16
ਨਿਸ਼ਾਨਾ ਦੀ ਮੰਗ
1ਕੁਝ ਸਮਾਂ ਬਾਅਦ ਫ਼ਰੀਸੀਆਂ ਅਤੇ ਸਦੂਕੀਆਂ ਨੇ ਕੋਲ ਆ ਕੇ ਯਿਸ਼ੂ ਨੂੰ ਪਰਖਣ ਲਈ ਉਸ ਦੇ ਅੱਗੇ ਬੇਨਤੀ ਕੀਤੀ ਜੋ ਸਵਰਗ ਵੱਲੋਂ ਸਾਨੂੰ ਕੋਈ ਚਿੰਨ੍ਹ ਵਿਖਾ।
2ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਜਦੋਂ ਸ਼ਾਮ ਹੁੰਦੀ ਹੈ, ‘ਤਾਂ ਤੁਸੀਂ ਕਹਿੰਦੇ ਹੋ, ਕਿ ਮੌਸਮ ਸਾਫ਼ ਰਹੇਗਾ, ਕਿਉਂਕਿ ਅਕਾਸ਼ ਲਾਲ ਹੈ,’ 3ਅਤੇ ਸਵੇਰ ਨੂੰ ਕਹਿੰਦੇ ਹੋ, ‘ਅੱਜ ਹਨੇਰੀ ਵਗੇਗੀ, ਕਿਉਂਕਿ ਅਸਮਾਨ ਲਾਲ ਅਤੇ ਬੱਦਲ ਛਾਏ ਹੋਏ ਹਨ।’ ਤੁਸੀਂ ਅਸਮਾਨ ਨੂੰ ਵੇਖ ਕੇ ਵਿਆਖਿਆ ਕਰਨੀ ਜਾਣਦੇ ਹੋ, ਪਰ ਤੁਸੀਂ ਸਮਿਆਂ ਦੇ ਨਿਸ਼ਾਨ ਦੀ ਵਿਆਖਿਆ ਕਰਨੀ ਨਹੀਂ ਜਾਣਦੇ। 4ਇੱਕ ਦੁਸ਼ਟ ਅਤੇ ਹਰਾਮਕਾਰ ਪੀੜ੍ਹੀ ਚਿੰਨ੍ਹ ਚਾਹੁੰਦੀ ਹੈ, ਪਰ ਯੋਨਾਹ ਦੇ ਚਿੰਨ੍ਹ ਤੋਂ ਇਲਾਵਾ ਇਨ੍ਹਾਂ ਨੂੰ ਹੋਰ ਕੋਈ ਚਿੰਨ੍ਹ ਨਹੀਂ ਦਿੱਤਾ ਜਾਵੇਗਾ।” ਤਦ ਯਿਸ਼ੂ ਉਹਨਾਂ ਨੂੰ ਛੱਡ ਕੇ ਚਲੇ ਗਏ।
ਫ਼ਰੀਸੀਆਂ ਅਤੇ ਸਦੂਕੀਆਂ ਦਾ ਖਮੀਰ
5ਜਦੋਂ ਉਹ ਝੀਲ ਦੇ ਪਾਰ ਗਏ, ਤਾਂ ਚੇਲੇ ਰੋਟੀ ਲੈਣਾ ਭੁੱਲ ਗਏ। 6ਤਦ ਯਿਸ਼ੂ ਨੇ ਉਹਨਾਂ ਨੂੰ ਆਖਿਆ, “ਸਾਵਧਾਨ ਰਹੋ, ਤੁਸੀਂ ਫ਼ਰੀਸੀਆਂ ਅਤੇ ਸਦੂਕੀਆਂ ਦੇ ਖਮੀਰ ਤੋਂ ਬਚ ਕੇ ਰਹੋ।”
7ਅਤੇ ਉਹ ਆਪਸ ਵਿੱਚ ਵਿਚਾਰ ਕਰਕੇ ਕਹਿਣ ਲੱਗੇ, “ਕਿਉਂਕਿ ਅਸੀਂ ਕੋਈ ਰੋਟੀ ਨਹੀਂ ਲੈ ਕੇ ਆਏ ਇਸ ਲਈ ਉਹ ਇਸ ਤਰ੍ਹਾ ਆਖਦੇ ਹਨ।”
8ਉਹਨਾਂ ਦੇ ਵਿਚਾਰਾਂ ਨੂੰ ਜਾਣ ਕੇ, ਯਿਸ਼ੂ ਨੇ ਪੁੱਛਿਆ, “ਹੇ ਥੋੜ੍ਹੇ ਵਿਸ਼ਵਾਸ ਵਾਲਿਓ, ਤੁਸੀਂ ਆਪਸ ਵਿੱਚ ਰੋਟੀ ਨਾ ਹੋਣ ਬਾਰੇ ਕਿਉਂ ਗੱਲਾਂ ਕਰਦੇ ਹੋ? 9ਕੀ ਤੁਹਾਨੂੰ ਹੁਣ ਤੱਕ ਸਮਝ ਨਹੀਂ ਆਈ? ਅਤੇ ਕੀ ਤੁਹਾਨੂੰ ਯਾਦ ਨਹੀਂ? ਜਦੋਂ ਮੈਂ ਪੰਜ ਰੋਟੀਆਂ ਨਾਲ ਪੰਜ ਹਜ਼ਾਰ ਲੋਕ ਰਜਾਏ, ਅਤੇ ਤੁਸੀਂ ਬਚੇ ਹੋਏ ਭੋਜਨ ਨਾਲ ਭਰੀਆਂ ਕਿੰਨੀਆਂ ਟੋਕਰੀਆਂ ਚੁੱਕੀਆਂ ਸਨ? 10ਅਤੇ ਸੱਤ ਰੋਟੀਆਂ ਨਾਲ ਚਾਰ ਹਜ਼ਾਰ ਲੋਕਾਂ ਨੂੰ ਰਜਾਇਆ, ਅਤੇ ਬਚੇ ਹੋਏ ਭੋਜਨ ਨਾਲ ਕਿੰਨ੍ਹੀਆਂ ਟੋਕਰੀਆਂ ਚੁੱਕੀਆਂ ਸਨ? 11ਤੁਸੀਂ ਕਿਉਂ ਨਹੀਂ ਸਮਝਦੇ ਹੋ ਕਿ ਮੈਂ ਤੁਹਾਡੇ ਨਾਲ ਰੋਟੀ ਬਾਰੇ ਗੱਲ ਨਹੀਂ ਕਰ ਰਿਹਾ ਸੀ? ਪਰ ਤੁਸੀਂ ਫ਼ਰੀਸੀਆਂ ਅਤੇ ਸਦੂਕੀਆਂ ਦੇ ਖਮੀਰ ਤੋਂ ਬਚ ਕੇ ਰਹੋ।” 12ਤਦ ਉਹ ਸਮਝੇ ਕਿ ਉਹ ਸਾਨੂੰ ਰੋਟੀ ਵਿੱਚ ਮਿਲਾਏ ਗਏ ਖ਼ਮੀਰ ਤੋਂ ਨਹੀਂ, ਪਰ ਫ਼ਰੀਸੀਆਂ ਅਤੇ ਸਦੂਕੀਆਂ ਦੀ ਸਿੱਖਿਆ ਤੋਂ ਹੁਸ਼ਿਆਰ ਰਹਿਣ ਲਈ ਕਹਿ ਰਹੇ ਸਨ।
ਪਤਰਸ ਕਬੂਲ ਕਰਦਾ ਹੈ ਕਿ ਯਿਸ਼ੂ ਹੀ ਮਸੀਹ ਹੈ
13ਜਦੋਂ ਯਿਸ਼ੂ ਕਯਸਰਿਆ ਫ਼ਿਲਿੱਪੀ ਦੇ ਇਲਾਕੇ ਵਿੱਚ ਆਏ, ਅਤੇ ਆਪਣੇ ਚੇਲਿਆਂ ਨੂੰ ਪੁੱਛਿਆ, “ਮਨੁੱਖ ਦੇ ਪੁੱਤਰ ਬਾਰੇ ਲੋਕ ਕੀ ਕਹਿੰਦੇ ਹਨ?”
14ਉਹਨਾਂ ਨੇ ਜਵਾਬ ਦਿੱਤਾ, “ਕੋਈ ਤੁਹਾਨੂੰ ਯੋਹਨ ਬਪਤਿਸਮਾ ਦੇਣ ਵਾਲਾ ਕਹਿੰਦੇ ਹਨ; ਅਤੇ ਕੋਈ ਏਲੀਯਾਹ; ਅਤੇ ਕੁਝ ਯੇਰਮਿਯਾਹ ਜਾਂ ਨਬੀਆਂ ਵਿੱਚੋਂ ਕੋਈ ਇੱਕ।”
15“ਪਰ ਤੁਹਾਡੇ ਬਾਰੇ ਕੀ?” ਉਸਨੇ ਪੁੱਛਿਆ, “ਤੁਸੀਂ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ?”
16ਸ਼ਿਮਓਨ ਪਤਰਸ ਨੇ ਉੱਤਰ ਦਿੱਤਾ, “ਤੁਸੀਂ ਮਸੀਹਾ ਜਿਉਂਦੇ ਪਰਮੇਸ਼ਵਰ ਦੇ ਪੁੱਤਰ ਹੋ।”
17ਯਿਸ਼ੂ ਨੇ ਉਸਨੂੰ ਕਿਹਾ, “ਮੁਬਾਰਕ ਹੈ ਤੂੰ, ਸ਼ਿਮਓਨ ਯੋਨਾਹ ਦੇ ਪੁੱਤਰ, ਕਿਉਂਕਿ ਇਹ ਗੱਲ ਲਹੂ ਜਾ ਮਾਸ ਨੇ ਨਹੀਂ, ਪਰ ਮੇਰਾ ਪਿਤਾ ਜੋ ਸਵਰਗ ਵਿੱਚ ਹਨ ਉਹਨਾਂ ਨੇ ਤੇਰੇ ਉੱਪਰ ਇਹ ਗੱਲ ਪ੍ਰਗਟ ਕੀਤੀ ਹੈ। 18ਅਤੇ ਮੈਂ ਤੈਨੂੰ ਆਖਦਾ ਹਾਂ ਤੂੰ ਪਤਰਸ ਹੈ,#16:18 ਯੂਨਾਨੀ ਭਾਸ਼ਾ ਵਿੱਚ ਪਤਰਸ ਮਤਲਬ ਚੱਟਾਨ ਅਤੇ ਇਸ ਚੱਟਾਨ ਤੇ ਮੈਂ ਆਪਣੀ ਕਲੀਸਿਆ ਬਣਾਵਾਂਗਾ, ਅਤੇ ਪਤਾਲ ਦੇ ਫਾਟਕਾਂ ਦਾ ਉਸ ਉੱਤੇ ਕੋਈ ਵੱਸ ਨਾ ਹੋਵੇਗਾ। 19ਅਤੇ ਮੈਂ ਤੈਨੂੰ ਸਵਰਗ ਦੇ ਰਾਜ ਦੀਆ ਕੁੰਜੀਆ ਦੇਵੇਗਾ; ਜੋ ਤੂੰ ਧਰਤੀ ਉੱਤੇ ਬੰਨ੍ਹੇਗਾ ਉਹ ਸਵਰਗ ਵਿੱਚ ਬੰਨ੍ਹਿਆ ਜਾਵੇਗਾ, ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲ੍ਹੇਗਾ ਸਵਰਗ ਵਿੱਚ ਖੋਲ੍ਹਿਆ ਜਾਵੇਗਾ।” 20ਤਦ ਉਸਨੇ ਆਪਣੇ ਚੇਲਿਆਂ ਨੂੰ ਆਗਿਆ ਦਿੱਤੀ ਕਿ ਕਿਸੇ ਨੂੰ ਨਾ ਦੱਸਣ, ਕਿ ਮੈਂ ਮਸੀਹ ਹਾਂ।
ਆਪਣੀ ਮੌਤ ਦੇ ਬਾਰੇ ਯਿਸ਼ੂ ਦੀ ਭਵਿੱਖਬਾਣੀ
21ਉਸ ਸਮੇਂ ਯਿਸ਼ੂ ਆਪਣੇ ਚੇਲਿਆਂ ਨੂੰ ਦੱਸਣ ਲੱਗੇ, ਇਹ ਜ਼ਰੂਰੀ ਹੈ ਜੋ ਮੈਂ ਯੇਰੂਸ਼ਲੇਮ ਨੂੰ ਜਾਵਾਂ ਅਤੇ ਉੱਥੇ ਬਜ਼ੁਰਗਾਂ, ਮੁੱਖ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਦੇ ਹੱਥੋਂ ਦੁੱਖ ਸਹਿਣ ਕਰਾ ਅਤੇ ਮਾਰ ਦਿੱਤਾ ਜਾਵਾਂ ਅਤੇ ਤੀਸਰੇ ਦਿਨ ਫਿਰ ਜੀ ਉੱਠਾਂ।
22ਇਸ ਤੇ ਪਤਰਸ ਉਸਨੂੰ ਇੱਕ ਪਾਸੇ ਲੈ ਗਿਆ ਅਤੇ ਉਸ ਨੂੰ ਝਿੜਕਣ ਲੱਗਾ। “ਕਦੇ ਨਹੀਂ, ਪ੍ਰਭੂ ਜੀ!” ਉਸ ਨੇ ਕਿਹਾ। “ਇਹ ਤੁਹਾਡੇ ਨਾਲ ਕਦੇ ਨਹੀਂ ਹੋਵੇਗਾ!”
23ਯਿਸ਼ੂ ਨੇ ਮੁੜ ਕੇ ਪਤਰਸ ਨੂੰ ਕਿਹਾ, “ਹੇ ਸ਼ੈਤਾਨ ਮੇਰੇ ਤੋਂ ਪਿੱਛੇ ਹੱਟ ਜਾ! ਤੂੰ ਮੇਰੇ ਲਈ ਠੋਕਰ ਹੈ; ਕਿਉਂ ਜੋ ਤੂੰ ਪਰਮੇਸ਼ਵਰ ਦੀਆ ਨਹੀਂ, ਪਰ ਮਨੁੱਖਾਂ ਦੀਆ ਗੱਲਾਂ ਵੱਲ ਧਿਆਨ ਰੱਖਦਾ ਹੈ।”
24ਤਦ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਚੱਲੇ। 25ਕਿਉਂਕਿ ਜਿਹੜਾ ਵੀ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ, ਉਹ ਉਸਨੂੰ ਗੁਆ ਦੇਵੇਗਾ ਪਰ ਜੋ ਮੇਰੇ ਕਾਰਨ ਆਪਣੀ ਜਾਨ ਗੁਆਏ ਉਹ ਉਸਨੂੰ ਪਾ ਲਵੇਗਾ। 26ਮਨੁੱਖ ਨੂੰ ਕੀ ਲਾਭ ਹੋਵੇਗਾ ਜੇ ਉਹ ਸਾਰੇ ਸੰਸਾਰ ਨੂੰ ਪ੍ਰਾਪਤ ਕਰ ਲਵੇ, ਪਰ ਆਪਣੀ ਜਾਨ ਨੂੰ ਗੁਆ ਦੇਵੇ? ਜਾਂ ਕੋਈ ਆਪਣੀ ਜਾਨ ਦੇ ਬਦਲੇ ਕੀ ਦੇ ਸਕਦਾ ਹੈ? 27ਮਨੁੱਖ ਦਾ ਪੁੱਤਰ ਆਪਣੇ ਦੂਤਾਂ ਨਾਲ ਆਪਣੇ ਪਿਤਾ ਦੀ ਮਹਿਮਾ ਵਿੱਚ ਆਵੇਗਾ ਅਤੇ ਫਿਰ ਉਹ ਹਰ ਵਿਅਕਤੀ ਨੂੰ ਉਹਨਾਂ ਦੇ ਕੀਤੇ ਕੰਮਾਂ ਅਨੁਸਾਰ ਫਲ ਦੇਵੇਗਾ।
28“ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੋ ਕਈ ਇਹਨਾਂ ਵਿੱਚੋਂ ਜਿਹੜੇ ਇੱਥੇ ਖੜ੍ਹੇ ਹਨ ਮੌਤ ਦਾ ਸੁਆਦ ਨਹੀਂ ਚੱਖਣਗੇ ਜਦੋਂ ਤੱਕ ਮਨੁੱਖ ਦੇ ਪੁੱਤਰ ਨੂੰ ਆਪਣੇ ਰਾਜ ਵਿੱਚ ਆਉਂਦਾ ਨਾ ਵੇਖ ਲੈਣ।”