YouVersion Logo
Search Icon

ਮਾਰਕਸ 11

11
ਯਿਸ਼ੂ ਜੀ ਦਾ ਰਾਜਾ ਦੇ ਰੂਪ ਵਿੱਚ ਯੇਰੁਸ਼ੇਲੇਮ ਵਿੱਚ ਦਾਖਲ ਹੋਣਾ
1ਜਿਵੇਂ ਉਹ ਯੇਰੂਸ਼ਲੇਮ ਪਹੁੰਚੇ ਤੇ ਬੈਥਫ਼ਗੇ ਅਤੇ ਬੈਥਨੀਆ ਦੇ ਨੇੜੇ ਜ਼ੈਤੂਨ ਪਹਾੜ ਤੇ ਪਹੁੰਚ ਕੇ, ਯਿਸ਼ੂ ਨੇ ਆਪਣੇ ਦੋ ਚੇਲਿਆਂ ਭੇਜਿਆ, 2ਉਹਨਾਂ ਨੂੰ ਕਿਹਾ, “ਉਸ ਪਿੰਡ ਵਿੱਚ ਜਾਓ ਜਿਹੜਾ ਤੁਹਾਡੇ ਸਾਮ੍ਹਣੇ ਹੈ, ਅਤੇ ਜਿਵੇਂ ਹੀ ਤੁਸੀਂ ਪਿੰਡ ਵਿੱਚ ਵੜੋਂਗੇ। ਤੁਸੀਂ ਉੱਥੇ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਵੇਖੋਂਗੇ, ਜਿਸ ਉੱਤੇ ਕਦੇ ਕੋਈ ਸਵਾਰ ਨਹੀਂ ਹੋਇਆ। ਉਸ ਨੂੰ ਖੋਲ੍ਹੋ ਅਤੇ ਇੱਥੇ ਲਿਆਓ। 3ਜੇ ਕੋਈ ਤੁਹਾਨੂੰ ਪੁੱਛਦਾ ਹੈ, ‘ਤੁਸੀਂ ਅਜਿਹਾ ਕਿਉਂ ਕਰ ਰਹੇ ਹੋ?’ ਕਹੋ, ‘ਪ੍ਰਭੂ ਨੂੰ ਇਸਦੀ ਜ਼ਰੂਰਤ ਹੈ ਅਤੇ ਫਿਰ ਉਹ ਉਸੇ ਵੇਲੇ ਉਹਨਾਂ ਨੂੰ ਵਾਪਸ ਇੱਥੇ ਭੇਜ ਦੇਣਗੇ।’ ”
4ਉਹ ਗਏ ਅਤੇ ਉਹਨਾਂ ਨੇ ਗਲੀ ਦੇ ਬਾਹਰ ਇੱਕ ਗਧੀ ਦੇ ਬੱਚੇ ਨੂੰ ਇੱਕ ਦਰਵਾਜ਼ੇ ਤੇ ਬੰਨ੍ਹਿਆ ਵੇਖਿਆ। ਜਿਵੇਂ ਹੀ ਉਹਨਾਂ ਨੇ ਉਸ ਨੂੰ ਖੋਲ੍ਹਿਆ, 5ਉੱਥੇ ਖੜ੍ਹੇ ਕੁਝ ਲੋਕਾਂ ਨੇ ਪੁੱਛਿਆ, “ਤੁਸੀਂ ਕੀ ਕਰ ਰਹੇ ਹੋ, ਉਸ ਗਧੇ ਦੇ ਬੱਚੇ ਨੂੰ ਖੋਲ੍ਹ ਕੇ?” 6ਉਹਨਾਂ ਨੇ ਉੱਤਰ ਦਿੱਤਾ ਜਿਵੇਂ ਯਿਸ਼ੂ ਨੇ ਉਹਨਾਂ ਨੂੰ ਕਿਹਾ ਸੀ, ਅਤੇ ਲੋਕਾਂ ਨੇ ਉਹਨਾਂ ਨੂੰ ਜਾਣ ਦਿੱਤਾ। 7ਜਦੋਂ ਉਹ ਗਧੀ ਦੇ ਬੱਚੇ ਨੂੰ ਯਿਸ਼ੂ ਕੋਲ ਲਿਆਏ ਅਤੇ ਆਪਣੇ ਕੱਪੜੇ ਉਸ ਉੱਤੇ ਵਿੱਛਾ ਦਿੱਤੇ, ਯਿਸ਼ੂ ਉਸ ਉੱਤੇ ਬੈਠ ਗਿਆ। 8ਬਹੁਤ ਸਾਰੇ ਲੋਕਾਂ ਨੇ ਆਪਣੇ ਕੱਪੜੇ ਸੜਕ ਤੇ ਵਿਛਾ ਦਿੱਤੇ, ਜਦ ਕਿ ਦੂਸਰੇ ਲੋਕਾਂ ਨੇ ਟਹਿਣੀਆਂ ਨੂੰ ਵਿਛਾਇਆ ਜਿਹੜੀਆਂ ਉਹਨਾਂ ਨੇ ਖੇਤਾਂ ਵਿੱਚੋਂ ਵੱਢੀਆਂ ਸਨ। 9ਜਿਹੜੇ ਅੱਗੇ ਪਿੱਛੇ ਤੁਰੇ ਆਉਂਦੇ ਸਨ ਉਹ ਉੱਚੀ ਆਵਾਜ਼ ਵਿੱਚ ਆਖਣ ਲੱਗੇ,
“ਹੋਸਨਾ!”#11:9 ਹੋਸਨਾ ਦਾ ਮਤਲਬ ਸਾਨੂੰ ਬਚਾ; ਇੱਕ ਅਰਦਾਸ
“ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ!”#11:9 ਜ਼ਬੂ 118:25-26
10“ਧੰਨ ਹੈ ਸਾਡੇ ਪਿਤਾ ਦਾਵੀਦ ਦਾ ਆਉਣ ਵਾਲਾ ਰਾਜ!”
“ਉੱਚੇ ਸਵਰਗ ਵਿੱਚ ਹੋਸਨਾ!”
11ਯਿਸ਼ੂ ਯੇਰੂਸ਼ਲੇਮ ਵਿੱਚ ਦਾਖਲ ਹੋਇਆ ਅਤੇ ਹੈਕਲ ਦੇ ਵਿਹੜੇ ਵਿੱਚ ਗਿਆ। ਉਹਨਾਂ ਆਲੇ-ਦੁਆਲੇ ਹਰ ਚੀਜ਼ ਵੱਲ ਵੇਖਿਆ, ਪਰ ਦੇਰ ਹੋਣ ਕਾਰਨ, ਉਹ ਬਾਰ੍ਹਾਂ ਚੇਲਿਆਂ ਨਾਲ ਬੈਥਨੀਆ ਚਲਾ ਗਿਆ।
ਯਿਸ਼ੂ ਦਾ ਇੱਕ ਅੰਜੀਰ ਦੇ ਦਰੱਖਤ ਨੂੰ ਸਰਾਪ ਦੇਣਾ ਅਤੇ ਹੈਕਲ ਦੀਆਂ ਅਦਾਲਤਾਂ ਨੂੰ ਸਾਫ਼ ਕਰਨਾ
12ਅਗਲੇ ਦਿਨ ਜਦੋਂ ਉਹ ਬੈਥਨੀਆ ਤੋਂ ਜਾ ਰਹੇ ਸਨ, ਯਿਸ਼ੂ ਨੂੰ ਭੁੱਖ ਲੱਗੀ। 13ਦੂਰੋਂ ਹੀ ਇੱਕ ਹੰਜ਼ੀਰ ਦਾ ਰੁੱਖ ਪੱਤਿਆਂ ਨਾਲ ਲੱਦਿਆ ਵੇਖ, ਉਹ ਇਹ ਪਤਾ ਕਰਨ ਲਈ ਗਿਆ ਕਿ ਇਸ ਵਿੱਚ ਕੋਈ ਫਲ ਹੈ ਜਾਂ ਨਹੀਂ। ਜਦੋਂ ਉਹ ਨੇੜੇ ਪਹੁੰਚਿਆ, ਉਸਨੂੰ ਪੱਤਿਆਂ ਤੋਂ ਇਲਾਵਾ ਕੁਝ ਨਾ ਮਿਲਿਆ, ਕਿਉਂਕਿ ਇਹ ਅੰਜੀਰ ਦਾ ਮੌਸਮ ਨਹੀਂ ਸੀ। 14ਤਦ ਉਸਨੇ ਰੁੱਖ ਨੂੰ ਕਿਹਾ, “ਕੋਈ ਤੇਰਾ ਫਲ ਫੇਰ ਕਦੇ ਨਾ ਖਾਵੇ।” ਅਤੇ ਉਸਦੇ ਚੇਲਿਆਂ ਨੇ ਉਸਨੂੰ ਇਹ ਕਹਿੰਦੇ ਸੁਣਿਆ।
15ਯੇਰੂਸ਼ਲੇਮ ਪਹੁੰਚਣ ਤੇ, ਯਿਸ਼ੂ ਹੈਕਲ ਦੇ ਵਿਹੜੇ ਵਿੱਚ ਵੜਿਆ ਅਤੇ ਉਹਨਾਂ ਨੂੰ ਬਾਹਰ ਕੱਢਣ ਲਗਾ ਜੋ ਉੱਥੇ ਵਪਾਰ ਕਰ ਰਹੇ ਸਨ। ਉਹਨਾਂ ਨੇ ਪੈਸਾ ਬਦਲਣ ਵਾਲਿਆਂ ਦੀਆਂ ਮੇਜ਼ਾਂ ਅਤੇ ਕਬੂਤਰ ਵੇਚਣ ਵਾਲਿਆਂ ਦੀ ਚੌਂਕਿਆਂ ਨੂੰ ਉਲਟਾ ਦਿੱਤਾ, 16ਅਤੇ ਕਿਸੇ ਨੂੰ ਵੀ ਹੈਕਲ ਦੀਆਂ ਦਰਬਾਰਾਂ ਵਿੱਚ ਵਪਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ। 17ਅਤੇ ਜਦੋਂ ਉਸਨੇ ਉਹਨਾਂ ਨੂੰ ਉਪਦੇਸ਼ ਦਿੱਤਾ, ਉਸਨੇ ਕਿਹਾ, “ਕੀ ਇਹ ਬਚਨ ਵਿੱਚ ਨਹੀਂ ਲਿਖਿਆ: ‘ਮੇਰਾ ਘਰ ਸਾਰਿਆਂ ਕੌਮਾਂ ਦੇ ਲਈ ਪ੍ਰਾਰਥਨਾ ਦਾ ਘਰ ਕਹਾਵੇਗਾ’?#11:17 ਯਸ਼ਾ 56:7 ਪਰ ਤੁਸੀਂ ਇਸ ਨੂੰ ‘ਡਾਕੂਆਂ ਦੀ ਗੁਫ਼ਾ ਬਣਾ ਦਿੱਤਾ ਹੈ।’ ”#11:17 ਯਿਰ 7:11
18ਮੁੱਖ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਇਹ ਸੁਣਿਆ ਅਤੇ ਉਸਨੂੰ ਮਾਰ ਦੇਣ ਦਾ ਰਾਹ ਲੱਭਣ ਲੱਗੇ, ਉਹ ਯਿਸ਼ੂ ਤੋਂ ਡਰਦੇ ਸਨ, ਕਿਉਂਕਿ ਭੀੜ ਉਸਦੇ ਉਪਦੇਸ਼ਾਂ ਤੇ ਹੈਰਾਨ ਸੀ।
19ਜਦੋਂ ਸ਼ਾਮ ਹੋਈ ਤਾਂ ਯਿਸ਼ੂ ਅਤੇ ਉਸਦੇ ਚੇਲੇ ਸ਼ਹਿਰ ਤੋਂ ਬਾਹਰ ਚਲੇ ਗਏ।
20ਸਵੇਰ ਵੇਲੇ, ਜਦੋਂ ਚੇਲੇ ਚੱਲੇ ਆਉਂਦੇ ਸਨ, ਉਹਨਾਂ ਨੇ ਹੰਜ਼ੀਰ ਦੇ ਰੁੱਖ ਨੂੰ ਜੜ੍ਹਾਂ ਤੋਂ ਸੁੱਕਦਿਆਂ ਵੇਖਿਆ। 21ਪਤਰਸ ਨੂੰ ਯਾਦ ਆਇਆ ਅਤੇ ਉਸਨੇ ਯਿਸ਼ੂ ਨੂੰ ਕਿਹਾ, “ਗੁਰੂ ਜੀ, ਵੇਖੋ! ਜਿਸ ਹੰਜ਼ੀਰ ਦੇ ਰੁੱਖ ਨੂੰ ਤੁਸੀਂ ਸਰਾਪ ਦਿੱਤਾ ਸੀ, ਉਹ ਸੁੱਕ ਗਿਆ ਹੈ।”
22ਯਿਸ਼ੂ ਨੇ ਉੱਤਰ ਦਿੱਤਾ, “ਪਰਮੇਸ਼ਵਰ ਉੱਤੇ ਵਿਸ਼ਵਾਸ ਰੱਖੋ। 23ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੇ ਕੋਈ ਇਸ ਪਹਾੜ ਨੂੰ ਕਹੇ, ‘ਉੱਠ ਅਤੇ ਸਮੁੰਦਰ ਵਿੱਚ ਜਾ ਕੇ ਡਿੱਗ ਜਾ,’ ਅਤੇ ਉਹਨਾਂ ਦੇ ਦਿਲ ਵਿੱਚ ਕੋਈ ਸ਼ੱਕ ਨਾ ਹੋਵੇ, ਪਰ ਵਿਸ਼ਵਾਸ ਕਰੇ ਕਿ ਜੋ ਉਹ ਕਹਿੰਦਾ ਹੈ ਉਹ ਹੋਵੇਗਾ, ਉਹਨਾਂ ਲਈ ਇਹ ਹੋ ਜਾਵੇਗਾ। 24ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ, ਜੋ ਕੁਝ ਵੀ ਤੁਸੀਂ ਪ੍ਰਾਰਥਨਾ ਵਿੱਚ ਮੰਗੋਂਗੇ, ਵਿਸ਼ਵਾਸ ਕਰੋ ਕਿ ਤੁਸੀਂ ਇਸ ਨੂੰ ਪ੍ਰਾਪਤ ਕਰ ਲਿਆ ਹੈ, ਅਤੇ ਇਹ ਤੁਹਾਡਾ ਹੋਵੇਗਾ। 25ਅਤੇ ਜਦੋਂ ਤੁਸੀਂ ਖੜੇ ਹੋ ਕੇ ਪ੍ਰਾਰਥਨਾ ਕਰਦੇ ਹੋ, ਜੇ ਤੁਹਾਡੇ ਦਿਲ ਵਿੱਚ ਕਿਸੇ ਦੇ ਵਿਰੁੱਧ ਕੁਝ ਹੋਵੇ, ਤਾਂ ਉਹਨਾਂ ਨੂੰ ਮਾਫ਼ ਕਰ ਦਿਓ, ਤਾਂ ਜੋ ਤੁਹਾਡਾ ਸਵਰਗੀ ਪਿਤਾ ਤੁਹਾਡੇ ਪਾਪ ਮਾਫ਼ ਕਰ ਦੇਵੇਗਾ। 26ਪਰ ਜੇ ਤੁਸੀਂ ਮਾਫ ਨਹੀਂ ਕਰਦੇ, ਤਾਂ ਤੁਹਾਡਾ ਸਵਰਗੀ ਪਿਤਾ ਵੀ ਤੁਹਾਡੇ ਪਾਪਾਂ ਨੂੰ ਮਾਫ਼ ਨਹੀਂ ਕਰੇਗਾ।”#11:26 ਕੁਝ ਲਿਖਤਾਂ ਵਿੱਚ ਇਹ ਸ਼ਬਦ ਸ਼ਾਮਲ ਨਹੀਂ ਹਨ।
ਯਿਸ਼ੂ ਦੇ ਅਧਿਕਾਰ ਉੱਤੇ ਪ੍ਰਸ਼ਨ
27ਉਹ ਯੇਰੂਸ਼ਲੇਮ ਵਾਪਸ ਆਏ ਅਤੇ ਜਦੋਂ ਯਿਸ਼ੂ ਹੈਕਲ ਦੇ ਵਿਹੜੇ ਵਿੱਚ ਘੁੰਮ ਰਹੇ ਸੀ ਤਾਂ ਮੁੱਖ ਜਾਜਕਾਂ, ਬਿਵਸਥਾ ਦੇ ਉਪਦੇਸ਼ਕਾਂ ਅਤੇ ਬਜ਼ੁਰਗ ਉਸ ਦੇ ਕੋਲ ਆਏ। 28ਉਹਨਾਂ ਨੇ ਉਸ ਨੂੰ ਪੁੱਛਿਆ, “ਤੁਸੀਂ ਕਿਸ ਅਧਿਕਾਰ ਨਾਲ ਇਹ ਕੰਮ ਕਰ ਰਹੇ ਹੋ? ਅਤੇ ਤੁਹਾਨੂੰ ਇਹ ਅਧਿਕਾਰ ਕਿਸ ਨੇ ਦਿੱਤਾ?”
29ਯਿਸ਼ੂ ਨੇ ਜਵਾਬ ਦਿੱਤਾ, “ਮੈਂ ਵੀ ਤੁਹਾਡੇ ਤੋਂ ਇੱਕ ਪ੍ਰਸ਼ਨ ਪੁੱਛਦਾ ਹਾਂ। ਮੈਨੂੰ ਉੱਤਰ ਦਿਓ ਅਤੇ ਮੈਂ ਵੀ ਤੁਹਾਨੂੰ ਦੱਸਾਂਗਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ। 30ਮੈਨੂੰ ਦੱਸੋ! ਯੋਹਨ ਦਾ ਬਪਤਿਸਮਾ ਸਵਰਗ ਵੱਲੋਂ ਸੀ ਜਾਂ ਮਨੁੱਖ ਵੱਲੋਂ।”
31ਉਹ ਆਪਸ ਵਿੱਚ ਇਸ ਬਾਰੇ ਵਿਚਾਰ ਕਰਕੇ ਕਹਿਣ ਲੱਗੇ, “ਜੇ ਅਸੀਂ ਆਖੀਏ, ‘ਸਵਰਗ ਤੋਂ,’ ਤਾਂ ਉਹ ਪੁੱਛੇਗਾ, ‘ਫਿਰ ਤੁਸੀਂ ਉਸ ਉੱਤੇ ਵਿਸ਼ਵਾਸ ਕਿਉਂ ਨਹੀਂ ਕੀਤਾ?’ 32ਪਰ ਜੇ ਅਸੀਂ ਕਹਿੰਦੇ ਹਾਂ, ‘ਮਨੁੱਖ ਵੱਲੋਂ,’ ” ਉਹ ਲੋਕਾਂ ਤੋਂ ਡਰਦੇ ਸਨ, ਕਿਉਂਕਿ ਹਰ ਕੋਈ ਮੰਨਦਾ ਸੀ ਕਿ ਯੋਹਨ ਸੱਚ-ਮੁੱਚ ਇੱਕ ਨਬੀ ਸੀ।
33ਤਾਂ ਉਹਨਾਂ ਨੇ ਯਿਸ਼ੂ ਨੂੰ ਉੱਤਰ ਦਿੱਤਾ, “ਅਸੀਂ ਨਹੀਂ ਜਾਣਦੇ।”
ਯਿਸ਼ੂ ਨੇ ਕਿਹਾ, “ਮੈਂ ਵੀ ਤੁਹਾਨੂੰ ਨਹੀਂ ਦੱਸਾਂਗਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਗੱਲਾਂ ਕਰ ਰਿਹਾ ਹਾਂ।”

Currently Selected:

ਮਾਰਕਸ 11: PMT

Highlight

Share

Copy

None

Want to have your highlights saved across all your devices? Sign up or sign in