11
ਯਿਸ਼ੂ ਅਤੇ ਯੋਹਨ ਬਪਤਿਸਮਾ ਦੇਣ ਵਾਲਾ
1ਜਦੋਂ ਯਿਸ਼ੂ ਆਪਣੇ ਬਾਰਾਂ ਚੇਲਿਆਂ ਨੂੰ ਨਿਰਦੇਸ਼ ਦੇ ਚੁੱਕੇ ਸਨ, ਤਾਂ ਉਹ ਉੱਥੋਂ ਗਲੀਲੀ ਨਗਰ ਦੇ ਕਸਬਿਆਂ ਵਿੱਚ ਸਿੱਖਿਆ ਅਤੇ ਪ੍ਰਚਾਰ ਕਰਨ ਚਲੇ ਗਏ।
2ਉਸ ਸਮੇਂ ਯੋਹਨ ਨੇ ਜੇਲ੍ਹ ਵਿੱਚ ਮਸੀਹ ਦੇ ਅਚਰਜ਼ ਕੰਮਾਂ ਦੇ ਬਾਰੇ ਸੁਣਿਆ, ਤਦ ਉਸਨੇ ਆਪਣੇ ਚੇਲਿਆਂ ਨੂੰ ਉਸ ਕੋਲ ਇਹ ਪੁੱਛਣ ਲਈ ਭੇਜਿਆ, 3“ਕਿ ਤੁਸੀਂ ਉਹ ਹੀ ਹੋ ਜਿਹੜਾ ਆਉਣ ਵਾਲਾ ਸੀ, ਜਾਂ ਅਸੀਂ ਕਿਸੇ ਹੋਰ ਦੀ ਉਡੀਕ ਕਰੀਏ?”
4ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਵਾਪਸ ਜਾਓ ਅਤੇ ਜੋ ਕੁਝ ਤੁਸੀਂ ਸੁਣਦੇ ਅਤੇ ਵੇਖਦੇ ਹੋ ਜਾ ਕੇ ਯੋਹਨ ਨੂੰ ਇਹ ਸਭ ਦੀ ਖ਼ਬਰ ਦਿਓ: 5ਅੰਨ੍ਹੇ ਸੁਜਾਖੇ ਹੁੰਦੇ ਹਨ, ਲੰਗੜੇ ਤੁਰਦੇ ਹਨ, ਕੋੜ੍ਹੀ ਸ਼ੁੱਧ ਕੀਤੇ ਜਾਂਦੇ ਹਨ, ਬੋਲ਼ੇ ਸੁਣਦੇ ਹਨ, ਮੁਰਦੇ ਜਿਵਾਲੇ ਜਾਂਦੇ ਹਨ ਅਤੇ ਗਰੀਬਾਂ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਸੁਣਾਇਆ ਜਾ ਰਿਹਾ ਹੈ।#11:5 ਯਸ਼ਾ 35:5,6 6ਅਤੇ ਮੁਬਾਰਕ ਹੈ ਉਹ ਮਨੁੱਖ ਜਿਹੜਾ ਮੇਰੇ ਕਾਰਨ ਠੋਕਰ ਨਹੀਂ ਖਾਂਦਾ।”
7ਜਦੋਂ ਯੋਹਨ ਦੇ ਚੇਲੇ ਚਲੇ ਗਏ ਤਾਂ ਯਿਸ਼ੂ ਯੋਹਨ ਦੇ ਬਾਰੇ ਲੋਕਾਂ ਨੂੰ ਕਹਿਣ ਲੱਗਾ, “ਤੁਸੀਂ ਉਜਾੜ ਵਿੱਚ ਕੀ ਦੇਖਣ ਲਈ ਗਏ ਸੀ? ਕੀ ਇੱਕ ਕਾਨੇ ਨੂੰ ਜਿਹੜਾ ਹਵਾ ਨਾਲ ਹਿੱਲਦਾ ਹੈ? 8ਅਗਰ ਨਹੀਂ, ਫਿਰ ਤੁਸੀਂ ਕੀ ਦੇਖਣ ਗਏ ਸੀ? ਕੀ ਇੱਕ ਮਨੁੱਖ ਜਿਸ ਨੇ ਵਧੀਆ ਕੱਪੜੇ ਪਹਿਨੇ ਹੋਏ ਸੀ? ਨਹੀਂ, ਜਿਹੜੇ ਮਹਿੰਗੇ ਕੱਪੜੇ ਪਹਿਨਦੇ ਹਨ ਉਹ ਰਾਜਿਆਂ ਦੇ ਮਹਿਲਾਂ ਵਿੱਚ ਰਹਿੰਦੇ ਹਨ। 9ਫਿਰ ਤੁਸੀਂ ਬਾਹਰ ਕੀ ਦੇਖਣ ਗਏ ਸੀ? ਕੀ ਇੱਕ ਨਬੀ ਨੂੰ? ਹਾਂ, ਮੈਂ ਤੁਹਾਨੂੰ ਦੱਸਦਾ ਹਾਂ ਇਹ ਉਹ ਹੈ ਜੋ ਨਬੀ ਨਾਲੋਂ ਵੀ ਵੱਡਾ ਹੈ। 10ਇਹ ਉਹੀ ਹੈ ਜਿਸਦੇ ਬਾਰੇ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ:
“ ‘ਮੈਂ ਆਪਣਾ ਦੂਤ ਤੇਰੇ ਅੱਗੇ ਭੇਜਦਾ ਹਾਂ,
ਜੋ ਤੇਰੇ ਲਈ ਰਸਤਾ ਤਿਆਰ ਕਰੇਗਾ।’#11:10 ਮਲਾ 3:1
11ਮੈਂ ਤੁਹਾਨੂੰ ਸੱਚ ਆਖਦਾ ਹਾਂ, ਜਿਹੜੇ ਵੀ ਔਰਤਾਂ ਤੋਂ ਜਨਮੇ ਹਨ ਉਹਨਾਂ ਵਿੱਚੋਂ ਯੋਹਨ ਬਪਤਿਸਮਾ ਦੇਣ ਵਾਲੇ ਨਾਲੋਂ ਵੱਡਾ ਕੋਈ ਵੀ ਨਹੀਂ ਹੋਇਆ। ਪਰ ਜਿਹੜਾ ਸਵਰਗ ਰਾਜ ਵਿੱਚ ਛੋਟਾ ਹੈ ਉਹ ਉਸ ਨਾਲੋਂ ਵੱਡਾ ਹੈ। 12ਯੋਹਨ ਬਪਤਿਸਮਾ ਦੇਣ ਵਾਲੇ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਸਵਰਗ ਦੇ ਰਾਜ ਉੱਤੇ ਜ਼ੋਰ ਮਾਰਿਆ ਜਾਂਦਾ ਹੈ ਅਤੇ ਜ਼ੋਰ ਮਾਰਨ ਵਾਲੇ ਉਸ ਨੂੰ ਪ੍ਰਾਪਤ ਕਰ ਲੈਂਦੇ ਹਨ। 13ਕਿਉਂ ਜੋ ਸਾਰੇ ਨਬੀਆਂ ਅਤੇ ਬਿਵਸਥਾ ਨੇ ਯੋਹਨ ਦੇ ਆਉਣ ਤੱਕ ਭਵਿੱਖਬਾਣੀਆ ਕੀਤੀਆ। 14ਅਗਰ ਤੁਸੀਂ ਇਸ ਨੂੰ ਸਵੀਕਾਰ ਕਰਨਾ ਚਾਹੁੰਦੇ ਹੋ, ਤਾਂ ਆਉਣ ਵਾਲਾ ਏਲੀਯਾਹ ਇਹ ਹੈ। 15ਜਿਸ ਦੇ ਕੰਨ ਹਨ, ਉਹ ਸੁਣੇ।
16“ਮੈਂ ਇਸ ਪੀੜ੍ਹੀ ਦੇ ਲੋਕਾਂ ਦੀ ਤੁਲਨਾ ਕਿਸ ਨਾਲ ਕਰਾ? ਇਹ ਤਾਂ ਉਹਨਾਂ ਬੱਚਿਆਂ ਵਰਗੇ ਹਨ, ਜਿਹੜੇ ਬਜ਼ਾਰਾਂ ਵਿੱਚ ਬੈਠ ਕੇ ਆਪਣੇ ਸਾਥੀਆਂ ਨੂੰ ਆਵਾਜ਼ ਮਾਰ ਕੇ ਬੁਲਾਉਦੇ ਹਨ:
17“ ‘ਅਸੀਂ ਤੁਹਾਡੇ ਲਈ ਬੰਸਰੀ ਵਜਾਈ,
ਪਰ ਤੁਸੀਂ ਨਹੀਂ ਨੱਚੇ;
ਅਸੀਂ ਦੁੱਖ ਦੇ ਗੀਤ ਗਾਏ,
ਫਿਰ ਵੀ ਤੁਸੀਂ ਸੋਗ ਨਾ ਕੀਤਾ।’
18ਕਿਉਂ ਜੋ ਯੋਹਨ ਬਪਤਿਸਮਾ ਵਾਲਾ ਨਾ ਖਾਂਦਾ ਨਾ ਪੀਂਦਾ ਸੀ, ਫਿਰ ਵੀ ਉਹ ਆਖਦੇ, ‘ਉਸਨੂੰ ਭੂਤ ਚਿੰਬੜਿਆ ਹੋਇਆ ਹੈ।’ 19ਮਨੁੱਖ ਦਾ ਪੁੱਤਰ ਖਾਂਦਾ-ਪੀਂਦਾ ਆਇਆ ਅਤੇ ਉਹ ਉਸਨੂੰ ਕਹਿੰਦੇ ਹਨ, ‘ਕਿ ਇਹ ਇੱਕ ਪੇਟੂ ਅਤੇ ਸ਼ਰਾਬੀ, ਚੁੰਗੀ ਲੈਣ ਵਾਲਿਆਂ ਅਤੇ ਪਾਪੀਆਂ ਦਾ ਮਿੱਤਰ ਹੈ।’ ਪਰ ਬੁੱਧ ਉਸਦੇ ਕੰਮਾਂ ਦੁਆਰਾ ਸਹੀ ਸਾਬਤ ਹੁੰਦੀ ਹੈ।”
ਉਹਨਾਂ ਨਗਰਾਂ ਉੱਤੇ ਅਫ਼ਸੋਸ ਜਿਨ੍ਹਾਂ ਨੇ ਆਪਣੇ ਪਾਪਾਂ ਤੋਂ ਤੋਬਾ ਨਹੀਂ ਕੀਤੀ
20ਤਦ ਯਿਸ਼ੂ ਨੇ ਉਨ੍ਹਾਂ ਸ਼ਹਿਰਾਂ ਨੂੰ ਨਿੰਦਣਾ ਸ਼ੁਰੂ ਕੀਤਾ ਜਿੱਥੇ ਉਸਨੇ ਬਹੁਤ ਚਮਤਕਾਰ ਕੀਤੇ ਸਨ, ਕਿਉਂਕਿ ਉਨ੍ਹਾਂ ਨੇ ਤੋਬਾ ਨਹੀਂ ਕੀਤੀ। 21“ਹਾਏ ਤੁਹਾਡੇ ਉੱਤੇ, ਕੋਰਾਜ਼ੀਨ ਦੇ ਸ਼ਹਿਰ! ਹਾਏ ਤੁਹਾਡੇ ਉੱਤੇ, ਬੈਥਸੈਦਾ ਦੇ ਸ਼ਹਿਰ! ਕਿਉਂਕਿ ਇਹ ਚਮਤਕਾਰ ਜੋ ਤੁਹਾਡੇ ਵਿੱਚ ਕੀਤੇ ਗਏ ਹਨ, ਜੇ ਇਹ ਸੋਰ ਅਤੇ ਸਿਦੋਨ ਸ਼ਹਿਰ ਵਿੱਚ ਕੀਤੇ ਜਾਂਦੇ, ਤਾਂ ਉਹਨਾਂ ਨੇ ਬਹੁਤ ਸਮਾਂ ਪਹਿਲਾਂ ਹੀ ਤੱਪੜ ਪਾ ਕੇ ਅਤੇ ਸੁਆਹ ਵਿੱਚ ਬੈਠ ਕੇ ਆਪਣੇ ਪਾਪਾਂ ਤੋਂ ਪਛਤਾਵਾ ਕਰ ਲੈਣਾ ਸੀ। 22ਪਰ ਮੈਂ ਤੁਹਾਨੂੰ ਆਖਦਾ ਹਾਂ, ਨਿਆਂ ਦੇ ਦਿਨ ਸੋਰ ਅਤੇ ਸਿਦੋਨ ਤੁਹਾਡੇ ਨਾਲੋਂ ਬਿਹਤਰ ਹੋਵੇਗਾ। 23ਅਤੇ ਹੇ ਕਫ਼ਰਨਹੂਮ ਦੇ ਲੋਕੋ, ਕੀ ਤੁਸੀਂ ਸਵਰਗ ਵਿੱਚ ਉੱਚੇ ਕੀਤੇ ਜਾਵੋਗੇ? ਨਹੀਂ, ਸਗੋਂ ਤੁਸੀਂ ਪਤਾਲ ਵਿੱਚ ਸੁੱਟੇ ਜਾਵੋਗੇ। ਜੇ ਇਹ ਚਮਤਕਾਰ ਜਿਹੜੇ ਤੁਹਾਡੇ ਵਿੱਚ ਹੋਏ ਅਗਰ ਸੋਦੋਮ#11:23 ਸੋਦੋਮ ਸ਼ਹਿਰ ਇੱਕ ਅਜਿਹਾ ਸ਼ਹਿਰ ਸੀ ਜਿਸ ਦੀ ਬੁਰਿਆਈ ਦੇ ਕਾਰਨ ਪਰਮੇਸ਼ਵਰ ਨੇ ਉਸ ਨੂੰ ਨਾਸ ਕਰ ਦਿੱਤਾ ਸੀ ਵਿੱਚ ਹੁੰਦੇ, ਤਾਂ ਉਹ ਅੱਜ ਤੱਕ ਬਣਿਆ ਰਹਿੰਦਾ। 24ਪਰ ਮੈਂ ਤੁਹਾਨੂੰ ਆਖਦਾ ਹਾਂ, ਕਿ ਨਿਆਂ ਦੇ ਦਿਨ ਸੋਦੋਮ ਨਗਰ ਦਾ ਹਾਲ ਤੁਹਾਡੇ ਨਾਲੋਂ ਬਿਹਤਰ ਹੋਵੇਗਾ।”
ਪਿਤਾ ਪੁੱਤਰ ਵਿੱਚ ਪ੍ਰਗਟ ਹੋਇਆ
25ਉਸੇ ਵੇਲੇ ਯਿਸ਼ੂ ਨੇ ਆਖਿਆ, “ਹੇ ਪਿਤਾ! ਸਵਰਗ ਅਤੇ ਧਰਤੀ ਦੇ ਮਾਲਕ, ਮੈਂ ਤੁਹਾਡੀ ਵਡਿਆਈ ਕਰਦਾ ਹਾਂ ਕਿ ਤੁਸੀਂ ਇਨ੍ਹਾਂ ਸਾਰੀਆਂ ਸੱਚਾਈਆਂ ਨੂੰ ਬੁੱਧੀਮਾਨ ਅਤੇ ਗਿਆਨਵਾਨ ਤੋਂ ਲੁਕੋ ਕੇ ਰੱਖਿਆ ਅਤੇ ਉਹਨਾਂ ਨੂੰ ਨਿੱਕੇ ਬੱਚਿਆਂ ਉੱਤੇ ਪ੍ਰਗਟ ਕੀਤਾ। 26ਹਾਂ, ਹੇ ਪਿਤਾ, ਇਹੀ ਤੁਹਾਡੀ ਨਿਗਾਹ ਵਿੱਚ ਚੰਗਾ ਸੀ।
27“ਸਭ ਕੁਝ ਮੇਰੇ ਪਿਤਾ ਨੇ ਮੈਨੂੰ ਸੌਂਪਿਆ ਹੈ। ਪਿਤਾ ਤੋਂ ਇਲਾਵਾ, ਪੁੱਤਰ ਨੂੰ ਕੋਈ ਨਹੀਂ ਜਾਣਦਾ ਹੈ ਅਤੇ ਨਾ ਹੀ ਪੁੱਤਰ ਤੋਂ ਇਲਾਵਾ ਪਿਤਾ ਨੂੰ ਕੋਈ ਨਹੀਂ ਜਾਣਦਾ ਹੈ ਅਤੇ ਜਿਸ ਉੱਤੇ ਪੁੱਤਰ ਪ੍ਰਗਟ ਕਰਨਾ ਚਾਹੇ।
28“ਹੇ ਸਾਰੇ ਥੱਕੇ ਹੋਇਓ, ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਆਰਾਮ ਦੇਵੇਗਾ। 29ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੇਰੇ ਤੋਂ ਸਿੱਖੋ ਕਿਉਂਕਿ ਮੈਂ ਕੋਮਲ ਅਤੇ ਨਮਰ ਮਨ ਦਾ ਹਾਂ ਅਤੇ ਤੁਸੀਂ ਆਪਣੀ ਆਤਮਾ ਲਈ ਆਰਾਮ ਪਾਓਗੇ। 30ਕਿਉਂਕਿ ਮੇਰਾ ਜੂਲਾ ਸੌਖਾ ਅਤੇ ਜੋ ਬੋਝ ਮੈਂ ਤੁਹਾਨੂੰ ਦਿੰਦਾ ਹਾਂ ਉਹ ਹਲਕਾ ਹੈ।”