YouVersion Logo
Search Icon

ਮੱਤੀਯਾਹ 21

21
ਯਿਸ਼ੂ ਯੇਰੂਸ਼ਲੇਮ ਵਿੱਚ ਇੱਕ ਰਾਜੇ ਦੀ ਤਰ੍ਹਾਂ ਆਏ
1ਜਦੋਂ ਯਿਸ਼ੂ ਅਤੇ ਉਹਨਾਂ ਦੇ ਚੇਲੇ ਯੇਰੂਸ਼ਲੇਮ ਆਏ ਅਤੇ ਜ਼ੈਤੂਨ ਦੇ ਪਹਾੜ ਉੱਤੇ ਬੈਥਫ਼ਗੇ ਕੋਲ ਪਹੁੰਚੇ, ਤਦ ਯਿਸ਼ੂ ਆਪਣੇ ਦੋ ਚੇਲਿਆਂ ਨੂੰ ਇਹ ਆਗਿਆ ਨਾਲ ਅੱਗੇ ਭੇਜਦੇ ਹਨ, 2ਉਹਨਾਂ ਨੂੰ ਕਿਹਾ, “ਉਸ ਪਿੰਡ ਵਿੱਚ ਜਾਓ ਜਿਹੜਾ ਤੁਹਾਡੇ ਸਾਮ੍ਹਣੇ ਹੈ, ਅਤੇ ਪਿੰਡ ਵਿੱਚ ਵੜਦੇ ਹੀ ਤੁਹਾਨੂੰ ਇੱਕ ਗਧੀ ਬੰਨ੍ਹੀ ਹੋਈ ਮਿਲੇਗੀ ਅਤੇ ਉਸਦੇ ਨਾਲ ਉਸਦਾ ਬੱਚਾ ਵੀ। ਉਸਨੂੰ ਖੋਲ ਕੇ ਮੇਰੇ ਕੋਲ ਲਿਆਓ। 3ਜੇ ਕੋਈ ਤੁਹਾਨੂੰ ਕੁਝ ਕਹੇ, ਤਾਂ ਆਖਣਾ ਕਿ ਪ੍ਰਭੂ ਨੂੰ ਇਸਦੀ ਜ਼ਰੂਰਤ ਹੈ, ਫਿਰ ਉਹ ਉਸੇ ਵੇਲੇ ਉਹਨਾਂ ਨੂੰ ਭੇਜ ਦੇਣਗੇ।”
4ਇਹ ਨਬੀ ਦੁਆਰਾ ਕਹੇ ਗਏ ਬਚਨਾਂ ਨੂੰ ਪੂਰਾ ਕਰਨ ਲਈ ਹੋਇਆ:
5“ਸੀਯੋਨ ਦੀ ਬੇਟੀ ਨੂੰ ਆਖੋ,
‘ਵੇਖੋ, ਤੁਹਾਡਾ ਰਾਜਾ ਤੁਹਾਡੇ ਕੋਲ ਆਉਂਦਾ ਹੈ,
ਅਧੀਨਗੀ ਅਤੇ ਇੱਕ ਗਧੇ ਉੱਤੇ ਸਵਾਰ ਹੋ ਕੇ,
ਅਤੇ ਗਧੀ ਦੇ ਬੱਚੇ ਉੱਤੇ, ਭਾਰ ਢੋਣ ਵਾਲੇ ਦੇ ਬੱਚੇ ਉੱਪਰ।’ ”#21:5 ਜ਼ਕ 9:9
6ਤਦ ਉਹ ਦੋ ਚੇਲੇ ਗਏ ਅਤੇ ਜਿਵੇਂ ਯਿਸ਼ੂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਉਸੇ ਤਰ੍ਹਾ ਹੀ ਕੀਤਾ। 7ਅਤੇ ਉਹ ਗਧੀ ਅਤੇ ਉਸ ਦੇ ਬੱਚੇ ਨੂੰ ਲਿਆਏ, ਅਤੇ ਉਹਨਾਂ ਉੱਤੇ ਆਪਣੇ ਕੱਪੜੇ ਪਾ ਦਿੱਤੇ ਤਾਂ ਕਿ ਯਿਸ਼ੂ ਉੱਪਰ ਬੈਠ ਜਾਣ। 8ਅਤੇ ਭੀੜ ਵਿੱਚੋਂ ਬਹੁਤਿਆਂ ਲੋਕਾਂ ਨੇ ਆਪਣੇ ਕੱਪੜੇ ਰਾਹ ਵਿੱਚ ਵਿਛਾਏ, ਪਰ ਹੋਰਨਾ ਨੇ ਦਰੱਖ਼ਤਾ ਦੀਆ ਟਾਹਣੀਆ ਵੱਢ ਕੇ ਰਾਹ ਵਿੱਚ ਵਿਛਾ ਦਿੱਤੀਆਂ।#21:8 ਇਹ ਯਿਸ਼ੂ ਦਾ ਸਤਿਕਾਰ ਕਰਨ ਦਾ ਤਰੀਕਾ ਸੀ 9ਅਤੇ ਭੀੜ ਜਿਹੜੀ ਯਿਸ਼ੂ ਦੇ ਅੱਗੇ ਜਾ ਰਹੀ ਸੀ ਅਤੇ ਪਿੱਛੇ ਸੀ ਉੱਚੀ ਆਵਾਜ਼ ਨਾਲ ਆਖਣ ਲੱਗੇ,
“ਹੋਸਨਾ#21:9 ਹੋਸਨਾ ਇਬਰਾਨੀ ਭਾਸ਼ਾ ਦਾ ਸ਼ਬਦ ਜਿਸਦਾ ਅਰਥ ਹੈ ਬਚਾਓ ਜੋ ਕਿ ਪ੍ਰਸੰਸਾ ਦਾ ਇੱਕ ਵਿਅੰਗ ਬਣ ਗਿਆ ਦਾਵੀਦ ਦੇ ਪੁੱਤਰ ਦੀ!”
“ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ!”#21:9 ਜ਼ਬੂ 118:25-26
“ਹੋਸੰਨਾ ਉੱਚੇ ਸਵਰਗ ਦੇ ਵਿੱਚ!”
10ਜਦੋਂ ਯਿਸ਼ੂ ਯੇਰੂਸ਼ਲੇਮ ਵਿੱਚ ਆਏ, ਤਾਂ ਪੂਰੇ ਨਗਰ ਵਿੱਚ ਹਲ-ਚਲ ਮੱਚ ਗਈ, ਅਤੇ ਪੁੱਛਣ ਲੱਗੇ, “ਕੌਣ ਹੈ ਇਹ?”
11ਤਾਂ ਲੋਕਾਂ ਨੇ ਉੱਤਰ, “ਇਹ ਯਿਸ਼ੂ ਹੈ, ਗਲੀਲ ਦੇ ਨਾਜ਼ਰੇਥ ਦਾ ਨਬੀ।”
ਮਸੀਹ ਯਿਸ਼ੂ ਹੈਕਲ ਦੇ ਵਿੱਚ
12ਫਿਰ ਯਿਸ਼ੂ ਹੈਕਲ#21:12 ਹੈਕਲ ਯਹੂਦਿਆਂ ਦਾ ਮੰਦਰ ਵਿੱਚ ਗਏ ਅਤੇ ਉਹਨਾਂ ਸਭਨਾਂ ਨੂੰ ਬਾਹਰ ਕੱਢ ਦਿੱਤਾ ਜਿਹੜੇ ਲੋਕ ਕੁਰਬਾਨੀ ਲਈ ਜਾਨਵਰ ਵੇਚਦੇ ਅਤੇ ਖਰੀਦਦੇ ਸਨ। ਤਾਂ ਯਿਸ਼ੂ ਨੇ ਸਾਹੁਕਾਰਾ ਦੀਆ ਮੇਜ਼ਾਂ ਅਤੇ ਕਬੂਤਰ ਵੇਚਣ ਵਾਲਿਆਂ ਦੀ ਚੌਂਕਿਆਂ ਨੂੰ ਉਲਟਾ ਦਿੱਤਾ। 13ਯਿਸ਼ੂ ਨੇ ਉਹਨਾਂ ਨੂੰ ਕਿਹਾ, “ਪਵਿੱਤਰ ਸ਼ਾਸਤਰ ਵਿੱਚ ਇਹ ਲਿਖਿਆ ਹੋਇਆ ਹੈ, ‘ਮੇਰਾ ਘਰ ਪ੍ਰਾਰਥਨਾ ਦਾ ਘਰ ਕਹਾਵੇਗਾ,’#21:13 ਯਸ਼ਾ 56:7 ਪਰ ਤੁਸੀਂ ਇਸ ਨੂੰ ‘ਡਾਕੂਆਂ ਦੀ ਗੁਫ਼ਾ ਬਣਾ ਰਹੇ ਹੋ।’#21:13 ਯਿਰ 7:11
14ਹੈਕਲ ਵਿੱਚ ਅੰਨ੍ਹੇ ਅਤੇ ਲੰਗੜੇ ਉਹਨਾਂ ਕੋਲ ਆਏ, ਅਤੇ ਯਿਸ਼ੂ ਨੇ ਉਹਨਾਂ ਨੂੰ ਚੰਗਾ ਕੀਤਾ। 15ਜਦੋਂ ਮੁੱਖ ਜਾਜਕਾਂ ਅਤੇ ਉਪਦੇਸ਼ਕਾ ਨੇ ਉਹ ਅਚਰਜ਼ ਕੰਮ ਵੇਖੇ ਜਿਹੜੇ ਯਿਸ਼ੂ ਨੇ ਕੀਤੇ ਸਨ ਅਤੇ ਬੱਚਿਆਂ ਨੂੰ ਹੈਕਲ ਵਿੱਚ ਉੱਚੀ ਆਵਾਜ਼ ਨਾਲ ਬੋਲਦੇ ਅਤੇ, “ਦਾਵੀਦ ਪੁੱਤਰ ਦੀ ਹੋਸਨਾ,” ਆਖਦੇ ਵੇਖਿਆ, ਤਾਂ ਉਹ ਗੁੱਸੇ ਹੋ ਗਏ।
16ਉਹਨਾਂ ਨੇ ਯਿਸ਼ੂ ਨੂੰ ਕਿਹਾ, “ਕੀ ਤੂੰ ਸੁਣਦਾ ਹੈ ਜੋ ਇਹ ਕੀ ਆਖਦੇ ਹਨ?”
ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਹਾਂ, ਕੀ ਤੁਸੀਂ ਇਹ ਕਦੇ ਨਹੀਂ ਪੜ੍ਹਿਆ,
“ ‘ਬੱਚਿਆਂ ਅਤੇ ਦੁੱਧ ਚੁੰਗਣ ਵਾਲਿਆ ਦੇ ਮੂੰਹੋਂ
ਉਸਤਤ ਪੂਰੀ ਕਰਵਾਈ?’ ”#21:16 ਜ਼ਬੂ 8:2 (ਸੈਪਟੁਜਿੰਟ ਦੇਖੋ)
17ਤਾਂ ਉਹ ਉਹਨਾਂ ਨੂੰ ਛੱਡ ਕੇ ਸ਼ਹਿਰ ਤੋਂ ਬਾਹਰ ਚਲਾ ਗਿਆ, ਅਤੇ ਬੈਥਨੀਆ ਵਿੱਚ ਆ ਕੇ ਰਾਤ ਕੱਟੀ।
ਮਸੀਹ ਯਿਸ਼ੂ ਦਾ ਅੰਜੀਰ ਦੇ ਦਰੱਖ਼ਤ ਨੂੰ ਸਰਾਪ ਦੇਣਾ
18ਸਵੇਰੇ, ਜਦੋਂ ਯਿਸ਼ੂ ਵਾਪਸ ਸ਼ਹਿਰ ਨੂੰ ਜਾ ਰਹੇ ਸੀ, ਤਾਂ ਉਹਨਾਂ ਨੂੰ ਭੁੱਖ ਲੱਗੀ। 19ਅਤੇ ਰਾਸਤੇ ਵਿੱਚ ਇੱਕ ਹੰਜ਼ੀਰ ਦਾ ਰੁੱਖ ਵੇਖ ਕੇ, ਉਸਦੇ ਨੇੜੇ ਗਏ ਪਰ ਪੱਤਿਆਂ ਤੋਂ ਬਿਨ੍ਹਾਂ ਉਸ ਉੱਤੇ ਹੋਰ ਕੁਝ ਨਾ ਮਿਲਿਆ। ਤਾਂ ਉਹਨਾਂ ਨੇ ਆਖਿਆ, “ਅੱਜ ਤੋਂ ਬਾਅਦ ਤੈਨੂੰ ਕਦੇ ਫਲ ਨਾ ਲੱਗੇ!” ਤਾਂ ਉਸੇ ਵਕਤ ਉਹ ਅੰਜੀਰ ਦਾ ਰੁੱਖ ਸੁੱਕ ਗਿਆ।
20ਜਦੋਂ ਚੇਲਿਆਂ ਨੇ ਇਹ ਵੇਖਿਆ, ਤਾਂ ਉਹ ਹੈਰਾਨ ਹੋ ਗਏ। ਅਤੇ ਇੱਕ ਦੂਸਰੇ ਨੂੰ ਆਖਣ ਲੱਗੇ, “ਕੀ ਇਹ ਹੰਜ਼ੀਰ ਦਾ ਰੁੱਖ ਐਨੀ ਜਲਦੀ ਕਿਵੇਂ ਸੁੱਕ ਗਿਆ?”
21ਯਿਸ਼ੂ ਨੇ ਜਵਾਬ ਦਿੱਤਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਜੇ ਤੁਹਾਨੂੰ ਵਿਸ਼ਵਾਸ ਹੈ ਤੇ ਸ਼ੱਕ ਨਾ ਕਰੋ, ਤੁਸੀਂ ਸਿਰਫ ਇਹੋ ਨਹੀਂ ਕਰੋਗੇ ਜੋ ਹੰਜ਼ੀਰ ਦਾ ਰੁੱਖ ਨਾਲ ਹੋਇਆ, ਪਰ ਜੇ ਤੁਸੀਂ ਇਸ ਪਹਾੜ ਨੂੰ ਆਖੋਗੇ, ‘ਉੱਠ ਅਤੇ ਸਮੁੰਦਰ ਵਿੱਚ ਜਾ ਕੇ ਡਿੱਗ ਜਾ,’ ਤਾਂ ਅਜਿਹਾ ਹੋ ਜਾਵੇਗਾ। 22ਅਗਰ ਤੁਸੀਂ ਵਿਸ਼ਵਾਸ ਕਰਦੇ ਹੋ, ਤਾਂ ਤੁਸੀਂ ਉਸਨੂੰ ਪਾ ਲਓਗੇ ਜੋ ਕੁਝ ਵੀ ਤੁਸੀਂ ਪ੍ਰਾਰਥਨਾ ਵਿੱਚ ਮੰਗੋਂਗੇ।”
ਯਿਸ਼ੂ ਦੇ ਅਧਿਕਾਰ ਉੱਤੇ ਪ੍ਰਸ਼ਨ
23ਯਿਸ਼ੂ ਹੈਕਲ ਦੇ ਵਿਹੜੇ ਵਿੱਚ ਵੜਿਆ, ਅਤੇ ਜਦੋਂ ਉਹ ਸਿੱਖਿਆ ਦੇ ਰਹੇ ਸੀ, ਤਦ ਮੁੱਖ ਜਾਜਕਾਂ ਅਤੇ ਲੋਕਾਂ ਦੇ ਬਜ਼ੁਰਗ ਉਸ ਦੇ ਕੋਲ ਆਏ। ਉਹਨਾਂ ਨੇ ਉਸ ਨੂੰ ਪੁੱਛਿਆ, “ਤੁਸੀਂ ਕਿਸ ਅਧਿਕਾਰ ਨਾਲ ਇਹ ਕੰਮ ਕਰ ਰਹੇ ਹੋ? ਅਤੇ ਤੁਹਾਨੂੰ ਇਹ ਅਧਿਕਾਰ ਕਿਸ ਨੇ ਦਿੱਤਾ?”
24ਯਿਸ਼ੂ ਨੇ ਜਵਾਬ ਦਿੱਤਾ, “ਮੈਂ ਵੀ ਤੁਹਾਡੇ ਤੋਂ ਇੱਕ ਪ੍ਰਸ਼ਨ ਪੁੱਛਦਾ ਹਾਂ। ਜੇ ਤੁਸੀਂ ਮੈਨੂੰ ਉੱਤਰ ਦਿਓ, ਮੈਂ ਵੀ ਤੁਹਾਨੂੰ ਦੱਸਾਂਗਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ। 25ਯੋਹਨ ਦਾ ਬਪਤਿਸਮਾ ਕਿੱਥੋਂ ਆਇਆ ਸੀ, ਸਵਰਗ ਵੱਲੋਂ ਜਾਂ ਮਨੁੱਖ ਵੱਲੋਂ?”
ਉਹ ਆਪਸ ਵਿੱਚ ਇਸ ਬਾਰੇ ਵਿਚਾਰ ਕਰਕੇ ਕਹਿਣ ਲੱਗੇ, “ਜੇ ਅਸੀਂ ਆਖੀਏ, ‘ਸਵਰਗ ਵੱਲੋਂ,’ ਤਾਂ ਉਹ ਪੁੱਛੇਗਾ, ‘ਫਿਰ ਤੁਸੀਂ ਉਸ ਉੱਤੇ ਵਿਸ਼ਵਾਸ ਕਿਉਂ ਨਹੀਂ ਕੀਤਾ?’ 26ਪਰ ਜੇ ਅਸੀਂ ਕਹਿੰਦੇ ਹਾਂ, ‘ਮਨੁੱਖ ਵੱਲੋਂ,’ ਤਾਂ ਲੋਕਾਂ ਤੋਂ ਡਰਦੇ ਹਾਂ, ਕਿਉਂਕਿ ਉਹ ਸਾਰੇ ਯੋਹਨ ਨੂੰ ਇੱਕ ਨਬੀ ਮੰਨਦੇ ਸਨ।”
27ਤਾਂ ਉਹਨਾਂ ਨੇ ਯਿਸ਼ੂ ਨੂੰ ਉੱਤਰ ਦਿੱਤਾ, “ਅਸੀਂ ਨਹੀਂ ਜਾਣਦੇ।”
ਤਦ ਉਸ ਨੇ ਕਿਹਾ, “ਮੈਂ ਵੀ ਤੁਹਾਨੂੰ ਨਹੀਂ ਦੱਸਾਂਗਾ ਕਿ ਕਿਸ ਅਧਿਕਾਰ ਨਾਲ ਮੈਂ ਇਹ ਕੰਮ ਕਰ ਰਿਹਾ ਹਾਂ।
ਦੋ ਪੁੱਤਰਾਂ ਦਾ ਦ੍ਰਿਸ਼ਟਾਂਤ
28“ਤੁਸੀਂ ਕੀ ਸਮਝਦੇ ਹੋ? ਇੱਕ ਮਨੁੱਖ ਸੀ ਜਿਸਦੇ ਦੋ ਪੁੱਤਰ ਸਨ। ਉਹ ਪਹਿਲੇ ਦੇ ਕੋਲ ਗਿਆ ਅਤੇ ਬੋਲਿਆ, ‘ਪੁੱਤਰ, ਜਾ ਅਤੇ ਅੱਜ ਅੰਗੂਰੀ ਬਾਗ ਵਿੱਚ ਕੰਮ ਕਰ।’ ”
29ਪੁੱਤਰ ਨੇ ਉੱਤਰ ਦਿੱਤਾ “ ‘ਮੇਰਾ ਜੀ ਨਹੀਂ ਕਰਦਾ,’ ਪਰ ਬਾਅਦ ਵਿੱਚ ਉਹ ਪਛਤਾਇਆ ਅਤੇ ਕੰਮ ਕਰਨ ਲਈ ਬਾਗ ਵਿੱਚ ਚਲਾ ਗਿਆ।
30“ਫਿਰ ਪਿਤਾ ਦੂਸਰੇ ਪੁੱਤਰ ਕੋਲ ਗਿਆ ਅਤੇ ਉਸਨੂੰ ਵੀ ਇਹੋ ਹੀ ਕਿਹਾ। ਉਸਨੇ ਉੱਤਰ ਦਿੱਤਾ, ‘ਠੀਕ ਹੈ ਸ਼੍ਰੀਮਾਨ ਜੀ,’ ਪਰ ਉਹ ਨਹੀਂ ਗਿਆ।
31“ਸੋ ਇਨ੍ਹਾਂ ਦੋਹਾਂ ਵਿੱਚੋਂ ਕਿਸ ਨੇ ਪਿਤਾ ਦੀ ਮਰਜ਼ੀ ਪੂਰੀ ਕੀਤੀ?”
ਉਹਨਾਂ ਉੱਤਰ ਦਿੱਤਾ, “ਪਹਿਲੇ ਨੇ।”
ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ, ਚੁੰਗੀ ਲੈਣ ਵਾਲੇ ਅਤੇ ਵੇਸਵਾਵਾਂ ਤੁਹਾਡੇ ਨਾਲੋਂ ਪਹਿਲਾਂ ਪਰਮੇਸ਼ਵਰ ਦੇ ਰਾਜ ਵਿੱਚ ਦਾਖਲ ਹੋਣਗੇ। 32ਕਿਉਂਕਿ ਯੋਹਨ ਬਪਤਿਸਮਾ ਦੇਣ ਵਾਲਾ ਤੁਹਾਡੇ ਕੋਲ ਧਾਰਮਿਕਤਾ ਦਾ ਰਾਹ ਵਿਖਾਉਣ ਲਈ ਆਇਆ ਸੀ, ਅਤੇ ਤੁਸੀਂ ਉਸਦਾ ਵਿਸ਼ਵਾਸ ਨਹੀਂ ਕੀਤਾ, ਪਰ ਚੁੰਗੀ ਲੈਣ ਵਾਲਿਆ ਅਤੇ ਵੇਸਵਾਵਾਂ ਨੇ ਉਸ ਉੱਤੇ ਵਿਸ਼ਵਾਸ ਕੀਤਾ। ਅਤੇ ਇਹ ਸਭ ਵੇਖ ਕੇ ਵੀ, ਤੁਸੀਂ ਨਾ ਪਛਤਾਏ ਅਤੇ ਨਾ ਵਿਸ਼ਵਾਸ ਕੀਤਾ।
ਦੁਸ਼ਟ ਮਾਲੀਆਂ ਦਾ ਦ੍ਰਿਸ਼ਟਾਂਤ
33“ਇੱਕ ਹੋਰ ਦ੍ਰਿਸ਼ਟਾਂਤ ਸੁਣੋ: ਇੱਕ ਘਰ ਦਾ ਮਾਲਕ ਸੀ ਜਿਸਨੇ ਅੰਗੂਰੀ ਬਾਗ ਲਾਇਆ। ਅਤੇ ਉਸਦੇ ਚਾਰ-ਚੁਫੇਰੇ ਕੰਧ ਕੀਤੀ ਅਤੇ ਉਸਦੇ ਵਿੱਚ ਰਸ ਲਈ ਇੱਕ ਚੁਬੱਚਾ ਪੁੱਟਿਆ ਅਤੇ ਬੁਰਜ ਵੀ ਬਣਾਇਆ। ਫਿਰ ਉਸਨੇ ਬਾਗ ਨੂੰ ਕੁਝ ਮਾਲੀਆਂ ਨੂੰ ਕਿਰਾਏ ਤੇ ਦਿੱਤਾ ਅਤੇ ਕਿਸੇ ਹੋਰ ਜਗ੍ਹਾ ਚਲਾ ਗਿਆ। 34ਜਦੋਂ ਵਾਢੀ ਦਾ ਸਮਾਂ ਆਇਆ, ਤਾਂ ਉਸਨੇ ਆਪਣੇ ਨੌਕਰਾਂ ਨੂੰ ਕਿਰਾਏਦਾਰਾਂ ਦੇ ਕੋਲ ਭੇਜਿਆ ਤਾਂ ਜੋ ਉਹ ਉਸਦਾ ਫ਼ਲ ਇਕੱਠਾ ਕਰ ਸਕਣ।
35“ਅਤੇ ਕਿਰਾਏਦਾਰਾਂ ਨੇ ਉਸਦੇ ਨੌਕਰਾਂ ਨੂੰ ਫੜ੍ਹ ਕੇ; ਇੱਕ ਨੂੰ ਕੁੱਟਿਆ, ਦੂਸਰੇ ਨੂੰ ਮਾਰ ਸੁੱਟਿਆ, ਅਤੇ ਤੀਸਰੇ ਨੂੰ ਪਥਰਾਓ ਕੀਤਾ। 36ਫਿਰ ਉਸਨੇ ਪਹਿਲਾਂ ਹੋਰ ਨੌਕਰਾਂ ਨੂੰ ਉਹਨਾਂ ਕੋਲ ਭੇਜਿਆ ਅਤੇ ਕਿਰਾਏਦਾਰਾਂ ਨੇ ਉਹਨਾਂ ਨਾਲ ਵੀ ਉਸੇ ਤਰ੍ਹਾਂ ਹੀ ਕੀਤਾ। 37ਅੰਤ ਵਿੱਚ ਉਸਨੇ ਆਪਣੇ ਪੁੱਤਰ ਨੂੰ ਉਹਨਾਂ ਦੇ ਕੋਲ ਇਹ ਸੋਚ ਕੇ ਭੇਜਿਆ। ‘ਕਿ ਉਹ ਮੇਰੇ ਪੁੱਤਰ ਦਾ ਆਦਰ ਕਰਨਗੇ।’
38“ਪਰ ਜਦੋਂ ਕਿਰਾਏਦਾਰਾਂ ਨੇ ਉਸਦੇ ਪੁੱਤਰ ਨੂੰ ਵੇਖਿਆ, ਤਾਂ ਉਹ ਇੱਕ ਦੂਸਰੇ ਨੂੰ ਕਹਿਣ ਲੱਗੇ, ‘ਵਾਰਸ ਇਹੋ ਹੈ। ਆਓ, ਇਸ ਨੂੰ ਮਾਰ ਸੁੱਟੀਏ ਅਤੇ ਉਸਦਾ ਵਿਰਸਾ ਸੰਭਾਲ ਲਈਏ।’ 39ਅਤੇ ਉਹਨਾਂ ਉਸ ਨੂੰ ਫੜ ਲਿਆ ਅਤੇ ਬਾਗ ਵਿੱਚੋਂ ਬਾਹਰ ਕੱਢ ਕੇ ਉਸਨੂੰ ਮਾਰ ਸੁੱਟਿਆ।
40“ਇਸ ਲਈ, ਜਦੋਂ ਬਾਗ ਦਾ ਮਾਲਕ ਆਵੇਗਾ ਤਦ ਉਹਨਾਂ ਕਿਰਾਏਦਾਰਾਂ ਨਾਲ ਕੀ ਕਰੇਗਾ?”
41ਉਹਨਾਂ ਨੇ ਉੱਤਰ ਦਿੱਤਾ, “ਉਹਨਾਂ ਦੁਸ਼ਟਾ ਦਾ ਬੁਰੀ ਤਰ੍ਹਾ ਨਾਸ ਕਰੇਗਾ, ਅਤੇ ਅੰਗੂਰੀ ਬਾਗ ਹੋਰਨਾਂ ਕਿਰਾਏਦਾਰਾਂ ਨੂੰ ਸੌਂਪੇਗਾ, ਜੋ ਸਮੇਂ ਤੇ ਉਸ ਨੂੰ ਫਸਲ ਦਾ ਹਿੱਸਾ ਦੇਣ।”
42ਯਿਸ਼ੂ ਨੇ ਉਹਨਾਂ ਨੂੰ ਆਖਿਆ, “ਕੀ ਤੁਸੀਂ ਪਵਿੱਤਰ ਬਚਨਾਂ ਵਿੱਚ ਕਦੇ ਨਹੀਂ ਪੜ੍ਹਿਆ:
“ ‘ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦ ਕੀਤਾ ਸੀ,
ਉਹੀ ਖੂੰਜੇ ਦਾ ਪੱਥਰ ਬਣ ਗਿਆ;
ਇਹ ਸਭ ਪ੍ਰਭੂ ਦੇ ਵੱਲੋਂ ਹੋਇਆ,
ਅਤੇ ਇਹ ਸਾਡੀ ਨਜ਼ਰ ਵਿੱਚ ਅਦਭੁਤ ਹੈ।’#21:42 ਜ਼ਬੂ 118:22,23
43“ਇਸ ਕਰਕੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਪਰਮੇਸ਼ਵਰ ਦਾ ਰਾਜ ਤੁਹਾਡੇ ਕੋਲੋ ਖੋਹ ਕੇ ਉਹਨਾਂ ਲੋਕਾਂ ਨੂੰ ਦਿੱਤਾ ਜਾਵੇਗਾ ਜਿਹੜੇ ਇਸਦੇ ਯੋਗ ਫਲ ਲਿਆ ਸਕਣ। 44ਅਤੇ ਜਿਹੜਾ ਵੀ ਇਸ ਪੱਥਰ ਤੇ ਡਿੱਗੇਗਾ ਸੋ ਚੂਰ-ਚੂਰ ਹੋ ਜਾਵੇਗਾ; ਪਰ ਜਿਸ ਕਿਸੇ ਦੇ ਉੱਤੇ ਇਹ ਡਿੱਗੇਗਾ ਉਸ ਨੂੰ ਪੀਹ ਸੁੱਟੇਗਾ।”
45ਜਦੋਂ ਮੁੱਖ ਜਾਜਕਾਂ ਅਤੇ ਫ਼ਰੀਸੀਆਂ ਨੇ ਯਿਸ਼ੂ ਦਾ ਇਹ ਦ੍ਰਿਸ਼ਟਾਂਤ ਸੁਣਿਆ, ਤਾਂ ਉਹ ਸਮਝ ਗਏ ਕਿ ਯਿਸ਼ੂ ਉਹਨਾਂ ਬਾਰੇ ਗੱਲ ਕਰ ਰਹੇ ਹਨ। 46ਇਸ ਲਈ ਉਹਨਾਂ ਨੇ ਯਿਸ਼ੂ ਨੂੰ ਗਿਰਫ਼ਤਾਰ ਕਰਨ ਦਾ ਰਾਹ ਲੱਭਿਆ, ਪਰ ਉਹ ਲੋਕਾਂ ਕੋਲੋ ਡਰੇ ਕਿਉਂਕਿ ਲੋਕ ਯਿਸ਼ੂ ਨੂੰ ਨਬੀ ਮੰਨਦੇ ਸਨ।

Highlight

Share

Copy

None

Want to have your highlights saved across all your devices? Sign up or sign in