ਬਣਨਾ ਚਾਹੁੰਦੇ ਹੋ?”
28ਤਦ ਯਹੂਦੀਆਂ ਨੂੰ ਉਸ ਉੱਪਰ ਗੁੱਸਾ ਆਇਆ ਅਤੇ ਬੁਰਾ ਭਲਾ ਕਿਹਾ ਅਤੇ ਬੋਲੇ, “ਤੂੰ ਹੀ ਉਸ ਦਾ ਚੇਲਾ ਹੈ ਪਰ ਅਸੀਂ ਮੋਸ਼ੇਹ ਦੇ ਚੇਲੇ ਹਾਂ 29ਅਸੀਂ ਜਾਣਦੇ ਹਾਂ ਕਿ ਪਰਮੇਸ਼ਵਰ ਨੇ ਮੋਸ਼ੇਹ ਨਾਲ ਗੱਲਾਂ ਕੀਤੀਆਂ। ਪਰ ਇਹ ਆਦਮੀ ਕਿੱਥੋਂ ਆਉਂਦਾ ਹੈ, ਅਸੀਂ ਨਹੀਂ ਜਾਣਦੇ।”
30ਉਸ ਆਦਮੀ ਨੇ ਜਵਾਬ ਦਿੱਤਾ, “ਹੁਣ ਇਹ ਕਮਾਲ ਦੀ ਗੱਲ ਹੈ! ਤੁਸੀਂ ਨਹੀਂ ਜਾਣਦੇ ਕਿ ਉਹ ਕਿੱਥੋਂ ਆਇਆ ਹੈ, ਫਿਰ ਵੀ ਉਹਨਾਂ ਨੇ ਮੇਰੀਆਂ ਅੱਖਾਂ ਖੋਲ੍ਹੀਆਂ। 31ਅਸੀਂ ਜਾਣਦੇ ਹਾਂ ਕਿ ਪਰਮੇਸ਼ਵਰ ਪਾਪੀਆਂ ਦੀ ਨਹੀਂ ਸੁਣਦਾ। ਉਹ ਉਸ ਧਰਮੀ ਵਿਅਕਤੀ ਦੀ ਗੱਲ ਸੁਣਦਾ ਹੈ ਜੋ ਉਸ ਦੀ ਇੱਛਾ ਪੂਰੀ ਕਰਦਾ ਹੈ। 32ਕਿਸੇ ਨੇ ਕਦੇ ਵੀ ਅੰਨ੍ਹੇ ਹੋਏ ਆਦਮੀ ਦੀਆਂ ਅੱਖਾਂ ਖੋਲ੍ਹਣ ਬਾਰੇ ਨਹੀਂ ਸੁਣਿਆ ਹੈ। 33ਜੇ ਇਹ ਮਨੁੱਖ ਪਰਮੇਸ਼ਵਰ ਵੱਲੋਂ ਨਾ ਹੁੰਦੇ ਤਾਂ ਉਹ ਕੁਝ ਨਾ ਕਰ ਸਕਦੇ।”
34ਉਹਨਾਂ ਨੇ ਉੱਤਰ ਦਿੱਤਾ, “ਤੂੰ ਜਨਮ ਵੇਲੇ ਪਾਪ ਵਿੱਚ ਡੁੱਬਿਆ ਹੋਇਆ ਸੀ; ਤੂੰ ਸਾਨੂੰ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ!” ਅਤੇ ਉਹਨਾਂ ਨੇ ਉਸਨੂੰ ਬਾਹਰ ਸੁੱਟ ਦਿੱਤਾ।
ਆਤਮਿਕ ਅੰਨ੍ਹਾਪਣ
35ਯਿਸ਼ੂ ਨੇ ਸੁਣਿਆ ਕਿ ਉਹਨਾਂ ਯਹੂਦੀਆਂ ਨੇ ਉਸਨੂੰ ਬਾਹਰ ਕੱਢ ਦਿੱਤਾ ਹੈ, ਅਤੇ ਯਿਸ਼ੂ ਨੇ ਉਸਨੂੰ ਲੱਭਿਆ, ਤਾਂ ਉਸਨੂੰ ਕਿਹਾ, “ਕੀ ਤੂੰ ਮਨੁੱਖ ਦੇ ਪੁੱਤਰ ਤੇ ਵਿਸ਼ਵਾਸ ਕਰਦਾ ਹੈ?”
36ਆਦਮੀ ਨੇ ਪੁੱਛਿਆ, “ਹੇ ਸ਼੍ਰੀਮਾਨ ਜੀ ਉਹ ਕੌਣ ਹੈ? ਮੈਨੂੰ ਦੱਸੋ ਤਾਂ ਜੋ ਮੈਂ ਉਸ ਤੇ ਵਿਸ਼ਵਾਸ ਕਰ ਸਕਾਂ।”
37ਯਿਸ਼ੂ ਨੇ ਕਿਹਾ, “ਤੂੰ ਹੁਣ ਉਸਨੂੰ ਵੇਖ ਲਿਆ ਹੈ; ਅਸਲ ਵਿੱਚ ਜੋ ਤੇਰੇ ਨਾਲ ਗੱਲ ਕਰ ਰਿਹਾ ਹੈ ਉਹ ਮਨੁੱਖ ਦਾ ਪੁੱਤਰ ਹੈ।”
38ਤਦ ਉਸ ਆਦਮੀ ਨੇ ਕਿਹਾ, “ਪ੍ਰਭੂ, ਮੈਂ ਵਿਸ਼ਵਾਸ ਕਰਦਾ ਹੈ!” ਅਤੇ ਉਸ ਨੇ ਯਿਸ਼ੂ ਦੀ ਅਰਾਧਨਾ ਕੀਤੀ।
39ਯਿਸ਼ੂ ਨੇ ਕਿਹਾ, “ਮੈਂ ਇਸ ਦੁਨੀਆਂ ਵਿੱਚ ਨਿਆਂ ਕਰਨ ਲਈ ਆਇਆ ਹਾਂ, ਤਾਂ ਜੋ ਅੰਨ੍ਹੇ ਵੇਖਣਗੇ ਅਤੇ ਜਿਹੜੇ ਲੋਕ ਵੇਖਦੇ ਹਨ ਉਹ ਅੰਨ੍ਹੇ ਹੋ ਜਾਣਗੇ।”
40ਉਸ ਦੇ ਨਾਲ ਕੁਝ ਫ਼ਰੀਸੀਆਂ ਨੇ ਉਸਨੂੰ ਇਹ ਕਹਿੰਦੇ ਸੁਣਿਆ ਅਤੇ ਪੁੱਛਿਆ, “ਕੀ ਅਸੀਂ ਵੀ ਅੰਨ੍ਹੇ ਹਾਂ?”
41ਯਿਸ਼ੂ ਨੇ ਕਿਹਾ, “ਜੇ ਤੁਸੀਂ ਅੰਨ੍ਹੇ ਹੁੰਦੇ, ਤਾਂ ਤੁਸੀਂ ਪਾਪ ਦੇ ਦੋਸ਼ੀ ਨਾ ਹੁੰਦੇ; ਪਰ ਹੁਣ ਜਦੋਂ ਤੁਸੀਂ ਆਖਦੇ ਹੋ ਕਿ ਤੁਸੀਂ ਵੇਖ ਸਕਦੇ ਹੋ, ਇਸ ਲਈ ਤੁਹਾਡਾ ਪਾਪ ਬਣਿਆ ਰਹਿੰਦਾ ਹੈ।”