ਮੱਤੀਯਾਹ 27

27
ਯਿਸ਼ੂ ਨੂੰ ਪਿਲਾਤੁਸ ਦੇ ਅੱਗੇ ਪੇਸ਼ ਕੀਤਾ ਜਾਣਾ
1ਤੜਕੇ ਸਵੇਰੇ, ਸਾਰੇ ਮੁੱਖ ਜਾਜਕਾਂ ਅਤੇ ਲੋਕਾਂ ਦੇ ਬਜ਼ੁਰਗਾਂ ਨੇ ਯਿਸ਼ੂ ਨੂੰ ਜਾਨੋਂ ਮਾਰ ਦੇਣ ਦੀ ਯੋਜਨਾ ਬਣਾਈ। 2ਇਸ ਲਈ ਉਹਨਾਂ ਨੇ ਉਸਨੂੰ ਬੰਨ੍ਹਿਆ, ਅਤੇ ਪਿਲਾਤੁਸ ਰਾਜਪਾਲ ਦੇ ਹਵਾਲੇ ਕਰ ਦਿੱਤਾ।
3ਤਦ ਯਹੂਦਾਹ ਜਿਸ ਨੇ ਉਸਨੂੰ ਫੜਵਾਇਆ ਸੀ, ਜਦੋਂ ਉਸ ਨੇ ਇਹ ਵੇਖਿਆ ਕਿ ਯਿਸ਼ੂ ਉੱਤੇ ਸਜ਼ਾ ਦਾ ਹੁਕਮ ਹੋ ਗਿਆ ਹੈ, ਤਾਂ ਉਹ ਪਛਤਾਇਆ ਅਤੇ ਉਹ ਤੀਹ ਚਾਂਦੀ ਦੇ ਸਿੱਕੇ ਮੁੱਖ ਜਾਜਕਾਂ ਅਤੇ ਬਜ਼ੁਰਗਾ ਕੋਲ ਮੋੜ ਲਿਆਇਆ। 4ਅਤੇ ਬੋਲਿਆ, “ਮੈਂ ਪਾਪ ਕੀਤਾ ਹੈ, ਜੋ ਨਿਰਦੋਸ਼ ਲਹੂ ਨਾਲ ਧੋਖਾ ਕੀਤਾ ਹੈ।”
ਪਰ ਉਹ ਬੋਲੇ, “ਸਾਨੂੰ ਕੀ? ਇਹ ਤੈਨੂੰ ਹੀ ਪਤਾ ਹੋਵੇ।”
5ਸੋ ਯਹੂਦਾ ਪੈਸਿਆਂ ਨੂੰ ਹੈਕਲ ਵਿੱਚ ਸੁੱਟ ਕੇ ਚਲਾ ਗਿਆ। ਅਤੇ ਜਾ ਕੇ ਫ਼ਾਸੀ ਲੈ ਲਈ।
6ਅਤੇ ਮੁੱਖ ਜਾਜਕਾਂ ਨੇ ਉਹ ਸਿੱਕੇ ਚੁੱਕ ਕੇ ਆਖਿਆ, “ਇਹਨਾਂ ਪੈਸਿਆ ਨੂੰ ਖ਼ਜਾਨੇ ਵਿੱਚ ਬਿਵਸਥਾ ਦੇ ਅਨੁਸਾਰ ਪਾਉਂਣਾ ਯੋਗ ਨਹੀਂ ਹੈ, ਕਿਉਂਕਿ ਇਹ ਲਹੂ ਦਾ ਮੁੱਲ ਹੈ।” 7ਤਦ ਉਹਨਾਂ ਨੇ ਇਸ ਵਿਸ਼ੇ ਵਿੱਚ ਵਿਚਾਰ ਕੀਤਾ ਅਤੇ ਉਹਨਾਂ ਪੈਸਿਆ ਦਾ ਪਰਦੇਸੀਆਂ ਦੇ ਦੱਬਣ ਲਈ ਇੱਕ ਘੁਮਿਆਰ ਦਾ ਖੇਤ ਮੁੱਲ ਲੈ ਲਿਆ। 8ਇਸੇ ਕਾਰਨ ਉਹ ਖੇਤ ਅੱਜ ਤੱਕ, “ਲਹੂ ਦਾ ਖੇਤ,” ਦੇ ਨਾਮ ਨਾਲ ਜਾਣਿਆ ਜਾਂਦਾ ਹੈ। 9ਤਦ ਜਿਹੜਾ ਵਚਨ ਯੇਰਮਿਯਾਹ ਨਬੀ ਦੇ ਦੁਆਰਾ ਬੋਲਿਆ ਗਿਆ ਸੀ ਪੂਰਾ ਹੋਇਆ: “ਉਹਨਾਂ ਨੇ ਚਾਂਦੀ ਦੇ ਤੀਹ ਸਿੱਕੇ ਲਏ, ਜਿਸਦਾ ਇਸਰਾਏਲ ਵੰਸ਼ ਵਿੱਚੋਂ ਕਈਆਂ ਨੇ ਮੁੱਲ ਠਹਿਰਾਇਆ, 10ਅਤੇ ਉਹਨਾਂ ਉਹ ਸਿੱਕੇ ਘੁਮਿਆਰ ਦੇ ਖੇਤ ਲਈ ਦੇ ਦਿੱਤੇ, ਜਿਵੇਂ ਪ੍ਰਭੂ ਨੇ ਮੈਨੂੰ ਆਗਿਆ ਦਿੱਤੀ।”#27:10 ਯਿਰ 19:1-3
ਯਿਸ਼ੂ ਦੁਬਾਰਾ ਪਿਲਾਤੁਸ ਦੇ ਸਾਹਮਣੇ
11ਯਿਸ਼ੂ ਰਾਜਪਾਲ ਦੇ ਸਾਹਮਣੇ ਖੜ੍ਹੇ ਸਨ, ਅਤੇ ਰਾਜਪਾਲ ਨੇ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈ?”
ਯਿਸ਼ੂ ਨੇ ਜਵਾਬ ਦਿੱਤਾ, “ਤੁਸੀਂ ਇਹ ਕਿਹਾ ਹੈ।”
12ਜਦ ਮੁੱਖ ਜਾਜਕਾਂ ਅਤੇ ਬਜ਼ੁਰਗਾ ਨੇ ਯਿਸ਼ੂ ਉੱਤੇ ਦੋਸ਼ ਲਗਾਏ, ਤਾਂ ਯਿਸ਼ੂ ਨੇ ਕੋਈ ਜਵਾਬ ਨਾ ਦਿੱਤਾ। 13ਤਦ ਪਿਲਾਤੁਸ ਨੇ ਯਿਸ਼ੂ ਨੂੰ ਪੁੱਛਿਆ, “ਕੀ ਤੂੰ ਨਹੀਂ ਸੁਣਦਾ ਜੋ ਇਹ ਤੇਰੇ ਵਿਰੁੱਧ ਕਿੰਨਿਆਂ ਗਵਾਹੀਆਂ ਦਿੰਦੇ ਹਨ?” 14ਪਰ ਯਿਸ਼ੂ ਨੇ ਕਿਸੇ ਇੱਕ ਗੱਲ ਦਾ ਵੀ ਉੱਤਰ ਨਾ ਦਿੱਤਾ, ਇੱਥੋ ਤੱਕ ਰਾਜਪਾਲ ਬਹੁਤ ਹਰੈਨ ਹੋਇਆ।
15ਅਤੇ ਹਾਕਮਾ ਦਾ ਇਹ ਇੱਕ ਰਿਵਾਜ ਸੀ ਕਿ ਤਿਉਹਾਰ ਤੇ ਲੋਕਾਂ ਦੇ ਦੁਆਰਾ ਚੁਣੇ ਗਏ ਕੈਦੀ ਨੂੰ ਰਿਹਾ ਕੀਤਾ ਜਾਦਾਂ ਸੀ। 16ਉਸ ਸਮੇਂ ਉੱਥੇ ਕੈਦੀ ਸੀ ਜਿਸ ਦਾ ਨਾਮ ਬਾਰ-ਅੱਬਾਸ ਸੀ। 17ਜਦੋਂ ਭੀੜ ਇਕੱਠੀ ਹੋਈ ਸੀ ਤਾਂ ਪਿਲਾਤੁਸ ਨੇ ਉਹਨਾਂ ਨੂੰ ਪੁੱਛਿਆ, “ਤੁਸੀਂ ਕਿਸ ਨੂੰ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਛੱਡ ਦਿਆਂ: ਬਾਰ-ਅੱਬਾਸ ਨੂੰ ਜਾ ਯਿਸ਼ੂ ਨੂੰ ਜਿਹੜਾ ਮਸੀਹ ਅਖਵਾਉਂਦਾ ਹੈ?” 18ਕਿਉਂਕਿ ਉਹ ਜਾਣਦਾ ਸੀ ਕਿ ਉਹਨਾਂ ਨੇ ਯਿਸ਼ੂ ਨੂੰ ਈਰਖਾ ਦੇ ਕਾਰਨ ਉਸ ਦੇ ਹਵਾਲੇ ਕਰ ਦਿੱਤਾ ਸੀ।
19ਜਦੋਂ ਪਿਲਾਤੁਸ ਨਿਆਂ ਆਸਨ ਦੀ ਗੱਦੀ ਉੱਤੇ ਬੈਠਾ ਹੋਇਆ ਸੀ, ਉਸਦੀ ਪਤਨੀ ਨੇ ਉਸ ਨੂੰ ਸੁਨੇਹਾ ਭੇਜਿਆ: “ਉਸ ਧਰਮੀ ਵਿਅਕਤੀ ਨਾਲ ਕੁਝ ਨਾ ਕਰਨਾ, ਕਿਉਂ ਜੋ ਮੈਂ ਸੁਫਨੇ ਵਿੱਚ ਉਸ ਦੇ ਕਾਰਨ ਵੱਡਾ ਦੁੱਖ ਵੇਖਿਆ।”
20ਪਰ ਮੁੱਖ ਜਾਜਕਾਂ ਅਤੇ ਬਜ਼ੁਰਗਾ ਨੇ ਲੋਕਾਂ ਨੂੰ ਭੜਕਾਇਆ ਜੋ ਬਾਰ-ਅੱਬਾਸ ਨੂੰ ਮੰਗੋ ਅਤੇ ਯਿਸ਼ੂ ਦੇ ਲਈ ਮੌਤ ਦੀ ਸਜ਼ਾ।
21ਫਿਰ ਰਾਜਪਾਲ ਨੇ ਉਹਨਾਂ ਨੂੰ ਪੁੱਛਿਆ, “ਤੁਸੀਂ ਦੋਨਾਂ ਵਿੱਚੋਂ ਕਿਸ ਨੂੰ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਛੱਡ ਦਿਆਂ?”
ਉਹਨਾਂ ਨੇ ਜਵਾਬ ਦਿੱਤਾ, “ਬਾਰ-ਅੱਬਾਸ ਨੂੰ।”
22ਪਿਲਾਤੁਸ ਨੇ ਉਹਨਾਂ ਨੂੰ ਪੁੱਛਿਆ, “ਫਿਰ ਯਿਸ਼ੂ ਨਾਲ ਜਿਹੜਾ ਮਸੀਹ ਅਖਵਾਉਂਦਾ ਹੈ, ਕੀ ਕੀਤਾ ਜਾਵੇ?”
ਉਹਨਾਂ ਸਾਰਿਆ ਨੇ ਉੱਤਰ ਦਿੱਤਾ, “ਇਸਨੂੰ ਸਲੀਬ ਦਿਓ!”
23ਤਦ ਪਿਲਾਤੁਸ ਨੇ ਪੁੱਛਿਆ, “ਕਿਉਂ? ਉਸਨੇ ਕਿਹੜਾ ਜੁਰਮ ਕੀਤਾ ਹੈ?”
ਪਰ ਉਹ ਹੋਰ ਵੀ ਉੱਚੀ-ਉੱਚੀ ਰੌਲਾ ਪਾ ਕੇ ਕਹਿਣ ਲੱਗੇ, “ਇਸ ਨੂੰ ਸਲੀਬ ਤੇ ਚੜ੍ਹਾ ਦਿਓ!”
24ਜਦ ਪਿਲਾਤੁਸ ਨੇ ਵੇਖਿਆ ਕਿ ਉਹ ਕੁਝ ਵੀ ਨਹੀਂ ਕਰ ਪਾ ਰਿਹਾ, ਸਗੋਂ ਰੌਲਾ ਹੋਰ ਜ਼ਿਆਦਾ ਵੱਧਦਾ ਜਾਂਦਾ ਹੈ, ਤਦ ਉਸਨੇ ਪਾਣੀ ਲੈ ਕੇ ਲੋਕਾਂ ਦੇ ਸਾਹਮਣੇ ਆਪਣੇ ਹੱਥ ਧੋਤੇ, ਅਤੇ ਉਸਨੇ ਕਿਹਾ, “ਮੈਂ ਇਸਦੇ ਲਹੂ ਤੋਂ ਨਿਰਦੋਸ਼ ਹਾਂ, ਤੁਸੀਂ ਇਸਦੇ ਲਈ ਜ਼ਿੰਮੇਵਾਰ ਹੋ!”
25ਅਤੇ ਸਾਰੇ ਲੋਕਾਂ ਨੇ ਉੱਤਰ ਦਿੱਤਾ, “ਉਸਦਾ ਲਹੂ ਸਾਡੇ ਉੱਤੇ ਸਾਡੇ ਬੱਚਿਆਂ ਉੱਤੇ ਹੋਵੇ!”
26ਤਦ ਉਸਨੇ ਉਹਨਾਂ ਲਈ ਬਾਰ-ਅੱਬਾਸ ਨੂੰ ਛੱਡ ਦਿੱਤਾ। ਪਰ ਯਿਸ਼ੂ ਨੂੰ ਕੋਰੜੇ ਮਾਰ ਕੇ ਸਲੀਬ ਉੱਤੇ ਚੜ੍ਹਾਉਣ ਲਈ ਉਹਨਾਂ ਦੇ ਹੱਥਾਂ ਵਿੱਚ ਦੇ ਦਿੱਤਾ।
ਸਿਪਾਹੀਆਂ ਦੁਆਰਾ ਯਿਸ਼ੂ ਦਾ ਅਪਮਾਨ
27ਤਦ ਹਾਕਮ ਦੇ ਸਿਪਾਹੀ ਮਸੀਹ ਯਿਸ਼ੂ ਨੂੰ ਮਹਿਲ ਵਿੱਚ ਲੈ ਗਏ ਅਤੇ ਉਸਦੇ ਆਲੇ-ਦੁਆਲੇ ਸਿਪਾਹੀਆਂ ਦੇ ਸਾਰੇ ਸਮੂਹ ਨੂੰ ਇਕੱਠੀਆਂ ਕੀਤਾ। 28ਅਤੇ ਉਹਨਾਂ ਨੇ ਯਿਸ਼ੂ ਦੇ ਕੱਪੜੇ ਉਤਾਰ ਦਿੱਤੇ, ਅਤੇ ਚਮਕੀਲਾ ਲਾਲ ਚੋਗਾ ਯਿਸ਼ੂ ਨੂੰ ਪਹਿਨਾ ਦਿੱਤਾ। 29ਅਤੇ ਉਹਨਾਂ ਨੇ ਇੱਕ ਕੰਡਿਆ ਦਾ ਤਾਜ ਬਣਵਾ ਕੇ ਯਿਸ਼ੂ ਦੇ ਸਿਰ ਉੱਤੇ ਪਾਇਆ। ਅਤੇ ਇੱਕ ਕਾਨਾ ਉਸ ਦੇ ਸੱਜੇ ਹੱਥ ਵਿੱਚ ਦਿੱਤਾ। ਅਤੇ ਯਿਸ਼ੂ ਦੇ ਸਾਹਮਣੇ ਗੋਡੇ ਝੁਕਾਏ ਅਤੇ ਮਖੌਲ ਕਰਕੇ ਆਖਿਆ, “ਹੇ ਯਹੂਦੀਆਂ ਦੇ ਪਾਤਸ਼ਾਹ ਨਮਸਕਾਰ!” 30ਉਹਨਾਂ ਨੇ ਯਿਸ਼ੂ ਉੱਤੇ ਥੁੱਕਿਆ ਅਤੇ ਉਹ ਕਾਨਾ ਲੈ ਕੇ ਯਿਸ਼ੂ ਦੇ ਸਿਰ ਉੱਤੇ ਮਾਰਿਆ। 31ਜਦ ਉਹਨਾਂ ਨੇ ਯਿਸ਼ੂ ਦਾ ਮਜ਼ਾਕ ਉਡਾਇਆ, ਤਦ ਉਹਨਾਂ ਨੇ ਉਸਦਾ ਚੋਗਾ ਲਾਹ ਲਿਆ ਅਤੇ ਉਸਦੇ ਦੇ ਕੱਪੜੇ ਉਸਨੂੰ ਪਹਿਨਾ ਦਿੱਤੇ। ਅਤੇ ਸਲੀਬ ਉੱਤੇ ਚੜ੍ਹਾਉਣ ਲਈ ਯਿਸ਼ੂ ਨੂੰ ਲੈ ਗਏ।
ਮਸੀਹ ਯਿਸ਼ੂ ਨੂੰ ਸਲੀਬ ਉੱਤੇ ਚੜ੍ਹਾਇਆ ਜਾਣਾ
32ਜਦੋਂ ਉਹ ਬਾਹਰ ਨਿੱਕਲ ਰਹੇ ਸਨ, ਉਹਨਾਂ ਨੂੰ ਸ਼ਿਮਓਨ ਨਾਮ ਦਾ ਇੱਕ ਕੁਰੇਨੀਆਂ ਸ਼ਹਿਰ ਦਾ ਮਨੁੱਖ ਮਿਲਿਆ, ਅਤੇ ਉਹਨਾਂ ਨੇ ਉਸਨੂੰ ਯਿਸ਼ੂ ਦੀ ਸਲੀਬ ਚੁੱਕਣ ਲਈ ਮਜ਼ਬੂਰ ਕੀਤਾ। 33ਅਤੇ ਜਦੋਂ ਉਹ ਉਸ ਜਗ੍ਹਾ ਤੇ ਜਿਸਦਾ ਨਾਮ ਗੋਲਗੋਥਾ ਜਿਸ ਦਾ ਅਰਥ ਹੈ (ਖੋਪਰੀ ਦਾ ਸਥਾਨ) ਪਹੁੰਚੇ। 34ਉਹਨਾਂ ਨੇ ਯਿਸ਼ੂ ਨੂੰ ਪੀਣ ਲਈ ਦਾਖਰਸ ਅਰਥਾਤ ਕੌੜੇ ਰਸ ਦਾ ਮਿਸ਼ਰਣ ਦਿੱਤਾ, ਪਰ ਯਿਸ਼ੂ ਨੇ ਚੱਖ ਕੇ ਉਸਨੂੰ ਪੀਣਾ ਨਾ ਚਾਹਿਆ। 35ਜਦੋਂ ਉਹਨਾਂ ਨੇ ਉਸਨੂੰ ਸਲੀਬ ਤੇ ਚੜ੍ਹਾਇਆ, ਤਾਂ ਉਹਨਾਂ ਨੇ ਪਰਚੀਆਂ ਪਾ ਕੇ ਉਸਦੇ ਕੱਪੜੇ ਵੰਡ ਲਏ। 36ਅਤੇ ਉਹ ਉੱਥੇ ਬੈਠ ਕੇ, ਨਿਗਰਾਨੀ ਕਰਨ ਲੱਗੇ। 37ਉਹਨਾਂ ਨੇ ਉਸਦੇ ਸਿਰ ਦੇ ਉਤਾਹਾਂ ਕਰਕੇ ਦੋਸ਼ ਪੱਤਰੀ ਲਗਾਈ ਜਿਸ ਤੇ ਲਿਖਿਆ ਸੀ:
ਇਹ ਯਿਸ਼ੂ, ਯਹੂਦੀਆਂ ਦਾ ਰਾਜਾ।
38ਅਤੇ ਉਸ ਸਮੇਂ ਦੋ ਡਾਕੂ ਵੀ ਯਿਸ਼ੂ ਦੇ ਨਾਲ ਸਲੀਬ ਉੱਤੇ ਚੜ੍ਹਾਏ ਗਏ, ਇੱਕ ਸੱਜੇ ਅਤੇ ਦੂਸਰਾ ਖੱਬੇ ਪਾਸੇ। 39ਜਿਹੜੇ ਉੱਥੋਂ ਲੰਘ ਰਹੇ ਸਨ, ਆਪਣਾ ਸਿਰ ਹਿਲਾਉਂਦੇ ਅਤੇ ਉਸਦਾ ਅਪਮਾਨ ਕਰਕੇ ਕਹਿੰਦੇ ਸਨ, 40ਅਤੇ ਕਹਿੰਦੇ ਸਨ, “ਓਹ! ਹੈਕਲ ਨੂੰ ਢਾਹ ਕੇ ਅਤੇ ਉਸ ਨੂੰ ਤਿੰਨ ਦਿਨਾਂ ਵਿੱਚ ਦੁਬਾਰਾ ਬਣਾਉਣ ਵਾਲੇ, ਜੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਸਲੀਬ ਤੋਂ ਹੇਠਾਂ ਆ ਅਤੇ ਆਪਣੇ ਆਪ ਨੂੰ ਬਚਾ ਲੈ!” 41ਇਸੇ ਤਰ੍ਹਾਂ ਮੁੱਖ ਜਾਜਕਾਂ, ਅਤੇ ਨੇਮ ਦੇ ਉਪਦੇਸ਼ਕਾਂ ਅਤੇ ਬਜ਼ੁਰਗਾ ਨੇ ਨਾਲ ਮਿਲ ਕੇ ਉਸਦਾ ਮਜ਼ਾਕ ਉਡਾਇਆ। 42ਅਤੇ ਕਿਹਾ, “ਉਸਨੇ ਹੋਰਨਾ ਨੂੰ ਬਚਾਇਆ, ਪਰ ਉਹ ਆਪਣੇ ਆਪ ਨੂੰ ਨਹੀਂ ਬਚਾ ਸਕਦਾ! ਉਹ ਇਸਰਾਏਲ ਦਾ ਰਾਜਾ ਹੈ! ਹੁਣ ਸਲੀਬ ਤੋਂ ਥੱਲੇ ਉੱਤਰ ਆਵੇ ਤਾਂ ਅਸੀਂ ਇਸਦਾ ਵਿਸ਼ਵਾਸ ਕਰਾਂਗੇ। 43ਇਹ ਪਰਮੇਸ਼ਵਰ ਤੇ ਭਰੋਸਾ ਰੱਖਦਾ ਹੈ। ਹੁਣ ਪਰਮੇਸ਼ਵਰ ਉਸਨੂੰ ਬਚਾਵੇ ਜੇ ਉਹ ਚਾਹੁੰਦਾ ਹੈ, ਕਿਉਂਕਿ ਇਸ ਨੇ ਕਿਹਾ ਸੀ, ‘ਮੈਂ ਪਰਮੇਸ਼ਵਰ ਦਾ ਪੁੱਤਰ ਹਾਂ।’ ” 44ਇਸੇ ਤਰ੍ਹਾਂ ਉਸਦੇ ਨਾਲ ਸਲੀਬ ਦਿੱਤੇ ਗਏ ਡਾਕੂਆਂ ਨੇ ਵੀ ਉਸਦਾ ਅਪਮਾਨ ਕੀਤਾ।
ਯਿਸ਼ੂ ਦੀ ਮੌਤ
45ਦੁਪਹਿਰ ਤੋਂ ਲੈ ਕੇ ਦੇ ਤਿੰਨ ਵਜੇ ਤੱਕ ਸਾਰੇ ਦੇਸ਼ ਵਿੱਚ ਹਨੇਰਾ ਹੀ ਰਿਹਾ। 46ਅਤੇ ਲਗਭਗ ਦੁਪਹਿਰ ਦੇ ਤਿੰਨ ਵਜੇ ਯਿਸ਼ੂ ਉੱਚੀ ਆਵਾਜ਼ ਵਿੱਚ ਪੁਕਾਰਿਆ, “ਏਲੀ, ਏਲੀ, ਲਮਾ ਸਬ਼ਖਥਾਨੀ?” ਜਿਸਦਾ ਅਰਥ ਹੈ, “ਮੇਰੇ ਪਰਮੇਸ਼ਵਰ, ਮੇਰੇ ਪਰਮੇਸ਼ਵਰ, ਤੁਸੀਂ ਮੈਨੂੰ ਕਿਉਂ ਛੱਡ ਦਿੱਤਾ?”#27:46 ਜ਼ਬੂ 22:1
47ਅਤੇ ਜਦੋਂ ਉੱਥੇ ਖੜ੍ਹੇ ਕੁਝ ਲੋਕਾਂ ਨੇ ਇਹ ਸੁਣਿਆ, ਤੇ ਬੋਲੇ, “ਇਹ ਏਲੀਯਾਹ ਨੂੰ ਆਵਾਜ਼ ਮਾਰਦਾ ਹੈ।”
48ਉਸੇ ਵੇਲੇ ਉਹਨਾਂ ਵਿੱਚੋਂ ਇੱਕ ਨੇ ਦੌੜ ਕੇ ਸਪੰਜ ਲਿਆਦਾਂ। ਅਤੇ ਸਿਰਕੇ ਨਾਲ ਗਿੱਲਾ ਕਰਕੇ ਅਤੇ ਸੋਟੀ ਉੱਤੇ ਬੰਨ੍ਹ ਕੇ ਯਿਸ਼ੂ ਦੇ ਮੂੰਹ ਨੂੰ ਲਗਾਇਆ। 49ਹੋਰਨਾਂ ਨੇ ਕਿਹਾ, “ਹੁਣ ਇਸ ਨੂੰ ਇਕੱਲਾ ਛੱਡ ਦਿਓ। ਅਤੇ ਵੇਖੀਏ ਏਲੀਯਾਹ ਇਸ ਨੂੰ ਬਚਾਉਣ ਲਈ ਆਉਂਦਾ ਹੈ ਜਾਂ ਨਹੀਂ।”
50ਯਿਸ਼ੂ ਨੇ ਫਿਰ ਉੱਚੀ ਆਵਾਜ਼ ਨਾਲ ਪੁਕਾਰ ਕੇ, ਆਪਣੀ ਆਤਮਾ ਛੱਡ ਦਿੱਤੀ।
51ਅਤੇ ਉਸੇ ਵਕਤ ਹੈਕਲ ਦਾ ਪਰਦਾ ਉੱਪਰੋਂ ਲੈ ਕੇ ਹੇਠਾਂ ਤੱਕ ਦੋ ਹਿੱਸਿਆ ਵਿੱਚ ਪਾਟ ਗਿਆ। ਅਤੇ ਧਰਤੀ ਕੰਬ ਗਈ, ਪੱਥਰ ਹਿਲ ਗਏ। 52ਅਤੇ ਕਬਰਾਂ ਖੁੱਲ ਗਈਆ। ਅਤੇ ਬਹੁਤ ਸਾਰੇ ਪਵਿੱਤਰ ਲੋਕਾਂ ਦੀਆ ਲਾਸ਼ਾ ਜਿਹੜੇ ਮਰ ਚੁੱਕੇ ਸਨ ਜੀਵਨ ਦੇ ਲਈ ਜੀ ਉੱਠ ਗਏ। 53ਅਤੇ ਯਿਸ਼ੂ ਦੇ ਜੀ ਉੱਠਣ ਤੋਂ ਬਾਅਦ ਉਹ ਕਬਰਾਂ ਵਿੱਚੋਂ ਬਾਹਰ ਨਿੱਕਲ ਆਏ ਅਤੇ ਪਵਿੱਤਰ ਸ਼ਹਿਰ ਵੱਲ ਨੂੰ ਗਏ, ਅਤੇ ਬਹੁਤ ਸਾਰੇ ਲੋਕਾਂ ਨੂੰ ਵਿਖਾਈ ਦਿੱਤੇ।
54ਜਦੋਂ ਸੂਬੇਦਾਰ ਅਤੇ ਉਸਦੇ ਸਾਥੀ ਜਿਹੜੇ ਯਿਸ਼ੂ ਦੀ ਰਾਖੀ ਕਰ ਰਹੇ ਸਨ, ਉਹਨਾਂ ਨੇ ਭੁਚਾਲ ਅਤੇ ਜੋ ਕੁਝ ਵਾਪਰਿਆ ਸੀ ਉਹ ਸਭ ਵੇਖਿਆ ਤੇ ਡਰ ਗਏ, ਅਤੇ ਆਖਣ ਲੱਗੇ, “ਸੱਚ-ਮੁੱਚ ਉਹ ਪਰਮੇਸ਼ਵਰ ਦਾ ਪੁੱਤਰ ਸੀ!”
55ਉੱਥੇ ਬਹੁਤ ਔਰਤਾਂ ਸਨ, ਜੋ ਦੂਰੋਂ ਵੇਖ ਰਹੀਆ ਸਨ। ਜੋ ਗਲੀਲ ਪ੍ਰਦੇਸ਼ ਤੋਂ ਯਿਸ਼ੂ ਦੀ ਸੇਵਾ ਕਰਦੀਆਂ ਹੋਈਆ ਉਸਦੇ ਪਿੱਛੇ-ਪਿੱਛੇ ਆਈਆਂ ਸਨ। 56ਉਹਨਾਂ ਵਿੱਚੋਂ ਇੱਕ ਮਗਦਲਾ ਵਾਸੀ ਮਰਿਯਮ ਸੀ, ਅਤੇ ਯਾਕੋਬ ਅਤੇ ਯੋਸੇਫ ਦੀ ਮਾਤਾ ਮਰਿਯਮ ਅਤੇ ਜ਼ਬਦੀ ਦੇ ਪੁੱਤਰਾਂ ਦੀ ਮਾਤਾ ਸੀ।
ਯਿਸ਼ੂ ਦਾ ਦਫ਼ਨਾਇਆ ਜਾਣਾ
57ਜਦ ਸਾਂਮ ਹੋਈ, ਤਾਂ ਅਰਿਮਥਿਆ ਪਿੰਡ ਦਾ ਇੱਕ ਧਨੀ ਮਨੁੱਖ ਜਿਸ ਦਾ ਨਾਮ ਯੋਸੇਫ਼ ਸੀ ਆਇਆ, ਜਿਹੜਾ ਆਪ ਵੀ ਯਿਸ਼ੂ ਦਾ ਚੇਲਾ ਬਣ ਗਿਆ ਸੀ। 58ਉਸਨੇ ਪਿਲਾਤੁਸ ਕੋਲ ਜਾ ਕੇ ਯਿਸ਼ੂ ਦੇ ਸਰੀਰ ਨੂੰ ਮੰਗਿਆ, ਅਤੇ ਪਿਲਾਤੁਸ ਨੇ ਉਸ ਨੂੰ ਸਰੀਰ ਲੈ ਜਾਣ ਦਾ ਹੁਕਮ ਦਿੱਤਾ। 59ਅਤੇ ਯੋਸੇਫ਼ ਨੇ ਸਰੀਰ ਨੂੰ ਲੈ ਜਾ ਕੇ ਸਾਫ਼ ਕੱਪੜੇ ਵਿੱਚ ਲਪੇਟਿਆ। 60ਅਤੇ ਉਸ ਨੂੰ ਨਵੀਂ ਕਬਰ ਵਿੱਚ ਰੱਖ ਦਿੱਤਾ, ਜਿਹੜੀ ਉਸਨੇ ਚੱਟਾਨ ਵਿੱਚ ਖੁਦਵਾਈ ਸੀ। ਅਤੇ ਇੱਕ ਭਾਰਾ ਪੱਥਰ ਕਬਰ ਦੇ ਮੂੰਹ ਅੱਗੇ ਰੇੜ ਕੇ ਉੱਥੋਂ ਚਲਾ ਗਿਆ। 61ਅਤੇ ਮਗਦਲਾ ਵਾਸੀ ਮਰਿਯਮ ਅਤੇ ਦੂਸਰੀ ਮਰਿਯਮ ਕਬਰ ਦੇ ਸਾਹਮਣੇ ਬੈਠੀਆਂ ਸਨ।
ਕਬਰ ਉੱਤੇ ਪਹਿਰਾ
62ਅਗਲੇ ਦਿਨ, ਜਿਹੜਾ ਤਿਆਰੀ ਦੇ ਦਿਨ#27:62 ਤਿਆਰੀ ਦੇ ਦਿਨ ਅਰਥਾਤ ਸਬਤ ਦਾ ਦਿਨ ਤੋਂ ਬਾਅਦ ਸੀ, ਮੁੱਖ ਜਾਜਕਾਂ ਅਤੇ ਫ਼ਰੀਸੀ ਇਕੱਠੇ ਹੋ ਕੇ ਪਿਲਾਤੁਸ ਕੋਲ ਗਏ। 63ਅਤੇ ਬੋਲੇ, “ਸ਼੍ਰੀਮਾਨ ਜੀ, ਸਾਨੂੰ ਯਾਦ ਹੈ ਉਹ ਧੋਖੇਬਾਜ਼ ਜਦੋਂ ਜਿਉਂਦਾ ਹੀ ਸੀ ਕਹਿ ਗਿਆ ਸੀ, ‘ਮੈਂ ਤਿੰਨਾਂ ਦਿਨਾਂ ਬਾਅਦ ਜੀ ਉੱਠਾਂਗਾ।’ 64ਇਸ ਲਈ ਹੁਕਮ ਕਰੋ ਜੋ ਤੀਸਰੇ ਦਿਨ ਤੱਕ ਕਬਰ ਦੀ ਰਾਖੀ ਕੀਤੀ ਜਾਵੇ। ਕਿਤੇ ਅਜਿਹਾ ਨਾ ਹੋਵੇ, ਕਿ ਉਸਦੇ ਚੇਲੇ ਆ ਕੇ ਉਸਦਾ ਸਰੀਰ ਚੁਰਾ ਕੇ ਲੈ ਜਾਣ ਅਤੇ ਲੋਕਾਂ ਨੂੰ ਆਖਣ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਇਹ ਧੋਖਾ ਪਹਿਲਾਂ ਨਾਲੋਂ ਵੀ ਬੁਰਾ ਹੋਵੇਗਾ।”
65ਪਿਲਾਤੁਸ ਨੇ ਉਹਨਾਂ ਨੂੰ ਉੱਤਰ ਦਿੱਤਾ, “ਰੱਖਿਅਕ ਤੁਹਾਡੇ ਕੋਲ ਹਨ, ਜਾਓ ਜਿਸ ਤਰ੍ਹਾ ਤੁਹਾਨੂੰ ਚੰਗਾ ਲੱਗੇ ਉਸ ਤਰ੍ਹਾ ਕਬਰ ਦੀ ਰਾਖੀ ਕਰੋ।” 66ਸੋ ਉਹ ਕਬਰ ਤੇ ਗਏ ਪੱਥਰ ਉੱਤੇ ਮੋਹਰ ਲਗਾ ਕੇ ਪਹਿਰੇ ਦੇਣ ਵਾਲਿਆ ਕੋਲੋ ਰਾਖੀ ਕਰਵਾਈ।

הדגשה

שתף

העתק

None

רוצים לשמור את ההדגשות שלכם בכל המכשירים שלכם? הירשמו או היכנסו