ਮੱਤੀ 4

4
ਯਿਸੂ ਦਾ ਪਰਤਾਇਆ ਜਾਣਾ
1ਫਿਰ ਆਤਮਾ ਯਿਸੂ ਨੂੰ ਉਜਾੜ ਵਿੱਚ ਲੈ ਗਿਆ ਕਿ ਉਹ ਸ਼ੈਤਾਨ ਦੁਆਰਾ ਪਰਤਾਇਆ ਜਾਵੇ 2ਅਤੇ ਚਾਲੀ ਦਿਨ ਤੇ ਚਾਲੀ ਰਾਤ ਵਰਤ ਰੱਖਣ ਤੋਂ ਬਾਅਦ ਉਸ ਨੂੰ ਭੁੱਖ ਲੱਗੀ। 3ਤਦ ਪਰਤਾਉਣ ਵਾਲੇ ਨੇ ਕੋਲ ਆ ਕੇ ਉਸ ਨੂੰ ਕਿਹਾ, “ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈਂ, ਤਾਂ ਕਹਿ ਕਿ ਇਹ ਪੱਥਰ ਰੋਟੀਆਂ ਬਣ ਜਾਣ।” 4ਪਰ ਉਸ ਨੇ ਉੱਤਰ ਦਿੱਤਾ,“ਲਿਖਿਆ ਹੈ:
ਮਨੁੱਖ ਸਿਰਫ ਰੋਟੀ ਨਾਲ ਨਹੀਂ,
ਸਗੋਂ ਪਰਮੇਸ਼ਰ ਦੇ
ਮੁੱਖ ਤੋਂ ਨਿੱਕਲਣ ਵਾਲੇ ਹਰੇਕ ਵਚਨ ਨਾਲ
ਜੀਉਂਦਾ ਰਹੇਗਾ।” # ਬਿਵਸਥਾ 8:3
5ਤਦ ਸ਼ੈਤਾਨ ਉਸ ਨੂੰ ਪਵਿੱਤਰ ਨਗਰ ਵਿੱਚ ਲੈ ਗਿਆ ਅਤੇ ਹੈਕਲ ਦੇ ਸਿਖਰ ਉੱਤੇ ਖੜ੍ਹਾ ਕਰਕੇ ਕਿਹਾ, 6“ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈਂ ਤਾਂ ਆਪਣੇ ਆਪ ਨੂੰ ਹੇਠਾਂ ਸੁੱਟ ਦੇ, ਕਿਉਂਕਿ ਲਿਖਿਆ ਹੈ:
ਉਹ ਤੇਰੇ ਲਈ ਆਪਣੇ ਦੂਤਾਂ ਨੂੰ ਹੁਕਮ ਦੇਵੇਗਾ
ਅਤੇ ਉਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ,
ਕਿਤੇ ਅਜਿਹਾ ਨਾ ਹੋਵੇ ਕਿ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ।” # ਜ਼ਬੂਰ 91:11-12
7ਯਿਸੂ ਨੇ ਉਸ ਨੂੰ ਕਿਹਾ,“ਇਹ ਵੀ ਲਿਖਿਆ ਹੈ:‘ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਨਾ ਪਰਤਾ’।”#ਬਿਵਸਥਾ 6:16 8ਸ਼ੈਤਾਨ ਫੇਰ ਉਸ ਨੂੰ ਇੱਕ ਬਹੁਤ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਸੰਸਾਰ ਦੇ ਸਾਰੇ ਰਾਜ ਅਤੇ ਉਨ੍ਹਾਂ ਦੀ ਸ਼ਾਨ ਉਸ ਨੂੰ ਵਿਖਾਈ 9ਅਤੇ ਉਸ ਨੂੰ ਕਿਹਾ, “ਜੇ ਤੂੰ ਝੁਕ ਕੇ ਮੈਨੂੰ ਮੱਥਾ ਟੇਕੇਂ ਤਾਂ ਇਹ ਸਭ ਮੈਂ ਤੈਨੂੰ ਦੇ ਦਿਆਂਗਾ।” 10ਤਦ ਯਿਸੂ ਨੇ ਉਸ ਨੂੰ ਕਿਹਾ,“ਹੇ ਸ਼ੈਤਾਨ, ਚਲਾ ਜਾ, ਕਿਉਂਕਿ ਲਿਖਿਆ ਹੈ:
ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਹੀ ਮੱਥਾ ਟੇਕ
ਅਤੇ ਸਿਰਫ ਉਸੇ ਦੀ ਸੇਵਾ ਕਰ।” # ਬਿਵਸਥਾ 6:13
11ਤਦ ਸ਼ੈਤਾਨ ਉਸ ਨੂੰ ਛੱਡ ਕੇ ਚਲਾ ਗਿਆ ਅਤੇ ਵੇਖੋ, ਸਵਰਗਦੂਤ ਆ ਕੇ ਉਸ ਦੀ ਟਹਿਲ ਸੇਵਾ ਕਰਨ ਲੱਗੇ।
ਗਲੀਲ ਵਿੱਚ ਯਿਸੂ ਦੁਆਰਾ ਪ੍ਰਚਾਰ ਦਾ ਅਰੰਭ
12ਜਦੋਂ ਯਿਸੂ ਨੇ ਸੁਣਿਆ ਕਿ ਯੂਹੰਨਾ ਨੂੰ ਕੈਦ ਕਰ ਲਿਆ ਗਿਆ ਹੈ ਤਾਂ ਉਹ ਗਲੀਲ ਨੂੰ ਚਲਾ ਗਿਆ 13ਅਤੇ ਨਾਸਰਤ ਨੂੰ ਛੱਡ ਕੇ ਕਫ਼ਰਨਾਹੂਮ ਵਿੱਚ ਜਾ ਵੱਸਿਆ ਜੋ ਝੀਲ ਦੇ ਕਿਨਾਰੇ ਜ਼ਬੂਲੂਨ ਅਤੇ ਨਫ਼ਤਾਲੀ ਦੇ ਇਲਾਕੇ ਵਿੱਚ ਹੈ, 14ਤਾਂਕਿ ਉਹ ਵਚਨ ਜਿਹੜਾ ਯਸਾਯਾਹ ਨਬੀ ਰਾਹੀਂ ਕਿਹਾ ਗਿਆ ਸੀ, ਪੂਰਾ ਹੋਵੇ:
15 ਜ਼ਬੂਲੂਨ ਅਤੇ ਨਫ਼ਤਾਲੀ ਦੀ ਧਰਤੀ,
ਸਮੁੰਦਰ ਦੇ ਰਾਹ ਯਰਦਨ ਦੇ ਪਾਰ,
ਪਰਾਈਆਂ ਕੌਮਾਂ ਦਾ ਗਲੀਲ —
16 ਜਿਹੜੇ ਲੋਕ ਹਨੇਰੇ ਵਿੱਚ ਬੈਠੇ ਸਨ,
ਉਨ੍ਹਾਂ ਨੇ ਇੱਕ ਵੱਡਾ ਚਾਨਣ ਵੇਖਿਆ
ਅਤੇ ਜਿਹੜੇ ਮੌਤ ਦੇ ਦੇਸ ਅਤੇ ਮੌਤ ਦੇ ਸਾਯੇ ਵਿੱਚ ਬੈਠੇ ਸਨ, ਉਨ੍ਹਾਂ ਉੱਤੇ
ਚਾਨਣ ਚਮਕਿਆ। # ਯਸਾਯਾਹ 9:1-2
17ਉਸ ਸਮੇਂ ਤੋਂ ਯਿਸੂ ਨੇ ਪ੍ਰਚਾਰ ਕਰਨਾ ਅਤੇ ਇਹ ਕਹਿਣਾ ਅਰੰਭ ਕੀਤਾ,“ਤੋਬਾ ਕਰੋ, ਕਿਉਂਕਿ ਸਵਰਗ ਦਾ ਰਾਜ ਨੇੜੇ ਆਇਆ ਹੈ।”
ਪਹਿਲੇ ਚਾਰ ਚੇਲਿਆਂ ਦਾ ਬੁਲਾਇਆ ਜਾਣਾ
18ਫਿਰ ਗਲੀਲ ਦੀ ਝੀਲ ਦੇ ਕਿਨਾਰੇ ਚੱਲਦੇ ਹੋਏ ਉਸ ਨੇ ਦੋ ਭਰਾਵਾਂ ਅਰਥਾਤ ਸ਼ਮਊਨ ਨੂੰ ਜੋ ਪਤਰਸ ਕਹਾਉਂਦਾ ਹੈ ਅਤੇ ਉਸ ਦੇ ਭਰਾ ਅੰਦ੍ਰਿਯਾਸ ਨੂੰ ਝੀਲ ਵਿੱਚ ਜਾਲ਼ ਪਾਉਂਦੇ ਵੇਖਿਆ, ਕਿਉਂਕਿ ਉਹ ਮਛੇਰੇ ਸਨ। 19ਯਿਸੂ ਨੇ ਉਨ੍ਹਾਂ ਨੂੰ ਕਿਹਾ,“ਮੇਰੇ ਪਿੱਛੇ ਆਓ ਅਤੇ ਮੈਂ ਤੁਹਾਨੂੰ ਮਨੁੱਖਾਂ ਦੇ ਮਛੇਰੇ ਬਣਾਵਾਂਗਾ।” 20ਉਹ ਤੁਰੰਤ ਜਾਲ਼ ਛੱਡ ਕੇ ਉਸ ਦੇ ਪਿੱਛੇ ਚੱਲ ਪਏ। 21ਉੱਥੋਂ ਅੱਗੇ ਜਾ ਕੇ ਉਸ ਨੇ ਹੋਰ ਦੋ ਭਰਾਵਾਂ ਅਰਥਾਤ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਉਸ ਦੇ ਭਰਾ ਯੂਹੰਨਾ ਨੂੰ ਆਪਣੇ ਪਿਤਾ ਜ਼ਬਦੀ ਨਾਲ ਕਿਸ਼ਤੀ ਵਿੱਚ ਆਪਣੇ ਜਾਲ਼ਾਂ ਨੂੰ ਸੁਧਾਰਦੇ ਵੇਖਿਆ ਅਤੇ ਉਨ੍ਹਾਂ ਨੂੰ ਬੁਲਾਇਆ; 22ਉਹ ਤੁਰੰਤ ਕਿਸ਼ਤੀ ਅਤੇ ਆਪਣੇ ਪਿਤਾ ਨੂੰ ਛੱਡ ਕੇ ਉਸ ਦੇ ਪਿੱਛੇ ਚੱਲ ਪਏ।
ਯਿਸੂ ਦੁਆਰਾ ਬਿਮਾਰਾਂ ਨੂੰ ਚੰਗਾ ਕਰਨਾ
23ਉਹ ਸਾਰੇ ਗਲੀਲ ਵਿੱਚ ਘੁੰਮਦਾ ਹੋਇਆ ਉਨ੍ਹਾਂ ਦੇ ਸਭਾ-ਘਰਾਂ ਵਿੱਚ ਉਪਦੇਸ਼ ਦਿੰਦਾ ਅਤੇ ਰਾਜ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਦਾ ਅਤੇ ਲੋਕਾਂ ਦੀ ਹਰੇਕ ਬਿਮਾਰੀ ਤੇ ਹਰੇਕ ਮਾਂਦਗੀ ਨੂੰ ਦੂਰ ਕਰਦਾ ਰਿਹਾ। 24ਸਾਰੇ ਸੁਰਿਯਾ#4:24 ਆਧੁਨਿਕ ਨਾਮ ਸੀਰੀਆ ਵਿੱਚ ਉਸ ਦਾ ਜਸ ਫੈਲ ਗਿਆ ਅਤੇ ਲੋਕ ਸਭ ਰੋਗੀਆਂ ਨੂੰ ਜਿਹੜੇ ਕਈ ਤਰ੍ਹਾਂ ਦੇ ਦੁੱਖਾਂ, ਬਿਮਾਰੀਆਂ ਅਤੇ ਦੁਸ਼ਟ ਆਤਮਾਵਾਂ ਨਾਲ ਜਕੜੇ ਹੋਏ ਸਨ ਤੇ ਮਿਰਗੀ ਵਾਲਿਆਂ ਅਤੇ ਅਧਰੰਗੀਆਂ ਨੂੰ ਉਸ ਕੋਲ ਲਿਆਏ ਅਤੇ ਉਸ ਨੇ ਉਨ੍ਹਾਂ ਨੂੰ ਚੰਗਾ ਕੀਤਾ। 25ਇੱਕ ਵੱਡੀ ਭੀੜ ਗਲੀਲ, ਦਿਕਾਪੁਲਿਸ, ਯਰੂਸ਼ਲਮ, ਯਹੂਦਿਯਾ ਅਤੇ ਯਰਦਨ ਦੇ ਪਾਰੋਂ ਉਸ ਦੇ ਪਿੱਛੇ ਚੱਲ ਪਈ।

Marker

Del

Kopier

None

Vil du ha høydepunktene lagret på alle enhetene dine? Registrer deg eller logg på