10
ਪ੍ਰਭੂ ਯਿਸ਼ੂ ਦਾ ਬਾਰ੍ਹਾਂ ਚੇਲਿਆਂ ਨੂੰ ਸੇਵਕਾਈ ਲਈ ਭੇਜਣਾ
1ਪ੍ਰਭੂ ਯਿਸ਼ੂ ਨੇ ਬਾਰ੍ਹਾਂ ਚੇਲਿਆਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਅਸ਼ੁੱਧ ਆਤਮਾਵਾਂ ਉੱਤੇ ਅਧਿਕਾਰ ਦਿੱਤਾ, ਕਿ ਉਹਨਾਂ ਨੂੰ ਕੱਢਣ ਅਤੇ ਸਾਰੇ ਰੋਗਾਂ ਅਤੇ ਸਾਰੀਆਂ ਬਿਮਾਰੀਆਂ ਤੋਂ ਚੰਗਾ ਕਰਨ।
2ਬਾਰ੍ਹਾ ਰਸੂਲ ਦੇ ਨਾਮ ਇਸ ਪ੍ਰਕਾਰ ਹਨ:
ਪਹਿਲਾ ਸ਼ਿਮਓਨ, ਜਿਸ ਨੂੰ ਪਤਰਸ ਆਖਦੇ ਹਨ ਅਤੇ ਉਸਦਾ ਭਰਾ ਆਂਦਰੇਯਾਸ;
ਜ਼ਬਦੀ ਦਾ ਪੁੱਤਰ ਯਾਕੋਬ ਅਤੇ ਉਸਦਾ ਭਰਾ ਯੋਹਨ;
3ਫਿਲਿੱਪਾਸ ਅਤੇ ਬਾਰਥੋਲੋਮੇਯਾਸ;
ਥੋਮਸ ਅਤੇ ਮੱਤੀਯਾਹ ਚੁੰਗੀ ਲੈਣ ਵਾਲਾ;
ਹਲਫੇਯਾਸ ਦਾ ਪੁੱਤਰ ਯਾਕੋਬ ਅਤੇ ਥੱਦੇਇਯਾਸ;
4ਸ਼ਿਮਓਨ ਕਨਾਨੀ ਅਤੇ ਕਾਰਿਯੋਤ ਵਾਸੀ ਯਹੂਦਾਹ, ਜਿਸ ਨੇ ਯਿਸ਼ੂ ਨੂੰ ਧੋਖਾ ਦਿੱਤਾ ਸੀ।
5ਇਹਨਾਂ ਬਾਰ੍ਹਾਂ ਚੇਲਿਆਂ ਨੂੰ ਯਿਸ਼ੂ ਨੇ ਕੁਝ ਹਿਦਾਇਤਾਂ ਦੇ ਕੇ ਭੇਜਿਆ: “ਤੁਸੀਂ ਗ਼ੈਰ-ਯਹੂਦੀਆਂ ਵਿੱਚ ਨਾ ਜਾਣਾ ਅਤੇ ਸਾਮਰਿਯਾ ਦੇ ਕਿਸੇ ਨਗਰ ਵਿੱਚ ਨਾ ਵੜਨਾ। 6ਸਗੋਂ ਇਸਰਾਏਲ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਜਾਓ। 7ਅਤੇ ਜਿਵੇਂ ਤੁਸੀਂ ਜਾਵੋ, ਤਾਂ ਇਹ ਪ੍ਰਚਾਰ ਕਰੋ: ‘ਸਵਰਗ ਰਾਜ ਨਜ਼ਦੀਕ ਆ ਗਿਆ ਹੈ।’ 8ਰੋਗੀਆਂ ਨੂੰ ਚੰਗਾ ਕਰੋ, ਮੁਰਦਿਆਂ ਨੂੰ ਜਿਉਂਦੇ ਕਰੋ, ਕੋੜ੍ਹੀਆ ਨੂੰ ਸ਼ੁੱਧ ਕਰੋ,#10:8 ਕੋੜ੍ਹ ਰਵਾਇਤੀ ਤੌਰ ਤੇ ਅਨੁਵਾਦ ਕੀਤਾ ਗਿਆ ਯੂਨਾਨੀ ਸ਼ਬਦ ਚਮੜੀ ਨੂੰ ਪ੍ਰਭਾਵਤ ਕਰਨ ਵਾਲੀਆਂ ਕਈ ਬਿਮਾਰੀਆਂ ਲਈ ਵਰਤਿਆ ਜਾਂਦਾ ਸੀ ਭੂਤਾਂ ਨੂੰ ਕੱਢੋ। ਤੁਹਾਨੂੰ ਮੁ਼ਫ਼ਤ ਮਿਲਿਆਂ, ਇਸ ਲਈ ਮੁਫ਼ਤ ਹੀ ਦਿਓ।
9“ਕੋਈ ਵੀ ਸੋਨਾ, ਚਾਂਦੀ ਅਤੇ ਤਾਂਬਾ ਆਪਣੇ ਕਮਰਬੰਧ ਵਿੱਚ ਨਾ ਲਓ। 10ਅਤੇ ਯਾਤਰਾ ਲਈ ਨਾ ਕੋਈ ਝੋਲਾ ਨਾ ਕੋਈ ਵਾਧੂ ਕਮੀਜ਼, ਨਾ ਜੁੱਤੀ, ਨਾ ਲਾਠੀ ਆਪਣੇ ਨਾਲ ਲੈਣਾ, ਕਿਉਂਕਿ ਮਜ਼ਦੂਰ ਆਪਣੇ ਭੋਜਨ ਦਾ ਹੱਕਦਾਰ ਹੈ। 11ਜਿਸ ਵੀ ਸ਼ਹਿਰ ਜਾਂ ਪਿੰਡ ਵਿੱਚ ਤੁਸੀਂ ਦਾਖਲ ਹੋਵੋ, ਤਾਂ ਉੱਥੇ ਕਿਸੇ ਯੋਗ ਵਿਅਕਤੀ ਦੀ ਭਾਲ ਕਰੋ ਅਤੇ ਉਹਨਾਂ ਦੇ ਘਰ ਹੀ ਠਹਿਰੋ ਜਦੋਂ ਤੱਕ ਤੁਸੀਂ ਉੱਥੋਂ ਵਾਪਸ ਨਹੀਂ ਮੁੜਦੇ। 12ਜਿਵੇਂ ਹੀ ਤੁਸੀਂ ਘਰ ਵਿੱਚ ਦਾਖਲ ਹੋਵੋ, ਤਾਂ ਉਸਦੀ ਸੁੱਖ ਮੰਗੋ। 13ਅਤੇ ਜੇ ਘਰ ਯੋਗ ਹੋਵੇ, ਤਾਂ ਤੁਹਾਡੀ ਸ਼ਾਂਤੀ ਉਸ ਨੂੰ ਮਿਲੇ, ਅਗਰ ਯੋਗ ਨਹੀਂ ਹੈ, ਤਾਂ ਸ਼ਾਂਤੀ ਤੁਹਾਡੇ ਕੋਲ ਵਾਪਸ ਆ ਜਾਵੇਗੀ। 14ਅਗਰ ਜੇ ਕੋਈ ਤੁਹਾਨੂੰ ਕਬੂਲ ਨਾ ਕਰੇ ਅਤੇ ਤੁਹਾਡੀਆਂ ਗੱਲਾਂ ਨੂੰ ਨਾ ਸੁਣੇ, ਤਾਂ ਉਸ ਘਰ ਅਤੇ ਨਗਰ ਨੂੰ ਛੱਡ ਕੇ ਉਸ ਤੋਂ ਬਾਹਰ ਨਿਕਲ ਕੇ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ। 15ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਨਿਆਂ ਦੇ ਦਿਨ ਉਸ ਨਗਰ ਨਾਲੋਂ ਸੋਦੋਮ ਅਤੇ ਅਮੂਰਾਹ#10:15 ਉਤ 19 ਦੇ ਸ਼ਹਿਰ ਦਾ ਹਾਲ ਬਿਹਤਰ ਹੋਵੇਗਾ।
16“ਵੇਖੋ, ਮੈਂ ਤੁਹਾਨੂੰ ਭੇਡ ਵਾਂਗੂੰ ਬਘਿਆੜਾਂ ਵਿੱਚ ਭੇਜਦਾ ਹਾਂ, ਇਸ ਲਈ ਤੁਸੀਂ ਸੱਪਾਂ ਵਰਗੇ ਹੁਸ਼ਿਆਰ ਅਤੇ ਕਬੂਤਰਾ ਵਰਗੇ ਭੋਲੇ ਹੋਵੋ। 17ਤੁਸੀਂ ਸਾਵਧਾਨ ਰਹੋ; ਕਿਉਂਕਿ ਤੁਹਾਨੂੰ ਅਦਾਲਤਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ ਅਤੇ ਪ੍ਰਾਰਥਨਾ ਸਥਾਨਾਂ ਵਿੱਚ ਕੋੜੇ ਮਾਰੇ ਜਾਣਗੇ। 18ਤੁਸੀਂ ਮੇਰੇ ਕਾਰਨ ਰਾਜਪਾਲਾਂ ਅਤੇ ਰਾਜਿਆਂ ਦੇ ਅੱਗੇ ਪੇਸ਼ ਕੀਤੇ ਜਾਓਗੇ ਪਰ ਇਹ ਤੁਹਾਡੇ ਲਈ ਹਾਕਮਾਂ ਅਤੇ ਹੋਰ ਗ਼ੈਰ-ਯਹੂਦੀਆਂ ਨੂੰ ਮੇਰੇ ਬਾਰੇ ਗਵਾਹੀ ਦੇਣ ਦਾ ਮੌਕਾ ਹੋਵੇਗਾ। 19ਪਰ ਜਦੋਂ ਤੁਹਾਨੂੰ ਉਹ ਫੜਵਾਉਣ, ਤਾਂ ਚਿੰਤਾ ਨਾ ਕਰਨਾ ਕਿ ਅਸੀਂ ਕਿਵੇਂ ਜਾਂ ਕੀ ਬੋਲਾਂਗੇ। ਕਿਉਂਕਿ ਜਿਹੜੀ ਗੱਲ ਤੁਸੀਂ ਬੋਲਣੀ ਹੈ ਉਹ ਤੁਹਾਨੂੰ ਉਸੇ ਵਕਤ ਬਖ਼ਸ਼ੀ ਜਾਵੇਗੀ। 20ਇਹ ਬੋਲਣ ਵਾਲੇ ਤੁਸੀਂ ਨਹੀਂ, ਪਰ ਤੁਹਾਡੇ ਪਿਤਾ ਦਾ ਆਤਮਾ ਜਿਹੜਾ ਤੁਹਾਡੇ ਵਿੱਚ ਬੋਲਦਾ ਹੈ।
21“ਭਰਾ ਆਪਣੇ ਭਰਾ ਨੂੰ ਅਤੇ ਪਿਤਾ ਆਪਣੇ ਪੁੱਤਰ ਨੂੰ ਮੌਤ ਲਈ ਫੜਵਾਏਗਾ; ਅਤੇ ਬੱਚੇ ਆਪਣੇ ਮਾਂ-ਪਿਉ ਦੇ ਵਿਰੁੱਧ ਉੱਠ ਖੜ੍ਹੇ ਹੋਣਗੇ ਅਤੇ ਉਹਨਾਂ ਨੂੰ ਮਰਵਾ ਦੇਣਗੇ। 22ਅਤੇ ਮੇਰੇ ਨਾਮ ਦੇ ਕਾਰਨ ਹਰ ਕੋਈ ਤੁਹਾਡੇ ਨਾਲ ਨਫ਼ਰਤ ਕਰੇਗਾ ਪਰ ਜਿਹੜਾ ਅੰਤ ਤੱਕ ਵਿਸ਼ਵਾਸ ਵਿੱਚ ਕਾਇਮ ਰਹੇਗਾ ਉਹ ਹੀ ਬਚਾਇਆ ਜਾਵੇਗਾ। 23ਜਦੋਂ ਲੋਕ ਤੁਹਾਨੂੰ ਇੱਕ ਨਗਰ ਵਿੱਚ ਸਤਾਉਣ, ਤਾਂ ਤੁਸੀਂ ਦੂਜੇ ਸ਼ਹਿਰ ਵਿੱਚ ਭੱਜ ਜਾਣਾ, ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਮਨੁੱਖ ਦਾ ਪੁੱਤਰ ਤੁਹਾਡੇ ਇਸਰਾਏਲ ਦੇ ਸਾਰੇ ਕਸਬਿਆਂ ਵਿੱਚ ਪਹੁੰਚਣ ਤੋਂ ਪਹਿਲਾਂ ਵਾਪਸ ਆ ਜਾਵੇਗਾ।
24“ਚੇਲਾ ਆਪਣੇ ਗੁਰੂ ਨਾਲੋਂ ਵੱਡਾ ਨਹੀਂ ਹੈ, ਨਾ ਨੌਕਰ ਆਪਣੇ ਮਾਲਕ ਨਾਲੋਂ। 25ਇਹ ਬਹੁਤ ਹੈ ਕਿ ਚੇਲਾ ਆਪਣੇ ਗੁਰੂ ਜਿਹਾ ਅਤੇ ਨੌਕਰ ਆਪਣੇ ਮਾਲਕ ਜਿਹਾ ਹੋਵੇ। ਜੇ ਘਰ ਦੇ ਮੁਖੀ ਨੂੰ ਬੇਲਜ਼ਬੂਲ#10:25 ਬੇਲਜ਼ਬੂਲ ਸ਼ੈਤਾਨ ਦੁਸ਼ਟ ਆਤਮਾ ਦਾ ਪ੍ਰਧਾਨ ਆਖਿਆ ਜਾਵੇ, ਤਾਂ ਕਿੰਨ੍ਹਾ ਵਧੇਰੇ ਉਹ ਦੇ ਘਰ ਵਾਲਿਆਂ ਨੂੰ ਆਖਣਗੇ!
26“ਇਸ ਲਈ ਉਹਨਾਂ ਕੋਲੋਂ ਨਾ ਡਰੋ, ਕਿਉਂਕਿ ਇੱਥੇ ਕੁਝ ਵੀ ਲੁਕਿਆ ਹੋਇਆ ਨਹੀਂ ਹੈ ਜਿਸਦਾ ਖੁਲਾਸਾ ਨਹੀਂ ਕੀਤਾ ਜਾਵੇਗਾ ਜਾਂ ਲੁਕਿਆ ਹੋਇਆ ਕੋਈ ਭੇਤ ਜੋ ਨਹੀਂ ਦੱਸਿਆ ਜਾਵੇਗੀ। 27ਜੋ ਕੁਝ ਵੀ ਮੈਂ ਤੁਹਾਨੂੰ ਹਨ੍ਹੇਰੇ ਵਿੱਚ ਆਖਦਾ ਹਾਂ ਤੁਸੀਂ ਉਸ ਨੂੰ ਚਾਨਣ ਵਿੱਚ ਆਖੋ ਅਤੇ ਜੋ ਕੁਝ ਤੁਸੀਂ ਕੰਨਾ ਨਾਲ ਸੁਣਦੇ ਹੋ ਕੋਠਿਆ ਉੱਤੇ ਉਸਦਾ ਪ੍ਰਚਾਰ ਕਰੋ। 28ਅਤੇ ਉਹਨਾਂ ਤੋਂ ਨਾ ਡਰੋ ਜਿਹੜੇ ਸਰੀਰ ਨੂੰ ਨਾਸ਼ ਕਰਦੇ ਹਨ ਪਰ ਆਤਮਾ ਨੂੰ ਨਹੀਂ ਮਾਰ ਸਕਦੇ, ਪਰ ਉਸ ਕੋਲੋਂ ਡਰੋ, ਜਿਹੜਾ ਸਰੀਰ ਅਤੇ ਆਤਮਾ ਦੋਨਾਂ ਨੂੰ ਨਰਕ ਵਿੱਚ ਨਾਸ਼ ਕਰ ਸਕਦਾ ਹੈ। 29ਕੀ ਦੋ ਚਿੜੀਆਂ ਇੱਕ ਪੈਸਾ ਦੀਆਂ ਨਹੀਂ ਵਿਕਦੀਆਂ? ਪਰ ਉਹਨਾਂ ਵਿੱਚੋਂ ਇੱਕ ਵੀ ਤੁਹਾਡੇ ਪਿਤਾ ਦੀ ਮਰਜ਼ੀ ਤੋਂ ਬਿਨ੍ਹਾਂ ਜ਼ਮੀਨ ਉੱਤੇ ਨਹੀਂ ਡਿੱਗਦੀ। 30ਅਤੇ ਬਲਕਿ ਤੁਹਾਡੇ ਸਿਰ ਦਾ ਇੱਕ-ਇੱਕ ਵਾਲ ਗਿਣਿਆ ਹੋਇਆ ਹੈ। 31ਇਸ ਲਈ ਨਾ ਡਰੋ; ਤੁਸੀਂ ਬਹੁਤ ਸਾਰੀਆਂ ਚਿੜੀਆਂ ਨਾਲੋਂ ਵੀ ਵਧੇਰੇ ਕੀਮਤੀ ਹੋ।”
32ਜੇ ਕੋਈ ਮਨੁੱਖਾਂ ਦੇ ਸਾਹਮਣੇ ਮੈਨੂੰ ਸਵੀਕਾਰ ਕਰਦਾ ਹੈ, ਮੈਂ ਸਵਰਗ ਵਿੱਚ ਆਪਣੇ ਪਿਤਾ ਦੇ ਸਾਹਮਣੇ ਉਸਨੂੰ ਸਵੀਕਾਰ ਕਰਾਂਗਾ। 33ਪਰ ਜੇ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਨਕਾਰ ਕਰੇਗਾ ਤਾਂ ਮੈਂ ਵੀ ਆਪਣੇ ਪਿਤਾ ਦੇ ਅੱਗੇ ਜਿਹੜਾ ਸਵਰਗ ਵਿੱਚ ਹੈ ਉਸਦਾ ਇਨਕਾਰ ਕਰਾਗਾਂ।
34“ਇਹ ਨਾ ਸੋਚੋ ਕਿ ਮੈਂ ਧਰਤੀ ਉੱਤੇ ਸ਼ਾਂਤੀ ਲੈ ਕੇ ਆਇਆ ਹਾਂ। ਮੈਂ ਮੇਲ ਕਰਾਉਣ ਨਹੀਂ ਸਗੋਂ ਤਲਵਾਰ ਚਲਾਉਣ ਆਇਆ ਹਾਂ। 35ਕਿਉਂਕਿ ਮੈਂ ਇਸ ਲਈ ਆਇਆ ਹਾਂ,
“ ‘ਆਦਮੀ ਨੂੰ ਉਸਦੇ ਪਿਤਾ ਦੇ ਵਿਰੁੱਧ,
ਧੀ ਨੂੰ ਉਸਦੀ ਮਾਂ ਦੇ ਵਿਰੁੱਧ
ਅਤੇ ਨੂੰਹ ਨੂੰ ਉਸਦੀ ਸੱਸ ਦੇ ਵਿਰੁੱਧ ਕਰਾਂ।
36ਮਨੁੱਖ ਦੇ ਦੁਸ਼ਮਣ ਉਸਦੇ ਘਰ ਵਾਲੇ ਹੀ ਹੋਣਗੇ।’#10:36 ਮੀਕਾ 7:6
37“ਜੇ ਕੋਈ ਆਪਣੇ ਪਿਤਾ ਜਾਂ ਮਾਤਾ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਤਾਂ ਉਹ ਮੇਰਾ ਚੇਲਾ ਬਣਨ ਯੋਗ ਨਹੀਂ ਹੈ ਅਤੇ ਜਿਹੜਾ ਵੀ ਵਿਅਕਤੀ ਆਪਣੇ ਪੁੱਤਰ ਜਾਂ ਧੀ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਉਹ ਵੀ ਮੇਰਾ ਚੇਲਾ ਬਣਨ ਦੇ ਯੋਗ ਨਹੀਂ ਹੈ। 38ਅਤੇ ਜੇ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਨਾ ਚੱਲੇ, ਉਹ ਮੇਰੇ ਯੋਗ ਨਹੀਂ ਹੈ। 39ਜੇ ਕੋਈ ਆਪਣੀ ਜਾਨ ਪਾਣਾ ਚਾਹੁੰਦਾ ਹੈ, ਉਹ ਉਸ ਨੂੰ ਗੁਆਵੇਗਾ, ਅਤੇ ਜੋ ਕੋਈ ਮੇਰੇ ਲਈ ਆਪਣੀ ਜਾਨ ਗੁਆ ਦਿੰਦਾ ਹੈ ਉਹ ਉਸ ਨੂੰ ਪਾ ਲਵੇਗਾ।
40“ਜਿਹੜਾ ਤੁਹਾਨੂੰ ਕਬੂਲ ਕਰੇ ਉਹ ਮੈਨੂੰ ਕਬੂਲ ਕਰਦਾ ਅਤੇ ਜਿਹੜਾ ਮੈਨੂੰ ਕਬੂਲ ਕਰੇ ਉਹ ਮੇਰੇ ਪਰਮੇਸ਼ਵਰ ਨੂੰ ਕਬੂਲ ਕਰਦਾ ਹੈ ਜਿਸ ਨੇ ਮੈਨੂੰ ਭੇਜਿਆ ਹੈ। 41ਜਿਹੜਾ ਵੀ ਇੱਕ ਨਬੀ ਨੂੰ ਨਬੀ ਦੇ ਨਾਮ ਤੇ ਸਵਾਗਤ ਕਰਦਾ ਹੈ ਉਸਨੂੰ ਨਬੀ ਦਾ ਇਨਾਮ ਪ੍ਰਾਪਤ ਹੁੰਦਾ ਹੈ, ਅਤੇ ਜਿਹੜਾ ਵੀ ਇੱਕ ਧਰਮੀ ਵਿਅਕਤੀ ਨੂੰ ਇੱਕ ਧਰਮੀ ਵਜੋਂ ਸਵਾਗਤ ਕਰਦਾ ਹੈ, ਉਸਨੂੰ ਇੱਕ ਧਰਮੀ ਵਿਅਕਤੀ ਦਾ ਇਨਾਮ ਮਿਲੇਗਾ। 42ਅਤੇ ਜੇ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਕਿਸੇ ਇੱਕ ਚੇਲੇ ਨੂੰ ਮੇਰੇ ਨਾਮ ਦੇ ਕਾਰਨ ਸਿਰਫ ਇੱਕ ਠੰਡਾ ਗਿਲਾਸ ਪਾਣੀ ਦਾ ਪਿਆਵੇ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ ਵਿਅਕਤੀ ਆਪਣਾ ਇਨਾਮ ਕਦੀ ਨਹੀਂ ਗੁਆਵੇਗਾ।”