ਲੂਕਾ 20

20
ਯਿਸੂ ਦੇ ਅਧਿਕਾਰ ਦੇ ਬਾਰੇ ਪ੍ਰਸ਼ਨ
ਮੱਤੀ 21:23-27; ਮਰਕੁਸ 11:27-33
1ਇੱਕ ਦਿਨ ਇਹ ਹੋਇਆ ਕਿ ਜਦ ਉਹ ਹੈਕਲ ਪ੍ਰਾਰਥਨਾ ਘਰ ਵਿੱਚ ਲੋਕਾਂ ਨੂੰ ਉਪਦੇਸ਼ ਕਰਦਾ ਅਤੇ ਖੁਸ਼ਖਬਰੀ ਸੁਣਾਉਂਦਾ ਸੀ, ਤਦ ਮੁੱਖ ਜਾਜਕ ਅਤੇ ਉਪਦੇਸ਼ਕ ਬਜ਼ੁਰਗਾਂ ਦੇ ਨਾਲ ਚੜ੍ਹ ਆਏ। 2ਅਤੇ ਉਸ ਨੂੰ ਕਹਿਣ ਲੱਗੇ ਕਿ ਸਾਨੂੰ ਦੱਸ, ਤੂੰ ਕਿਸ ਦੇ ਅਧਿਕਾਰ ਨਾਲ ਇਹ ਕੰਮ ਕਰਦਾ ਹੈਂ ਜਾ ਉਹ ਕੌਣ ਹੈ ਜਿਸ ਨੇ ਤੈਨੂੰ ਇਹ ਅਧਿਕਾਰ ਦਿੱਤਾ? 3ਪਰ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਵੀ ਤੁਹਾਨੂੰ ਇੱਕ ਗੱਲ ਪੁੱਛਦਾ ਹਾਂ ਸੋ ਮੈਨੂੰ ਦੱਸੋ। 4ਯੂਹੰਨਾ ਦਾ ਬਪਤਿਸਮਾ ਸਵਰਗ ਵੱਲੋਂ ਸੀ ਜਾਂ ਮਨੁੱਖਾਂ ਵੱਲੋਂ? 5ਉਨ੍ਹਾਂ ਨੇ ਆਪਸ ਵਿੱਚ ਵਿਚਾਰ ਕਰ ਕੇ ਕਿਹਾ, ਜੇ ਆਖੀਏ ਸਵਰਗ ਵੱਲੋਂ ਤਾਂ ਉਹ ਸਾਨੂੰ ਕਹੇਗਾ, ਫਿਰ ਤੁਸੀਂ ਉਸ ਉੱਤੇ ਵਿਸ਼ਵਾਸ ਕਿਉਂ ਨਾ ਕੀਤਾ? 6ਅਤੇ ਜੇ ਅਸੀਂ ਆਖੀਏ ਮਨੁੱਖਾਂ ਵੱਲੋਂ ਤਾਂ ਸਭ ਲੋਕ ਸਾਨੂੰ ਪਥਰਾਓ ਕਰਨਗੇ ਕਿਉਂਕਿ ਉਹ ਯਕੀਨ ਨਾਲ ਜਾਣਦੇ ਹਨ, ਜੋ ਯੂਹੰਨਾ ਨਬੀ ਸੀ। 7ਤਦ ਉਨ੍ਹਾਂ ਨੇ ਉੱਤਰ ਦਿੱਤਾ, ਅਸੀਂ ਨਹੀਂ ਜਾਣਦੇ ਕਿ ਕਿੱਥੋਂ ਸੀ। 8ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੈਂ ਵੀ ਤੁਹਾਨੂੰ ਨਹੀਂ ਦੱਸਦਾ ਜੋ ਕਿਸ ਦੇ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ।
ਦੁਸ਼ਟ ਕਿਸਾਨਾਂ ਦਾ ਦ੍ਰਿਸ਼ਟਾਂਤ
ਮੱਤੀ 21:33-46; ਮਰਕੁਸ 12:1-12
9ਤਦ ਉਹ ਲੋਕਾਂ ਨੂੰ ਇਹ ਦ੍ਰਿਸ਼ਟਾਂਤ ਸੁਣਾਉਣ ਲੱਗਾ ਕਿ ਇੱਕ ਮਨੁੱਖ ਨੇ ਅੰਗੂਰੀ ਬਾਗ਼ ਲਾਇਆ ਅਤੇ ਉਸ ਨੂੰ ਮਾਲੀਆਂ ਦੇ ਹੱਥ ਸੌਂਪ ਕੇ ਬਹੁਤ ਦਿਨਾਂ ਲਈ ਪਰਦੇਸ ਚੱਲਿਆ ਗਿਆ। 10ਅਤੇ ਉਸ ਨੇ ਰੁੱਤ ਸਮੇਂ ਇੱਕ ਨੌਕਰ ਨੂੰ ਮਾਲੀਆਂ ਕੋਲ ਭੇਜਿਆ ਜੋ ਉਹ ਬਾਗ਼ ਦੇ ਫਲ ਵਿੱਚੋਂ ਉਸ ਨੂੰ ਕੁਝ ਦੇਣ, ਪਰ ਮਾਲੀਆਂ ਨੇ ਉਸ ਨੂੰ ਮਾਰ ਕੁੱਟ ਕੇ ਖਾਲੀ ਹੱਥ ਵਾਪਸ ਭੇਜ ਦਿੱਤਾ। 11ਉਸ ਨੇ ਇੱਕ ਹੋਰ ਨੌਕਰ ਭੇਜਿਆ ਅਤੇ ਉਨ੍ਹਾਂ ਨੇ ਉਸ ਨੂੰ ਵੀ ਮਾਰਿਆ ਕੁੱਟਿਆ ਅਤੇ ਉਸ ਦਾ ਅਪਮਾਨ ਕਰ ਕੇ ਖਾਲੀ ਹੱਥ ਵਾਪਸ ਭੇਜ ਦਿੱਤਾ। 12ਫਿਰ ਉਸ ਨੇ ਤੀਜੇ ਨੂੰ ਭੇਜਿਆ ਅਤੇ ਉਨ੍ਹਾਂ ਨੇ ਉਸ ਨੂੰ ਵੀ ਜਖ਼ਮੀ ਕਰ ਕੇ ਬਾਹਰ ਕੱਢ ਦਿੱਤਾ। 13ਤਦ ਖੇਤ ਦੇ ਮਾਲਕ ਨੇ ਕਿਹਾ, ਮੈਂ ਕੀ ਕਰਾਂ? ਮੈਂ ਆਪਣੇ ਪਿਆਰੇ ਪੁੱਤਰ ਨੂੰ ਭੇਜਾਗਾਂ, ਹੋ ਸਕਦਾ ਹੈ ਉਹ ਉਸ ਦਾ ਆਦਰ ਕਰਨ। 14ਪਰ ਜਦ ਮਾਲੀਆਂ ਨੇ ਉਸ ਨੂੰ ਵੇਖਿਆ ਤਾਂ ਆਪਸ ਵਿੱਚ ਸਲਾਹ ਕਰ ਕੇ ਬੋਲੇ, ਵਾਰਿਸ ਇਹੋ ਹੈ, ਆਓ ਇਹ ਨੂੰ ਮਾਰ ਸੁੱਟੀਏ ਤਾਂ ਵਿਰਾਸਤ ਸਾਡੀ ਹੋ ਜਾਵੇਗੀ। 15ਤਦ ਉਨ੍ਹਾਂ ਨੇ ਉਸ ਨੂੰ ਬਾਗ਼ ਵਿੱਚੋਂ ਬਾਹਰ ਕੱਢ ਕੇ ਮਾਰ ਸੁੱਟਿਆ। ਹੁਣ ਬਾਗ਼ ਦਾ ਮਾਲਕ ਉਨ੍ਹਾਂ ਨਾਲ ਕੀ ਕਰੇਗਾ? 16ਉਹ ਆਵੇਗਾ ਅਤੇ ਉਨ੍ਹਾਂ ਮਾਲੀਆਂ ਦਾ ਨਾਸ ਕਰੇਗਾ ਅਤੇ ਬਾਗ਼ ਹੋਰ ਕਿਸੇ ਨੂੰ ਦੇ ਦੇਵੇਗਾ। ਪਰ ਉਨ੍ਹਾਂ ਇਹ ਸੁਣ ਕੇ ਕਿਹਾ, ਪਰਮੇਸ਼ੁਰ ਇਹ ਨਾ ਕਰੇ! 17ਉਸ ਨੇ ਉਨ੍ਹਾਂ ਵੱਲ ਧਿਆਨ ਕਰ ਕੇ ਆਖਿਆ, ਫਿਰ ਉਹ ਜੋ ਲਿਖਿਆ ਹੋਇਆ ਹੈ, ਸੋ ਕੀ ਹੈ ਕਿ
ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦਿਆ,
ਉਹ ਹੀ ਖੂੰਜੇ ਦਾ ਸਿਰਾ ਹੋ ਗਿਆ।
18 ਹਰੇਕ ਜੋ ਉਸ ਪੱਥਰ ਤੇ ਡਿੱਗੇਗਾ ਸੋ ਚੂਰ-ਚੂਰ ਹੋ ਜਾਵੇਗਾ ਪਰ ਜਿਸ ਦੇ ਉੱਤੇ ਉਹ ਪੱਥਰ ਡਿੱਗੇਗਾ ਉਹ ਨੂੰ ਪੀਹ ਸੁੱਟੇਗਾ।
ਕੈਸਰ ਨੂੰ ਕਰ ਦੇਣਾ
ਮੱਤੀ 22:15-22; ਮਰਕੁਸ 12:13-17
19ਉਪਦੇਸ਼ਕ ਅਤੇ ਮੁੱਖ ਜਾਜਕ ਉਸ ਦੀ ਖੋਜ ਵਿੱਚ ਸਨ, ਜੋ ਉਸੇ ਵੇਲੇ ਉਸ ਉੱਤੇ ਹੱਥ ਪਾਉਣ ਪਰ ਉਹ ਲੋਕਾਂ ਤੋਂ ਡਰਦੇ ਸਨ ਕਿਉਂ ਜੋ ਉਨ੍ਹਾਂ ਨੇ ਜਾਣ ਲਿਆ ਸੀ ਕਿ ਉਸ ਨੇ ਸਾਡੇ ਉੱਤੇ ਇਹ ਦ੍ਰਿਸ਼ਟਾਂਤ ਦਿੱਤਾ ਹੈ। 20ਅਤੇ ਉਹ ਉਸ ਦੀ ਤਾੜ ਵਿੱਚ ਲੱਗੇ ਰਹੇ ਅਤੇ ਭੇਤੀਆਂ ਨੂੰ ਭੇਜਿਆ ਜਿਹੜੇ ਕਪਟ ਨਾਲ ਆਪਣੇ ਆਪ ਨੂੰ ਧਰਮੀ ਵਿਖਾਉਂਦੇ ਸਨ ਜੋ ਉਸ ਦੀ ਕੋਈ ਗੱਲ ਫੜਨ ਇਸ ਲਈ ਜੋ ਉਸ ਨੂੰ ਹਾਕਮ ਦੇ ਵੱਸ ਅਤੇ ਅਧਿਕਾਰ ਵਿੱਚ ਕਰਨ। 21ਤਦ ਉਨ੍ਹਾਂ ਨੇ ਉਸ ਤੋਂ ਪੁੱਛਿਆ, ਗੁਰੂ ਜੀ ਅਸੀਂ ਜਾਣਦੇ ਹਾਂ ਜੋ ਤੁਸੀਂ ਠੀਕ ਬੋਲਦੇ ਅਤੇ ਸਿਖਾਉਂਦੇ ਹੋ ਅਤੇ ਕਿਸੇ ਦਾ ਪੱਖਪਾਤ ਨਹੀਂ ਕਰਦੇ, ਸਗੋਂ ਸਚਿਆਈ ਨਾਲ ਪਰਮੇਸ਼ੁਰ ਦਾ ਰਾਹ ਦੱਸਦੇ ਹੋ। 22ਕੀ ਕੈਸਰ ਨੂੰ ਕਰ ਦੇਣਾ ਸਾਨੂੰ ਯੋਗ ਹੈ ਕਿ ਨਹੀਂ? 23ਪਰ ਉਸ ਨੇ ਉਨ੍ਹਾਂ ਦੀ ਚਤਰਾਈ ਜਾਣ ਕੇ ਉਨ੍ਹਾਂ ਨੂੰ ਆਖਿਆ 24ਮੈਨੂੰ ਇੱਕ ਸਿੱਕਾ ਵਿਖਾਉ। ਇਸ ਉੱਤੇ ਕਿਸ ਦੀ ਮੂਰਤ ਅਤੇ ਲਿਖਤ ਹੈ? ਉਨ੍ਹਾਂ ਆਖਿਆ, ਕੈਸਰ ਦੀ। 25ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਤਾਂ ਜੋ ਕੈਸਰ ਦਾ ਹੈ ਕੈਸਰ ਨੂੰ ਅਤੇ ਜੋ ਪਰਮੇਸ਼ੁਰ ਦਾ ਹੈ, ਪਰਮੇਸ਼ੁਰ ਨੂੰ ਦਿਉ। 26ਉਹ ਲੋਕਾਂ ਦੇ ਸਾਹਮਣੇ ਉਸ ਦੀ ਗੱਲ ਨੂੰ ਫੜ੍ਹ ਨਾ ਸਕੇ ਅਤੇ ਉਸ ਦੇ ਉੱਤਰ ਤੋਂ ਹੈਰਾਨ ਹੋ ਕੇ ਚੁੱਪ ਹੀ ਰਹਿ ਗਏ।
ਪੁਨਰ ਉੱਥਾਨ ਅਤੇ ਵਿਆਹ
ਮੱਤੀ 22:23-33
27ਤਦ ਸਦੂਕੀਆਂ ਵਿੱਚੋਂ ਜਿਹੜੇ ਆਖਦੇ ਹਨ ਕਿ ਮੁਰਦਿਆਂ ਦਾ ਜੀ ਉੱਠਣਾ ਹੈ ਹੀ ਨਹੀਂ, ਬਹੁਤ ਸਾਰੇ ਯਿਸੂ ਕੋਲ ਆਏ ਅਤੇ ਉਨ੍ਹਾਂ ਉਸ ਨੂੰ ਪੁੱਛਿਆ, 28ਗੁਰੂ ਜੀ ਮੂਸਾ ਨੇ ਸਾਡੇ ਲਈ ਲਿਖਿਆ ਹੈ ਕਿ ਜੇ ਕਿਸੇ ਦਾ ਭਰਾ ਵਿਆਹ ਕਰ ਕੇ ਬੇ-ਔਲਾਦ ਮਰ ਜਾਵੇ ਤਾਂ ਉਸ ਦਾ ਭਰਾ ਉਸ ਦੀ ਪਤਨੀ ਨਾਲ ਵਿਆਹ ਕਰ ਲਵੇ ਅਤੇ ਆਪਣੇ ਭਰਾ ਲਈ ਵੰਸ਼ ਉਤਪੰਨ ਕਰੇ। 29ਸੋ ਸੱਤ ਭਰਾ ਸਨ ਅਤੇ ਪਹਿਲਾ ਭਰਾ ਵਿਆਹ ਕਰ ਕੇ ਬੇ-ਔਲਾਦ ਮਰ ਗਿਆ। 30ਅਤੇ ਦੂਜੇ ਅਤੇ ਤੀਜੇ ਨੇ ਉਸ ਦੀ ਪਤਨੀ ਨੂੰ ਵਿਆਹ ਲਿਆ। 31ਅਤੇ ਇਸੇ ਤਰ੍ਹਾਂ ਸੱਤਾਂ ਦੇ ਸੱਤ ਬੇ-ਔਲਾਦ ਮਰ ਗਏ। 32ਇਸ ਪਿੱਛੋਂ ਉਹ ਔਰਤ ਵੀ ਮਰ ਗਈ। 33ਸੋ ਮੁਰਦਿਆਂ ਦੇ ਜੀ ਉੱਠਣ ਦੇ ਵੇਲੇ ਉਹ ਉਨ੍ਹਾਂ ਵਿੱਚੋਂ ਕਿਸ ਦੀ ਪਤਨੀ ਹੋਵੇਗੀ ਕਿਉਂ ਜੋ ਸੱਤਾਂ ਨੇ ਉਸ ਨੂੰ ਪਤਨੀ ਕਰ ਕੇ ਵਸਾਇਆ ਸੀ? 34ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ ਕਿ ਇਸ ਜੁੱਗ ਦੇ ਪੁੱਤਰ ਵਿਆਹ ਕਰਦੇ ਅਤੇ ਵਿਆਹੇ ਜਾਂਦੇ ਹਨ। 35ਪਰ ਉਹ ਜਿਹੜੇ ਉਸ ਜੁੱਗ ਅਤੇ ਮੁਰਦਿਆਂ ਵਿੱਚੋਂ ਜੀ ਉੱਠਣ ਸਮੇਂ ਉਨ੍ਹਾਂ ਵਿੱਚ ਸ਼ਾਮਲ ਹੋਣ ਦੇ ਲਾਇਕ ਗਿਣੇ ਜਾਂਦੇ, ਉਹ ਨਾ ਵਿਆਹ ਕਰਦੇ ਅਤੇ ਨਾ ਵਿਆਹੇ ਜਾਂਦੇ ਹਨ। 36ਕਿਉਂ ਜੋ ਉਹ ਦੁਬਾਰਾ ਮਰ ਵੀ ਨਹੀਂ ਸਕਦੇ ਇਸ ਲਈ ਜੋ ਦੂਤਾਂ ਦੇ ਸਮਾਨ ਹਨ ਅਤੇ ਜੀ ਉੱਠਣ ਦੇ ਪੁੱਤਰ ਹੋ ਕੇ ਪਰਮੇਸ਼ੁਰ ਦੇ ਪੁੱਤਰ ਹਨ। 37ਪਰ ਇਸ ਗੱਲ ਨੂੰ ਕਿ ਮੁਰਦੇ ਜਿਵਾਲੇ ਜਾਂਦੇ ਹਨ, ਮੂਸਾ ਨੇ ਵੀ ਝਾੜੀ ਦੀ ਕਥਾ ਵਿੱਚ ਪਰਗਟ ਕੀਤਾ ਜਦੋਂ ਉਹ ਪਰਮੇਸ਼ੁਰ ਨੂੰ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਆਖਦਾ ਹੈ। 38ਪਰ ਉਹ ਮੁਰਦਿਆਂ ਦਾ ਨਹੀਂ ਸਗੋਂ ਜਿਉਂਦਿਆਂ ਦਾ ਪਰਮੇਸ਼ੁਰ ਹੈ ਕਿਉਂ ਜੋ ਉਸ ਦੇ ਲਈ ਸਭ ਜਿਉਂਦੇ ਹਨ। 39ਤਦ ਉਪਦੇਸ਼ਕਾਂ ਵਿੱਚੋਂ ਕਿੰਨਿਆਂ ਨੇ ਅੱਗੋਂ ਆਖਿਆ, ਗੁਰੂ ਜੀ ਤੁਸੀਂ ਚੰਗਾ ਉੱਤਰ ਦਿੱਤਾ ਹੈ। 40ਤਦ ਉਨ੍ਹਾਂ ਦਾ ਹੌਂਸਲਾ ਨਾ ਪਿਆ ਜੋ ਫਿਰ ਉਸ ਤੋਂ ਕੁਝ ਪ੍ਰਸ਼ਨ ਪੁੱਛਣ।
ਮਸੀਹ ਕਿਸ ਦਾ ਪੁੱਤਰ ਹੈ?
ਮੱਤੀ 22:41-46; ਮਰਕੁਸ 12:35-37
41ਉਸ ਨੇ ਉਨ੍ਹਾਂ ਨੂੰ ਆਖਿਆ ਕਿ ਮਸੀਹ ਨੂੰ ਦਾਊਦ ਦਾ ਪੁੱਤਰ ਕਿਉਂ ਆਖਦੇ ਹਨ? 42ਕਿਉਂ ਜੋ ਦਾਊਦ ਜ਼ਬੂਰ ਦੀ ਪੁਸਤਕ ਵਿੱਚ ਆਪੇ ਕਹਿੰਦਾ ਹੈ,
ਜੋ ਪ੍ਰਭੂ ਨੇ ਮੇਰੇ ਪ੍ਰਭੂ ਨੂੰ ਆਖਿਆ,
ਤੂੰ ਮੇਰੇ ਸੱਜੇ ਹੱਥ ਬੈਠ,
43 ਜਦ ਤੱਕ ਮੈਂ ਤੇਰੇ ਵੈਰੀਆਂ ਨੂੰ
ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰ ਦੇਵਾਂ।
44 ਸੋ ਦਾਊਦ ਉਸ ਨੂੰ ਪ੍ਰਭੂ ਕਹਿੰਦਾ ਹੈ, ਫਿਰ ਉਹ ਉਸ ਦਾ ਪੁੱਤਰ ਕਿਵੇਂ ਹੋਇਆ?
ਉਪਦੇਸ਼ਕਾਂ ਤੋਂ ਸਾਵਧਾਨ
ਮੱਤੀ 23:1-36; ਮਰਕੁਸ 12:38-40
45ਜਦ ਸਭ ਲੋਕ ਸੁਣ ਰਹੇ ਸਨ ਤਾਂ ਉਸ ਨੇ ਆਪਣਿਆਂ ਚੇਲਿਆਂ ਨੂੰ ਆਖਿਆ, 46ਉਪਦੇਸ਼ਕਾਂ ਤੋਂ ਸਾਵਧਾਨ ਰਹੋ ਜਿਹੜੇ ਲੰਮੇ ਬਸਤਰ ਪਹਿਨੇ ਫਿਰਨਾ ਪਸੰਦ ਕਰਦੇ ਅਤੇ ਬਜ਼ਾਰਾਂ ਵਿੱਚ ਸਲਾਮ ਲੈਣ ਅਤੇ ਪ੍ਰਾਰਥਨਾ ਘਰਾਂ ਵਿੱਚ ਅਗਲੀਆਂ ਕੁਰਸੀਆਂ ਅਤੇ ਦਾਵਤਾਂ ਵਿੱਚ ਉੱਚੀਆਂ ਥਾਵਾਂ ਨੂੰ ਭਾਲਦੇ ਹਨ। 47ਉਹ ਵਿਧਵਾਵਾਂ ਦੇ ਘਰਾਂ ਨੂੰ ਖਾ ਜਾਂਦੇ ਹਨ, ਅਤੇ ਵਿਖਾਵੇ ਲਈ ਲੰਮੀਆਂ ਪ੍ਰਾਰਥਨਾ ਕਰਦੇ ਹਨ, ਉਨ੍ਹਾਂ ਨੂੰ ਵਧੇਰੇ ਸਜ਼ਾ ਮਿਲੇਗੀ l

Поточний вибір:

ਲੂਕਾ 20: IRVPun

Позначайте

Поділитись

Копіювати

None

Хочете, щоб ваші позначення зберігалися на всіх ваших пристроях? Зареєструйтеся або увійдіть