YouVersion logotips
Meklēt ikonu

ਮੱਤੀ 9

9
ਅਧਰੰਗੀ ਦਾ ਚੰਗਾ ਹੋਣਾ
1ਯਿਸੂ ਕਿਸ਼ਤੀ ਉੱਤੇ ਚੜ੍ਹ ਕੇ ਪਾਰ ਲੰਘਿਆ ਅਤੇ ਆਪਣੇ ਨਗਰ ਵਿੱਚ ਆਇਆ।
2ਤਦ ਵੇਖੋ, ਲੋਕ ਇੱਕ ਅਧਰੰਗੀ ਨੂੰ ਮੰਜੀ ਉੱਤੇ ਪਾ ਕੇ ਉਸ ਕੋਲ ਲਿਆਏ। ਯਿਸੂ ਨੇ ਉਨ੍ਹਾਂ ਦਾ ਵਿਸ਼ਵਾਸ ਵੇਖ ਕੇ ਉਸ ਅਧਰੰਗੀ ਨੂੰ ਕਿਹਾ,“ਪੁੱਤਰ, ਹੌਸਲਾ ਰੱਖ! ਤੇਰੇ ਪਾਪ ਮਾਫ਼ ਹੋਏ।” 3ਇਹ ਵੇਖ ਕੇ ਕੁਝ ਸ਼ਾਸਤਰੀਆਂ ਨੇ ਆਪਸ ਵਿੱਚ ਕਿਹਾ, “ਇਹ ਪਰਮੇਸ਼ਰ ਦੀ ਨਿੰਦਾ ਕਰਦਾ ਹੈ।” 4ਪਰ ਯਿਸੂ ਨੇ ਉਨ੍ਹਾਂ ਦੇ ਵਿਚਾਰਾਂ ਨੂੰ ਜਾਣ ਕੇ ਕਿਹਾ,“ਤੁਸੀਂ ਆਪਣੇ ਮਨਾਂ ਵਿੱਚ ਬੁਰਾ ਕਿਉਂ ਸੋਚ ਰਹੇ ਹੋ? 5ਸੌਖਾ ਕੀ ਹੈ? ਇਹ ਕਹਿਣਾ, ‘ਤੇਰੇ ਪਾਪ ਮਾਫ਼ ਹੋਏ’ ਜਾਂ ਇਹ ਕਹਿਣਾ, ‘ਉੱਠ ਅਤੇ ਚੱਲ-ਫਿਰ’? 6ਪਰ ਇਸ ਲਈ ਜੋ ਤੁਸੀਂ ਜਾਣ ਲਵੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ।” ਉਸ ਨੇ ਉਸ ਅਧਰੰਗੀ ਨੂੰ ਕਿਹਾ,“ਉੱਠ, ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਨੂੰ ਚਲਾ ਜਾ।” 7ਤਦ ਉਹ ਉੱਠ ਕੇ ਆਪਣੇ ਘਰ ਚਲਾ ਗਿਆ। 8ਇਹ ਵੇਖ ਕੇ ਲੋਕ ਡਰ ਗਏ#9:8 ਕੁਝ ਹਸਤਲੇਖਾਂ ਵਿੱਚ “ਲੋਕ ਡਰ ਗਏ” ਦੇ ਸਥਾਨ 'ਤੇ “ਲੋਕਾਂ ਨੂੰ ਹੈਰਾਨੀ ਹੋਈ” ਲਿਖਿਆ ਹੈ। ਅਤੇ ਉਨ੍ਹਾਂ ਨੇ ਪਰਮੇਸ਼ਰ ਦੀ ਮਹਿਮਾ ਕੀਤੀ ਜਿਸ ਨੇ ਮਨੁੱਖਾਂ ਨੂੰ ਅਜਿਹਾ ਅਧਿਕਾਰ ਦਿੱਤਾ ਹੈ।
ਮੱਤੀ ਦਾ ਬੁਲਾਇਆ ਜਾਣਾ
9ਫਿਰ ਉੱਥੋਂ ਅੱਗੇ ਚੱਲ ਕੇ ਯਿਸੂ ਨੇ ਮੱਤੀ ਨਾਮਕ ਇੱਕ ਮਨੁੱਖ ਨੂੰ ਚੁੰਗੀ 'ਤੇ ਬੈਠੇ ਵੇਖਿਆ ਅਤੇ ਉਸ ਨੂੰ ਕਿਹਾ,“ਮੇਰੇ ਪਿੱਛੇ ਹੋ ਤੁਰ।” ਉਹ ਉੱਠ ਕੇ ਉਸ ਦੇ ਪਿੱਛੇ ਹੋ ਤੁਰਿਆ। 10ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਯਿਸੂ ਮੱਤੀ ਦੇ ਘਰ ਭੋਜਨ ਕਰਨ ਲਈ ਬੈਠਾ ਤਾਂ ਵੇਖੋ, ਬਹੁਤ ਸਾਰੇ ਮਹਿਸੂਲੀਏ ਅਤੇ ਪਾਪੀ ਆ ਕੇ ਯਿਸੂ ਅਤੇ ਉਸ ਦੇ ਚੇਲਿਆਂ ਨਾਲ ਭੋਜਨ ਕਰਨ ਲਈ ਬੈਠੇ। 11ਇਹ ਵੇਖ ਕੇ ਫ਼ਰੀਸੀਆਂ ਨੇ ਉਸ ਦੇ ਚੇਲਿਆਂ ਨੂੰ ਕਿਹਾ, “ਤੁਹਾਡਾ ਗੁਰੂ ਪਾਪੀਆਂ ਅਤੇ ਮਹਿਸੂਲੀਆਂ ਨਾਲ ਕਿਉਂ ਖਾਂਦਾ ਹੈ?” 12ਇਹ ਸੁਣ ਕੇ ਉਸ ਨੇ ਕਿਹਾ,“ਤੰਦਰੁਸਤਾਂ ਨੂੰ ਵੈਦ ਦੀ ਜ਼ਰੂਰਤ ਨਹੀਂ ਪਰ ਰੋਗੀਆਂ ਨੂੰ ਹੁੰਦੀ ਹੈ। 13ਪਰ ਤੁਸੀਂ ਜਾ ਕੇ ਇਸ ਦਾ ਅਰਥ ਸਿੱਖੋ:‘ਮੈਂ ਬਲੀਦਾਨ ਨਹੀਂ, ਪਰ ਦਇਆ ਚਾਹੁੰਦਾ ਹਾਂ’।#ਹੋਸ਼ੇਆ 6:6; ਮੱਤੀ 12:7ਕਿਉਂਕਿ ਮੈਂ ਧਰਮੀਆਂ ਨੂੰ ਨਹੀਂ, ਸਗੋਂ ਪਾਪੀਆਂ ਨੂੰ#9:13 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਤੋਬਾ ਦੇ ਲਈ” ਲਿਖਿਆ ਹੈ।ਬੁਲਾਉਣ ਆਇਆ ਹਾਂ।”
ਵਰਤ ਸੰਬੰਧੀ ਪ੍ਰਸ਼ਨ
14ਤਦ ਯੂਹੰਨਾ ਦੇ ਚੇਲਿਆਂ ਨੇ ਉਸ ਕੋਲ ਆ ਕੇ ਕਿਹਾ, “ਅਸੀਂ ਅਤੇ ਫ਼ਰੀਸੀ ਬਹੁਤ ਵਰਤ ਰੱਖਦੇ ਹਾਂ ਪਰ ਤੇਰੇ ਚੇਲੇ ਵਰਤ ਕਿਉਂ ਨਹੀਂ ਰੱਖਦੇ?” 15ਯਿਸੂ ਨੇ ਉਨ੍ਹਾਂ ਨੂੰ ਕਿਹਾ,“ਜਦੋਂ ਤੱਕ ਲਾੜਾ ਬਰਾਤੀਆਂ ਦੇ ਨਾਲ ਹੈ, ਕੀ ਉਹ ਸੋਗ ਕਰ ਸਕਦੇ ਹਨ? ਪਰ ਉਹ ਦਿਨ ਆਉਣਗੇ ਜਦੋਂ ਲਾੜਾ ਉਨ੍ਹਾਂ ਤੋਂ ਵੱਖ ਕੀਤਾ ਜਾਵੇਗਾ ਤਦ ਉਹ ਵਰਤ ਰੱਖਣਗੇ। 16ਕੋਈ ਵੀ ਪੁਰਾਣੇ ਕੱਪੜੇ ਨੂੰ ਨਵੇਂ ਕੱਪੜੇ ਦੀ ਟਾਕੀ ਨਹੀਂ ਲਾਉਂਦਾ, ਕਿਉਂਕਿ ਉਹ ਟਾਕੀ ਉਸ ਕੱਪੜੇ ਨੂੰ ਖਿੱਚ ਲੈਂਦੀ ਹੈ ਅਤੇ ਉਹ ਹੋਰ ਵੀ ਜ਼ਿਆਦਾ ਪਾਟ ਜਾਂਦਾ ਹੈ। 17ਨਾ ਹੀ ਲੋਕ ਨਵੀਂ ਮੈ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਭਰਦੇ ਹਨ, ਨਹੀਂ ਤਾਂ ਮਸ਼ਕਾਂ ਪਾਟ ਜਾਂਦੀਆਂ ਤੇ ਮੈ ਵਹਿ ਜਾਂਦੀ ਹੈ ਅਤੇ ਮਸ਼ਕਾਂ ਨਾਸ ਹੋ ਜਾਂਦੀਆਂ ਹਨ; ਪਰ ਨਵੀਂ ਮੈ ਨਵੀਆਂ ਮਸ਼ਕਾਂ ਵਿੱਚ ਭਰਦੇ ਹਨ ਅਤੇ ਦੋਵੇਂ ਬਚੇ ਰਹਿੰਦੇ ਹਨ।”
ਮੁਰਦਾ ਲੜਕੀ ਨੂੰ ਜਿਵਾਉਣਾ ਅਤੇ ਇੱਕ ਔਰਤ ਦਾ ਵਸਤਰ ਨੂੰ ਛੂਹਣਾ
18ਉਹ ਉਨ੍ਹਾਂ ਨੂੰ ਇਹ ਗੱਲਾਂ ਕਹਿ ਹੀ ਰਿਹਾ ਸੀ ਕਿ ਵੇਖੋ, ਇੱਕ ਅਧਿਕਾਰੀ ਨੇ ਆ ਕੇ ਉਸ ਨੂੰ ਮੱਥਾ ਟੇਕਿਆ ਅਤੇ ਕਿਹਾ, “ਮੇਰੀ ਬੇਟੀ ਹੁਣੇ-ਹੁਣੇ ਮਰੀ ਹੈ; ਪਰ ਤੂੰ ਆ ਕੇ ਉਸ ਉੱਤੇ ਆਪਣਾ ਹੱਥ ਰੱਖ ਤਾਂ ਉਹ ਜੀਉਂਦੀ ਹੋ ਜਾਵੇਗੀ।” 19ਤਦ ਯਿਸੂ ਉੱਠ ਕੇ ਆਪਣੇ ਚੇਲਿਆਂ ਸਮੇਤ ਉਸ ਦੇ ਪਿੱਛੇ ਚੱਲ ਪਿਆ 20ਅਤੇ ਵੇਖੋ, ਇੱਕ ਔਰਤ ਨੇ ਜਿਸ ਨੂੰ ਬਾਰਾਂ ਸਾਲਾਂ ਤੋਂ ਲਹੂ ਵਹਿਣ ਦਾ ਰੋਗ ਸੀ, ਪਿੱਛੋਂ ਦੀ ਆ ਕੇ ਉਸ ਦੇ ਵਸਤਰ ਦਾ ਪੱਲਾ ਛੂਹ ਲਿਆ। 21ਕਿਉਂਕਿ ਉਸ ਨੇ ਆਪਣੇ ਮਨ ਵਿੱਚ ਕਿਹਾ, “ਜੇ ਮੈਂ ਉਸ ਦਾ ਵਸਤਰ ਹੀ ਛੂਹ ਲਵਾਂ ਤਾਂ ਮੈਂ ਚੰਗੀ ਹੋ ਜਾਵਾਂਗੀ।” 22ਤਦ ਯਿਸੂ ਨੇ ਪਿੱਛੇ ਮੁੜ ਕੇ ਉਸ ਨੂੰ ਵੇਖਿਆ ਅਤੇ ਕਿਹਾ,“ਬੇਟੀ, ਹੌਸਲਾ ਰੱਖ! ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ।” ਅਤੇ ਉਹ ਔਰਤ ਉਸੇ ਘੜੀ ਚੰਗੀ ਹੋ ਗਈ। 23ਜਦੋਂ ਯਿਸੂ ਅਧਿਕਾਰੀ ਦੇ ਘਰ ਪਹੁੰਚਿਆ ਤਾਂ ਬੰਸਰੀ ਵਜਾਉਣ ਵਾਲਿਆਂ ਨੂੰ ਅਤੇ ਭੀੜ ਨੂੰ ਰੌਲ਼ਾ ਪਾਉਂਦੇ ਵੇਖ ਕੇ 24ਕਹਿਣ ਲੱਗਾ,“ਪਿੱਛੇ ਹਟੋ, ਕਿਉਂਕਿ ਲੜਕੀ ਮਰੀ ਨਹੀਂ, ਸਗੋਂ ਸੁੱਤੀ ਪਈ ਹੈ।” ਪਰ ਉਹ ਉਸ ਦਾ ਮਖੌਲ ਉਡਾਉਣ ਲੱਗੇ। 25ਜਦੋਂ ਭੀੜ ਨੂੰ ਬਾਹਰ ਕੱਢ ਦਿੱਤਾ ਗਿਆ ਤਾਂ ਉਸ ਨੇ ਅੰਦਰ ਜਾ ਕੇ ਲੜਕੀ ਦਾ ਹੱਥ ਫੜਿਆ ਅਤੇ ਉਹ ਜੀ ਉੱਠੀ। 26ਇਹ ਖ਼ਬਰ ਉਸ ਸਾਰੇ ਇਲਾਕੇ ਵਿੱਚ ਫੈਲ ਗਈ।
ਦੋ ਅੰਨ੍ਹੇ ਮਨੁੱਖਾਂ ਦਾ ਚੰਗਾ ਹੋਣਾ
27ਜਦੋਂ ਯਿਸੂ ਉੱਥੋਂ ਅੱਗੇ ਗਿਆ ਤਾਂ ਦੋ ਅੰਨ੍ਹੇ ਮਨੁੱਖ ਇਹ ਪੁਕਾਰਦੇ ਹੋਏ ਉਸ ਦੇ ਪਿੱਛੇ-ਪਿੱਛੇ ਆਏ, “ਹੇ ਦਾਊਦ ਦੇ ਪੁੱਤਰ, ਸਾਡੇ ਉੱਤੇ ਦਇਆ ਕਰ।” 28ਜਦੋਂ ਉਹ ਘਰ ਆਇਆ ਤਾਂ ਉਹ ਅੰਨ੍ਹੇ ਉਸ ਦੇ ਕੋਲ ਆਏ। ਯਿਸੂ ਨੇ ਉਨ੍ਹਾਂ ਨੂੰ ਕਿਹਾ,“ਤੁਹਾਨੂੰ ਵਿਸ਼ਵਾਸ ਹੈ ਕਿ ਮੈਂ ਇਹ ਕਰ ਸਕਦਾ ਹਾਂ?” ਉਨ੍ਹਾਂ ਉਸ ਨੂੰ ਕਿਹਾ, “ਹਾਂ, ਪ੍ਰਭੂ ਜੀ।” 29ਤਦ ਉਸ ਨੇ ਉਨ੍ਹਾਂ ਦੀਆਂ ਅੱਖਾਂ ਨੂੰ ਛੂਹ ਕੇ ਕਿਹਾ,“ਤੁਹਾਡੇ ਵਿਸ਼ਵਾਸ ਅਨੁਸਾਰ ਤੁਹਾਡੇ ਲਈ ਹੋਵੇ।” 30ਅਤੇ ਉਨ੍ਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ। ਤਦ ਯਿਸੂ ਨੇ ਉਨ੍ਹਾਂ ਨੂੰ ਸਖ਼ਤ ਚਿਤਾਵਨੀ ਦੇ ਕੇ ਕਿਹਾ,“ਵੇਖੋ, ਕਿਸੇ ਨੂੰ ਪਤਾ ਨਾ ਲੱਗੇ।” 31ਪਰ ਉਨ੍ਹਾਂ ਨੇ ਨਿੱਕਲ ਕੇ ਉਸ ਪੂਰੇ ਇਲਾਕੇ ਵਿੱਚ ਉਸ ਦਾ ਜਸ ਫੈਲਾ ਦਿੱਤਾ।
ਗੂੰਗੇ ਮਨੁੱਖ ਦਾ ਚੰਗਾ ਹੋਣਾ
32ਉਹ ਬਾਹਰ ਨਿੱਕਲ ਹੀ ਰਹੇ ਸਨ ਕਿ ਵੇਖੋ, ਲੋਕ ਇੱਕ ਗੂੰਗੇ ਮਨੁੱਖ ਨੂੰ ਉਸ ਦੇ ਕੋਲ ਲਿਆਏ ਜਿਹੜਾ ਦੁਸ਼ਟ ਆਤਮਾ ਨਾਲ ਜਕੜਿਆ ਹੋਇਆ ਸੀ 33ਅਤੇ ਜਦੋਂ ਦੁਸ਼ਟ ਆਤਮਾ ਕੱਢ ਦਿੱਤੀ ਗਈ ਤਾਂ ਉਹ ਗੂੰਗਾ ਬੋਲਣ ਲੱਗ ਪਿਆ ਅਤੇ ਲੋਕਾਂ ਨੇ ਹੈਰਾਨ ਹੋ ਕੇ ਕਿਹਾ, “ਇਸਰਾਏਲ ਵਿੱਚ ਅਜਿਹਾ ਕਦੇ ਨਹੀਂ ਵੇਖਿਆ ਗਿਆ।” 34ਪਰ ਫ਼ਰੀਸੀ ਕਹਿਣ ਲੱਗੇ, “ਇਹ ਦੁਸ਼ਟ ਆਤਮਾਵਾਂ ਦੇ ਪ੍ਰਧਾਨ ਦੀ ਸਹਾਇਤਾ ਨਾਲ ਦੁਸ਼ਟ ਆਤਮਾਵਾਂ ਨੂੰ ਕੱਢਦਾ ਹੈ।”
ਯਿਸੂ ਮਸੀਹ ਦਾ ਤਰਸ
35ਯਿਸੂ ਉਨ੍ਹਾਂ ਦੇ ਸਭਾ-ਘਰਾਂ ਵਿੱਚ ਉਪਦੇਸ਼ ਦਿੰਦਾ ਅਤੇ ਰਾਜ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਦਾ ਅਤੇ#9:35 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਲੋਕਾਂ ਵਿੱਚੋਂ” ਲਿਖਿਆ ਹੈ। ਹਰੇਕ ਬਿਮਾਰੀ ਅਤੇ ਹਰੇਕ ਮਾਂਦਗੀ ਨੂੰ ਦੂਰ ਕਰਦਾ ਹੋਇਆ ਸਾਰੇ ਪਿੰਡਾਂ ਅਤੇ ਨਗਰਾਂ ਵਿੱਚ ਘੁੰਮਦਾ ਰਿਹਾ। 36ਜਦੋਂ ਉਸ ਨੇ ਭੀੜ ਨੂੰ ਵੇਖਿਆ ਤਾਂ ਉਸ ਨੂੰ ਉਨ੍ਹਾਂ 'ਤੇ ਤਰਸ ਆਇਆ ਕਿਉਂਕਿ ਉਹ ਬਿਨਾਂ ਚਰਵਾਹੇ ਦੀਆਂ ਭੇਡਾਂ ਵਾਂਗ ਪਰੇਸ਼ਾਨ#9:36 ਕੁਝ ਹਸਤਲੇਖਾਂ ਵਿੱਚ “ਪਰੇਸ਼ਾਨ” ਦੇ ਸਥਾਨ 'ਤੇ “ਥੱਕੇ” ਲਿਖਿਆ ਹੈ। ਅਤੇ ਭਟਕੇ ਹੋਏ ਸਨ। 37ਤਦ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ,“ਪੱਕੀ ਹੋਈ ਫ਼ਸਲ ਤਾਂ ਬਹੁਤ ਹੈ ਪਰ ਵਾਢੇ ਥੋੜ੍ਹੇ ਹਨ; 38ਇਸ ਲਈ ਤੁਸੀਂ ਫ਼ਸਲ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਆਪਣੀ ਫ਼ਸਲ ਲਈ ਵਾਢੇ ਭੇਜ ਦੇਵੇ।”

Pašlaik izvēlēts:

ਮੱਤੀ 9: PSB

Izceltais

Dalīties

Kopēt

None

Vai vēlies, lai tevis izceltie teksti tiktu saglabāti visās tavās ierīcēs? Reģistrējieties vai pierakstieties