13
ਹੈਕਲ ਦਾ ਵਿਨਾਸ਼ ਅਤੇ ਅੰਤ ਦੇ ਸਮੇਂ ਦੇ ਚਿੰਨ੍ਹ
1ਜਦੋਂ ਯਿਸ਼ੂ ਹੈਕਲ ਤੋਂ ਬਾਹਰ ਜਾ ਰਹੇ ਸਨ ਤਾਂ ਉਸਦੇ ਇੱਕ ਚੇਲੇ ਨੇ ਉਹਨਾਂ ਨੂੰ ਕਿਹਾ, “ਗੁਰੂ ਜੀ, ਵੇਖੋ! ਕਿੰਨੇ ਵੱਡੇ ਪੱਥਰ! ਕਿੰਨੀ ਸ਼ਾਨਦਾਰ ਇਮਾਰਤਾਂ!”
2ਯਿਸ਼ੂ ਨੇ ਜਵਾਬ ਦਿੱਤਾ, “ਕੀ ਤੁਸੀਂ ਇਹ ਸਾਰੀਆਂ ਮਹਾਨ ਇਮਾਰਤਾਂ ਵੇਖ ਰਹੇ ਹੋ? ਇੱਥੇ ਇੱਕ ਪੱਥਰ ਦੂਜੇ ਪੱਥਰ ਤੇ ਨਹੀਂ ਛੱਡਿਆ ਜਾਵੇਗਾ; ਹਰੇਕ ਨੂੰ ਥੱਲੇ ਸੁੱਟ ਦਿੱਤਾ ਜਾਵੇਗਾ।”
3ਜਦੋਂ ਯਿਸ਼ੂ ਹੈਕਲ ਦੇ ਸਾਮ੍ਹਣੇ ਜ਼ੈਤੂਨ ਦੇ ਪਹਾੜ ਉੱਤੇ ਬੈਠੇ ਸਨ ਤਾਂ ਪਤਰਸ, ਯਾਕੋਬ, ਯੋਹਨ ਅਤੇ ਆਂਦਰੇਯਾਸ ਨੇ ਉਸ ਨੂੰ ਗੁਪਤ ਵਿੱਚ ਪੁੱਛਿਆ, 4“ਸਾਨੂੰ ਦੱਸੋ, ਇਹ ਸੱਭ ਕਦੋਂ ਹੋਵੇਗਾ? ਅਤੇ ਕੀ ਚਿੰਨ੍ਹ ਹੋਵੇਗਾ ਕਿ ਉਹ ਸਾਰੇ ਪੂਰੇ ਹੋਣ ਵਾਲੇ ਹਨ?”
5ਯਿਸ਼ੂ ਨੇ ਉਹਨਾਂ ਨੂੰ ਜਵਾਬ ਦਿੱਤਾ: “ਚੌਕਸ ਰਹੋ ਕਿ ਕੋਈ ਤੁਹਾਨੂੰ ਧੋਖਾ ਨਾ ਦੇਵੇ। 6ਬਹੁਤ ਸਾਰੇ ਮੇਰੇ ਨਾਮ ਤੇ ਆਉਣਗੇ, ਅਤੇ ਦਾਅਵਾ ਕਰਨਗੇ, ‘ਮੈਂ ਉਹ ਹਾਂ,’ ਅਤੇ ਬਹੁਤਿਆਂ ਨੂੰ ਧੋਖਾ ਦੇਣਗੇ। 7ਜਦੋਂ ਤੁਸੀਂ ਲੜਾਈਆਂ ਅਤੇ ਲੜਾਈਆਂ ਦੀਆਂ ਅਫਵਾਹਾਂ ਬਾਰੇ ਸੁਣੋ, ਤਾਂ ਚਿੰਤਤ ਨਾ ਹੋਣਾ। ਇਹੋ ਜਿਹੀਆਂ ਗੱਲਾਂ ਦਾ ਹੋਣਾ ਜ਼ਰੂਰੀ ਹੈ, ਪਰ ਅੰਤ ਹਾਲੇ ਆਉਣ ਵਾਲਾ ਹੈ। 8ਰਾਸ਼ਟਰ-ਰਾਸ਼ਟਰ ਦੇ ਵਿਰੁੱਧ, ਅਤੇ ਰਾਜ-ਰਾਜ ਦੇ ਵਿਰੁੱਧ ਉੱਠੇਗਾ। ਥਾਂ-ਥਾਂ ਤੇ ਭੁਚਾਲ ਆਉਣਗੇ ਅਤੇ ਕਾਲ ਪੈਣਗੇ। ਇਹ ਸਭ ਘਟਨਾਵਾਂ ਪੀੜਾਂ ਦਾ ਅਰੰਭ ਹੋਣਗੀਆਂ।
9“ਤੁਸੀਂ ਸਾਵਧਾਨ ਹੋ ਜਾਓ। ਤੁਹਾਨੂੰ ਅਦਾਲਤਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ ਅਤੇ ਪ੍ਰਾਰਥਨਾ ਸਥਾਨਾਂ ਵਿੱਚ ਕੋੜੇ ਮਾਰੇ ਜਾਣਗੇ। ਤੁਹਾਨੂੰ ਮੇਰੇ ਨਾਮ ਦੇ ਕਾਰਨ ਰਾਜਪਾਲਾਂ ਅਤੇ ਰਾਜਿਆਂ ਦੇ ਸਾਮ੍ਹਣੇ ਗਵਾਹ ਬਣ ਕੇ ਖੜ੍ਹਾ ਕੀਤਾ ਜਾਵੇਗਾ। 10ਅਤੇ ਖੁਸ਼ਖ਼ਬਰੀ ਦਾ ਪ੍ਰਚਾਰ ਪਹਿਲਾਂ ਸਾਰੀਆਂ ਕੌਮਾਂ ਨੂੰ ਕੀਤਾ ਜਾਣਾ ਚਾਹੀਦਾ ਹੈ। 11ਜਦੋਂ ਵੀ ਤੁਹਾਨੂੰ ਬੰਦੀ ਬਣਾਇਆ ਜਾਵੇ ਅਤੇ ਤੁਹਾਡੇ ਉੱਤੇ ਮਕੱਦਮਾ ਚਲਾਇਆ ਜਾਵੇ ਪਹਿਲਾਂ ਹੀ ਚਿੰਤਾ ਨਾ ਕਰਨਾ ਕਿ ਅਸੀਂ ਕੀ ਬੋਲਾਂਗੇ ਪਰ ਜੋ ਕੁਝ ਉਸ ਸਮੇਂ ਤੁਹਾਨੂੰ ਦਿੱਤਾ ਜਾਵੇ ਉਹ ਹੀ ਬੋਲਣਾ ਕਿਉਂਕਿ ਬੋਲਣ ਵਾਲੇ ਤੁਸੀਂ ਨਹੀਂ ਪਰ ਪਵਿੱਤਰ ਆਤਮਾ ਹੋਵੇਗਾ।
12“ਭਰਾ-ਭਰਾ ਨੂੰ ਮਾਰ ਦੇਵੇਗਾ, ਅਤੇ ਇੱਕ ਪਿਉ ਆਪਣੇ ਬੱਚੇ ਨੂੰ। ਬੱਚੇ ਆਪਣੇ ਮਾਪਿਆਂ ਵਿਰੁੱਧ ਬਗਾਵਤ ਕਰਨਗੇ ਅਤੇ ਉਹਨਾਂ ਨੂੰ ਮਾਰ ਦੇਣਗੇ। 13ਮੇਰੇ ਨਾਮ ਦੇ ਕਾਰਨ ਹਰ ਕੋਈ ਤੁਹਾਨੂੰ ਨਫ਼ਰਤ ਕਰੇਗਾ, ਪਰ ਉਹ ਜਿਹੜਾ ਅੰਤ ਤੱਕ ਵਿਸ਼ਵਾਸ ਵਿੱਚ ਕਾਇਮ ਰਹੇਗਾ ਉਹ ਬਚਾਇਆ ਜਾਵੇਗਾ।
14“ਜਦੋਂ ਤੁਸੀਂ, ‘ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ ਉੱਥੇ ਖੜੇ ਵੇਖੋ,’#13:14 ਦਾਨੀ 9:27; 11:31; 12:11 ਜਿੱਥੇ ਨਹੀਂ ਹੋਣੀ ਚਾਹੀਦੀ, ਪੜ੍ਹਨ ਵਾਲਾ ਸਮਝ ਲਵੇ, ਤਦ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਉੱਤੇ ਭੱਜ ਜਾਣ। 15ਜਿਹੜਾ ਛੱਤ ਉੱਤੇ ਹੋਵੇ ਉਹ ਆਪਣੇ ਘਰ ਵਿੱਚੋਂ ਸਮਾਨ ਲੈਣ ਨੂੰ ਹੇਠਾਂ ਨਾ ਉੱਤਰੇ। 16ਅਤੇ ਜਿਹੜਾ ਖੇਤ ਵਿੱਚ ਹੋਵੇ ਉਹ ਆਪਣੇ ਕੱਪੜੇ ਲੈਣ ਨੂੰ ਪਿੱਛੇ ਨਾ ਮੁੜੇ। 17ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਲਈ ਇਹ ਦਿਨ ਕਿੰਨੇ ਭਿਆਨਕ ਹੋਣਗੇ! 18ਪ੍ਰਾਰਥਨਾ ਕਰੋ ਕਿ ਇਹ ਸਰਦੀਆਂ ਵਿੱਚ ਨਾ ਵਾਪਰੇ, 19ਕਿਉਂਕਿ ਉਹਨਾਂ ਦਿਨਾਂ ਵਿੱਚ ਇੰਨੀਆਂ ਮੁਸੀਬਤਾਂ ਹੋਣਗੀਆਂ, ਜਦੋਂ ਤੋਂ ਪਰਮੇਸ਼ਵਰ ਨੇ ਸੰਸਾਰ ਨੂੰ ਬਣਾਇਆ, ਉਦੋਂ ਤੋਂ ਲੈ ਕੇ ਹੁਣ ਤੱਕ ਅਤੇ ਇਸ ਤਰ੍ਹਾ ਫਿਰ ਕਦੇ ਵੀ ਨਹੀਂ ਹੋਵੇਗਾ।
20“ਜੇ ਪ੍ਰਭੂ ਉਹਨਾਂ ਦਿਨਾਂ ਨੂੰ ਨਾ ਘਟਾਉਂਦੇ ਤਾਂ ਕੋਈ ਵੀ ਪ੍ਰਾਣੀ ਨਾ ਬਚਦਾ। ਪਰ ਉਨ੍ਹਾਂ ਚੁਣਿਆਂ ਹੋਇਆ ਦੀ ਖ਼ਾਤਰ, ਜਿਸ ਨੂੰ ਉਸਨੇ ਚੁਣਿਆ ਹੈ, ਉਸ ਨੇ ਉਹ ਦਿਨ ਘਟਾ ਦਿੱਤੇ ਹਨ। 21ਉਸ ਸਮੇਂ ਜੇ ਕੋਈ ਤੁਹਾਨੂੰ ਕਹੇ, ‘ਦੇਖੋ, ਮਸੀਹ ਇੱਥੇ ਹੈ!’ ਜਾਂ, ‘ਦੇਖੋ, ਉਹ ਉੱਥੇ ਹੈ!’ ਇਸ ਤੇ ਵਿਸ਼ਵਾਸ ਨਾ ਕਰਨਾ। 22ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠ ਖੱੜ੍ਹੇ ਹੋਣਗੇ ਅਤੇ ਇੱਥੋ ਤੱਕ ਕੇ ਚੁਣੇ ਹੋਏ ਲੋਕਾਂ ਨੂੰ ਵੀ ਭਰਮਾ ਲੈਣ ਚਿੰਨ੍ਹ ਅਤੇ ਅਚੰਭੇ ਕੰਮ ਕਰਨਗੇ। 23ਤਾਂ ਸਾਵਧਾਨ ਰਹੋ; ਮੈਂ ਤੁਹਾਨੂੰ ਸਭ ਕੁਝ ਪਹਿਲਾਂ ਹੀ ਦੱਸ ਦਿੱਤਾ ਹੈ।
24“ਪਰ ਉਹਨਾਂ ਦਿਨਾਂ ਵਿੱਚ, ਇਸ ਪਰੇਸ਼ਾਨੀ ਦੇ ਬਾਅਦ,
“ ‘ਸੂਰਜ ਹਨੇਰਾ ਹੋ ਜਾਵੇਗਾ,
ਅਤੇ ਚੰਦਰਮਾ ਆਪਣੀ ਰੋਸ਼ਨੀ ਨਹੀਂ ਦੇਵੇਗਾ;#13:24 ਯਸ਼ਾ 13:10
25ਤਾਰੇ ਅਕਾਸ਼ ਤੋਂ ਡਿੱਗ ਪੈਣਗੇ,
ਅਤੇ ਅਕਾਸ਼ ਦੀ ਤਾਕਤਾਂ ਹਿਲਾਈਆਂ ਜਾਣਗੀਆਂ।#13:25 ਯਸ਼ਾ 34:4’
26“ਉਸ ਵੇਲੇ ਲੋਕ ਮਨੁੱਖ ਦੇ ਪੁੱਤਰ ਨੂੰ ਬੱਦਲਾਂ ਵਿੱਚ ਵੱਡੀ ਸ਼ਕਤੀ ਅਤੇ ਮਹਿਮਾ ਨਾਲ ਆਉਂਦੀਆਂ ਵੇਖਣਗੇ। 27ਅਤੇ ਉਹ ਆਪਣੇ ਦੂਤਾਂ ਨੂੰ ਭੇਜੇਗਾ ਅਤੇ ਆਪਣੇ ਚੁਣੇ ਹੋਏ ਲੋਕਾਂ ਨੂੰ ਚਾਰੇ ਛੋਰ ਤੋਂ ਇਕੱਠਾ ਕਰੇਗਾ, ਧਰਤੀ ਦੇ ਸਿਰੇ ਤੋਂ ਅਕਾਸ਼ ਦੇ ਸਿਰੇ ਤੱਕ।
28“ਹੁਣ ਹੰਜ਼ੀਰ ਦੇ ਰੁੱਖ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ: ਜਿਵੇਂ ਹੀ ਇਸ ਦੀਆਂ ਟਾਹਣੀਆ ਕੋਮਲ ਹੋ ਜਾਂਦੀਆਂ ਹਨ, ਅਤੇ ਪੱਤੇ ਨਿੱਕਲਦੇ ਹਨ, ਤੁਸੀਂ ਜਾਣ ਲੈਂਦੇ ਹੋ ਕਿ ਗਰਮੀ ਦੀ ਰੁੱਤ ਨੇੜੇ ਹੈ। 29ਇਸੇ ਤਰ੍ਹਾਂ, ਜਦੋਂ ਤੁਸੀਂ ਇਹ ਸਭ ਕੁਝ ਹੁੰਦਾ ਵੇਖੋ, ਤਾਂ ਤੁਸੀਂ ਜਾਣ ਲੈਣਾ ਕਿ ਮਨੁੱਖ ਦਾ ਪੁੱਤਰ ਨੇੜੇ ਹੈ, ਬਿਲਕੁਲ ਦਰਵਾਜ਼ੇ ਤੇ ਹੈ। 30ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਜਦੋਂ ਤੱਕ ਇਹ ਸਭ ਗੱਲਾਂ ਨਾ ਹੋ ਜਾਣ ਇਸ ਪੀੜ੍ਹੀ ਦਾ ਅੰਤ ਨਹੀਂ ਹੋਵੇਗਾ। 31ਸਵਰਗ ਅਤੇ ਧਰਤੀ ਮਿਟ ਜਾਣਗੇ, ਪਰ ਮੇਰੇ ਸ਼ਬਦ ਕਦੇ ਵੀ ਨਹੀਂ ਮਿਟਣਗੇ।
ਅਣਜਾਣ ਦਿਨ ਅਤੇ ਸਮੇਂ
32“ਪਰ ਉਸ ਦਿਨ ਜਾਂ ਸਮੇਂ ਨੂੰ ਕੋਈ ਨਹੀਂ ਜਾਣਦਾ, ਨਾ ਸਵਰਗ ਵਿੱਚ ਦੂਤ ਅਤੇ ਨਾ ਹੀ ਪੁੱਤਰ, ਪਰ ਸਿਰਫ ਪਿਤਾ ਜਾਣਦਾ ਹੈ। 33ਖਬ਼ਰਦਾਰ! ਜਾਗਦੇ ਰਹੋ ਤੁਸੀਂ ਨਹੀਂ ਜਾਣਦੇ ਕਿ ਉਹ ਸਮਾਂ ਕਦੋਂ ਆਵੇਗਾ। 34ਇਹ ਗੱਲ ਇੱਕ ਪ੍ਰਦੇਸ਼ ਜਾ ਰਹੇ ਆਦਮੀ ਵਰਗੀ ਹੈ: ਜਿਸ ਨੇ ਜਾਂਦੇ ਵੇਲੇ ਆਪਣੇ ਘਰ ਨੂੰ ਆਪਣੇ ਨੌਕਰਾਂ ਹਵਾਲੇ ਕਰ ਦਿੱਤਾ ਅਤੇ ਆਪਣੇ ਹਰੇਕ ਨੌਕਰ ਨੂੰ ਉਸਦਾ ਕੰਮ ਸੌਂਪ ਦਿੱਤਾ, ਅਤੇ ਦਰਬਾਨ ਨੂੰ ਜਾਗਦੇ ਰਹਿਣ ਦਾ ਹੁਕਮ ਦਿੱਤਾ।
35“ਇਸ ਲਈ ਜਾਗਦੇ ਰਹੋ ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਘਰ ਦਾ ਮਾਲਕ ਕਦੋਂ ਵਾਪਸ ਆਵੇਗਾ ਚਾਹੇ ਸ਼ਾਮ ਨੂੰ, ਜਾਂ ਅੱਧੀ ਰਾਤ ਨੂੰ, ਜਾਂ ਕੁੱਕੜ ਦੇ ਬਾਂਗ ਦੇਣ ਵੇਲੇ। 36ਤਾਂ ਅਜਿਹਾ ਨਾ ਹੋਵੇ ਜੋ ਉਹ ਅਚਾਨਕ ਆਣ ਕੇ ਤੁਹਾਨੂੰ ਸੁੱਤਾ ਪਾਵੇ 37ਮੈਂ ਤੁਹਾਨੂੰ ਜੋ ਕਹਿੰਦਾ ਹਾਂ, ਮੈਂ ਹਰ ਇੱਕ ਨੂੰ ਕਹਿੰਦਾ ਹਾਂ: ‘ਜਾਗਦੇ ਰਹੋ।’ ”