ਮੱਤੀ 8

8
ਕੋੜ੍ਹੀ ਦਾ ਸ਼ੁੱਧ ਹੋਣਾ
1ਜਦੋਂ ਯਿਸੂ ਪਹਾੜ ਤੋਂ ਹੇਠਾਂ ਉੱਤਰਿਆ ਤਾਂ ਵੱਡੀ ਭੀੜ ਉਸ ਦੇ ਪਿੱਛੇ ਚੱਲ ਪਈ 2ਅਤੇ ਵੇਖੋ, ਇੱਕ ਕੋੜ੍ਹੀ ਨੇ ਕੋਲ ਆ ਕੇ ਉਸ ਨੂੰ ਮੱਥਾ ਟੇਕਿਆ ਅਤੇ ਕਿਹਾ, “ਹੇ ਪ੍ਰਭੂ! ਜੇ ਤੂੰ ਚਾਹੇਂ ਤਾਂ ਮੈਨੂੰ ਸ਼ੁੱਧ ਕਰ ਸਕਦਾ ਹੈਂ।” 3ਉਸ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਛੂਹਿਆ ਅਤੇ ਕਿਹਾ,“ਮੈਂ ਚਾਹੁੰਦਾ ਹਾਂ; ਤੂੰ ਸ਼ੁੱਧ ਹੋ ਜਾ।” ਅਤੇ ਉਸੇ ਵੇਲੇ ਉਸ ਦਾ ਕੋੜ੍ਹ ਜਾਂਦਾ ਰਿਹਾ। 4ਤਦ ਯਿਸੂ ਨੇ ਉਸ ਨੂੰ ਕਿਹਾ,“ਵੇਖ, ਕਿਸੇ ਨੂੰ ਨਾ ਦੱਸੀਂ ਪਰ ਜਾ ਕੇ ਆਪਣੇ ਆਪ ਨੂੰ ਯਾਜਕ ਨੂੰ ਵਿਖਾ ਅਤੇ ਉਹ ਭੇਟ ਚੜ੍ਹਾ ਜਿਸ ਦੀ ਆਗਿਆ ਮੂਸਾ ਨੇ ਦਿੱਤੀ ਹੈ ਤਾਂਕਿ ਉਨ੍ਹਾਂ ਲਈ ਗਵਾਹੀ ਹੋਵੇ।”
ਸੂਬੇਦਾਰ ਦਾ ਵਿਸ਼ਵਾਸ
5ਜਦੋਂ ਉਸ ਨੇ ਕਫ਼ਰਨਾਹੂਮ ਵਿੱਚ ਪ੍ਰਵੇਸ਼ ਕੀਤਾ ਤਾਂ ਇੱਕ ਸੂਬੇਦਾਰ ਉਸ ਕੋਲ ਆਇਆ ਅਤੇ ਉਸ ਨੂੰ ਮਿੰਨਤ ਕਰਕੇ ਕਹਿਣ ਲੱਗਾ, 6“ਹੇ ਪ੍ਰਭੂ, ਮੇਰਾ ਸੇਵਕ ਅਧਰੰਗ ਦਾ ਮਾਰਿਆ ਘਰ ਵਿੱਚ ਪਿਆ ਹੈ ਅਤੇ ਬਹੁਤ ਕਸ਼ਟ ਵਿੱਚ ਹੈ।” 7ਯਿਸੂ ਨੇ ਉਸ ਨੂੰ ਕਿਹਾ,“ਮੈਂ ਆ ਕੇ ਉਸ ਨੂੰ ਚੰਗਾ ਕਰਾਂਗਾ।” 8ਪਰ ਸੂਬੇਦਾਰ ਨੇ ਉੱਤਰ ਦਿੱਤਾ, “ਹੇ ਪ੍ਰਭੂ, ਮੈਂ ਇਸ ਯੋਗ ਨਹੀਂ ਕਿ ਤੂੰ ਮੇਰੀ ਛੱਤ ਹੇਠ ਆਵੇਂ, ਪਰ ਕੇਵਲ ਵਚਨ ਹੀ ਕਹਿ ਦੇ ਤਾਂ ਮੇਰਾ ਸੇਵਕ ਚੰਗਾ ਹੋ ਜਾਵੇਗਾ। 9ਕਿਉਂਕਿ ਮੈਂ ਵੀ ਅਧਿਕਾਰ ਅਧੀਨ ਇੱਕ ਮਨੁੱਖ ਹਾਂ ਅਤੇ ਸਿਪਾਹੀ ਮੇਰੇ ਅਧੀਨ ਹਨ। ਜਦੋਂ ਮੈਂ ਇੱਕ ਨੂੰ ਕਹਿੰਦਾ ਹਾਂ ‘ਜਾ’ ਤਾਂ ਉਹ ਜਾਂਦਾ ਹੈ ਅਤੇ ਦੂਜੇ ਨੂੰ ‘ਆ’ ਤਾਂ ਉਹ ਆਉਂਦਾ ਹੈ ਅਤੇ ਆਪਣੇ ਦਾਸ ਨੂੰ ਕਹਿੰਦਾ ਹਾਂ ‘ਇਹ ਕਰ’ ਤਾਂ ਉਹ ਕਰਦਾ ਹੈ।” 10ਇਹ ਸੁਣ ਕੇ ਯਿਸੂ ਹੈਰਾਨ ਹੋਇਆ ਅਤੇ ਆਪਣੇ ਪਿੱਛੇ ਆਉਣ ਵਾਲਿਆਂ ਨੂੰ ਕਿਹਾ,“ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਮੈਂ ਇਸਰਾਏਲ ਵਿੱਚ#8:10 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਵੀ” ਲਿਖਿਆ ਹੈ।ਐਨਾ ਵੱਡਾ ਵਿਸ਼ਵਾਸ ਕਿਸੇ ਦਾ ਨਹੀਂ ਵੇਖਿਆ। 11ਮੈਂ ਤੁਹਾਨੂੰ ਕਹਿੰਦਾ ਹਾਂ ਕਿ ਪੂਰਬ ਅਤੇ ਪੱਛਮ ਤੋਂ ਬਹੁਤ ਸਾਰੇ ਆਉਣਗੇ ਅਤੇ ਸਵਰਗ ਦੇ ਰਾਜ ਵਿੱਚ ਅਬਰਾਹਾਮ, ਇਸਹਾਕ ਅਤੇ ਯਾਕੂਬ ਦੇ ਨਾਲ ਭੋਜਨ ਕਰਨ ਲਈ ਬੈਠਣਗੇ। 12ਪਰ ਰਾਜ ਦੇ ਪੁੱਤਰ ਬਾਹਰ ਅੰਧਘੋਰ ਵਿੱਚ ਸੁੱਟੇ ਜਾਣਗੇ; ਉੱਥੇ ਰੋਣਾ ਅਤੇ ਦੰਦਾਂ ਦਾ ਪੀਸਣਾ ਹੋਵੇਗਾ।” 13ਤਦ ਯਿਸੂ ਨੇ ਸੂਬੇਦਾਰ ਨੂੰ ਕਿਹਾ,“ਜਾ, ਜਿਵੇਂ ਤੂੰ ਵਿਸ਼ਵਾਸ ਕੀਤਾ, ਤੇਰੇ ਲਈ ਉਸੇ ਤਰ੍ਹਾਂ ਹੋਵੇ।” ਅਤੇ ਉਸ ਦਾ ਸੇਵਕ ਉਸੇ ਘੜੀ ਚੰਗਾ ਹੋ ਗਿਆ।
ਕਫ਼ਰਨਾਹੂਮ ਵਿੱਚ ਬਹੁਤ ਸਾਰੇ ਲੋਕਾਂ ਦਾ ਚੰਗਾ ਹੋਣਾ
14ਜਦੋਂ ਯਿਸੂ ਪਤਰਸ ਦੇ ਘਰ ਆਇਆ ਤਾਂ ਉਸ ਦੀ ਸੱਸ ਨੂੰ ਬੁਖਾਰ ਨਾਲ ਪਈ ਵੇਖਿਆ। 15ਤਦ ਯਿਸੂ ਨੇ ਉਸ ਦੇ ਹੱਥ ਨੂੰ ਛੂਹਿਆ ਅਤੇ ਉਸ ਦਾ ਬੁਖਾਰ ਉੱਤਰ ਗਿਆ ਅਤੇ ਉਹ ਉੱਠ ਕੇ ਉਸ ਦੀ ਟਹਿਲ ਸੇਵਾ ਕਰਨ ਲੱਗੀ। 16ਜਦੋਂ ਸ਼ਾਮ ਹੋਈ ਤਾਂ ਉਹ ਬਹੁਤ ਸਾਰੇ ਲੋਕਾਂ ਨੂੰ ਉਸ ਦੇ ਕੋਲ ਲਿਆਏ ਜਿਹੜੇ ਦੁਸ਼ਟ ਆਤਮਾਵਾਂ ਨਾਲ ਜਕੜੇ ਹੋਏ ਸਨ ਅਤੇ ਉਸ ਨੇ ਕੇਵਲ ਸ਼ਬਦਾਂ ਨਾਲ ਆਤਮਾਵਾਂ ਨੂੰ ਕੱਢ ਦਿੱਤਾ ਅਤੇ ਸਾਰੇ ਰੋਗੀਆਂ ਨੂੰ ਚੰਗਾ ਕਰ ਦਿੱਤਾ। 17ਇਸ ਲਈ ਕਿ ਉਹ ਵਚਨ ਜਿਹੜਾ ਯਸਾਯਾਹ ਨਬੀ ਰਾਹੀਂ ਕਿਹਾ ਗਿਆ ਸੀ, ਪੂਰਾ ਹੋਵੇ:
ਉਸ ਨੇ ਸਾਡੀਆਂ ਨਿਰਬਲਤਾਈਆਂ ਨੂੰ ਲੈ ਲਿਆ
ਅਤੇ ਸਾਡੀਆਂ ਬਿਮਾਰੀਆਂ ਨੂੰ ਚੁੱਕ ਲਿਆ। # ਯਸਾਯਾਹ 53:4
ਯਿਸੂ ਦੇ ਪਿੱਛੇ ਚੱਲਣ ਦੀ ਕੀਮਤ
18ਫਿਰ ਯਿਸੂ ਨੇ ਆਪਣੇ ਆਲੇ-ਦੁਆਲੇ#8:18 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਵੱਡੀ” ਲਿਖਿਆ ਹੈ। ਭੀੜ ਨੂੰ ਵੇਖ ਕੇ ਦੂਜੇ ਪਾਸੇ ਜਾਣ ਦਾ ਹੁਕਮ ਦਿੱਤਾ। 19ਤਦ ਇੱਕ ਸ਼ਾਸਤਰੀ ਨੇ ਕੋਲ ਆ ਕੇ ਉਸ ਨੂੰ ਕਿਹਾ, “ਗੁਰੂ ਜੀ, ਜਿੱਥੇ ਕਿਤੇ ਵੀ ਤੂੰ ਜਾਵੇਂ, ਮੈਂ ਤੇਰੇ ਪਿੱਛੇ ਚੱਲਾਂਗਾ।” 20ਯਿਸੂ ਨੇ ਉਸ ਨੂੰ ਕਿਹਾ,“ਲੂੰਬੜੀਆਂ ਦੇ ਘੁਰਨੇ ਅਤੇ ਅਕਾਸ਼ ਦੇ ਪੰਛੀਆਂ ਦੇ ਆਲ੍ਹਣੇ ਹਨ, ਪਰ ਮਨੁੱਖ ਦੇ ਪੁੱਤਰ ਕੋਲ ਸਿਰ ਧਰਨ ਦੀ ਵੀ ਥਾਂ ਨਹੀਂ ਹੈ।” 21ਉਸ ਦੇ ਚੇਲਿਆਂ ਵਿੱਚੋਂ ਇੱਕ ਹੋਰ ਨੇ ਉਸ ਨੂੰ ਕਿਹਾ, “ਪ੍ਰਭੂ, ਮੈਨੂੰ ਆਗਿਆ ਦੇ ਕਿ ਪਹਿਲਾਂ ਜਾ ਕੇ ਆਪਣੇ ਪਿਤਾ ਨੂੰ ਦਫ਼ਨਾਵਾਂ।” 22ਪਰ ਯਿਸੂ ਨੇ ਉਸ ਨੂੰ ਕਿਹਾ,“ਤੂੰ ਮੇਰੇ ਪਿੱਛੇ ਚੱਲ ਅਤੇ ਮੁਰਦਿਆਂ ਨੂੰ ਆਪਣੇ ਮੁਰਦੇ ਦਫ਼ਨਾਉਣ ਦੇ।”
ਤੂਫਾਨ ਨੂੰ ਸ਼ਾਂਤ ਕਰਨਾ
23ਜਦੋਂ ਉਹ ਕਿਸ਼ਤੀ ਉੱਤੇ ਚੜ੍ਹਿਆ ਤਾਂ ਉਸ ਦੇ ਚੇਲੇ ਵੀ ਉਸ ਦੇ ਨਾਲ ਚੱਲ ਪਏ 24ਅਤੇ ਵੇਖੋ, ਝੀਲ ਵਿੱਚ ਐਨਾ ਵੱਡਾ ਤੂਫਾਨ ਆਇਆ ਕਿ ਲਹਿਰਾਂ ਕਿਸ਼ਤੀ ਨੂੰ ਢਕਣ ਲੱਗੀਆਂ; ਪਰ ਉਹ ਸੁੱਤਾ ਹੋਇਆ ਸੀ। 25ਤਦ ਉਨ੍ਹਾਂ ਨੇ ਕੋਲ ਆ ਕੇ ਉਸ ਨੂੰ ਜਗਾਇਆ ਅਤੇ ਕਿਹਾ, “ਹੇ ਪ੍ਰਭੂ, ਬਚਾਅ! ਅਸੀਂ ਮਰਨ ਵਾਲੇ ਹਾਂ।” 26ਉਸ ਨੇ ਉਨ੍ਹਾਂ ਨੂੰ ਕਿਹਾ,“ਹੇ ਥੋੜ੍ਹੇ ਵਿਸ਼ਵਾਸ ਵਾਲਿਓ, ਤੁਸੀਂ ਕਿਉਂ ਡਰਦੇ ਹੋ?” ਤਦ ਉਸ ਨੇ ਉੱਠ ਕੇ ਹਵਾ ਅਤੇ ਝੀਲ ਨੂੰ ਝਿੜਕਿਆ ਅਤੇ ਚਾਰੇ ਪਾਸੇ ਵੱਡੀ ਸ਼ਾਂਤੀ ਹੋ ਗਈ। 27ਉਹ ਮਨੁੱਖ ਹੈਰਾਨ ਹੋ ਕੇ ਕਹਿਣ ਲੱਗੇ, “ਇਹ ਕਿਹੋ ਜਿਹਾ ਮਨੁੱਖ ਹੈ ਕਿ ਹਵਾ ਅਤੇ ਝੀਲ ਵੀ ਇਸ ਦਾ ਹੁਕਮ ਮੰਨਦੇ ਹਨ?”
ਦੁਸ਼ਟ ਆਤਮਾ ਨਾਲ ਜਕੜੇ ਮਨੁੱਖਾਂ ਦਾ ਚੰਗਾ ਹੋਣਾ
28ਜਦੋਂ ਯਿਸੂ ਉਸ ਪਾਰ ਗਦਰੀਨੀਆਂ ਦੇ ਇਲਾਕੇ ਵਿੱਚ ਪਹੁੰਚਿਆ ਤਾਂ ਦੋ ਮਨੁੱਖ ਕਬਰਾਂ ਵਿੱਚੋਂ ਨਿੱਕਲ ਕੇ ਉਸ ਨੂੰ ਮਿਲੇ ਜਿਹੜੇ ਦੁਸ਼ਟ ਆਤਮਾਵਾਂ ਨਾਲ ਜਕੜੇ ਹੋਏ ਸਨ। ਉਹ ਐਨੇ ਖਤਰਨਾਕ ਸਨ ਕਿ ਕੋਈ ਵੀ ਉਸ ਰਾਹ ਤੋਂ ਲੰਘ ਨਹੀਂ ਸੀ ਸਕਦਾ 29ਅਤੇ ਵੇਖੋ, ਉਨ੍ਹਾਂ ਨੇ ਚੀਕ ਕੇ ਕਿਹਾ, “ਹੇ ਪਰਮੇਸ਼ਰ ਦੇ ਪੁੱਤਰ#8:29 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਯਿਸੂ” ਲਿਖਿਆ ਹੈ।, ਤੇਰਾ ਸਾਡੇ ਨਾਲ ਕੀ ਕੰਮ? ਕੀ ਤੂੰ ਸਮੇਂ ਤੋਂ ਪਹਿਲਾਂ ਇੱਥੇ ਸਾਨੂੰ ਦੁੱਖ ਦੇਣ ਆਇਆ ਹੈਂ?” 30ਉਨ੍ਹਾਂ ਤੋਂ ਕੁਝ ਦੂਰੀ ਤੇ ਬਹੁਤ ਸਾਰੇ ਸੂਰਾਂ ਦਾ ਇੱਕ ਝੁੰਡ ਚਰਦਾ ਸੀ। 31ਦੁਸ਼ਟ ਆਤਮਾਵਾਂ ਉਸ ਅੱਗੇ ਮਿੰਨਤ ਕਰਕੇ ਕਹਿਣ ਲੱਗੀਆਂ, “ਜੇ ਤੂੰ ਸਾਨੂੰ ਬਾਹਰ ਕੱਢਣਾ ਹੈ ਤਾਂ ਇਨ੍ਹਾਂ ਸੂਰਾਂ ਦੇ ਝੁੰਡ ਵਿੱਚ ਭੇਜ ਦੇ#8:31 ਕੁਝ ਹਸਤਲੇਖਾਂ ਵਿੱਚ “ਭੇਜ ਦੇ” ਦੇ ਸਥਾਨ 'ਤੇ “ਜਾਣ ਦੇ” ਲਿਖਿਆ ਹੈ।।” 32ਉਸ ਨੇ ਉਨ੍ਹਾਂ ਨੂੰ ਕਿਹਾ,“ਜਾਓ।” ਤਦ ਉਹ ਨਿੱਕਲ ਕੇ ਸੂਰਾਂ#8:32 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਦੇ ਝੁੰਡ” ਲਿਖਿਆ ਹੈ। ਵਿੱਚ ਜਾ ਵੜੀਆਂ ਅਤੇ ਵੇਖੋ, ਸਾਰਾ ਝੁੰਡ ਢਲਾਣ ਤੋਂ ਹੇਠਾਂ ਤੇਜੀ ਨਾਲ ਝੀਲ ਵੱਲ ਦੌੜਿਆ ਅਤੇ ਪਾਣੀ ਵਿੱਚ ਡੁੱਬ ਮਰਿਆ। 33ਤਦ ਚਰਵਾਹੇ ਦੌੜੇ ਅਤੇ ਨਗਰ ਵਿੱਚ ਜਾ ਕੇ ਸਾਰੀ ਘਟਨਾ ਬਾਰੇ ਅਤੇ ਉਨ੍ਹਾਂ ਮਨੁੱਖਾਂ ਬਾਰੇ ਦੱਸਿਆ ਜਿਹੜੇ ਦੁਸ਼ਟ ਆਤਮਾਵਾਂ ਨਾਲ ਜਕੜੇ ਹੋਏ ਸਨ 34ਅਤੇ ਵੇਖੋ, ਸਾਰਾ ਨਗਰ ਯਿਸੂ ਨੂੰ ਮਿਲਣ ਲਈ ਨਿੱਕਲ ਆਇਆ ਅਤੇ ਉਸ ਨੂੰ ਵੇਖ ਕੇ ਮਿੰਨਤ ਕੀਤੀ ਕਿ ਉਹ ਉਨ੍ਹਾਂ ਦੀਆਂ ਹੱਦਾਂ ਵਿੱਚੋਂ ਚਲਾ ਜਾਵੇ।

Obecnie wybrane:

ਮੱਤੀ 8: PSB

Podkreślenie

Udostępnij

Kopiuj

None

Chcesz, aby twoje zakreślenia były zapisywane na wszystkich twoich urządzeniach? Zarejestruj się lub zaloguj