14
ਪਰਮੇਸ਼ਵਰ ਤੱਕ ਪਹੁੰਚਣ ਦਾ ਰਾਹ
1ਯਿਸ਼ੂ ਨੇ ਆਖਿਆ, “ਤੁਹਾਡਾ ਦਿਲ ਨਾ ਘਬਰਾਵੇ, ਪਰਮੇਸ਼ਵਰ ਤੇ ਵਿਸ਼ਵਾਸ ਕਰੋ ਅਤੇ ਮੇਰੇ ਤੇ ਵੀ ਵਿਸ਼ਵਾਸ ਕਰੋ। 2ਮੇਰੇ ਪਿਤਾ ਜੀ ਦੇ ਘਰ ਵਿੱਚ ਬਹੁਤ ਸਾਰੇ ਕਮਰੇ ਹਨ; ਜੇ ਇਹ ਨਾ ਹੁੰਦਾ, ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾ ਰਿਹਾ ਹਾਂ? 3ਅਤੇ ਜੇ ਮੈਂ ਜਾਵਾਂਗਾ ਅਤੇ ਤੁਹਾਡੇ ਲਈ ਜਗ੍ਹਾ ਤਿਆਰ ਕਰਾਂਗਾ, ਤਾਂ ਮੈਂ ਵਾਪਸ ਆਵਾਂਗਾ ਅਤੇ ਤੁਹਾਨੂੰ ਆਪਣੇ ਨਾਲ ਰਹਿਣ ਲਈ ਲੈ ਜਾਵਾਂਗਾ ਤਾਂ ਜੋ ਜਿੱਥੇ ਮੈਂ ਹਾਂ ਤੁਸੀਂ ਵੀ ਉੱਥੇ ਹੋਵੋ। 4ਤੁਸੀਂ ਉਸ ਜਗ੍ਹਾ ਦਾ ਰਾਹ ਜਾਣਦੇ ਹੋ ਜਿੱਥੇ ਮੈਂ ਜਾ ਰਿਹਾ ਹਾਂ।”
ਯਿਸ਼ੂ ਪਿਤਾ ਦੇ ਕੋਲ ਜਾਣ ਦਾ ਰਾਹ
5ਥੋਮਸ ਨੇ ਯਿਸ਼ੂ ਨੂੰ ਕਿਹਾ, “ਪ੍ਰਭੂ ਜੀ, ਸਾਨੂੰ ਨਹੀਂ ਪਤਾ ਕਿ ਤੁਸੀਂ ਕਿੱਥੇ ਜਾ ਰਹੇ ਹੋ, ਤਾਂ ਅਸੀਂ ਉਸ ਰਸਤੇ ਨੂੰ ਕਿਵੇਂ ਜਾਣ ਸਕਦੇ ਹਾਂ?”
6ਯਿਸ਼ੂ ਨੇ ਉੱਤਰ ਦਿੱਤਾ, “ਮੈਂ ਹੀ ਰਾਹ, ਸੱਚ ਅਤੇ ਜੀਵਨ ਹਾਂ। ਮੇਰੇ ਕੋਲ ਆਉਣ ਤੋਂ ਬਿਨਾਂ ਕੋਈ ਵੀ ਪਿਤਾ ਦੇ ਕੋਲ ਨਹੀਂ ਆਉਂਦਾ। 7ਜੇ ਤੁਸੀਂ ਸੱਚ-ਮੁੱਚ ਮੈਨੂੰ ਜਾਣਦੇ ਹੋ, ਤਾਂ ਤੁਸੀਂ ਮੇਰੇ ਪਿਤਾ ਨੂੰ ਵੀ ਜਾਣ ਜਾਵੋਂਗੇ। ਹੁਣ ਤੁਸੀਂ ਉਸਨੂੰ ਜਾਣਦੇ ਹੋ, ਅਤੇ ਉਸਨੂੰ ਵੇਖਿਆ ਹੈ।”
8ਫਿਲਿੱਪਾਸ ਨੇ ਕਿਹਾ, “ਹੇ ਪ੍ਰਭੂ, ਸਾਨੂੰ ਪਿਤਾ ਜੀ ਦੇ ਦਰਸ਼ਨ ਕਰਵਾਓ, ਉਹ ਸਾਡੇ ਲਈ ਕਾਫ਼ੀ ਹੋਵੇਗਾ।”
9ਯਿਸ਼ੂ ਨੇ ਜਵਾਬ ਦਿੱਤਾ: “ਫਿਲਿੱਪਾਸ, ਕੀ ਤੂੰ ਮੈਨੂੰ ਨਹੀਂ ਜਾਣਦਾ ਜਦੋਂ ਮੈਂ ਤੁਹਾਡੇ ਵਿੱਚਕਾਰ ਇਨ੍ਹੇ ਲੰਮੇ ਸਮੇਂ ਤੋਂ ਰਿਹਾ ਹਾਂ? ਜਿਸਨੇ ਮੈਨੂੰ ਵੇਖਿਆ ਹੈ ਉਸ ਨੇ ਪਿਤਾ ਨੂੰ ਵੇਖਿਆ ਹੈ। ਤੁਸੀਂ ਕਿਵੇਂ ਕਹਿ ਸਕਦੇ ਹੋ, ‘ਕਿ ਸਾਨੂੰ ਪਿਤਾ ਦੇ ਦਰਸ਼ਨ ਕਰਵਾਓ’? 10ਕੀ ਤੁਸੀਂ ਵਿਸ਼ਵਾਸ ਨਹੀਂ ਕਰਦੇ ਕਿ ਮੈਂ ਪਿਤਾ ਵਿੱਚ ਹਾਂ ਅਤੇ ਪਿਤਾ ਮੇਰੇ ਵਿੱਚ ਹੈ? ਉਹ ਸ਼ਬਦ ਜੋ ਮੈਂ ਤੁਹਾਨੂੰ ਕਹਿੰਦਾ ਹਾਂ ਮੈਂ ਆਪਣੇ ਅਧਿਕਾਰ ਨਾਲ ਨਹੀਂ ਬੋਲਦਾ। ਸਗੋਂ ਇਹ ਪਿਤਾ ਹੈ ਜੋ ਮੇਰੇ ਵਿੱਚ ਰਹਿੰਦਾ ਹੈ ਅਤੇ ਜੋ ਆਪਣਾ ਕੰਮ ਕਰ ਰਿਹਾ ਹੈ। 11ਮੇਰੇ ਤੇ ਵਿਸ਼ਵਾਸ ਕਰੋ ਜਦੋਂ ਮੈਂ ਕਹਿੰਦਾ ਹਾਂ ਕਿ ਪਿਤਾ ਮੇਰੇ ਵਿੱਚ ਹੈ ਅਤੇ ਮੈਂ ਪਿਤਾ ਵਿੱਚ ਹਾਂ। ਨਹੀਂ ਤਾਂ ਮੇਰੇ ਕੰਮਾਂ ਤੇ ਵਿਸ਼ਵਾਸ ਕਰੋ। 12ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਜੋ ਕੋਈ ਵੀ ਮੇਰੇ ਤੇ ਵਿਸ਼ਵਾਸ ਕਰਦਾ ਹੈ ਉਹ ਕੰਮ ਕਰਦਾ ਹੈ ਜਿਹੜਾ ਮੈਂ ਕਰਦਾ ਹਾਂ, ਅਤੇ ਉਹ ਇਨ੍ਹਾਂ ਨਾਲੋਂ ਵੀ ਵੱਡੇ ਕੰਮ ਕਰਨਗੇ, ਕਿਉਂਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ। 13ਅਤੇ ਜੋ ਵੀ ਤੁਸੀਂ ਮੇਰੇ ਨਾਮ ਤੇ ਮੰਗੋਂਗੇ ਮੈਂ ਕਰਾਂਗਾ, ਤਾਂ ਜੋ ਪੁੱਤਰ ਵਿੱਚ ਪਿਤਾ ਦੀ ਵਡਿਆਈ ਹੋਵੇ। 14ਤੁਸੀਂ ਮੇਰੇ ਨਾਮ ਤੇ ਕੁਝ ਵੀ ਮੰਗੋਂਗੇ ਤਾਂ ਮੈਂ ਉਹ ਕਰਾਂਗਾ।”
ਯਿਸ਼ੂ ਦਾ ਪਵਿੱਤਰ ਆਤਮਾ ਦਾ ਵਾਅਦਾ
15ਯਿਸ਼ੂ ਨੇ ਕਿਹਾ, “ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂ ਦੀ ਪਾਲਣਾ ਕਰੋ। 16ਅਤੇ ਮੈਂ ਪਿਤਾ ਅੱਗੇ ਬੇਨਤੀ ਕਰਾਂਗਾ ਅਤੇ ਉਹ ਤੁਹਾਨੂੰ ਇੱਕ ਹੋਰ ਸਹਾਇਕ ਦੇਵੇਗਾ ਤਾਂ ਜੋ ਉਹ ਤੁਹਾਡੀ ਸਹਾਇਤਾ ਕਰੇ ਅਤੇ ਹਮੇਸ਼ਾ ਤੁਹਾਡੇ ਨਾਲ ਰਹੇ। 17ਉਹ ਸੱਚ ਦਾ ਆਤਮਾ ਹੈ। ਸੰਸਾਰ ਉਸਨੂੰ ਸਵੀਕਾਰ ਨਹੀਂ ਕਰ ਸਕਦਾ ਕਿਉਂਕਿ ਉਹ ਉਸਨੂੰ ਵੇਖ ਨਹੀਂ ਸਕਦਾ ਅਤੇ ਨਾ ਉਸਨੂੰ ਜਾਣਦਾ ਹੈ। ਪਰ ਤੁਸੀਂ ਉਸਨੂੰ ਜਾਣਦੇ ਹੋ, ਕਿਉਂਕਿ ਉਹ ਤੁਹਾਡੇ ਨਾਲ ਰਹਿੰਦਾ ਹੈ ਅਤੇ ਤੁਹਾਡੇ ਅੰਦਰ ਹੋਵੇਗਾ। 18ਮੈਂ ਤੁਹਾਨੂੰ ਇਕੱਲਾ ਨਹੀਂ ਛੱਡਾਂਗਾ; ਮੈਂ ਤੁਹਾਡੇ ਕੋਲ ਆਵਾਂਗਾ। 19ਥੋੜ੍ਹਾ ਸਮਾਂ ਹੋਰ ਹੈ, ਫਿਰ ਸੰਸਾਰ ਮੈਨੂੰ ਨਹੀਂ ਵੇਖੇਗਾ ਪਰ ਤੁਸੀਂ ਮੈਨੂੰ ਵੇਖੋਂਗੇ। ਕਿਉਂਕਿ ਮੈਂ ਜਿਉਂਦਾ ਹਾਂ ਇਸ ਲਈ ਤੁਸੀਂ ਵੀ ਜੀਵੋਗੇ। 20ਉਸ ਦਿਨ ਤੁਸੀਂ ਜਾਣੋਂਗੇ ਕਿ ਮੈਂ ਪਿਤਾ ਵਿੱਚ ਹਾਂ ਤੁਸੀਂ ਮੇਰੇ ਵਿੱਚ ਹੋ ਅਤੇ ਮੈਂ ਤੁਹਾਡੇ ਵਿੱਚ ਹਾਂ। 21ਜਿਸ ਕਿਸੇ ਕੋਲ ਮੇਰੀਆਂ ਆਗਿਆਵਾਂ ਹਨ ਅਤੇ ਉਹਨਾਂ ਨੂੰ ਮੰਨਦਾ ਹੈ ਅਤੇ ਉਹਨਾਂ ਉੱਤੇ ਚੱਲਦਾ ਹੈ ਉਹ ਮੈਨੂੰ ਪਿਆਰ ਕਰਦਾ ਹੈ। ਜੋ ਕੋਈ ਮੈਨੂੰ ਪਿਆਰ ਕਰਦਾ ਉਹ ਮੇਰੇ ਪਿਤਾ ਨੂੰ ਪਿਆਰ ਕਰਦਾ, ਅਤੇ ਮੈਂ ਵੀ ਉਹਨਾਂ ਨਾਲ ਪਿਆਰ ਕਰਾਂਗਾ ਅਤੇ ਆਪਣੇ ਆਪ ਨੂੰ ਉਹਨਾਂ ਤੇ ਪ੍ਰਗਟ ਕਰਾਂਗਾ।”
22ਫਿਰ ਯਹੂਦਾਹ (ਯਹੂਦਾਹ ਕਾਰਿਯੋਤ ਵਾਸੀ ਨਹੀਂ) ਨੇ ਕਿਹਾ, “ਪਰ ਹੇ ਪ੍ਰਭੂ, ਤੁਸੀਂ ਆਪਣੇ ਆਪ ਨੂੰ ਸਾਡੇ ਤੇ ਪ੍ਰਗਟ ਕਰਨਾ ਚਾਹੁੰਦੇ ਹੋ ਅਤੇ ਫਿਰ ਸੰਸਾਰ ਤੇ ਕਿਉਂ ਨਹੀਂ?”
23ਯਿਸ਼ੂ ਨੇ ਉੱਤਰ ਦਿੱਤਾ, “ਜਿਹੜਾ ਵੀ ਮਨੁੱਖ ਮੈਨੂੰ ਪਿਆਰ ਕਰਦਾ ਉਹ ਮੇਰੀ ਆ ਗਿਆ ਨੂੰ ਮੰਨੇਗਾ ਅਤੇ ਮੇਰਾ ਪਿਤਾ ਉਹਨਾਂ ਨਾਲ ਪਿਆਰ ਕਰੇਗਾ, ਅਤੇ ਅਸੀਂ ਉਹਨਾਂ ਕੋਲ ਆਵਾਂਗੇ ਅਤੇ ਉਹਨਾਂ ਵਿੱਚ ਆਪਣਾ ਘਰ ਬਣਾਵਾਂਗੇ। 24ਜਿਹੜਾ ਮਨੁੱਖ ਮੈਨੂੰ ਪਿਆਰ ਨਹੀਂ ਕਰਦਾ ਉਹ ਮੇਰੀ ਆ ਗਿਆ ਨੂੰ ਨਹੀਂ ਮੰਨਦਾ। ਇਹ ਸ਼ਬਦ ਜੋ ਤੁਸੀਂ ਸੁਣਦੇ ਹੋ ਮੇਰੇ ਆਪਣੇ ਨਹੀਂ ਹਨ ਪਰ ਉਹ ਪਿਤਾ ਦੇ ਹਨ ਜਿਸਨੇ ਮੈਨੂੰ ਭੇਜਿਆ ਹੈ।
25“ਤੁਹਾਡੇ ਨਾਲ ਰਹਿੰਦਿਆਂ ਮੈਂ ਤੁਹਾਨੂੰ ਇਹ ਸਭ ਗੱਲਾਂ ਦੱਸੀਆਂ ਹਨ। 26ਪਰ ਫਿਰ ਮਦਦਗਾਰ ਜੋ ਪਵਿੱਤਰ ਆਤਮਾ ਹੈ, ਜਿਸ ਨੂੰ ਪਿਤਾ ਮੇਰੇ ਨਾਮ ਵਿੱਚ ਭੇਜਦਾ ਹੈ, ਉਹ ਤੁਹਾਨੂੰ ਸਭ ਕੁਝ ਸਿਖਾਏਗਾ ਅਤੇ ਉਹ ਸਭ ਕੁਝ ਚੇਤੇ ਕਰਾਵੇਗਾ ਜੋ ਮੈਂ ਤੁਹਾਨੂੰ ਕਿਹਾ ਹੈ। 27ਮੈਂ ਸ਼ਾਤੀ ਤੁਹਾਨੂੰ ਦੇ ਰਿਹਾ ਹਾਂ। ਆਪਣੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ। ਮੈਂ ਤੁਹਾਨੂੰ ਉਵੇਂ ਨਹੀਂ ਦਿੰਦਾ ਜਿਸ ਤਰ੍ਹਾਂ ਸੰਸਾਰ ਦਿੰਦਾ ਹੈ। ਤੁਹਾਡਾ ਦਿਲ ਨਾ ਘਬਰਾਏ ਅਤੇ ਨਾ ਤੁਸੀਂ ਡਰਨਾ।
28“ਤੁਸੀਂ ਮੈਨੂੰ ਇਹ ਕਹਿੰਦੇ ਸੁਣਿਆ ਹੈ, ‘ਮੈਂ ਜਾ ਰਿਹਾ ਹਾਂ, ਪਰ ਮੈਂ ਤੁਹਾਡੇ ਕੋਲ ਵਾਪਸ ਆ ਰਿਹਾ ਹਾਂ।’ ਜੇ ਤੁਸੀਂ ਮੈਨੂੰ ਪਿਆਰ ਕਰਦੇ ਤਾਂ ਤੁਹਾਨੂੰ ਖੁਸ਼ੀ ਹੋਵੇਗੀ ਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ ਕਿਉਂਕਿ ਪਿਤਾ ਮੇਰੇ ਤੋਂ ਮਹਾਨ ਹੈ। 29ਇਹ ਸਭ ਹੋਣ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਦੱਸ ਦਿੱਤਾ ਹੈ ਇਸ ਲਈ ਜਦੋਂ ਇਹ ਸਭ ਹੋਵੇਗਾ ਤੁਸੀਂ ਵਿਸ਼ਵਾਸ ਕਰੋਗੇ। 30ਮੈਂ ਤੁਹਾਨੂੰ ਹੋਰ ਕੁਝ ਨਹੀਂ ਕਹਾਂਗਾ, ਕਿਉਂਕਿ ਇਸ ਸੰਸਾਰ ਦਾ ਸਰਦਾਰ ਆ ਰਿਹਾ ਹੈ। ਉਸ ਨੂੰ ਮੇਰੇ ਉੱਤੇ ਕੋਈ ਅਧਿਕਾਰ ਨਹੀਂ। 31ਪਰ ਉਹ ਆਉਂਦਾ ਹੈ ਤਾਂ ਜੋ ਸੰਸਾਰ ਇਹ ਸਿੱਖੇ ਕਿ ਮੈਂ ਪਿਤਾ ਨੂੰ ਪਿਆਰ ਕਰਦਾ ਹਾਂ ਅਤੇ ਮੈਂ ਉਹਨਾਂ ਦੀ ਆਗਿਆ ਨੂੰ ਮੰਨਦਾ ਹਾਂ।”
ਉੱਠੋ, “ਹੁਣ ਇੱਥੋ ਚੱਲੀਏ।”