ਲੂਕਾ 21

21
ਕੰਗਾਲ ਵਿਧਵਾ ਦਾ ਦਾਨ
ਮਰਕੁਸ 12:41-44
1ਯਿਸੂ ਨੇ ਅੱਖੀਆਂ ਚੁੱਕ ਕੇ ਧਨਵਾਨਾਂ ਨੂੰ ਆਪਣੇ ਚੰਦੇ ਦਾਨ ਪਾਤਰ ਵਿੱਚ ਪਾਉਂਦਿਆਂ ਵੇਖਿਆ। 2ਅਤੇ ਉਸ ਨੇ ਇੱਕ ਕੰਗਾਲ ਵਿਧਵਾ ਨੂੰ ਵੀ ਵੇਖਿਆ ਜਿਸ ਨੇ ਕੇਵਲ ਦੋ ਦਮੜੀਆਂ ਪਾਈਆਂ। 3ਤਾਂ ਉਸ ਨੇ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਇਸ ਕੰਗਾਲ ਵਿਧਵਾ ਨੇ ਉਨ੍ਹਾਂ ਸਭ ਨਾਲੋਂ ਜ਼ਿਆਦਾ ਪਾਇਆ ਹੈ। 4ਕਿਉਂ ਜੋ ਉਨ੍ਹਾਂ ਸਭਨਾਂ ਨੇ ਆਪਣੇ ਬਹੁਤੇ ਮਾਲ ਵਿੱਚੋਂ ਕੁਝ ਦਾਨ ਪਾਇਆ ਪਰ ਇਸ ਨੇ ਆਪਣੀ ਥੁੜ ਵਿੱਚੋਂ ਸਾਰੀ ਪੂੰਜੀ ਪਾ ਦਿੱਤੀ।
ਹੈਕਲ ਦੇ ਵਿਨਾਸ਼ ਦੀ ਭਵਿੱਖਬਾਣੀ
ਮੱਤੀ 24:1-2; ਮਰਕੁਸ 13:1, 2
5ਜਦ ਬਹੁਤ ਲੋਕ ਹੈਕਲ ਦੇ ਬਾਰੇ ਗੱਲਾਂ ਕਰਦੇ ਸਨ ਜੋ ਉਹ ਸੋਹਣੇ ਪੱਥਰਾਂ ਅਤੇ ਭੇਟਾਂ ਨਾਲ ਕਿਹੋ ਜਿਹੀ ਸੁਆਰੀ ਹੋਈ ਹੈ ਤਾਂ ਉਸ ਨੇ ਆਖਿਆ। 6ਜੋ ਇਹ ਚੀਜ਼ਾਂ ਜਿਹੜੀਆਂ ਤੁਸੀਂ ਵੇਖਦੇ ਹੋ ਉਹ ਦਿਨ ਆਉਣਗੇ ਜਿਨ੍ਹਾਂ ਵਿੱਚ ਇੱਥੇ ਪੱਥਰ ਉੱਤੇ ਪੱਥਰ ਨਾ ਛੱਡਿਆ ਜਾਵੇਗਾ ਜਿਹੜਾ ਡੇਗਿਆ ਨਾ ਜਾਵੇਗਾ।
ਸੰਕਟ ਅਤੇ ਕਲੇਸ਼
ਮੱਤੀ 24:3-14; ਮਰਕੁਸ 13:3-13
7ਅੱਗੋਂ ਉਨ੍ਹਾਂ ਨੇ ਯਿਸੂ ਤੋਂ ਪੁੱਛਿਆ, ਫਿਰ ਗੁਰੂ ਜੀ, ਇਹ ਗੱਲਾਂ ਕਦੋਂ ਹੋਣਗੀਆਂ ਅਤੇ ਉਸ ਸਮੇਂ ਦਾ ਕੀ ਚਿੰਨ੍ਹ ਹੈ, ਜਦ ਇਹ ਗੱਲਾਂ ਹੋਣ ਲੱਗਣਗੀਆਂ? 8ਤਾਂ ਉਸ ਨੇ ਆਖਿਆ, “ਚੌਕਸ ਰਹੋ ਜੋ ਤੁਸੀਂ ਕਿਤੇ ਭੁਲੇਖੇ ਵਿੱਚ ਨਾ ਪਓ। ਕਿਉਂ ਜੋ ਮੇਰਾ ਨਾਮ ਲੈ ਕੇ ਬਥੇਰੇ ਇਹ ਕਹਿੰਦੇ ਆਉਣਗੇ ਜੋ ‘ਮੈਂ ਉਹੋ ਹਾਂ’ ਅਤੇ ‘ਉਹ ਸਮਾਂ ਨੇੜੇ ਹੈ।’ ਉਨ੍ਹਾਂ ਦੇ ਮਗਰ ਨਾ ਲੱਗਣਾ। 9ਪਰ ਜਦ ਤੁਸੀਂ ਲੜਾਈਆਂ ਅਤੇ ਹੱਲੇ ਗੁੱਲੇ ਦੀਆਂ ਖ਼ਬਰਾਂ ਸੁਣੋ ਤਾਂ ਘਬਰਾ ਨਾ ਜਾਣਾ ਕਿਉਂ ਜੋ ਇਹ ਗੱਲਾਂ ਤਾਂ ਪਹਿਲਾਂ ਹੋਣੀਆਂ ਹੀ ਹਨ ਪਰ ਅੰਤ ਉਸ ਸਮੇਂ ਨਹੀਂ।” 10ਤਦ ਉਸ ਨੇ ਉਹਨਾਂ ਨੂੰ ਕਿਹਾ, ਕੌਮ-ਕੌਮ ਉੱਤੇ ਅਤੇ ਪਾਤਸ਼ਾਹੀ-ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ।
11 ਅਤੇ ਥਾਂ-ਥਾਂ ਕਾਲ ਅਤੇ ਵੱਡੇ ਭੂਚਾਲ ਅਤੇ ਮਹਾਂਮਾਰੀਆਂ ਪੈਣਗੀਆਂ ਅਤੇ ਭਿਆਨਕ ਚੀਜ਼ਾਂ ਅਤੇ ਵੱਡੀਆਂ ਨਿਸ਼ਾਨੀਆਂ ਅਕਾਸ਼ੋਂ ਪਰਗਟ ਹੋਣਗੀਆਂ। 12ਪਰ ਇਨ੍ਹਾਂ ਸਾਰੀਆਂ ਗੱਲਾਂ ਤੋਂ ਪਹਿਲਾਂ ਲੋਕ ਤੁਹਾਡੇ ਉੱਤੇ ਹੱਥ ਪਾਉਣਗੇ ਅਤੇ ਤੁਹਾਨੂੰ ਸਤਾਉਣਗੇ ਅਤੇ ਪ੍ਰਾਰਥਨਾ ਘਰਾਂ ਅਤੇ ਕੈਦਖ਼ਾਨਿਆਂ ਵਿੱਚ ਫੜਵਾ ਦੇਣਗੇ ਅਤੇ ਮੇਰੇ ਨਾਮ ਦੇ ਕਾਰਨ ਰਾਜਿਆਂ ਅਤੇ ਹਾਕਮਾਂ ਦੇ ਸਾਹਮਣੇ ਲੈ ਜਾਣਗੇ। 13ਇਹ ਤੁਹਾਡੇ ਲਈ ਗਵਾਹੀ ਦੇਣ ਦਾ ਮੌਕਾ ਹੋਵੇਗਾ। 14ਇਸ ਲਈ ਆਪਣੇ ਮਨ ਵਿੱਚ ਠਾਣ ਲਵੋ ਜੋ ਅਸੀਂ ਉੱਤਰ ਦੇਣ ਲਈ ਪਹਿਲਾਂ ਤੋਂ ਚਿੰਤਾ ਨਾ ਕਰਾਂਗੇ। 15ਕਿਉਂ ਜੋ ਮੈਂ ਤੁਹਾਨੂੰ ਇਹੋ ਜਿਹੇ ਬੋਲ ਅਤੇ ਬੁੱਧ ਦਿਆਂਗਾ ਜਿਸ ਦਾ ਤੁਹਾਡੇ ਸਾਰੇ ਵਿਰੋਧੀ ਸਾਹਮਣਾ ਜਾ ਵਿਰੋਧ ਨਾ ਕਰ ਸਕਣਗੇ। 16ਅਤੇ ਤੁਹਾਡੇ ਮਾਂ ਪਿਉ ਅਤੇ ਭਾਈ ਅਤੇ ਰਿਸ਼ਤੇਦਾਰ ਅਤੇ ਮਿੱਤਰ ਵੀ ਤੁਹਾਨੂੰ ਫੜਵਾਉਣਗੇ ਅਤੇ ਤੁਹਾਡੇ ਵਿੱਚੋਂ ਕਿੰਨਿਆਂ ਨੂੰ ਮਰਵਾ ਦੇਣਗੇ। 17ਅਤੇ ਮੇਰੇ ਨਾਮ ਕਾਰਨ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ। 18ਪਰ ਤੁਹਾਡੇ ਸਿਰ ਦਾ ਇੱਕ ਵੀ ਵਾਲ਼ ਵਿੰਗਾ ਨਾ ਹੋਵੇਗਾ 19ਆਪਣੇ ਧੀਰਜ ਨਾਲ ਤੁਸੀਂ ਆਪਣੀਆਂ ਜਾਨਾਂ ਨੂੰ ਬਚਾਓਗੇ।
ਯਰੂਸ਼ਲਮ ਦੇ ਵਿਨਾਸ਼ ਦੀ ਭਵਿੱਖਬਾਣੀ
ਮੱਤੀ 24:15-21; ਮਰਕੁਸ 13:14-19
20 ਜਦ ਤੁਸੀਂ ਯਰੂਸ਼ਲਮ ਨੂੰ ਫ਼ੌਜਾਂ ਨਾਲ ਘੇਰਿਆ ਹੋਇਆ ਵੇਖੋ ਤਾਂ ਜਾਣੋ ਉਸ ਦੀ ਬਰਬਾਦੀ ਨੇੜੇ ਆ ਪਹੁੰਚੀ ਹੈ। 21ਤਦ ਉਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਵੱਲ ਭੱਜ ਜਾਣ ਅਤੇ ਉਹ ਜਿਹੜੇ ਉਸ ਦੇ ਵਿੱਚ ਹੋਣ ਸੋ ਨਿੱਕਲ ਜਾਣ ਅਤੇ ਜਿਹੜੇ ਖੇਤਾਂ ਵਿੱਚ ਹੋਣ ਉਸ ਦੇ ਅੰਦਰ ਨਾ ਵੜਨ। 22ਕਿਉਂ ਜੋ ਇਹ ਬਦਲਾ ਲੈਣ ਦੇ ਦਿਨ ਹਨ, ਇਸ ਲਈ ਜੋ ਸਭ ਲਿਖੀਆਂ ਹੋਈਆਂ ਗੱਲਾਂ ਪੂਰੀਆਂ ਹੋਣ। 23ਅਫ਼ਸੋਸ ਉਨ੍ਹਾਂ ਉੱਤੇ ਜਿਹੜੀਆਂ ਉਨ੍ਹਾਂ ਦਿਨਾਂ ਵਿੱਚ ਗਰਭਵਤੀਆਂ ਅਤੇ ਦੁੱਧ ਚੁੰਘਾਉਣ ਵਾਲੀਆਂ ਹੋਣ ਕਿਉਂ ਜੋ ਧਰਤੀ ਉੱਤੇ ਵੱਡਾ ਕਲੇਸ਼ ਅਤੇ ਇਸ ਪਰਜਾ ਉੱਤੇ ਕ੍ਰੋਧ ਹੋਵੇਗਾ। 24ਉਹ ਤਲਵਾਰ ਦੀ ਧਾਰ ਨਾਲ ਮਾਰੇ ਜਾਣਗੇ ਅਤੇ ਗੁਲਾਮ ਹੋ ਕੇ ਸਭ ਕੌਮਾਂ ਵਿੱਚ ਪੁਚਾਏ ਜਾਣਗੇ ਅਤੇ ਯਰੂਸ਼ਲਮ ਪਰਾਈਆਂ ਕੌਮਾਂ ਤੋਂ ਲਤਾੜਿਆ ਜਾਵੇਗਾ ਜਦ ਤੱਕ ਪਰਾਈਆਂ ਕੌਮਾਂ ਦੇ ਸਮੇਂ ਪੂਰੇ ਨਾ ਹੋਣ।
ਮਨੁੱਖ ਦੇ ਪੁੱਤਰ ਦਾ ਦੁਬਾਰਾ ਆਉਣਾ
ਮੱਤੀ 24:29-31; ਮਰਕੁਸ 13:14-27
25 ਸੂਰਜ, ਚੰਦ ਅਤੇ ਤਾਰਿਆਂ ਵਿੱਚ ਨਿਸ਼ਾਨੀਆਂ ਹੋਣਗੀਆਂ ਅਤੇ ਧਰਤੀ ਉੱਤੇ ਸਮੁੰਦਰ ਅਤੇ ਉਸ ਦੀਆਂ ਲਹਿਰਾਂ ਦੇ ਗਰਜਣ ਦੇ ਕਾਰਨ ਕੌਮਾਂ ਨੂੰ ਕਸ਼ਟ ਅਤੇ ਘਬਰਾਹਟ ਹੋਵੇਗੀ। 26ਅਤੇ ਡਰ ਦੇ ਮਾਰੇ ਅਤੇ ਉਨ੍ਹਾਂ ਗੱਲਾਂ ਦੇ ਇੰਤਜ਼ਾਰ ਤੋਂ ਜੋ ਦੁਨੀਆਂ ਉੱਤੇ ਆਉਣ ਵਾਲੀਆਂ ਹਨ ਲੋਕਾਂ ਦੇ ਦਿਲ ਡੋਲ ਜਾਣਗੇ ਕਿਉਂ ਜੋ ਅਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ। 27ਤਦ ਲੋਕ ਮਨੁੱਖ ਦੇ ਪੁੱਤਰ ਨੂੰ ਵੱਡੀ ਸਮਰੱਥਾ ਅਤੇ ਮਹਿਮਾ ਨਾਲ ਬੱਦਲਾਂ ਉੱਤੇ ਆਉਂਦਿਆਂ ਵੇਖਣਗੇ। 28ਜਦ ਇਹ ਗੱਲਾਂ ਪੂਰੀਆਂ ਹੋਣ ਲੱਗਣ ਤਾਂ ਆਪਣੇ ਸਿਰ ਉੱਪਰ ਉੱਠਾਓ, ਇਸ ਲਈ ਜੋ ਤੁਹਾਡਾ ਛੁਟਕਾਰਾ ਨੇੜੇ ਆਇਆ ਹੈ।”
ਹੰਜ਼ੀਰ ਦੇ ਰੁੱਖ ਦਾ ਉਦਾਹਰਣ
ਮੱਤੀ 24:32-35; ਮਰਕੁਸ 13:28-31
29ਉਸ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਦਿੱਤਾ ਕਿ ਹੰਜ਼ੀਰ ਦੇ ਰੁੱਖ ਨੂੰ ਅਤੇ ਸਾਰਿਆਂ ਰੁੱਖਾਂ ਨੂੰ ਵੇਖੋ। 30ਜਦ ਉਨ੍ਹਾਂ ਦੇ ਪੱਤੇ ਨਿੱਕਲਦੇ ਹਨ ਤਾਂ ਤੁਸੀਂ ਵੇਖ ਕੇ ਆਪੇ ਜਾਣ ਲੈਂਦੇ ਹੋ ਜੋ ਹੁਣ ਗਰਮੀ ਦੀ ਰੁੱਤ ਨੇੜੇ ਹੈ। 31ਇਸੇ ਪ੍ਰਕਾਰ ਹੀ ਜਦ ਤੁਸੀਂ ਵੇਖੋ ਜੋ ਇਹ ਗੱਲਾਂ ਹੁੰਦੀਆਂ ਹਨ ਤਾਂ ਜਾਣ ਲਓ ਕਿ ਪਰਮੇਸ਼ੁਰ ਦਾ ਰਾਜ ਨੇੜੇ ਹੈ। 32ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਤੱਕ ਸਭ ਗੱਲਾਂ ਨਾ ਹੋ ਜਾਣ ਇਸ ਪੀੜ੍ਹੀ ਦਾ ਅੰਤ ਨਾ ਹੋਵੇਗਾ। 33ਅਕਾਸ਼ ਅਤੇ ਧਰਤੀ ਟਲ ਜਾਣਗੇ, ਪਰ ਮੇਰੇ ਬਚਨ ਕਦੀ ਨਾ ਟਲਣਗੇ।
ਜਾਗਦੇ ਰਹੋ
ਮੱਤੀ 24:36-44; ਮਰਕੁਸ 13:32-37
34 ਖ਼ਬਰਦਾਰ ਰਹੋ ਜੋ ਹੱਦ ਤੋਂ ਵੱਧ ਖਾਣ-ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾ ਦੇ ਕਾਰਨ ਤੁਹਾਡੇ ਮਨ ਕਿਤੇ ਸੁਸਤ ਨਾ ਹੋ ਜਾਣ ਅਤੇ ਉਹ ਦਿਨ ਫੰਦੇ ਵਾਂਗੂੰ ਤੁਹਾਡੇ ਉੱਤੇ ਅਚਾਨਕ ਆ ਪਵੇ! 35ਕਿਉਂ ਜੋ ਉਹ ਸਾਰੀ ਧਰਤੀ ਦੇ ਸਭ ਵਸਨੀਕਾਂ ਉੱਤੇ ਆਵੇਗਾ। 36ਪਰ ਪ੍ਰਾਰਥਨਾ ਕਰਦਿਆਂ ਹਰ ਸਮੇਂ ਜਾਗਦੇ ਰਹੋ, ਜੋ ਤੁਸੀਂ ਉਨ੍ਹਾਂ ਸਭ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ, ਬਚ ਸਕੋ ਅਤੇ ਮਨੁੱਖ ਦੇ ਪੁੱਤਰ ਦੇ ਸਾਹਮਣੇ ਖੜ੍ਹੇ ਹੋ ਸਕੋ।
37ਉਹ ਦਿਨ ਦੇ ਸਮੇਂ ਹੈਕਲ ਵਿੱਚ ਉਪਦੇਸ਼ ਕਰਦਾ ਅਤੇ ਰਾਤ ਨੂੰ ਬਾਹਰ ਜਾ ਕੇ ਜੈਤੂਨ ਦੇ ਪਹਾੜ ਉੱਤੇ ਟਿਕਦਾ ਹੁੰਦਾ ਸੀ। 38ਅਤੇ ਸਭ ਲੋਕ ਉਸ ਦਾ ਉਪਦੇਸ਼ ਸੁਣਨ ਲਈ ਹੈਕਲ ਵਿੱਚ ਤੜਕੇ ਉਸ ਦੇ ਕੋਲ ਆਉਂਦੇ ਸਨ।

Поточний вибір:

ਲੂਕਾ 21: IRVPun

Позначайте

Поділитись

Копіювати

None

Хочете, щоб ваші позначення зберігалися на всіх ваших пристроях? Зареєструйтеся або увійдіть