16
ਯਿਸ਼ੂ ਦਾ ਜੀ ਉੱਠਣਾ
1ਜਦੋਂ ਸਬਤ ਦਾ ਦਿਨ ਪੂਰਾ ਹੋਇਆ, ਮਗਦਲਾ ਵਾਸੀ ਮਰਿਯਮ, ਯਾਕੋਬ ਦੀ ਮਾਤਾ ਮਰਿਯਮ ਅਤੇ ਸਲੋਮ ਨੇ ਮਸਾਲੇ ਖਰੀਦੇ ਤਾਂ ਜੋ ਉਹ ਯਿਸ਼ੂ ਦੇ ਸ਼ਰੀਰ ਨੂੰ ਮਸਹ ਕਰਨ ਜਾ ਸਕਣ। 2ਹਫ਼ਤੇ ਦੇ ਪਹਿਲੇ ਦਿਨ#16:2 ਪਹਿਲੇ ਦਿਨ ਇਹ ਐਤਵਾਰ ਦਾ ਦਿਨ ਸੀ ਤੜਕੇ, ਜਦੋਂ ਸੂਰਜ ਚੜ੍ਹ ਹੀ ਰਿਹਾ ਸੀ, ਉਹ ਕਬਰ ਵੱਲ ਜਾ ਰਹੀਆਂ ਸਨ 3ਅਤੇ ਉਹਨਾਂ ਨੇ ਇੱਕ-ਦੂਜੇ ਨੂੰ ਪੁੱਛਿਆ, “ਕਬਰ ਦੇ ਪ੍ਰਵੇਸ਼ ਦੁਆਰ ਤੋਂ ਪੱਥਰ ਕੌਣ ਹਟਾਇਗਾ?”
4ਪਰ ਜਦੋਂ ਉਹਨਾਂ ਨੇ ਉੱਪਰ ਵੇਖਿਆ ਤਾਂ ਵੇਖਿਆ ਕਿ ਉਹ ਪੱਥਰ, ਜਿਹੜਾ ਬਹੁਤ ਵੱਡਾ ਸੀ, ਉਹ ਇੱਕ ਪਾਸੇ ਸੁੱਟ ਦਿੱਤਾ ਗਿਆ ਸੀ। 5ਜਦੋਂ ਉਹ ਕਬਰ ਦੇ ਅੰਦਰ ਵੜ ਰਹੇ ਸਨ, ਉਹਨਾਂ ਨੇ ਇੱਕ ਨੌਜਵਾਨ ਨੂੰ ਚਿੱਟਾ ਚੋਗਾ ਪਾਏ ਸੱਜੇ ਪਾਸੇ ਬੈਠਾ ਵੇਖਿਆ, ਅਤੇ ਉਹ ਘਬਰਾ ਗਏ।
6ਉਸਨੇ ਕਿਹਾ, “ਘਬਰਾਓ ਨਾ, ਤੁਸੀਂ ਯਿਸ਼ੂ ਨਾਜ਼ਰੇਥ ਵਾਸੀ ਨੂੰ ਲੱਭ ਰਹੀਆਂ ਹੋ, ਜਿਸਨੂੰ ਸਲੀਬ ਉੱਤੇ ਚੜ੍ਹਾਇਆ ਗਿਆ ਸੀ। ਉਹ ਇੱਥੇ ਨਹੀਂ ਹੈ; ਉਹ ਜੀ ਉੱਠਿਆ ਹੈ, ਇਸ ਜਗ੍ਹਾ ਨੂੰ ਵੇਖੋ ਜਿੱਥੇ ਉਹਨਾਂ ਨੇ ਉਸਨੂੰ ਰੱਖਿਆ ਸੀ। 7ਹੁਣ ਜਾਓ, ਉਸਦੇ ਚੇਲਿਆਂ ਨੂੰ ਦੱਸੋ ਅਤੇ ਪਤਰਸ ਨੂੰ ਵੀ ਆਖੋ, ‘ਉਹ ਤੁਹਾਡੇ ਤੋਂ ਅੱਗੇ ਹੀ ਗਲੀਲ ਨੂੰ ਜਾਂਦਾ ਹੈ। ਤੁਸੀਂ ਯਿਸ਼ੂ ਨੂੰ ਉੱਥੇ ਵੇਖੋਗੇ, ਜਿਵੇਂ ਉਸ ਨੇ ਤੁਹਾਨੂੰ ਦੱਸਿਆ ਸੀ।’ ”
8ਔਰਤਾਂ ਕੰਬਦੀਆਂ ਅਤੇ ਹੈਰਾਨ ਹੁੰਦੀਆਂ ਹੋਈਆਂ ਕਬਰ ਤੋਂ ਨਿਕਲ ਕੇ ਭੱਜ ਗਈਆਂ। ਉਹਨਾਂ ਨੇ ਕਿਸੇ ਨੂੰ ਕੁਝ ਨਹੀਂ ਕਿਹਾ, ਕਿਉਂਕਿ ਉਹ ਡਰ ਗਈਆਂ ਸਨ।
9 ਇਹ ਜਦੋਂ ਹਫ਼ਤੇ ਦੇ ਪਹਿਲੇ ਦਿਨ ਯਿਸ਼ੂ ਤੜਕੇ ਜੀ ਉੱਠੇ ਤਾਂ, ਉਹ ਪਹਿਲਾਂ ਮਗਦਲਾ ਵਾਸੀ ਮਰਿਯਮ ਅੱਗੇ ਪ੍ਰਗਟ ਹੋਏ, ਜਿਸ ਵਿੱਚੋਂ ਉਹਨਾਂ ਨੇ ਸੱਤ ਦੁਸ਼ਟ ਆਤਮਾ ਨੂੰ ਬਾਹਰ ਕੱਢਿਆ ਸੀ। 10ਉਸਨੇ ਜਾ ਕੇ ਆਪਣੇ ਸਾਥਿਆਂ ਨੂੰ ਜੋ ਸੋਗ ਕਰਦੇ ਅਤੇ ਰੋਂਦੇ ਸਨ ਦੱਸਿਆ। 11ਜਦੋਂ ਉਹਨਾਂ ਨੇ ਸੁਣਿਆ ਕਿ ਯਿਸ਼ੂ ਜਿਉਂਦੇ ਹਨ ਅਤੇ ਉਸਨੇ ਯਿਸ਼ੂ ਨੂੰ ਵੇਖ ਲਿਆ ਹੈ, ਤਾਂ ਉਹਨਾਂ ਨੇ ਇਸ ਗੱਲ ਉੱਤੇ ਵਿਸ਼ਵਾਸ ਨਹੀਂ ਕੀਤਾ।
12 ਇਸ ਤੋਂ ਬਾਅਦ ਯਿਸ਼ੂ ਉਹਨਾਂ ਦੋ ਲੋਕਾਂ ਨੂੰ ਵੱਖੋ ਵੱਖਰੇ ਰੂਪ ਵਿੱਚ ਦਿਖਾਈ ਦਿੱਤੇ ਜਦੋਂ ਪਿੰਡ ਵੱਲ ਤੁਰੇ ਜਾਂਦੇ ਸਨ। 13ਇਹ ਵਾਪਸ ਯੇਰੂਸ਼ਲੇਮ ਨਗਰ ਆਏ ਅਤੇ ਬਾਕੀਆਂ ਨੂੰ ਦੱਸਿਆ; ਪਰ ਉਹਨਾਂ ਨੇ ਉਹਨਾਂ ਤੇ ਵੀ ਵਿਸ਼ਵਾਸ ਨਹੀਂ ਕੀਤਾ।
14 ਬਾਅਦ ਵਿੱਚ ਯਿਸ਼ੂ ਗਿਆਰਾਂ ਚੇਲਿਆਂ ਕੋਲ ਆਏ ਜਦੋਂ ਉਹ ਖਾਣਾ ਖਾ ਰਹੇ ਸਨ; ਯਿਸ਼ੂ ਨੇ ਚੇਲਿਆਂ ਨੂੰ ਉਹਨਾਂ ਦੇ ਵਿਸ਼ਵਾਸ ਦੀ ਘਾਟ ਅਤੇ ਉਹਨਾਂ ਲੋਕਾਂ ਤੇ ਵਿਸ਼ਵਾਸ ਕਰਨ ਤੋਂ ਕਠੋਰ ਇਨਕਾਰ ਤੇ ਉਹਨਾਂ ਨੂੰ ਝਿੜਕਿਆ ਜਿਹੜੇ ਯਿਸ਼ੂ ਨੂੰ ਜੀ ਉੱਠਣ ਤੋਂ ਬਾਅਦ ਵੇਖ ਚੁੱਕੇ ਸਨ।
15 ਉਸ ਨੇ ਉਹਨਾਂ ਨੂੰ ਕਿਹਾ, “ਸਾਰੇ ਸੰਸਾਰ ਵਿੱਚ ਜਾਓ ਅਤੇ ਸਾਰੀ ਸ੍ਰਿਸ਼ਟੀ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਕਰੋ। 16ਜਿਹੜਾ ਵੀ ਵਿਸ਼ਵਾਸ ਕਰਦਾ ਹੈ ਅਤੇ ਬਪਤਿਸਮਾ ਲੈਂਦਾ ਹੈ ਉਹ ਬਚਾਇਆ ਜਾਵੇਗਾ, ਪਰ ਜਿਹੜਾ ਵਿਸ਼ਵਾਸ ਨਹੀਂ ਕਰਦਾ ਉਸਨੂੰ ਦੋਸ਼ੀ ਠਹਿਰਾਇਆ ਜਾਵੇਗਾ। 17ਅਤੇ ਇਹ ਚਮਤਕਾਰ ਉਹਨਾਂ ਲੋਕਾਂ ਦੇ ਨਾਲ ਹੋਣਗੇ ਜੋ ਵਿਸ਼ਵਾਸ ਕਰਦੇ ਹਨ: ਮੇਰੇ ਨਾਮ ਤੇ ਉਹ ਦੁਸ਼ਟ ਆਤਮਾਵਾਂ ਨੂੰ ਕੱਢਣਗੇ; ਉਹ ਨਵੀਂ ਭਾਸ਼ਾਵਾਂ ਵਿੱਚ ਬੋਲਣਗੇ; 18ਉਹ ਆਪਣੇ ਹੱਥਾਂ ਨਾਲ ਸੱਪ ਫੜ ਲੈਣਗੇ; ਅਤੇ ਜੇ ਉਹ ਘਾਤਕ ਜ਼ਹਿਰ ਪੀ ਲੈਣ ਤਾਂ ਵੀ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ; ਉਹ ਬਿਮਾਰ ਲੋਕਾਂ ਉੱਤੇ ਆਪਣੇ ਹੱਥ ਰੱਖਣਗੇ ਅਤੇ ਉਹ ਚੰਗੇ ਹੋ ਜਾਣਗੇ।”
19 ਇਹ ਗੱਲਾਂ ਕਰਨ ਤੋਂ ਬਾਅਦ ਪ੍ਰਭੂ ਯਿਸ਼ੂ ਸਵਰਗ ਵਿੱਚ ਉੱਠਾ ਲਏ ਗਏ ਅਤੇ ਉਹ ਪਰਮੇਸ਼ਵਰ ਦੇ ਸੱਜੇ ਹੱਥ ਬੈਠ ਗਏ। 20ਫਿਰ ਚੇਲੇ ਬਾਹਰ ਗਏ ਅਤੇ ਸਾਰੀ ਥਾਵਾਂ ਤੇ ਪ੍ਰਚਾਰ ਕੀਤਾ ਅਤੇ ਪ੍ਰਭੂ ਨੇ ਉਹਨਾਂ ਦੇ ਨਾਲ ਕੰਮ ਕੀਤਾ ਅਤੇ ਆਪਣੇ ਸ਼ਬਦਾਂ ਦੀ ਪੁਸ਼ਟੀ ਚਿੰਨ੍ਹਾ ਦੁਆਰਾ ਕੀਤੀ।