14
ਯੋਹਨ ਬਪਤਿਸਮਾ ਦੇਣ ਵਾਲੇ ਦੀ ਹੱਤਿਆ
1ਉਹਨਾਂ ਦਿਨਾਂ ਵਿੱਚ ਗਲੀਲ ਦੇ ਰਾਜਾ ਹੇਰੋਦੇਸ ਨੇ ਯਿਸ਼ੂ ਦੀ ਖ਼ਬਰ ਸੁਣੀ। 2ਅਤੇ ਉਸਨੇ ਆਪਣੇ ਅਧਿਕਾਰੀਆਂ ਨੂੰ ਆਖਿਆ, “ਇਹ ਯੋਹਨ ਬਪਤਿਸਮਾ ਦੇਣ ਵਾਲਾ ਹੈ; ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ! ਅਤੇ ਇਸੇ ਕਾਰਨ ਉਸਦੇ ਵਿੱਚ ਇਹ ਸ਼ਕਤੀਆਂ ਕੰਮ ਕਰਦੀਆਂ ਹਨ।”
3ਹੇਰੋਦੇਸ ਨੇ ਆਪਣੇ ਵੱਡੇ ਭਰਾ ਫਿਲਿੱਪਾਸ ਦੀ ਪਤਨੀ ਹੇਰੋਦਿਅਸ ਦੇ ਕਾਰਨ ਯੋਹਨ ਨੂੰ ਫੜਿਆ ਅਤੇ ਕੈਦ ਵਿੱਚ ਬੰਦ ਕਰ ਦਿੱਤਾ ਸੀ। 4ਕਿਉਂਕਿ ਯੋਹਨ ਨੇ ਉਸ ਨੂੰ ਕਿਹਾ ਸੀ: “ਤੁਹਾਡੇ ਲਈ ਉਸ ਨਾਲ ਵਿਆਹ ਕਰਵਾਉਣਾ ਬਿਵਸਥਾ ਅਨੁਸਾਰ ਸਹੀ ਨਹੀਂ।” 5ਹੇਰੋਦੇਸ ਯੋਹਨ ਨੂੰ ਮਾਰ ਦੇਣਾ ਚਾਹੁੰਦਾ ਸੀ, ਪਰ ਉਹ ਲੋਕਾਂ ਤੋਂ ਡਰਿਆ ਕਿਉਂਕਿ ਉਹ ਯੋਹਨ ਨੂੰ ਨਬੀ ਮੰਨਦੇ ਸਨ।
6ਹੇਰੋਦੇਸ ਦੇ ਜਨਮ-ਦਿਨ ਤੇ ਹੇਰੋਦਿਅਸ ਦੀ ਧੀ ਮਹਿਮਾਨਾਂ ਅਤੇ ਹੇਰੋਦੇਸ ਲਈ ਨੱਚੀ ਤੇ ਉਸਦਾ ਮਨ ਬਹੁਤ ਖੁਸ਼ ਹੋਇਆ। 7ਤਾਂ ਹੇਰੋਦੇਸ ਨੇ ਸਹੁੰ ਖਾ ਕੇ ਉਸ ਨਾਲ ਵਾਅਦਾ ਕੀਤਾ ਕਿ ਜੋ ਕੁਝ ਉਹ ਮੰਗੇ, ਮੈਂ ਉਸਨੂੰ ਦੇਵੇਗਾ। 8ਤਾਂ ਉਸਨੇ ਆਪਣੀ ਮਾਂ ਦੇ ਦੁਆਰਾ ਉਕਸਾਏ ਜਾਣ ਕਰਕੇ ਕਿਹਾ ਕਿ, “ਹੁਣ ਇੱਥੇ ਮੈਨੂੰ ਯੋਹਨ ਬਪਤਿਸਮਾ ਦੇਣ ਵਾਲੇ ਦਾ ਸਿਰ ਥਾਲ ਵਿੱਚ ਰੱਖ ਕੇ ਦਿਓ।” 9ਤਦ ਰਾਜਾ ਬਹੁਤ ਦੁਖੀ ਹੋਇਆ, ਪਰ ਆਪਣੀ ਸਹੁੰ ਅਤੇ ਉਹਨਾਂ ਮਹਿਮਾਨਾਂ ਦੇ ਕਾਰਨ ਜਿਹੜੇ ਉਸਦੇ ਨਾਲ ਖਾਣ ਲਈ ਬੈਠੇ ਸਨ, ਉਸ ਨੇ ਇਸ ਦਾ ਹੁਕਮ ਕਰ ਦਿੱਤਾ। 10ਅਤੇ ਜੇਲ੍ਹ ਵਿੱਚ ਸਿਪਾਹੀਆਂ ਨੂੰ ਭੇਜ ਕੇ ਯੋਹਨ ਦਾ ਸਿਰ ਵਢਵਾ ਦਿੱਤਾ। 11ਅਤੇ ਉਸਦਾ ਸਿਰ ਥਾਲ ਵਿੱਚ ਲਿਆਂਦਾ ਅਤੇ ਕੁੜੀ ਨੂੰ ਦਿੱਤਾ ਗਿਆ, ਉਹ ਆਪਣੀ ਮਾਂ ਦੇ ਕੋਲ ਲੈ ਗਈ। 12ਅਤੇ ਯੋਹਨ ਦੇ ਚੇਲਿਆਂ ਨੇ ਉੱਥੇ ਜਾ ਕੇ ਉਸਦੀ ਲਾਸ਼ ਚੁੱਕੀ, ਉਸ ਨੂੰ ਦਫਨਾਇਆ ਅਤੇ ਆਣ ਕੇ ਯਿਸ਼ੂ ਨੂੰ ਖ਼ਬਰ ਦਿੱਤੀ।
ਪੰਜ ਹਜ਼ਾਰ ਨੂੰ ਰਜਾਉਣਾ
13ਜਦੋਂ ਯਿਸ਼ੂ ਨੇ ਇਹ ਸੁਣਿਆ, ਉਹ ਉੱਥੋਂ ਕਿਸ਼ਤੀ ਉੱਤੇ ਬੈਠ ਕੇ ਇੱਕ ਇਕਾਂਤ ਜਗ੍ਹਾ ਵਿੱਚ ਅਲੱਗ ਚਲੇ ਗਏ। ਅਤੇ ਲੋਕ ਇਹ ਸੁਣ ਕੇ ਨਗਰਾਂ ਤੋਂ ਉਸ ਦੇ ਪਿੱਛੇ ਪੈਦਲ ਤੁਰ ਪਏ। 14ਜਦੋਂ ਯਿਸ਼ੂ ਉੱਥੇ ਪਹੁੰਚੇ ਤਾਂ ਉਸਨੇ ਇੱਕ ਵੱਡੀ ਭੀੜ ਨੂੰ ਦੇਖਿਆ ਅਤੇ ਉਹਨਾਂ ਉੱਤੇ ਤਰਸ ਖਾ ਕੇ ਉਹਨਾਂ ਦੇ ਰੋਗੀਆਂ ਨੂੰ ਚੰਗਾ ਕੀਤਾ।
15ਜਦ ਸਾਂਮ ਹੋਈ ਤਾਂ ਚੇਲਿਆਂ ਨੇ ਕੋਲ ਆ ਕੇ ਕਿਹਾ, “ਇਹ ਇੱਕ ਉਜਾੜ ਜਗ੍ਹਾ ਹੈ, ਅਤੇ ਪਹਿਲਾਂ ਹੀ ਦੇਰ ਹੋ ਰਹੀ ਹੈ। ਭੀੜ ਨੂੰ ਭੇਜ ਦਿਓ ਤਾਂ ਜੋ ਪਿੰਡਾਂ ਵਿੱਚ ਜਾ ਕੇ ਆਪਣੇ ਲਈ ਖਾਣਾ ਮੁੱਲ ਲੈਣ।”
16ਯਿਸ਼ੂ ਨੇ ਉੱਤਰ ਦਿੱਤਾ, “ਉਹਨਾਂ ਨੂੰ ਜਾਣ ਦੀ ਲੋੜ ਨਹੀਂ ਹੈ। ਤੁਸੀਂ ਉਹਨਾਂ ਨੂੰ ਕੁਝ ਖਾਣ ਲਈ ਦਿਓ।”
17ਉਹਨਾਂ ਨੇ ਕਿਹਾ, “ਇੱਥੇ ਸਾਡੇ ਕੋਲ ਸਿਰਫ ਪੰਜ ਰੋਟੀਆ ਅਤੇ ਦੋ ਮੱਛੀਆਂ ਹਨ।”
18ਤਾਂ ਯਿਸ਼ੂ ਬੋਲੇ, “ਉਹਨਾਂ ਨੂੰ ਇੱਥੇ ਮੇਰੇ ਕੋਲ ਲਿਆਓ।” 19ਅਤੇ ਯਿਸ਼ੂ ਨੇ ਲੋਕਾਂ ਨੂੰ ਘਾਹ ਉੱਤੇ ਬੈਠਣ ਦਾ ਹੁਕਮ ਦਿੱਤਾ। ਤਦ ਉਸਨੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਲੈ ਕੇ ਸਵਰਗ ਵੱਲ ਵੇਖ ਕੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਰੋਟੀਆ ਤੋੜੀਆਂ। ਤਦ ਉਹਨਾਂ ਨੇ ਚੇਲਿਆਂ ਨੂੰ ਦੇ ਦਿੱਤੀਆਂ ਅਤੇ ਚੇਲਿਆਂ ਨੇ ਲੋਕਾਂ ਨੂੰ ਦੇ ਦਿੱਤੀਆਂ। 20ਉਹਨਾਂ ਸਾਰਿਆਂ ਨੇ ਖਾਧਾ ਅਤੇ ਸੰਤੁਸ਼ਟ ਹੋ ਗਏ, ਖਾਣ ਤੋਂ ਬਾਅਦ ਚੇਲਿਆਂ ਨੇ ਬਚੇ ਹੋਏ ਟੁੱਕੜਿਆਂ ਨਾਲ ਬਾਰਾਂ ਟੋਕਰੇ ਭਰੇ। 21ਅਤੇ ਖਾਣ ਵਾਲੇ ਔਰਤਾਂ ਅਤੇ ਬੱਚਿਆਂ ਤੋਂ ਇਲਾਵਾ ਪੰਜ ਹਜ਼ਾਰ ਮਰਦ ਸਨ।
ਯਿਸ਼ੂ ਦਾ ਪਾਣੀ ਉੱਤੇ ਚੱਲਣਾ
22ਤੁਰੰਤ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਸ਼ਤੀ ਉੱਤੇ ਚੜ੍ਹਨ ਲਈ ਆਗਿਆ ਦਿੱਤੀ, ਤੁਸੀਂ ਮੇਰੇ ਨਾਲੋਂ ਪਹਿਲਾਂ ਕਿਸ਼ਤੀ ਉੱਤੇ ਚੜ੍ਹ ਕੇ ਪਾਰ ਲੰਘ ਜਾਓ, ਕਿ ਜਦ ਤੱਕ ਉਹ ਭੀੜ ਨੂੰ ਵਿਦਾ ਕਰੇ। 23ਭੀੜ ਨੂੰ ਭੇਜਣ ਤੋਂ ਬਾਅਦ, ਉਹ ਪ੍ਰਾਰਥਨਾ ਕਰਨ ਲਈ ਇਕੱਲੇ ਪਹਾੜ ਉੱਤੇ ਚੜ੍ਹ ਗਏ। ਅਤੇ ਜਦੋਂ ਰਾਤ ਹੋਈ ਤਾਂ ਉਹ ਉੱਥੇ ਇਕੱਲੇ ਹੀ ਸਨ। 24ਅਤੇ ਕਿਸ਼ਤੀ ਪਹਿਲਾਂ ਹੀ ਜ਼ਮੀਨ ਤੋਂ ਕਾਫ਼ੀ ਦੂਰੀ ਤੇ ਸੀ, ਅਤੇ ਝੀਲ ਵਿੱਚ ਲਹਿਰਾਂ ਕਰਕੇ ਡੋਲਦੀ ਸੀ, ਕਿਉਂਕਿ ਹਵਾ ਉਲਟੀ ਦਿਸ਼ਾ ਤੋਂ ਸੀ।
25ਅਤੇ ਰਾਤ ਦੇ ਚੌਥੇ ਪਹਿਰ#14:25 ਰਾਤ ਦਾ ਚੌਥੇ ਪਹਿਰ ਸਵੇਰ ਦੇ ਚਾਰ ਵਜੇ ਦਾ ਸਮਾਂ ਯਿਸ਼ੂ ਝੀਲ ਦੇ ਉੱਤੇ ਤੁਰਦੇ ਹੋਏ, ਉਹਨਾਂ ਵੱਲ ਆਏ। 26ਅਤੇ ਚੇਲਿਆਂ ਨੇ ਯਿਸ਼ੂ ਨੂੰ ਝੀਲ ਦੇ ਕੰਢੇ ਉੱਤੇ ਤੁਰਦੇ ਵੇਖਿਆ, ਤਾਂ ਉਹ ਘਬਰਾ ਕੇ ਆਖਣ ਲੱਗੇ। “ਇਹ ਭੂਤ ਹੈ,” ਅਤੇ ਡਰ ਨਾਲ ਚੀਕਾਂ ਮਾਰਨ ਲੱਗੇ।
27ਪਰ ਯਿਸ਼ੂ ਨੇ ਤੁਰੰਤ ਉਹਨਾਂ ਨੂੰ ਆਖਿਆ, “ਹੌਸਲਾ ਰੱਖੋ! ਇਹ ਮੈਂ ਹਾਂ, ਨਾ ਡਰੋ।”
28ਪਤਰਸ ਨੇ ਉੱਤਰ ਦਿੱਤਾ, “ਪ੍ਰਭੂ ਜੀ, ਜੇ ਤੁਸੀਂ ਹੋ ਤਾਂ ਮੈਨੂੰ ਆਗਿਆ ਦਿਓ ਕਿ ਮੈਂ ਪਾਣੀ ਉੱਤੇ ਚੱਲ ਕੇ ਤੁਹਾਡੇ ਕੋਲ ਆਵਾਂ।”
29ਯਿਸ਼ੂ ਨੇ ਕਿਹਾ, “ਆਓ।”
ਪਤਰਸ ਕਿਸ਼ਤੀ ਤੋਂ ਉੱਤਰ ਕੇ ਯਿਸ਼ੂ ਦੇ ਕੋਲ ਜਾਣ ਲਈ ਪਾਣੀ ਉੱਤੇ ਤੁਰਨ ਲੱਗਾ। 30ਪਰ ਹਵਾ ਨੂੰ ਵੇਖ ਕੇ ਡਰ ਗਿਆ ਅਤੇ ਜਦੋਂ ਡੁੱਬਣ ਲੱਗਾ ਤਾਂ ਚੀਕਾਂ ਮਾਰ ਕੇ ਬੋਲਿਆ, “ਪ੍ਰਭੂ ਜੀ, ਮੈਨੂੰ ਬਚਾ ਲਓ!”
31ਅਤੇ ਤੁਰੰਤ ਯਿਸ਼ੂ ਨੇ ਹੱਥ ਵਧਾ ਕੇ ਉਸਨੂੰ ਫੜ ਲਿਆ। ਅਤੇ ਕਿਹਾ, “ਥੋੜ੍ਹੇ ਵਿਸ਼ਵਾਸ ਵਾਲਿਆ, ਤੂੰ ਕਿਉਂ ਸ਼ੱਕ ਕੀਤਾ?”
32ਅਤੇ ਜਦੋਂ ਉਹ ਕਿਸ਼ਤੀ ਉੱਤੇ ਚੜ੍ਹ ਗਏ ਤਾਂ ਹਵਾ ਰੁਕ ਗਈ। 33ਅਤੇ ਤਦ ਜਿਹੜੇ ਕਿਸ਼ਤੀ ਵਿੱਚ ਸਨ, ਉਹਨਾਂ ਨੇ ਉਸਦੀ ਮਹਿਮਾ ਕੀਤੀ, ਅਤੇ ਕਿਹਾ, “ਸੱਚ-ਮੁੱਚ ਤੁਸੀਂ ਪਰਮੇਸ਼ਵਰ ਦੇ ਪੁੱਤਰ ਹੋ।”
34ਜਦੋਂ ਉਹ ਪਾਰ ਲੰਘੇ, ਤਾਂ ਗਨੇਸਰੇਤ ਦੀ ਧਰਤੀ ਤੇ ਆ ਗਏ। 35ਅਤੇ ਜਦੋਂ ਉਸ ਜਗ੍ਹਾ ਦੇ ਲੋਕਾਂ ਨੇ ਯਿਸ਼ੂ ਨੂੰ ਪਛਾਣ ਲਿਆ, ਤਾਂ ਉਨ੍ਹਾਂ ਨੇ ਆਸ-ਪਾਸ ਦੇ ਦੇਸ਼ਾ ਨੂੰ ਸੁਨੇਹਾ ਭੇਜਿਆ। ਅਤੇ ਲੋਕ ਆਪਣੇ ਸਾਰੇ ਬੀਮਾਰਾ ਨੂੰ ਉਸਦੇ ਕੋਲ ਲੈ ਆਏ। 36ਅਤੇ ਯਿਸ਼ੂ ਨੂੰ ਬੇਨਤੀ ਕੀਤੀ ਕਿ ਉਹ ਬਿਮਾਰਾਂ ਨੂੰ ਆਪਣੇ ਕੱਪੜੇ ਦੇ ਕਿਨਾਰੇ ਨੂੰ ਛੂਹਣ ਲੈਣ ਦੇਵੇ, ਅਤੇ ਜਿਸਨੇ ਵੀ ਉਸਨੂੰ ਛੂਹਿਆ ਉਹ ਸਭ ਚੰਗੇ ਹੋ ਗਏ।