9
1ਅਤੇ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਜੋ ਕਈ ਇਹਨਾਂ ਵਿੱਚੋਂ ਜਿਹੜੇ ਇੱਥੇ ਖੜ੍ਹੇ ਹਨ ਮੌਤ ਦਾ ਸੁਆਦ ਨਹੀਂ ਚੱਖਣਗੇ ਜਦੋਂ ਤੱਕ ਉਹ ਪਰਮੇਸ਼ਵਰ ਦੇ ਰਾਜ ਨੂੰ ਸ਼ਕਤੀ ਨਾਲ ਆਉਂਦੀਆਂ ਦੇਖ ਨਾ ਲੈਣ।”
ਯਿਸ਼ੂ ਦਾ ਰੂਪਾਂਤਰਣ
2ਛੇ ਦਿਨਾਂ ਬਾਅਦ ਯਿਸ਼ੂ ਪਤਰਸ, ਯਾਕੋਬ ਅਤੇ ਯੋਹਨ ਨੂੰ ਆਪਣੇ ਨਾਲ ਲੈ ਗਏ ਅਤੇ ਉਹਨਾਂ ਨੂੰ ਇੱਕ ਉੱਚੇ ਪਹਾੜ ਉੱਤੇ ਲੈ ਗਏ, ਜਿੱਥੇ ਉਹ ਸਾਰੇ ਇਕੱਲੇ ਸਨ। ਉੱਥੇ ਉਹਨਾਂ ਦੇ ਸਾਮ੍ਹਣੇ ਯਿਸ਼ੂ ਦਾ ਰੂਪ ਬਦਲ ਗਿਆ। 3ਉਹਨਾਂ ਦੇ ਕੱਪੜੇ ਚਮਕਦਾਰ ਚਿੱਟੇ ਹੋ ਗਏ, ਅਜਿਹੇ ਚਿੱਟੇ ਜਿੰਨਾ ਚਿੱਟਾ ਦੁਨੀਆਂ ਦਾ ਕੋਈ ਵੀ ਕਿਸੇ ਵੀ ਤਰ੍ਹਾ ਨਹੀਂ ਕਰ ਸਕਦਾ। 4ਅਤੇ ਉਹਨਾਂ ਨੂੰ ਸਾਹਮਣੇ, ਏਲੀਯਾਹ ਅਤੇ ਮੋਸ਼ੇਹ ਯਿਸ਼ੂ ਨਾਲ ਗੱਲਾਂ ਕਰਦੇ ਦਿਖਾਈ ਦਿੱਤੇ।
5ਪਤਰਸ ਨੇ ਯਿਸ਼ੂ ਨੂੰ ਆਖਿਆ, “ਰੱਬੀ, ਸਾਡੇ ਲਈ ਇੱਥੇ ਹੋਣਾ ਕਿੰਨਾ ਚੰਗਾ ਹੈ। ਆਓ ਆਪਾਂ ਇੱਥੇ ਤਿੰਨ ਡੇਰੇ ਬਣਾਈਏ, ਇੱਕ ਤੁਹਾਡੇ ਲਈ, ਇੱਕ ਮੋਸ਼ੇਹ ਲਈ ਅਤੇ ਇੱਕ ਏਲੀਯਾਹ ਲਈ।” 6ਉਹ ਨਹੀਂ ਜਾਣਦਾ ਸੀ ਕਿ ਉਹ ਕੀ ਕਹਿਣ, ਉਹ ਬਹੁਤ ਡਰ ਗਏ।
7ਤਦ ਇੱਕ ਬੱਦਲ ਨੇ ਉਨ੍ਹਾਂ ਨੂੰ ਢੱਕ ਲਿਆ, ਅਤੇ ਬੱਦਲ ਵਿੱਚੋਂ ਇੱਕ ਆਵਾਜ਼ ਆਈ: “ਇਹ ਮੇਰਾ ਪੁੱਤਰ ਹੈ, ਜਿਸ ਨੂੰ ਮੈਂ ਪਿਆਰ ਕਰਦਾ ਹਾਂ। ਉਸ ਦੀ ਸੁਣੋ!”
8ਅਚਾਨਕ, ਜਦੋਂ ਉਹਨਾਂ ਨੇ ਆਸੇ-ਪਾਸੇ ਵੇਖਿਆ, ਤਾਂ ਉਹਨਾਂ ਨੇ ਯਿਸ਼ੂ ਨੂੰ ਛੱਡ ਕਿਸੇ ਨੂੰ ਨਾ ਵੇਖਿਆ।
9ਜਦੋਂ ਉਹ ਪਹਾੜ ਤੋਂ ਉੱਤਰ ਰਹੇ ਸਨ, ਯਿਸ਼ੂ ਨੇ ਉਹਨਾਂ ਨੂੰ ਆਦੇਸ਼ ਦਿੱਤਾ ਕਿ ਜਦ ਤੱਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਨਾ ਜੀ ਉੱਠੇ ਤਦ ਤੱਕ ਉਹ ਕਿਸੇ ਨੂੰ ਜੋ ਕੁਝ ਉਹਨਾਂ ਨੇ ਵੇਖਿਆ ਨਾ ਦੱਸਣ। 10ਉਹਨਾਂ ਨੇ ਇਹ ਗੱਲ ਆਪਣੇ ਤੱਕ ਰੱਖੀ, ਤੇ ਆਪਸ ਵਿੱਚ ਵਿਚਾਰ-ਵਟਾਂਦਰਾ ਕਰਨ ਲੱਗੇ, “ਮੁਰਦਿਆਂ ਵਿੱਚੋਂ ਜੀ ਉੱਠਣ,” ਦਾ ਮਤਲਬ ਕੀ ਹੈ?
11ਅਤੇ ਉਹਨਾਂ ਨੇ ਉਸ ਨੂੰ ਪੁੱਛਿਆ, “ਨੇਮ ਦੇ ਉਪਦੇਸ਼ਕ ਇਹ ਕਿਉਂ ਕਹਿੰਦੇ ਹਨ ਕਿ ਏਲੀਯਾਹ ਦਾ ਪਹਿਲਾਂ ਆਉਣਾ ਜ਼ਰੂਰੀ ਹੈ?”
12ਯਿਸ਼ੂ ਨੇ ਜਵਾਬ ਦਿੱਤਾ, “ਯਕੀਨਨ, ਏਲੀਯਾਹ ਪਹਿਲਾਂ ਆਣ ਕੇ ਸਭ ਕੁਝ ਬਹਾਲ ਕਰੇਗਾ। ਤਾਂ ਇਹ ਕਿਉਂ ਲਿਖਿਆ ਗਿਆ ਹੈ ਕਿ ਮਨੁੱਖ ਦੇ ਪੁੱਤਰ ਨੂੰ ਬਹੁਤ ਤਸੀਹੇ ਝੱਲਣੇ ਪੈਣਗੇ ਅਤੇ ਉਸਨੂੰ ਤੁੱਛ ਗਿਣਿਆ ਜਾਵੇਗਾ? 13ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਏਲੀਯਾਹ ਆ ਚੁੱਕਿਆ ਹੈ, ਅਤੇ ਪਰ ਜੋ ਕੁਝ ਉਹ ਚਾਹੁੰਦੇ ਸਨ ਉਹਨਾਂ ਨੇ ਆਪਣੇ ਅਨੁਸਾਰ ਉਸ ਨਾਲ ਸਭ ਕੁਝ ਕੀਤਾ, ਜਿਵੇਂ ਕਿ ਇਸ ਬਾਰੇ ਲਿਖਿਆ ਗਿਆ ਹੈ।”
ਯਿਸ਼ੂ ਇੱਕ ਲੜਕੇ ਨੂੰ ਜਿਸ ਵਿੱਚ ਇੱਕ ਅਪਵਿੱਤਰ ਆਤਮਾ ਸੀ ਚੰਗਾ ਕਰਦੇ ਹਨ
14ਜਦੋਂ ਉਹ ਦੂਜੇ ਚੇਲਿਆਂ ਕੋਲ ਆਏ, ਉਹਨਾਂ ਨੇ ਆਪਣੇ ਆਲੇ-ਦੁਆਲੇ ਇੱਕ ਵੱਡੀ ਭੀੜ ਨੂੰ ਵੇਖਿਆ ਅਤੇ ਨੇਮ ਦੇ ਉਪਦੇਸ਼ਕਾਂ ਨੇ ਉਹਨਾਂ ਨਾਲ ਬਹਿਸ ਕੀਤੀ। 15ਜਿਵੇਂ ਹੀ ਸਾਰੇ ਲੋਕਾਂ ਨੇ ਯਿਸ਼ੂ ਨੂੰ ਵੇਖਿਆ, ਉਹ ਹੈਰਾਨ ਹੋ ਗਏ ਅਤੇ ਉਸਨੂੰ ਸਵਾਗਤ ਕਰਨ ਲਈ ਭੱਜੇ।
16ਯਿਸ਼ੂ ਨੇ ਪੁੱਛਿਆ, “ਤੁਸੀਂ ਉਹਨਾਂ ਨਾਲ ਕਿਸ ਬਾਰੇ ਬਹਿਸ ਕਰ ਰਹੇ ਹੋ?”
17ਭੀੜ ਵਿੱਚੋਂ ਇੱਕ ਆਦਮੀ ਨੇ ਉੱਤਰ ਦਿੱਤਾ, “ਗੁਰੂ ਜੀ, ਮੈਂ ਆਪਣੇ ਪੁੱਤਰ ਨੂੰ ਤੁਹਾਡੇ ਕੋਲ ਲਿਆਇਆ ਹਾਂ ਇਸ ਨੂੰ ਇੱਕ ਗੂੰਗਾ ਕਰਨ ਵਾਲੀ ਆਤਮਾ ਚਿੰਬੜੀ ਹੋਈ ਹੈ। 18ਜਦੋਂ ਵੀ ਇਹ ਦੁਸ਼ਟ ਆਤਮਾ ਉਸਨੂੰ ਫੜ ਲੈਂਦੀ ਹੈ, ਇਹ ਉਸਨੂੰ ਜ਼ਮੀਨ ਤੇ ਸੁੱਟ ਦਿੰਦੀ ਹੈ। ਉਸਦੇ ਮੂੰਹ ਵਿੱਚੋਂ ਝੱਗ ਨਿਕਲਦੀ ਹੈ ਅਤੇ ਉਹ ਆਪਣੇ ਦੰਦ ਪੀਂਹਦਾ ਅਤੇ ਕਠੋਰ ਹੋ ਜਾਂਦਾ ਹੈ। ਮੈਂ ਤੁਹਾਡੇ ਚੇਲਿਆਂ ਨੂੰ ਆਤਮਾ ਕੱਢਣ ਲਈ ਕਿਹਾ, ਪਰ ਉਹ ਉਸ ਵਿੱਚੋਂ ਕੱਢ ਨਾ ਸਕੇ।”
19“ਹੇ ਅਵਿਸ਼ਵਾਸੀ ਪੀੜ੍ਹੀ,” ਯਿਸ਼ੂ ਨੇ ਉੱਤਰ ਦਿੱਤਾ, “ਕਿੰਨਾ ਚਿਰ ਮੈਂ ਤੁਹਾਡੇ ਨਾਲ ਰਹਾਂਗਾ? ਮੈਂ ਤੁਹਾਨੂੰ ਕਿੰਨਾ ਚਿਰ ਸਹਾਰਾਂਗਾ? ਮੁੰਡੇ ਨੂੰ ਮੇਰੇ ਕੋਲ ਲਿਆਓ।”
20ਇਸ ਲਈ ਉਹ ਉਸ ਨੂੰ ਲੈ ਆਏ। ਜਦੋਂ ਆਤਮਾ ਨੇ ਯਿਸ਼ੂ ਨੂੰ ਵੇਖਿਆ, ਤਾਂ ਇਸ ਨੇ ਤੁਰੰਤ ਹੀ ਲੜਕੇ ਨੂੰ ਬਹੁਤ ਮਰੋੜਿਆ ਅਤੇ ਉਹ ਜ਼ਮੀਨ ਤੇ ਡਿੱਗ ਪਿਆ ਅਤੇ ਮੂੰਹ ਤੋਂ ਝੱਗ ਛੱਡਦਾ ਹੋਇਆ ਲੋਟਣ ਲੱਗਾ।
21ਯਿਸ਼ੂ ਨੇ ਮੁੰਡੇ ਦੇ ਪਿਤਾ ਨੂੰ ਪੁੱਛਿਆ, “ਉਹ ਕਦੋਂ ਤੋਂ ਇਸ ਤਰ੍ਹਾਂ ਦਾ ਹੈ?”
“ਬਚਪਨ ਤੋਂ ਹੀ,” ਉਸ ਨੇ ਜਵਾਬ ਦਿੱਤਾ। 22“ਉਸਨੂੰ ਮਾਰਨ ਲਈ ਅਕਸਰ ਦੁਸ਼ਟ ਆਤਮਾਵਾਂ ਉਸਨੂੰ ਅੱਗ ਜਾਂ ਪਾਣੀ ਵਿੱਚ ਸੁੱਟ ਦਿੰਦੀਆਂ ਸਨ। ਪਰ ਜੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਸਾਡੇ ਤੇ ਤਰਸ ਖਾਓ ਅਤੇ ਸਾਡੀ ਸਹਾਇਤਾ ਕਰੋ।”
23ਯਿਸ਼ੂ ਨੇ ਕਿਹਾ, “ਜੇ ਤੁਸੀਂ ਕਰ ਸਕਦੇ ਹੋ? ਵਿਸ਼ਵਾਸ ਕਰਨ ਵਾਲੇ ਲਈ ਸਭ ਕੁਝ ਸੰਭਵ ਹੈ।”
24ਤੁਰੰਤ ਹੀ ਲੜਕੇ ਦੇ ਪਿਤਾ ਨੇ ਉੱਚੀ ਆਵਾਜ਼ ਵਿੱਚ ਕਿਹਾ, “ਮੈਂ ਵਿਸ਼ਵਾਸ ਕਰਦਾ ਹਾਂ; ਮੇਰੇ ਅਵਿਸ਼ਵਾਸ ਨੂੰ ਦੂਰ ਕਰਨ ਵਿੱਚ ਮੇਰੀ ਮਦਦ ਕਰੋ!”
25ਜਦੋਂ ਯਿਸ਼ੂ ਨੇ ਵੇਖਿਆ ਕਿ ਭੀੜ ਉਸ ਜਗ੍ਹਾ ਵੱਲ ਭੱਜ ਰਹੀ ਹੈ, ਤਾਂ ਯਿਸ਼ੂ ਨੇ ਅਸ਼ੁੱਧ ਆਤਮਾ ਨੂੰ ਝਿੜਕਦੇ ਹੋਏ ਕਿਹਾ, “ਹੇ ਗੂੰਗੀ ਅਤੇ ਬੋਲੀ ਆਤਮਾ ਮੈਂ ਤੈਨੂੰ ਹੁਕਮ ਦਿੰਦਾ ਹਾਂ, ਉਸ ਵਿੱਚੋਂ ਬਾਹਰ ਆ ਜਾ ਅਤੇ ਕਦੀ ਵੀ ਉਸ ਵਿੱਚ ਮੁੜ ਨਾ ਵੜੀਂ।”
26ਦੁਸ਼ਟ ਆਤਮਾ ਪਰੇਸ਼ਾਨ ਹੋ ਗਈ ਅਤੇ ਉਸ ਨੂੰ ਬਹੁਤ ਮਰੋੜ ਮਰਾੜ ਕੇ ਉਸ ਵਿੱਚੋਂ ਨਿੱਕਲ ਗਈ। ਲੜਕਾ ਮੁਰਦਾ ਜਿਹਾ ਹੋ ਗਿਆ। ਕਿ ਕਈਆਂ ਨੇ ਕਿਹਾ, “ਉਹ ਮਰ ਗਿਆ ਹੈ।” 27ਪਰ ਯਿਸ਼ੂ ਨੇ ਉਸਦਾ ਹੱਥ ਫੜਿਆ ਅਤੇ ਉਸ ਨੂੰ ਉਸਦੇ ਪੈਰਾਂ ਤੇ ਉਠਾਇਆ, ਅਤੇ ਉਹ ਖੜਾ ਹੋ ਗਿਆ।
28ਜਦੋਂ ਯਿਸ਼ੂ ਘਰ ਦੇ ਅੰਦਰ ਚਲਾ ਗਿਆ ਸੀ, ਉਸਦੇ ਚੇਲਿਆਂ ਨੇ ਉਸਨੂੰ ਇਕਾਂਤ ਵਿੱਚ ਪੁੱਛਿਆ, “ਅਸੀਂ ਇਸ ਨੂੰ ਕਿਉਂ ਨਹੀਂ ਕੱਢ ਸਕੇ?”
29ਉਸਨੇ ਜਵਾਬ ਦਿੱਤਾ, “ਇਹ ਕਿਸਮ ਬਿਨ੍ਹਾ ਪ੍ਰਾਰਥਨਾ ਨਹੀਂ ਨਿਕਲ ਸਕਦੀ।”
ਯਿਸ਼ੂ ਦੁਆਰਾ ਆਪਣੀ ਮੌਤ ਦੀ ਦੂਜੀ ਭਵਿੱਖਬਾਣੀ
30ਉਹ ਜਗ੍ਹਾ ਛੱਡ ਕੇ ਗਲੀਲ ਵਿੱਚੋਂ ਦੀ ਲੰਘੇ। ਯਿਸ਼ੂ ਨਹੀਂ ਚਾਹੁੰਦਾ ਸੀ ਕਿ ਕਿਸੇ ਨੂੰ ਪਤਾ ਹੋਵੇ ਕਿ ਉਹ ਕਿੱਥੇ ਸਨ, 31ਕਿਉਂਕਿ ਉਹ ਆਪਣੇ ਚੇਲਿਆਂ ਨੂੰ ਉਪਦੇਸ਼ ਦੇ ਰਿਹੇ ਸਨ। ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮਨੁੱਖ ਦਾ ਪੁੱਤਰ ਮਨੁੱਖ ਦੇ ਹੱਥਾਂ ਵਿੱਚ ਫੜਾ ਦਿੱਤਾ ਜਾਵੇਗਾ। ਉਹ ਉਸਨੂੰ ਮਾਰ ਦੇਣਗੇ, ਅਤੇ ਤਿੰਨ ਦਿਨਾਂ ਬਾਅਦ ਉਹ ਜੀ ਉੱਠੇਗਾ।” 32ਪਰ ਉਹ ਉਸਨੂੰ ਸਮਝ ਨਾ ਸਕੇ ਅਤੇ ਉਹ ਇਸ ਬਾਰੇ ਉਸ ਨੂੰ ਪੁੱਛਣ ਤੋਂ ਡਰਦੇ ਸਨ।
33ਉਹ ਕਫ਼ਰਨਹੂਮ ਵਿੱਚ ਆਏ। ਜਦੋਂ ਉਹ ਘਰ ਵਿੱਚ ਸੀ, ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, “ਤੁਸੀਂ ਰਸਤੇ ਵਿੱਚ ਕਿਸ ਬਾਰੇ ਬਹਿਸ ਕਰ ਰਹੇ ਸੀ?” 34ਪਰ ਉਹ ਚੁੱਪ ਰਹੇ ਕਿਉਂਕਿ ਰਸਤੇ ਵਿੱਚ ਉਹਨਾਂ ਨੇ ਬਹਿਸ ਕੀਤੀ ਸੀ ਕਿ ਸਭ ਤੋਂ ਵੱਡਾ ਕੌਣ ਸੀ।
35ਬੈਠ ਕੇ ਯਿਸ਼ੂ ਨੇ ਬਾਰ੍ਹਾਂ ਨੂੰ ਬੁਲਾਇਆ ਅਤੇ ਕਿਹਾ, “ਜਿਹੜਾ ਵੀ ਪਹਿਲੇ ਹੋਣਾ ਚਾਹੁੰਦਾ ਹੈ, ਉਹ ਆਖਰੀ ਅਤੇ ਸਭ ਦਾ ਦਾਸ ਹੋਣਾ ਚਾਹੀਦਾ ਹੈ।”
36ਉਸਨੇ ਇੱਕ ਛੋਟੇ ਬੱਚੇ ਨੂੰ ਲਿਆ। ਜਿਸ ਨੂੰ ਉਸਨੇ ਉਹਨਾਂ ਦੇ ਵਿੱਚਕਾਰ ਖੜ੍ਹਾ ਕਰ ਦਿੱਤਾ। ਅਤੇ ਉਸ ਨੂੰ ਗੋਦ ਵਿੱਚ ਚੁੱਕ ਕੇ ਉਹਨਾਂ ਨੂੰ ਕਿਹਾ, 37“ਜਿਹੜਾ ਵੀ ਮੇਰੇ ਨਾਮ ਵਿੱਚ ਇਨ੍ਹਾਂ ਛੋਟੇ ਬੱਚਿਆਂ ਵਿੱਚੋਂ ਕਿਸੇ ਦਾ ਕਬੂਲ ਕਰਦਾ ਹੈ, ਉਹ ਮੈਨੂੰ ਕਬੂਲ ਕਰਦਾ ਹੈ; ਅਤੇ ਜੋ ਕੋਈ ਮੇਰਾ ਸਵਾਗਤ ਕਰਦਾ ਹੈ ਉਹ ਮੈਨੂੰ ਨਹੀਂ ਕਬੂਲਦਾ, ਪਰ ਮੇਰੇ ਭੇਜਣ ਵਾਲੇ ਨੂੰ ਕਬੂਲਦਾ ਹੈ।”
ਜੋ ਕੋਈ ਸਾਡੇ ਵਿਰੁੱਧ ਨਹੀਂ ਹੈ, ਉਹ ਸਾਡੇ ਲਈ ਹੈ
38ਯੋਹਨ ਨੇ ਕਿਹਾ, “ਗੁਰੂ ਜੀ, ਅਸੀਂ ਕਿਸੇ ਨੂੰ ਤੁਹਾਡੇ ਨਾਮ ਤੇ ਭੂਤਾਂ ਨੂੰ ਕੱਢਦੇ ਵੇਖਿਆ ਅਤੇ ਅਸੀਂ ਉਸ ਨੂੰ ਰੋਕਿਆ, ਕਿਉਂਕਿ ਉਹ ਸਾਡੇ ਵਿੱਚੋਂ ਨਹੀਂ ਸੀ।”
39ਯਿਸ਼ੂ ਨੇ ਕਿਹਾ, “ਉਸਨੂੰ ਨਾ ਰੋਕੋ, ਕਿਉਂਕਿ ਜਿਹੜਾ ਵੀ ਮੇਰੇ ਨਾਮ ਵਿੱਚ ਕੋਈ ਚਮਤਕਾਰ ਕਰਦਾ ਹੈ, ਅਗਲੇ ਹੀ ਪਲ ਵਿੱਚ ਉਹ ਮੇਰੇ ਬਾਰੇ ਕੁਝ ਬੁਰਾ ਨਹੀਂ ਕਹਿ ਸਕਦਾ, 40ਕਿਉਂਕਿ ਜਿਹੜਾ ਸਾਡੇ ਵਿਰੁੱਧ ਨਹੀਂ ਹੈ ਉਹ ਸਾਡੇ ਨਾਲ ਹੈ। 41ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਕੋਈ ਵੀ ਮੇਰੇ ਨਾਮ ਤੇ ਤੁਹਾਨੂੰ ਇੱਕ ਗਿਲਾਸ ਪਾਣੀ ਦੇਵੇਗਾ ਕਿਉਂਕਿ ਤੁਸੀਂ ਮਸੀਹਾ ਦੇ ਹੋ, ਉਹ ਆਪਣਾ ਇਨਾਮ ਕਦੀ ਨਹੀਂ ਗੁਆਵੇਗਾ।
ਠੋਕਰ ਖਾਣ ਦੇ ਕਾਰਨ
42“ਜੇ ਕੋਈ ਇਨ੍ਹਾਂ ਛੋਟੇ ਬੱਚਿਆਂ ਨੂੰ ਜੋ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ ਠੋਕਰ ਖਾਣ ਲਈ ਮਜਬੂਰ ਕਰਦਾ ਹੈ, ਤਾਂ ਉਹਨਾਂ ਲਈ ਚੰਗਾ ਹੋਵੇਗਾ ਜੇ ਉਹਨਾਂ ਦੇ ਗੱਲ ਵਿੱਚ ਇੱਕ ਵੱਡਾ ਚੱਕਾ ਟੰਗਿਆ ਜਾਵੇ ਅਤੇ ਉਹਨਾਂ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਜਾਵੇ। 43ਜੇ ਤੇਰਾ ਹੱਥ ਤੈਨੂੰ ਠੋਕਰ ਖੁਆਵੇ, ਤਾਂ ਉਸ ਨੂੰ ਵੱਢ ਕੇ ਸੁੱਟ ਦਿਓ। ਤੁਹਾਡੇ ਲਈ ਇੱਕ ਹੱਥ ਨਾਲ ਜੀਵਨ ਵਿੱਚ ਦਾਖਲ ਹੋਣਾ ਚੰਗਾ ਹੈ, ਜੋ ਦੋ ਹੱਥਾਂ ਨਾਲ ਨਰਕ ਵਿੱਚ ਜਾਵੋ ਜਿੱਥੇ ਅੱਗ ਕਦੇ ਨਹੀਂ ਬੁਝਦੀ। 44ਜਿੱਥੇ,
“ਉਹਨਾਂ ਦਾ ਕੀੜਾ ਕਦੀ ਨਹੀਂ ਮਰਦਾ,
ਅਤੇ ਅੱਗ ਕਦੀ ਨਹੀਂ ਬੁਝਦੀ।” # 9:44 ਕੁਝ ਲਿਖਤਾਂ ਵਿੱਚ ਇਹ ਸ਼ਬਦ ਸ਼ਾਮਲ ਨਹੀਂ ਹਨ।
45ਅਤੇ ਜੇ ਤੇਰਾ ਪੈਰ ਤੈਨੂੰ ਠੋਕਰ ਖੁਆਵੇ, ਤਾਂ ਉਸ ਨੂੰ ਵੱਢ ਕੇ ਸੁੱਟ ਦਿਓ। ਤੁਹਾਡੇ ਲਈ ਲੰਗੜੇ ਹੋ ਕੇ ਜੀਵਨ ਵਿੱਚ ਦਾਖਲ ਹੋਣਾ ਭਲਾ ਹੈ ਜੋ ਦੋ ਪੈਰ ਹੋਣ ਅਤੇ ਨਰਕ ਵਿੱਚ ਸੁੱਟੇ ਜਾਵੋ। 46ਜਿੱਥੇ,
“ਉਹਨਾਂ ਦਾ ਕੀੜਾ ਕਦੀ ਨਹੀਂ ਮਰਦਾ,
ਅਤੇ ਅੱਗ ਕਦੀ ਨਹੀਂ ਬੁਝਦੀ।” # 9:46 ਕੁਝ ਲਿਖਤਾਂ ਵਿੱਚ ਇਹ ਸ਼ਬਦ ਸ਼ਾਮਲ ਨਹੀਂ ਹਨ।
47ਅਤੇ ਜੇ ਤੇਰੀ ਅੱਖ ਤੈਨੂੰ ਠੋਕਰ ਖੁਵਾਉਂਦੀ ਹੈ, ਤਾਂ ਉਸ ਨੂੰ ਬਾਹਰ ਕੱਢ ਕੇ ਸੁੱਟ ਦਿਓ। ਇੱਕ ਅੱਖ ਨਾਲ ਪਰਮੇਸ਼ਵਰ ਦੇ ਰਾਜ ਵਿੱਚ ਦਾਖਲ ਹੋਣਾ ਤੇਰੇ ਲਈ ਇਸ ਨਾਲੋਂ ਚੰਗਾ ਹੈ, ਜੋ ਦੋ ਅੱਖਾਂ ਹੁੰਦਿਆਂ ਤੂੰ ਨਰਕ ਵਿੱਚ ਸੁੱਟਿਆ ਜਾਵੇਂ। 48ਜਿੱਥੇ,
“ਉਹਨਾਂ ਦਾ ਕੀੜਾ ਕਦੀ ਨਹੀਂ ਮਰਦਾ,
ਅਤੇ ਅੱਗ ਕਦੀ ਨਹੀਂ ਬੁਝਦੀ।” # 9:48
ਯਸ਼ਾ 66:24
49ਹਰੇਕ ਨੂੰ ਅੱਗ ਨਾਲ ਸਲੂਣਾ ਕੀਤਾ ਜਾਵੇਗਾ।
50“ਨਮਕ ਚੰਗਾ ਹੈ, ਪਰ ਜੇ ਨਮਕ ਹੀ ਬੇਸੁਆਦ ਹੋ ਜਾਵੇ, ਤਾਂ ਫਿਰ ਕਿਵੇਂ ਦੁਬਾਰਾ ਉਸ ਨੂੰ ਨਮਕੀਨ ਕੀਤਾ ਜਾਵੇਗਾ? ਆਪਣੇ ਵਿੱਚ ਨਮਕ ਰੱਖੋ ਅਤੇ ਇੱਕ ਦੂਸਰੇ ਨਾਲ ਮਿਲੇ ਰਹੋ।”