ਮਾਰਕਸ 5

5
ਯਿਸ਼ੂ ਨੇ ਇੱਕ ਦੁਸ਼ਟ ਆਤਮਾ ਦੇ ਕਬਜ਼ੇ ਵਾਲੇ ਆਦਮੀ ਨੂੰ ਮੁੜ ਬਹਾਲ ਕੀਤਾ
1ਯਿਸ਼ੂ ਅਤੇ ਉਹਨਾਂ ਦੇ ਚੇਲੇ ਝੀਲ ਦੇ ਪਾਰ ਗਿਰਾਸੇਨ#5:1 ਕੁਝ ਪੁਰਾਣਿਆਂ ਲਿੱਖਤਾਂ ਗਦਾਰਿਨੇਸ ਹੋਰ ਲਿੱਖਤਾਂ ਵਿੱਚ ਗੇਰਗੇਸੇਨੇਸ ਦੇ ਖੇਤਰ ਨੂੰ ਚਲੇ ਗਏ। 2ਜਦੋਂ ਯਿਸ਼ੂ ਕਿਸ਼ਤੀ ਤੋਂ ਬਾਹਰ ਆਏ, ਇੱਕ ਅਸ਼ੁੱਧ ਆਤਮਾ ਵਾਲਾ ਆਦਮੀ ਉਹਨਾਂ ਨੂੰ ਮਿਲਣ ਲਈ ਕਬਰਾਂ ਵਿੱਚੋਂ ਨਿਕਲ ਕੇ ਆਇਆ। 3ਇਹ ਆਦਮੀ ਕਬਰਾਂ ਵਿੱਚ ਰਹਿੰਦਾ ਸੀ, ਅਤੇ ਕੋਈ ਵੀ ਉਸਨੂੰ ਵੱਸ ਵਿੱਚ ਨਹੀਂ ਕਰ ਪਾਉਂਦਾ ਸੀ; ਤੇ ਨਾ ਹੀ ਜੰਜ਼ੀਰਾਂ ਉਸ ਨੂੰ ਰੋਕ ਪਾਉਂਦਿਆ ਸੀ। 4ਅਕਸਰ ਉਹਦੇ ਹੱਥ ਅਤੇ ਪੈਰ ਬੰਨ੍ਹ ਕੇ ਰੱਖੇ ਜਾਂਦੇ ਸਨ, ਪਰ ਉਸਨੇ ਜੰਜ਼ੀਰਾਂ ਨੂੰ ਤੋੜ ਦਿੱਤਾ ਅਤੇ ਸੰਗਲਾਂ ਦੇ ਟੁਕੜੇ-ਟੁਕੜੇ ਕਰ ਦਿੱਤੇ ਸਨ। ਕੋਈ ਵੀ ਇੰਨਾ ਤਾਕਤਵਰ ਨਹੀਂ ਸੀ ਕਿ ਉਸ ਨੂੰ ਕਾਬੂ ਕਰ ਲਵੇ। 5ਰਾਤ-ਦਿਨ ਕਬਰਾਂ ਵਿੱਚ ਅਤੇ ਪਹਾੜੀਆਂ ਵਿੱਚ ਉਹ ਚੀਕਦਾ ਅਤੇ ਆਪਣੇ ਆਪ ਨੂੰ ਪੱਥਰਾਂ ਨਾਲ ਵੱਢਦਾ ਹੁੰਦਾ ਸੀ।
6ਜਦੋਂ ਉਸਨੇ ਯਿਸ਼ੂ ਨੂੰ ਦੂਰੋਂ ਵੇਖਿਆ, ਤਾਂ ਉਹ ਭੱਜਿਆ ਅਤੇ ਉਹਨਾਂ ਦੇ ਅੱਗੇ ਆਪਣੇ ਗੋਡਿਆਂ ਤੇ ਡਿੱਗ ਪਿਆ। 7ਉਸਨੇ ਆਪਣੀ ਉੱਚੀ ਆਵਾਜ਼ ਵਿੱਚ ਪੁਕਾਰਿਆ, “ਅੱਤ ਮਹਾਨ ਪਰਮੇਸ਼ਵਰ ਦੇ ਪੁੱਤਰ, ਯਿਸ਼ੂ ਤੁਸੀਂ ਮੇਰੇ ਤੋਂ ਕੀ ਚਾਹੁੰਦੇ ਹੋ? ਪਰਮੇਸ਼ਵਰ ਦੇ ਨਾਮ ਵਿੱਚ ਸਾਨੂੰ ਦੁੱਖ ਨਾ ਦਿਓ!” 8ਕਿਉਂਕਿ ਯਿਸ਼ੂ ਨੇ ਉਸ ਨੂੰ ਕਿਹਾ ਸੀ, “ਹੇ ਅਸ਼ੁੱਧ ਆਤਮਾ, ਤੂੰ ਇਸ ਮਨੁੱਖ ਤੋਂ ਬਾਹਰ ਆ ਜਾ!”
9ਤਦ ਯਿਸ਼ੂ ਨੇ ਉਸ ਨੂੰ ਪੁੱਛਿਆ, “ਤੇਰਾ ਨਾਮ ਕੀ ਹੈ?”
ਉਸਨੇ ਜਵਾਬ ਦਿੱਤਾ, “ਮੇਰਾ ਨਾਮ ਫੌਜ ਹੈ, ਕਿਉਂਕਿ ਅਸੀਂ ਬਹੁਤ ਸਾਰੇ ਹਾਂ।” 10ਅਤੇ ਉਸਨੇ ਯਿਸ਼ੂ ਨੂੰ ਬਾਰ-ਬਾਰ ਬੇਨਤੀ ਕੀਤੀ ਕਿ ਉਹ ਉਹਨਾਂ ਨੂੰ ਇਸ ਖੇਤਰ ਤੋਂ ਬਾਹਰ ਨਾ ਭੇਜਣ।
11ਨੇੜੇ ਹੀ ਪਹਾੜੀ ਤੇ ਸੂਰਾਂ ਦਾ ਇੱਕ ਵੱਡਾ ਝੁੰਡ ਚੁੱਗਦਾ ਸੀ। 12ਦੁਸ਼ਟ ਆਤਮਾਵਾਂ ਨੇ ਯਿਸ਼ੂ ਅੱਗੇ ਮਿੰਨਤਾਂ ਕੀਤੀਆਂ, “ਸਾਨੂੰ ਸੂਰਾਂ ਵਿੱਚ ਭੇਜ ਦਵੋ; ਸਾਨੂੰ ਸੂਰਾਂ ਵਿੱਚ ਜਾਣ ਦੀ ਆਗਿਆ ਦਿਓ।” 13ਯਿਸ਼ੂ ਨੇ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ, ਅਤੇ ਅਸ਼ੁੱਧ ਆਤਮਾਵਾਂ ਬਾਹਰ ਨਿਕਲ ਕੇ ਸੂਰਾਂ ਵਿੱਚ ਵੜ ਗਈਆਂ। ਝੁੰਡ, ਲਗਭਗ ਦੋ ਹਜ਼ਾਰ ਦੀ ਸੰਖਿਆ ਵਿੱਚ ਸੀ, ਜੋ ਭੱਜ ਕੇ ਝੀਲ ਵਿੱਚ ਡਿੱਗ ਗਿਆ ਅਤੇ ਪਾਣੀ ਵਿੱਚ ਡੁੱਬ ਕੇ ਮਰ ਗਿਆ।
14ਸੂਰ ਚਰਾਉਣ ਵਾਲੇ ਭੱਜੇ ਕੇ ਸ਼ਹਿਰ ਅਤੇ ਦੇਸ਼ ਦੇ ਇਲਾਕਿਆਂ ਵਿੱਚ ਇਸਦੀ ਖ਼ਬਰ ਦਿੱਤੀ, ਅਤੇ ਲੋਕ ਇਹ ਵੇਖਣ ਲਈ ਆਣ ਲੱਗੇ ਕਿ ਉੱਥੇ ਕੀ ਹੋਇਆ ਸੀ। 15ਜਦੋਂ ਉਹ ਯਿਸ਼ੂ ਕੋਲ ਆਏ, ਉਹਨਾਂ ਨੇ ਉਸ ਆਦਮੀ ਨੂੰ ਵੇਖਿਆ ਜਿਸਨੂੰ ਲਸ਼ਕਰ ਚਿੰਬੜਿਆ ਹੋਇਆ ਸੀ, ਉਹ ਉੱਥੇ ਕੱਪੜੇ ਪਾ ਕੇ ਬੈਠਾ ਸੀ, ਅਤੇ ਉਸਦਾ ਦਿਮਾਗ ਬਿਲਕੁਲ ਸਹੀ ਸੀ; ਇਹ ਸਭ ਵੇਖ ਉਹ ਡਰ ਗਏ ਸਨ। 16ਜਿਹਨਾਂ ਨੇ ਇਹ ਵੇਖਿਆ ਸੀ ਉਹਨਾਂ ਨੇ ਜਾ ਕੇ ਸਾਰੇ ਲੋਕਾਂ ਨੂੰ ਦੱਸਿਆ ਜੋ ਕੁਝ ਉਸ ਦੁਸ਼ਟ ਆਤਮਾ ਚਿੰਬੜੇ ਆਦਮੀ ਨਾਲ ਅਤੇ ਸੂਰਾਂ ਨਾਲ ਹੋਇਆ ਸੀ। 17ਤਦ ਲੋਕ ਯਿਸ਼ੂ ਨੂੰ ਬੇਨਤੀ ਕਰਨ ਲੱਗੇ ਕਿ ਉਹ ਉਹਨਾਂ ਦੇ ਇਲਾਕੇ ਨੂੰ ਛੱਡ ਕੇ ਚਲੇ ਜਾਣ।
18ਜਦੋਂ ਯਿਸ਼ੂ ਕਿਸ਼ਤੀ ਵਿੱਚ ਚੜ੍ਹ ਰਹੇ ਸੀ, ਤਾਂ ਉਹ ਆਦਮੀ ਜਿਸਨੂੰ ਦੁਸ਼ਟ ਆਤਮਾ ਤੋਂ ਛੁਟਕਾਰਾ ਮਿਲਿਆ ਸੀ ਉਸਨੇ ਨਾਲ ਚੱਲਣ ਲਈ ਬੇਨਤੀ ਕੀਤੀ। 19ਯਿਸ਼ੂ ਨੇ ਉਸ ਨੂੰ ਇਜਾਜ਼ਤ ਨਹੀਂ ਦਿੱਤੀ, ਪਰ ਕਿਹਾ, “ਆਪਣੇ ਘਰ ਜਾ ਅਤੇ ਆਪਣੇ ਲੋਕਾਂ ਨੂੰ ਦੱਸ ਕਿ ਪ੍ਰਭੂ ਨੇ ਤੇਰੇ ਲਈ ਕੀ ਕੀਤਾ ਹੈ, ਅਤੇ ਉਸ ਨੇ ਕਿਵੇਂ ਤੇਰੇ ਤੇ ਕਿਰਪਾ ਕੀਤੀ ਹੈ।” 20ਤਾਂ ਉਹ ਆਦਮੀ ਚਲਾ ਗਿਆ ਅਤੇ ਡੇਕਾਪੋਲਿਸ#5:20 ਡੇਕਾਪੋਲਿਸ ਇਹ ਹੈ, ਦਸ ਸ਼ਹਿਰ ਵਿੱਚ ਇਹ ਦੱਸਣ ਲੱਗਾ ਕਿ ਯਿਸ਼ੂ ਨੇ ਉਸਦੇ ਲਈ ਕੀ ਕੁਝ ਕੀਤਾ ਹੈ ਅਤੇ ਸਾਰੇ ਲੋਕ ਜਿੰਹਾ ਨੇ ਇਹ ਸੁਣਿਆ ਹੈਰਾਨ ਸਨ।
ਯਿਸ਼ੂ ਨੇ ਇੱਕ ਮਰੀ ਹੋਈ ਲੜਕੀ ਨੂੰ ਜੀਉਂਦਾ ਕੀਤਾ ਅਤੇ ਇੱਕ ਬਿਮਾਰ ਔਰਤ ਨੂੰ ਚੰਗਾ ਕੀਤਾ
21ਜਦੋਂ ਯਿਸ਼ੂ ਮੁੜ ਕਿਸ਼ਤੀ ਰਾਹੀ ਝੀਲ ਦੇ ਦੂਜੇ ਪਾਸੇ ਗਏ ਤਾਂ ਇੱਕ ਵੱਡੀ ਭੀੜ ਉਹਨਾਂ ਦੇ ਆਲੇ-ਦੁਆਲੇ ਇਕੱਠੀ ਹੋ ਗਈ ਜਦੋਂ ਉਹ ਝੀਲ ਦੇ ਕੋਲ ਹੀ ਸੀ। 22ਤਦ ਜਾਇਰੂਸ ਨਾਮਕ ਦਾ ਇੱਕ ਪ੍ਰਾਰਥਨਾ ਸਥਾਨ ਦਾ ਆਗੂ, ਆਇਆ ਅਤੇ ਜਦੋਂ ਉਸਨੇ ਯਿਸ਼ੂ ਨੂੰ ਵੇਖਿਆ ਅਤੇ ਉਹ ਯਿਸ਼ੂ ਦੇ ਪੈਰੀ ਡਿੱਗ ਗਿਆ। 23ਉਸਨੇ ਯਿਸ਼ੂ ਅੱਗੇ ਦਿਲੋਂ ਬੇਨਤੀ ਕੀਤੀ, “ਮੇਰੀ ਛੋਟੀ ਧੀ ਮਰ ਰਹੀ ਹੈ। ਕਿਰਪਾ ਕਰਕੇ ਆਓ ਅਤੇ ਉਸ ਉੱਪਰ ਆਪਣਾ ਹੱਥ ਰੱਖੋਂ ਤਾਂ ਉਹ ਚੰਗੀ ਹੋ ਜਾਵੇ ਅਤੇ ਜਿਉਂਦੀ ਰਹੇ।” 24ਇਸ ਲਈ ਯਿਸ਼ੂ ਉਸ ਦੇ ਨਾਲ ਚਲੇ ਗਏ।
ਇੱਕ ਵੱਡੀ ਭੀੜ ਵੀ ਉਹਨਾਂ ਦੇ ਮਗਰ ਆ ਗਈ ਅਤੇ ਉਹਨਾਂ ਦੇ ਦੁਆਲੇ ਇੱਕ-ਦੂਜੇ ਉੱਤੇ ਡਿੱਗ ਰਹੀ ਸੀ। 25ਅਤੇ ਉੱਥੇ ਇੱਕ ਔਰਤ ਵੀ ਸੀ ਜਿਸ ਨੂੰ ਬਾਰ੍ਹਾਂ ਸਾਲਾਂ ਤੋਂ ਲਹੂ ਵਗਣ ਦੀ ਬਿਮਾਰੀ ਸੀ। 26ਉਸਨੇ ਬਹੁਤ ਸਾਰੇ ਡਾਕਟਰਾਂ ਦੀ ਦੇਖ-ਰੇਖ ਵਿੱਚ ਬਹੁਤ ਵੱਡਾ ਦੁੱਖ ਝੱਲਿਆ ਸੀ ਅਤੇ ਉਸਦੇ ਕੋਲ ਜੋ ਕੁਝ ਵੀ ਸੀ ਉਸਨੇ ਆਪਣੇ ਇਲਾਜ ਲਈ ਖਰਚ ਦਿੱਤਾ ਸੀ, ਫਿਰ ਵੀ ਚੰਗੀ ਹੋਣ ਦੀ ਬਜਾਏ ਉਹ ਵਿਗੜਦੀ ਗਈ। 27ਜਦੋਂ ਉਸਨੇ ਯਿਸ਼ੂ ਬਾਰੇ ਸੁਣਿਆ, ਤਾਂ ਉਹ ਭੀੜ ਵਿੱਚ ਉਹਨਾਂ ਦੇ ਪਿੱਛੇ ਆ ਗਈ ਅਤੇ ਉਹਨਾਂ ਦੇ ਕੱਪੜੇ ਦੇ ਪੱਲੇ ਨੂੰ ਛੋਹਿਆ, 28ਕਿਉਂਕਿ ਉਸਨੇ ਸੋਚਿਆ, “ਜੇ ਮੈਂ ਬਸ ਉਹਨਾਂ ਦੇ ਕੱਪੜੇ ਨੂੰ ਛੋਹ ਲਵਾਂਗੀ, ਤਾਂ ਮੈਂ ਚੰਗੀ ਹੋ ਜਾਵਾਂਗਾ।” 29ਤੁਰੰਤ ਹੀ ਉਸ ਦਾ ਖੂਨ ਵਗਣਾ ਬੰਦ ਹੋ ਗਿਆ ਅਤੇ ਉਸਨੇ ਆਪਣੇ ਸਰੀਰ ਵਿੱਚ ਮਹਿਸੂਸ ਕੀਤਾ ਕਿ ਉਹ ਉਸ ਦੇ ਦੁੱਖ ਤੋਂ ਮੁਕਤ ਹੋ ਗਈ ਹੈ।
30ਉਸੇ ਵਕਤ ਯਿਸ਼ੂ ਨੂੰ ਅਹਿਸਾਸ ਹੋਇਆ ਕਿ ਉਸ ਵਿੱਚੋਂ ਸ਼ਕਤੀ ਨਿੱਕਲੀ ਹੈ। ਉਹ ਭੀੜ ਵਿੱਚ ਮੁੜੇ ਅਤੇ ਪੁੱਛਿਆ, “ਮੇਰੇ ਕੱਪੜਿਆਂ ਨੂੰ ਕਿਸ ਨੇ ਛੂਹਿਆ?”
31ਉਸਦੇ ਚੇਲਿਆਂ ਨੇ ਜਵਾਬ ਦਿੱਤਾ, “ਤੁਸੀਂ ਤਾਂ ਆਪਣੇ ਆਲੇ-ਦੁਆਲੇ ਭੀੜ ਵੇਖ ਹੀ ਰਹੇ ਹੋ, ਪਰ ਫਿਰ ਵੀ ਤੁਸੀਂ ਪੁੱਛਦੇ ਹੋ, ‘ਮੈਨੂੰ ਕਿਸ ਨੇ ਛੂਹਿਆ?’ ”
32ਪਰ ਯਿਸ਼ੂ ਇਹ ਵੇਖਣ ਲਈ ਇਧਰ-ਉਧਰ ਨਿਗਾਹ ਮਾਰੀ ਕਿ ਕਿਸ ਨੇ ਇਹ ਕੀਤਾ ਸੀ। 33ਤਦ ਉਹ ਔਰਤ ਜਾਣਦੀ ਸੀ ਕਿ ਉਸਦੇ ਨਾਲ ਕੀ ਵਾਪਰਿਆ ਸੀ, ਉਹ ਅੱਗੇ ਆਈ ਅਤੇ ਯਿਸ਼ੂ ਦੇ ਪੈਰਾਂ ਤੇ ਡਿੱਗ ਪਈ ਅਤੇ ਡਰ ਨਾਲ ਕੰਬਦੀ ਹੋਈ ਨੇ ਉਹਨਾਂ ਨੂੰ ਸਾਰੀ ਸੱਚਾਈ ਦੱਸੀ। 34ਯਿਸ਼ੂ ਨੇ ਉਸ ਔਰਤ ਨੂੰ ਕਿਹਾ, “ਬੇਟੀ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ, ਸ਼ਾਂਤੀ ਨਾਲ ਵਾਪਸ ਚਲੀ ਜਾ ਅਤੇ ਤੂੰ ਆਪਣੀ ਬੀਮਾਰੀ ਤੋਂ ਮੁਕਤ ਰਹੇ।”
35ਜਦੋਂ ਯਿਸ਼ੂ ਅਜੇ ਬੋਲ ਹੀ ਰਿਹੇ ਸੀ, ਕੁਝ ਲੋਕ ਜਾਇਰੂਸ ਦੇ ਘਰੋਂ ਆਏ ਜੋ ਪ੍ਰਾਰਥਨਾ ਸਥਾਨ ਦੇ ਆਗੂ ਸੀ, ਉਹਨਾਂ ਨੇ ਕਿਹਾ, “ਤੁਹਾਡੀ ਧੀ ਮਰ ਗਈ ਹੈ। ਗੁਰੂ ਨੂੰ ਹੁਣ ਪਰੇਸ਼ਾਨ ਕਰਨ ਦੀ ਕੀ ਲੋੜ ਹੈ?”
36ਉਹਨਾਂ ਦੀ ਗੱਲ ਸੁਣ ਕੇ ਯਿਸ਼ੂ ਨੇ ਅਣਸੁਣੀ ਕਰਕੇ ਯਿਸ਼ੂ ਨੇ ਪ੍ਰਾਰਥਨਾ ਸਥਾਨ ਦੇ ਆਗੂ ਨੂੰ ਕਿਹਾ, “ਡਰੋ ਨਾ; ਕੇਵਲ ਵਿਸ਼ਵਾਸ ਕਰੋ।”
37ਯਿਸ਼ੂ ਨੇ ਪਤਰਸ, ਯਾਕੋਬ ਅਤੇ ਯਾਕੋਬ ਦੇ ਭਰਾ ਯੋਹਨ ਨੂੰ ਛੱਡ ਕਿਸੇ ਨੂੰ ਵੀ ਆਪਣੇ ਮਗਰ ਅੰਦਰ ਨਹੀਂ ਆਉਣ ਦਿੱਤਾ। 38ਜਦੋਂ ਉਹ ਪ੍ਰਾਰਥਨਾ ਸਥਾਨ ਦੇ ਆਗੂ ਦੇ ਘਰ ਆਏ, ਯਿਸ਼ੂ ਨੇ ਇੱਕ ਸ਼ੋਰ ਕਰਦੀ, ਰੋਂਦੀ ਅਤੇ ਉੱਚੀ ਆਵਾਜ਼ ਵਿੱਚ ਵਿਲਕਦੀ ਭੀੜ ਨੂੰ ਵੇਖਿਆ। 39ਉਹ ਅੰਦਰ ਗਏ ਅਤੇ ਉਹਨਾਂ ਨੂੰ ਕਿਹਾ, “ਇਹ ਸਾਰਾ ਰੋਣਾ ਅਤੇ ਪਿਟਣਾ ਕਿਉਂ? ਬੱਚੀ ਮਰੀ ਨਹੀਂ ਪਰ ਸੁੱਤੀ ਹੋਈ ਹੈ।” 40ਪਰ ਉਹ ਯਿਸ਼ੂ ਤੇ ਹੱਸਣ ਲੱਗੇ।
ਯਿਸ਼ੂ ਨੇ ਸਭ ਨੂੰ ਬਾਹਰ ਕੱਢਣ ਤੋਂ ਬਾਅਦ, ਉਹਨਾਂ ਨੇ ਬੱਚੀ ਦੇ ਮਾਤਾ-ਪਿਤਾ ਅਤੇ ਆਪਣੇ ਚੇਲੇ ਜੋ ਨਾਲ ਸਨ, ਉਹਨਾਂ ਨੂੰ ਲੈ ਕੇ ਅੰਦਰ ਗਏ ਜਿੱਥੇ ਉਹ ਬੱਚੀ ਸੀ। 41ਯਿਸ਼ੂ ਨੇ ਉਸ ਲੜਕੀ ਦਾ ਹੱਥ ਫੜਿਆ ਅਤੇ ਉਸਨੂੰ ਕਿਹਾ, “ਤਾਲੀਥਾ ਕੌਉਮ” (ਜਿਸਦਾ ਅਰਥ ਹੈ, “ਛੋਟੀ ਕੁੜੀ, ਮੈਂ ਤੈਨੂੰ ਕਹਿੰਦਾ ਹਾਂ, ਉੱਠ!”)। 42ਤੁਰੰਤ ਹੀ ਲੜਕੀ ਖੜ੍ਹੀ ਹੋ ਗਈ ਅਤੇ ਤੁਰਨ ਲੱਗੀ ਉਹ ਬਾਰ੍ਹਾਂ ਸਾਲਾਂ ਦੀ ਸੀ। ਇਸ ਤੇ ਉਹ ਸਾਰੇ ਹੈਰਾਨ ਰਹਿ ਗਏ। 43ਯਿਸ਼ੂ ਨੇ ਸਖ਼ਤ ਆਦੇਸ਼ ਦਿੱਤੇ ਕਿ ਕਿਸੇ ਨੂੰ ਵੀ ਇਸ ਬਾਰੇ ਨਾ ਦੱਸਣ, ਅਤੇ ਕਿਹਾ ਇਸ ਨੂੰ ਕੁਝ ਖਾਣ ਨੂੰ ਦਵੋ।

נבחרו כעת:

ਮਾਰਕਸ 5: PMT

הדגשה

שתף

העתק

None

רוצים לשמור את ההדגשות שלכם בכל המכשירים שלכם? הירשמו או היכנסו