ਯੂਹੰਨਾ 5

5
ਅਠੱਤੀ ਸਾਲਾਂ ਦੇ ਰੋਗੀ ਨੂੰ ਚੰਗਾ ਕਰਨਾ
1ਇਸ ਤੋਂ ਬਾਅਦ ਯਿਸੂ ਇੱਕ ਖ਼ਾਸ ਯਹੂਦੀਆਂ ਤਿਉਹਾਰ ਲਈ ਯਰੂਸ਼ਲਮ ਗਿਆ। 2ਯਰੂਸ਼ਲਮ ਵਿੱਚ ਇੱਕ ਤਲਾਬ ਹੈ ਜਿਸ ਦੇ ਪੰਜ ਬਰਾਂਡੇ ਬਣੇ ਹੋਏ ਹਨ। ਇਸ ਤਾਲ ਨੂੰ ਇਬਰਾਨੀ ਭਾਸ਼ਾ ਵਿੱਚ ਬੇਥਜ਼ਥਾ ਆਖਦੇ ਹਨ। ਇਹ ਤਲਾਬ ਭੇਡ ਦਰਵਾਜ਼ੇ ਦੇ ਨੇੜੇ ਹੈ। 3ਬਹੁਤ ਸਾਰੇ ਬਿਮਾਰ ਲੋਕ ਤਾਲ ਦੇ ਨੇੜੇ ਬਰਾਂਡਿਆਂ ਵਿੱਚ ਲੇਟੇ ਹੋਏ ਸਨ। ਕੁਝ ਲੋਕ ਅੰਨ੍ਹੇ, ਲੰਗੜੇ ਤੇ ਕੁਝ ਅਧਰੰਗੀ ਸਨ। 4ਇੱਕ ਠਹਿਰਾਏ ਹੋਏ ਸਮੇਂ ਤੇ ਇੱਕ ਦੂਤ ਆ ਕੇ ਤਲਾਬ ਦੇ ਪਾਣੀ ਨੂੰ ਹਿਲਾਉਂਦਾ ਸੀ, ਅਤੇ ਜਿਹੜਾ ਸਭ ਤੋਂ ਪਹਿਲਾਂ ਉਸ ਵਿੱਚ ਵੜਦਾ ਸੀ, ਉਸ ਹਰ ਪ੍ਰਕਾਰ ਦੀ ਬਿਮਾਰੀ ਤੋਂ ਚੰਗਾ ਹੋ ਜਾਂਦਾ ਸੀ l 5ਉਨ੍ਹਾਂ ਵਿੱਚ ਇੱਕ ਅਜਿਹਾ ਆਦਮੀ ਵੀ ਸੀ, ਜੋ ਅਠੱਤੀ ਸਾਲਾਂ ਤੋਂ ਬਿਮਾਰ ਸੀ। 6ਯਿਸੂ ਨੇ ਉਸ ਆਦਮੀ ਨੂੰ ਉੱਥੇ ਲੇਟਿਆ ਵੇਖਿਆ। ਯਿਸੂ ਨੂੰ ਇਹ ਪਤਾ ਸੀ ਕਿ ਉਹ ਬਹੁਤ ਲੰਮੇ ਸਮੇਂ ਤੋਂ ਬਿਮਾਰ ਸੀ। ਇਸ ਲਈ ਯਿਸੂ ਨੇ ਉਸ ਨੂੰ ਪੁੱਛਿਆ, “ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈਂ?” 7ਉਸ ਬਿਮਾਰ ਆਦਮੀ ਨੇ ਆਖਿਆ, “ਪ੍ਰਭੂ ਜੀ, ਅਜਿਹਾ ਕੋਈ ਨਹੀਂ ਜੋ ਉਦੋਂ ਤਲਾਬ ਅੰਦਰ ਜਾਣ ਵਿੱਚ ਮੇਰੀ ਸਹਾਇਤਾ ਕਰੇ ਜਦੋਂ ਪਾਣੀ ਵਿੱਚ ਹਲਚਲ ਹੁੰਦੀ ਹੈ। ਮੈਂ ਤਾਲ ਅੰਦਰ ਪਹੁੰਚਣ ਵਾਲਾ ਪਹਿਲਾ ਵਿਅਕਤੀ ਹੋਣ ਦੀ ਕੋਸ਼ਿਸ਼ ਕਰਦਾ ਹਾਂ ਪਰ ਜਦੋਂ ਤੱਕ ਕਿ ਮੈਂ ਪਹੁੰਚਾ ਮੇਰੇ ਤੋਂ ਪਹਿਲਾਂ ਹੀ ਕੋਈ ਹੋਰ ਤਲਾ ਅੰਦਰ ਵੜ ਜਾਂਦਾ ਹੈ।” 8ਫਿਰ ਯਿਸੂ ਨੇ ਉਸ ਨੂੰ ਆਖਿਆ, “ਉੱਠ, ਆਪਣਾ ਬਿਸਤਰਾ ਚੁੱਕ ਅਤੇ ਤੁਰ।” 9ਉਹ ਤੁਰੰਤ ਹੀ ਚੰਗਾ ਹੋ ਗਿਆ। ਉਸ ਨੇ ਆਪਣੀ ਮੰਜੀ ਚੁੱਕ ਕੇ ਚੱਲਣਾ ਸ਼ੁਰੂ ਕਰ ਦਿੱਤਾ। ਜਦੋਂ ਇਹ ਸਭ ਕੁਝ ਵਾਪਰਿਆ, ਇਹ ਸਬਤ ਦਾ ਦਿਨ ਸੀ। 10ਇਸ ਲਈ ਯਹੂਦੀਆਂ ਨੇ ਉਸ ਚੰਗੇ ਹੋਏ ਬੰਦੇ ਨੂੰ ਆਖਿਆ, “ਅੱਜ ਸਬਤ ਦਾ ਦਿਨ ਹੈ, ਤੇਰਾ ਬਿਸਤਰਾ ਚੁੱਕਣਾ ਬਿਵਸਥਾ ਦੇ ਖਿਲਾਫ਼ ਹੈ।” 11ਪਰ ਉਸ ਨੇ ਆਖਿਆ, “ਉਹ ਵਿਅਕਤੀ ਜਿਸ ਨੇ ਮੈਨੂੰ ਚੰਗਾ ਕੀਤਾ ਹੈ,” ਉਸ ਨੇ ਮੈਨੂੰ ਆਖਿਆ, “ਆਪਣਾ ਬਿਸਤਰਾ ਚੁੱਕ ਤੇ ਚਲ ਫਿਰ।” 12ਯਹੂਦੀਆਂ ਨੇ ਉਸ ਨੂੰ ਪੁੱਛਿਆ, “ਉਹ ਆਦਮੀ ਕੌਣ ਹੈ ਜਿਸ ਨੇ ਤੈਨੂੰ ਆਖਿਆ ਕਿ ਤੂੰ ਆਪਣਾ ਬਿਸਤਰਾ ਚੁੱਕ ਤੇ ਤੁਰ ਫਿਰ?” 13ਪਰ ਜੋ ਆਦਮੀ ਚੰਗਾ ਕੀਤਾ ਗਿਆ ਸੀ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਹ ਕੌਣ ਸੀ। ਉੱਥੇ ਬਹੁਤ ਸਾਰੇ ਲੋਕ ਸਨ ਅਤੇ ਯਿਸੂ ਉੱਥੋਂ ਚਲਾ ਗਿਆ ਸੀ। 14ਬਾਅਦ ਵਿੱਚ ਯਿਸੂ ਨੇ ਉਸ ਨੂੰ ਹੈਕਲ ਵਿੱਚ ਵੇਖਿਆ ਅਤੇ ਉਸ ਨੂੰ ਆਖਿਆ, “ਵੇਖ ਹੁਣ ਤੂੰ ਚੰਗਾ ਹੋ ਗਿਆ ਹੈ, ਫਿਰ ਪਾਪ ਨਾ ਕਰੀ, ਨਹੀਂ ਤਾਂ ਤੇਰੇ ਨਾਲ ਕੋਈ ਹੋਰ ਭੈੜੀ ਗੱਲ ਵੀ ਵਾਪਰ ਸਕਦੀ ਹੈ।” 15ਤਦ ਉਹ ਆਦਮੀ ਉੱਥੇ ਵਾਪਸ ਉਨ੍ਹਾਂ ਯਹੂਦੀਆਂ ਕੋਲ ਗਿਆ। ਅਤੇ ਉਨ੍ਹਾਂ ਨੂੰ ਆਖਿਆ ਜਿਸ ਨੇ ਮੈਨੂੰ ਚੰਗਾ ਕੀਤਾ ਸੀ, ਉਹ ਯਿਸੂ ਹੈ। 16ਇਸ ਲਈ ਯਹੂਦੀ ਉਸ ਨੂੰ ਦੁੱਖ ਦੇਣ ਲੱਗੇ ਕਿਉਂ ਜੋ ਯਿਸੂ ਸਬਤ ਦੇ ਦਿਨ ਅਜਿਹੇ ਕੰਮ ਕਰਦਾ ਸੀ। 17ਪਰ ਯਿਸੂ ਨੇ ਯਹੂਦੀਆਂ ਨੂੰ ਉੱਤਰ ਦਿੱਤਾ, “ਮੇਰਾ ਪਿਤਾ ਹਮੇਸ਼ਾਂ ਕੰਮ ਕਰਦਾ ਰਹਿੰਦਾ ਹੈ, ਇਸ ਲਈ ਮੈਂਨੂੰ ਵੀ ਕੰਮ ਕਰਨਾ ਚਾਹੀਦਾ ਹੈ।” 18ਇਹ ਸੁਣਨ ਤੋਂ ਬਾਅਦ ਯਹੂਦੀ ਯਿਸੂ ਨੂੰ ਮਾਰਨ ਲਈ ਹੋਰ ਵੀ ਕੋਸ਼ਿਸ਼ਾਂ ਕਰਨ ਲੱਗੇ। ਯਹੂਦੀਆਂ ਨੇ ਆਖਿਆ, “ਯਿਸੂ ਸਬਤ ਦੇ ਦਿਨ ਦਾ ਨੇਮ ਤੋੜ ਰਿਹਾ ਹੈ ਅਤੇ ਆਖਿਆ, ਪਰਮੇਸ਼ੁਰ ਨੂੰ ਆਪਣਾ ਪਿਤਾ ਆਖ ਕੇ ਉਹ ਆਪਣੇ ਆਪ ਨੂੰ ਪਰਮੇਸ਼ੁਰ ਦੇ ਬਰਾਬਰ ਬਣਾ ਰਿਹਾ ਹੈ।”
ਪੁੱਤਰ ਦਾ ਅਧਿਕਾਰ
19ਪਰ ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ ਕਿ ਪੁੱਤਰ ਆਪਣੇ ਆਪ ਕੁਝ ਨਹੀਂ ਕਰ ਸਕਦਾ। ਪੁੱਤਰ ਉਹੀ ਕਰਦਾ ਹੈ ਜੋ ਉਹ ਪਿਤਾ ਨੂੰ ਕਰਿਦਆਂ ਵੇਖਦਾ ਹੈ। ਜੋ ਕੁਝ ਪਿਤਾ ਕਰਦਾ ਉਹੀ ਪੁੱਤਰ ਵੀ ਕਰਦਾ। 20ਪਰ ਪਿਤਾ ਆਪਣੇ ਪੁੱਤਰ ਨੂੰ ਪਿਆਰ ਕਰਦਾ ਹੈ ਅਤੇ ਪਿਤਾ ਪੁੱਤਰ ਨੂੰ ਉਹ ਸਭ ਕੁਝ ਵਿਖਾਉਂਦਾ ਹੈ ਜੋ ਉਹ ਕਰਦਾ। ਪਰ ਪਿਤਾ ਆਪਣੇ ਪੁੱਤਰ ਨੂੰ ਵੱਡੇ ਕੰਮ ਵੀ ਵਿਖਾਵੇਗਾ। ਫਿਰ ਤੁਸੀਂ ਸਭ ਹੈਰਾਨ ਰਹਿ ਜਾਉਂਗੇ। 21ਪਿਤਾ ਮੁਰਦਿਆਂ ਨੂੰ ਜਿਵਾਲਦਾ ਹੈ ਅਤੇ ਉਨ੍ਹਾਂ ਨੂੰ ਜੀਵਨ ਦਿੰਦਾ ਹੈ। ਉਸੇ ਹੀ ਤਰ੍ਹਾਂ, ਪੁੱਤਰ ਵੀ, ਜਿਨ੍ਹਾਂ ਨੂੰ ਉਹ ਚਾਹੁੰਦਾ ਹੈ, ਜੀਵਨ ਦਿੰਦਾ ਹੈ। 22ਪਿਤਾ ਕਿਸੇ ਦਾ ਨਿਆਂ ਨਹੀਂ ਕਰਦਾ, ਪਰ ਉਸ ਨੇ ਇਹ ਅਧਿਕਾਰ ਪੂਰੀ ਤਰ੍ਹਾਂ ਪੁੱਤਰ ਨੂੰ ਦਿੱਤਾ ਹੋਇਆ ਹੈ। 23ਪਰਮੇਸ਼ੁਰ ਨੇ ਇਹ ਇਸ ਲਈ ਕੀਤਾ ਤਾਂ ਕਿ ਸਾਰੇ ਲੋਕ ਪੁੱਤਰ ਦਾ ਉਵੇਂ ਹੀ ਆਦਰ ਕਰਨ ਜਿਵੇਂ ਉਹ ਪਿਤਾ ਦਾ ਆਦਰ ਕਰਦੇ ਹਨ। ਜੋ ਕੋਈ ਆਦਮੀ ਪੁੱਤਰ ਦਾ ਆਦਰ ਨਹੀਂ ਕਰਦਾ, ਉਹ ਆਦਮੀ ਪਿਤਾ ਦਾ ਆਦਰ ਨਹੀਂ ਕਰਦਾ, ਜਿਸ ਨੇ ਉਸ ਨੂੰ ਭੇਜਿਆ ਹੈ। 24ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ, ਉਹ ਮੇਰੇ ਬਚਨ ਸੁਣਦਾ ਹੈ ਅਤੇ ਉਨ੍ਹਾਂ ਤੇ ਵਿਸ਼ਵਾਸ ਕਰਦਾ ਹੈ। ਉਹ, ਜਿਸ ਨੇ ਮੈਨੂੰ ਭੇਜਿਆ ਹੈ, ਸਦੀਪਕ ਜੀਵਨ ਉਸਦਾ ਹੈ। ਉਸਦਾ ਨਿਆਂ ਨਹੀਂ ਹੋਵੇਗਾ। ਉਸ ਨੂੰ ਮੌਤ ਤੋਂ ਮੁਕਤ ਕਰ ਦਿੱਤਾ ਗਿਆ ਹੈ ਅਤੇ ਉਹ ਸਦੀਪਕ ਜੀਵਨ ਵਿੱਚ ਦਾਖਲ ਹੋ ਚੁੱਕਿਆ ਹੈ। 25ਮੈਂ ਤੁਹਾਨੂੰ ਸੱਚ ਆਖਦਾ ਹਾਂ। ਉਹ ਸਮਾਂ ਆ ਰਿਹਾ ਹੈ, ਅਤੇ ਸਗੋਂ ਹੁਣੇ ਹੈ। ਉਹ ਜੋ ਮਰ ਚੁੱਕੇ ਹਨ ਪਰਮੇਸ਼ੁਰ ਦੇ ਪੁੱਤਰ ਦੀ ਅਵਾਜ਼ ਨੂੰ ਸੁਣਨਗੇ ਅਤੇ ਜਿਹੜੇ ਲੋਕ ਉਸ ਨੂੰ ਸੁਨਣਗੇ ਉਨ੍ਹਾਂ ਨੂੰ ਜੀਵਨ ਮਿਲੇਗਾ। 26ਪਿਤਾ ਹੀ ਜੀਵਨ ਦੇਣ ਵਾਲਾ ਹੈ, ਇਸ ਲਈ ਉਸ ਨੇ ਆਪਣੇ ਪੁੱਤਰ ਨੂੰ ਵੀ ਜੀਵਨ ਦੇਣ ਵਾਲਾ ਬਣਾ ਦਿੱਤਾ ਹੈ। 27ਪਿਤਾ ਨੇ ਨਿਆਂ ਕਰਨ ਦਾ ਵੀ ਅਧਿਕਾਰ ਆਪਣੇ ਪੁੱਤਰ ਨੂੰ ਦਿੱਤਾ ਹੈ ਕਿਉਂਕਿ ਉਹ ਮਨੁੱਖ ਦਾ ਪੁੱਤਰ ਹੈ। 28ਇਸ ਗੱਲ ਬਾਰੇ ਹੈਰਾਨ ਨਾ ਹੋਵੋ। ਉਹ ਸਮਾਂ ਆ ਰਿਹਾ ਹੈ, ਜਦੋਂ ਕਬਰਾਂ ਵਿੱਚ ਮੁਰਦੇ ਵੀ ਉਸ ਦੀ ਅਵਾਜ਼ ਸੁਣਨਗੇ। 29ਉਹ ਆਪਣੀਆਂ ਕਬਰਾਂ ਚੋਂ ਬਾਹਰ ਆ ਜਾਣਗੇ, ਉਹ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਹਨ, ਉਭਾਰੇ ਜਾਣਗੇ ਅਤੇ ਜੀਵਨ ਪ੍ਰਾਪਤ ਕਰਨਗੇ। ਪਰ ਉਹ ਲੋਕ, ਜਿਨ੍ਹਾਂ ਨੇ ਮੰਦੇ ਕੰਮ ਕੀਤੇ ਹਨ, ਨਿਆਂ ਲਈ ਜਿਵਾਲੇ ਜਾਣਗੇ।”
ਯਿਸੂ ਦੇ ਬਾਰੇ ਗਵਾਹੀ
30 “ਮੈਂ ਆਪਣੇ ਆਪ ਕੁਝ ਨਹੀਂ ਕਰ ਸਕਦਾ। ਮੈਂ ਉਸ ਅਧਾਰ ਤੇ ਨਿਆਂ ਕਰਦਾ ਹਾਂ ਜੋ ਮੈਂ ਪਰਮੇਸ਼ੁਰ ਤੋਂ ਸੁਣਦਾ ਹਾਂ। ਇਸ ਲਈ ਮੇਰਾ ਨਿਆਂ ਠੀਕ ਹੈ। ਕਿਉਂਕਿ ਮੈਂ ਆਪਣੀ ਇੱਛਾ ਅਨੁਸਾਰ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਸਗੋਂ ਮੈਂ ਉਸ ਦੀ ਇੱਛਾ ਅਨੁਸਾਰ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਜਿਸ ਨੇ ਮੈਨੂੰ ਭੇਜਿਆ ਹੈ। 31ਜੇਕਰ ਮੈਂ ਆਪਣੇ ਬਾਰੇ ਗਵਾਹੀ ਦੇਵਾਂ, ਤਾਂ ਮੇਰੀ ਗਵਾਹੀ ਸੱਚੀ ਨਹੀਂ ਹੈ। 32ਪਰ ਇੱਕ ਹੋਰ ਹੈ ਜੋ ਮੇਰੇ ਬਾਰੇ ਗਵਾਹੀ ਦਿੰਦਾ ਹੈ ਅਤੇ ਮੈਂ ਜਾਣਦਾ ਹਾਂ ਕਿ ਉਸ ਦੀ ਮੇਰੇ ਬਾਰੇ ਗਵਾਹੀ ਸੱਚੀ ਹੈ। 33ਤੁਸੀਂ ਲੋਕਾਂ ਨੂੰ ਯੂਹੰਨਾ ਕੋਲ ਭੇਜਿਆ ਅਤੇ ਉਸ ਨੇ ਸੱਚ ਬਾਰੇ ਗਵਾਹੀ ਦਿੱਤੀ। 34ਪਰ ਮੈਂ ਇੱਕ ਆਦਮੀ ਦੀ ਗਵਾਹੀ ਤੇ ਨਿਰਭਰ ਨਹੀਂ ਕਰਦਾ। ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਦੱਸਦਾ ਹਾਂ ਤਾਂ ਕਿ ਤੁਸੀਂ ਬਚਾਏ ਜਾ ਸਕੋ। 35ਯੂਹੰਨਾ ਇੱਕ ਦੀਵੇ ਵਾਂਗੂੰ ਜਗਦਾ ਸੀ ਅਤੇ ਉਸ ਨੇ ਚਾਨਣ ਦਿੱਤਾ ਅਤੇ ਤੁਸੀਂ ਕੁਝ ਸਮੇਂ ਲਈ ਉਸ ਚਾਨਣ ਦਾ ਅਨੰਦ ਲਿਆ। 36ਪਰ ਜੋ ਗਵਾਹੀ ਮੈਂ ਆਪਣੇ ਬਾਰੇ ਦਿੰਦਾ ਹਾਂ ਉਹ ਯੂਹੰਨਾ ਦੀ ਗਵਾਹੀ ਨਾਲੋਂ ਵੱਡੀ ਹੈ। ਜੋ ਕੰਮ ਪਿਤਾ ਨੇ ਮੈਨੂੰ ਕਰਨ ਲਈ ਦਿੱਤਾ ਹੈ, ਉਹ ਮੇਰੇ ਬਾਰੇ ਗਵਾਹੀ ਦਿੰਦਾ ਹੈ ਕਿ ਪਿਤਾ ਨੇ ਮੈਨੂੰ ਭੇਜਿਆ ਹੈ। 37ਅਤੇ ਉਹ ਪਿਤਾ ਜਿਸ ਨੇ ਮੈਨੂੰ ਭੇਜਿਆ ਉਸ ਨੇ ਮੇਰੇ ਬਾਰੇ ਗਵਾਹੀ ਦਿੱਤੀ। ਪਰ ਤੁਸੀਂ ਕਦੇ ਉਸ ਦੀ ਅਵਾਜ਼ ਨਹੀਂ ਸੁਣੀ। ਅਤੇ ਤੁਸੀਂ ਕਦੇ ਉਸਦਾ ਰੂਪ ਨਹੀਂ ਵੇਖਿਆ। 38ਉਸ ਪਿਤਾ ਦੇ ਬਚਨ ਵੀ ਤੁਹਾਡੇ ਅੰਦਰ ਨਹੀਂ ਹਨ ਕਿਉਂਕਿ, ਤੁਸੀਂ ਉਸ ਤੇ ਵਿਸ਼ਵਾਸ ਨਹੀਂ ਕਰਦੇ ਜਿਸ ਨੂੰ ਪਿਤਾ ਨੇ ਭੇਜਿਆ ਹੈ। 39ਤੁਸੀਂ ਇਹ ਸੋਚ ਕੇ ਪਵਿੱਤਰ ਗ੍ਰੰਥਾਂ ਨੂੰ ਧਿਆਨ ਨਾਲ ਪੜ੍ਹਦੇ ਹੋ ਕਿ ਤੁਸੀਂ ਉਨ੍ਹਾਂ ਰਾਹੀਂ ਸਦੀਪਕ ਜੀਵਨ ਪ੍ਰਾਪਤ ਕਰੋਂਗੇ। ਉਹੀ ਪੁਸਤਕਾਂ ਮੇਰੇ ਬਾਰੇ ਗਵਾਹੀ ਦਿੰਦੀਆਂ ਹਨ! 40ਹਾਲੇ ਵੀ ਤੁਸੀਂ ਉਸ ਸਦੀਪਕ ਜੀਵਨ ਨੂੰ ਪ੍ਰਾਪਤ ਕਰਨ ਲਈ ਮੇਰੇ ਕੋਲ ਆਉਣ ਤੋਂ ਇੰਨਕਾਰ ਕਰਦੇ ਹੋ। 41ਮੈਨੂੰ ਲੋਕਾਂ ਤੋਂ ਵਡਿਆਈ ਕਰਾਉਣ ਦੀ ਲੋੜ ਨਹੀਂ। 42ਪਰ ਮੈਂ ਤੁਹਾਨੂੰ ਜਾਣਦਾ ਹਾਂ ਕਿ ਤੁਹਾਡੇ ਅੰਦਰ ਪਰਮੇਸ਼ੁਰ ਦਾ ਪਿਆਰ ਹੈ ਨਹੀਂ। 43ਮੈਂ ਆਪਣੇ ਪਿਤਾ ਦੇ ਨਾਮ ਤੋਂ ਆਇਆ ਹਾਂ। ਪਰ ਹਾਲੇ ਵੀ ਤੁਸੀਂ ਮੈਨੂੰ ਨਹੀਂ ਕਬੂਲ ਕਰਦੇ। ਜੇਕਰ ਦੂਸਰਾ ਵਿਅਕਤੀ ਆਪਣੇ ਖੁਦ ਦੇ ਨਾਮ ਵਿੱਚ ਆਉਂਦਾ ਹੈ, ਤੁਸੀਂ ਉਸ ਨੂੰ ਕਬੂਲ ਕਰ ਲਓਗੇ। 44ਤੁਸੀਂ ਇੱਕ ਦੂਜੇ ਤੋਂ ਵਡਿਆਈ ਚਾਹੁੰਦੇ ਹੋ, ਪਰ ਤੁਸੀਂ ਉਸ ਉਸਤਤ ਦੀ ਚਾਹਨਾ ਨਹੀਂ ਰੱਖਦੇ ਜਿਹੜੀ ਪਰਮੇਸ਼ੁਰ ਵੱਲੋਂ ਆਉਂਦੀ ਹੈ। ਤਾਂ ਫਿਰ ਤੁਸੀਂ ਕਿਵੇਂ ਮੇਰੇ ਉੱਤੇ ਵਿਸ਼ਵਾਸ ਕਰ ਸਕਦੇ ਹੋ? 45ਇਹ ਨਾ ਸੋਚੋ ਕਿ ਪਿਤਾ ਦੇ ਸਾਹਮਣੇ ਮੈਂ ਤੁਹਾਨੂੰ ਦੋਸ਼ੀ ਠਹਿਰਾਵਾਂਗਾ। ਜੋ ਤੁਹਾਨੂੰ ਦੋਸ਼ੀ ਠਹਿਰਾਉਂਦਾ ਹੈ, ਉਹ ਮੂਸਾ ਹੈ ਅਤੇ ਤੁਸੀਂ ਆਪਣੀ ਆਸ ਉਸ ਤੇ ਰੱਖੀ ਹੋਈ ਹੈ। 46ਜੇਕਰ ਤੁਸੀਂ ਮੂਸਾ ਤੇ ਵਿਸ਼ਵਾਸ ਕੀਤਾ ਹੁੰਦਾ ਤਾਂ ਤੁਸੀਂ ਮੇਰੇ ਤੇ ਵੀ ਵਿਸ਼ਵਾਸ ਕੀਤਾ ਹੁੰਦਾ ਕਿਉਂਕਿ ਉਸ ਨੇ ਮੇਰੇ ਬਾਰੇ ਲਿਖਿਆ ਸੀ। 47ਕਿਉਂਕਿ ਤੁਸੀਂ ਉਸ ਦੀ ਲਿਖਤਾਂ ਤੇ ਵਿਸ਼ਵਾਸ ਨਹੀਂ ਕਰਦੇ ਫੇਰ ਤੁਸੀਂ ਮੇਰੇ ਸ਼ਬਦਾਂ ਤੇ ਕਿਵੇਂ ਵਿਸ਼ਵਾਸ ਕਰੋਂਗੇ।”

Поточний вибір:

ਯੂਹੰਨਾ 5: IRVPun

Позначайте

Поділитись

Копіювати

None

Хочете, щоб ваші позначення зберігалися на всіх ваших пристроях? Зареєструйтеся або увійдіть