ਲੂਕਾ 23

23
ਯਿਸੂ ਨੂੰ ਪਿਲਾਤੁਸ ਦੇ ਸਾਹਮਣੇ ਪੇਸ਼ ਕਰਨਾ
ਮੱਤੀ 27:1, 2; 11-14; ਮਰਕੁਸ 15:1-5; ਯੂਹੰਨਾ 18:28-38
1ਉਨ੍ਹਾਂ ਦੀ ਸਾਰੀ ਸਭਾ ਉੱਠ ਕੇ ਯਿਸੂ ਨੂੰ ਪਿਲਾਤੁਸ ਦੇ ਕੋਲ ਲੈ ਗਈ। 2ਅਤੇ ਉਹ ਇਹ ਕਹਿ ਕੇ ਉਸ ਉੱਤੇ ਦੋਸ਼ ਲਾਉਣ ਲੱਗੇ ਕਿ ਅਸੀਂ ਇਸ ਨੂੰ ਸਾਡੀ ਕੌਮ ਨੂੰ ਭਰਮਾਉਂਦਿਆਂ ਅਤੇ ਕੈਸਰ ਨੂੰ ਕਰ ਦੇਣ ਤੋਂ ਮਨ੍ਹਾਂ ਕਰਦਿਆਂ ਅਤੇ ਆਪਣੇ ਆਪ ਨੂੰ ਮਸੀਹ ਰਾਜਾ ਕਹਿੰਦਿਆਂ ਸੁਣਿਆ ਹੈ। 3ਪਿਲਾਤੁਸ ਨੇ ਉਸ ਤੋਂ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਪਾਤਸ਼ਾਹ ਹੈਂ?” ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਤੂੰ ਸੱਚ ਆਖਿਆ ਹੈ। 4ਪਿਲਾਤੁਸ ਨੇ ਮੁੱਖ ਜਾਜਕਾਂ ਅਤੇ ਭੀੜ ਨੂੰ ਆਖਿਆ, ਮੈਂ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਦਾ। 5ਪਰ ਉਹ ਹੋਰ ਵੀ ਜੋਰ ਦੇ ਕੇ ਬੋਲੇ ਕਿ ਉਹ ਗਲੀਲ ਤੋਂ ਲੈ ਕੇ ਇੱਥੇ ਤੱਕ ਸਾਰੇ ਯਹੂਦਿਯਾ ਵਿੱਚ ਸਿਖਾਉਂਦਾ ਹੋਇਆ, ਲੋਕਾਂ ਨੂੰ ਭੜਕਾਉਂਦਾ ਹੈ। 6ਪਿਲਾਤੁਸ ਨੇ ਇਹ ਸੁਣ ਕੇ ਪੁੱਛਿਆ, “ਕੀ ਇਹ ਮਨੁੱਖ ਗਲੀਲੀ ਹੈ?” 7ਅਤੇ ਜਦ ਉਸ ਨੇ ਮਲੂਮ ਕੀਤਾ ਜੋ ਉਹ ਹੇਰੋਦੇਸ ਦੀ ਰਿਆਸਤ ਦਾ ਹੈ ਤਾਂ ਉਸ ਨੂੰ ਹੇਰੋਦੇਸ ਦੇ ਕੋਲ ਭੇਜ ਦਿੱਤਾ, ਜਿਹੜਾ ਆਪ ਉਨ੍ਹੀਂ ਦਿਨੀਂ ਯਰੂਸ਼ਲਮ ਵਿੱਚ ਸੀ।
ਯਿਸੂ ਨੂੰ ਹੇਰੋਦੇਸ ਦੇ ਸਾਹਮਣੇ ਪੇਸ਼ ਕਰਨਾ
8ਹੇਰੋਦੇਸ ਯਿਸੂ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਕਿਉਂ ਜੋ ਉਹ ਬਹੁਤ ਸਮੇਂ ਤੋਂ ਉਸ ਨੂੰ ਵੇਖਣਾ ਚਾਹੁੰਦਾ ਸੀ ਇਸ ਕਰਕੇ ਜੋ ਉਸ ਨੇ ਉਸ ਦੀ ਖ਼ਬਰ ਸੁਣੀ ਸੀ ਅਤੇ ਉਸ ਨੂੰ ਆਸ ਸੀ ਜੋ ਉਸ ਦੇ ਹੱਥੋਂ ਕੋਈ ਚਮਤਕਾਰ ਵੇਖੇ। 9ਉਸ ਨੇ ਯਿਸੂ ਤੋਂ ਬਹੁਤੀਆਂ ਗੱਲਾਂ ਪੁੱਛੀਆਂ, ਪਰ ਉਸ ਨੇ ਉਹ ਨੂੰ ਇੱਕ ਦਾ ਵੀ ਉੱਤਰ ਨਾ ਦਿੱਤਾ। 10ਮੁੱਖ ਜਾਜਕਾਂ ਅਤੇ ਉਪਦੇਸ਼ਕਾਂ ਨੇ ਖੜ੍ਹੇ ਹੋ ਕੇ ਵੱਡੇ ਜੋਸ਼ ਨਾਲ ਉਸ ਉੱਤੇ ਦੋਸ਼ ਲਾਇਆ। 11ਤਦ ਹੇਰੋਦੇਸ ਨੇ ਆਪਣੇ ਸਿਪਾਹੀਆਂ ਨਾਲ ਰਲ ਕੇ ਉਸ ਨੂੰ ਬੇਇੱਜ਼ਤ ਕੀਤਾ ਅਤੇ ਠੱਠਾ ਕੀਤਾ ਅਤੇ ਭੜਕੀਲੀ ਪੁਸ਼ਾਕ ਪਹਿਨਾ ਕੇ ਉਸ ਨੂੰ ਪਿਲਾਤੁਸ ਦੇ ਕੋਲ ਵਾਪਸ ਭੇਜ ਦਿੱਤਾ। 12ਅਤੇ ਉਸੇ ਦਿਨ ਹੇਰੋਦੇਸ ਅਤੇ ਪਿਲਾਤੁਸ ਆਪਸ ਵਿੱਚ ਮਿੱਤਰ ਬਣ ਗਏ ਕਿਉਂ ਜੋ ਪਹਿਲਾਂ ਉਨ੍ਹਾਂ ਵਿੱਚ ਦੁਸ਼ਮਣੀ ਸੀ।
ਪਿਲਾਤੁਸ ਦੇ ਦੁਆਰਾ ਯਿਸੂ ਨੂੰ ਮੌਤ ਦੀ ਸਜ਼ਾ
ਮੱਤੀ 27:15-26; ਮਰਕੁਸ 15:6-15; ਯੂਹੰਨਾ 18:39-19:16
13ਤਦ ਪਿਲਾਤੁਸ ਨੇ ਮੁੱਖ ਜਾਜਕਾਂ ਅਤੇ ਹਾਕਮਾਂ ਅਤੇ ਲੋਕਾਂ ਨੂੰ ਇਕੱਠੇ ਬੁਲਾ ਕੇ 14ਉਨ੍ਹਾਂ ਨੂੰ ਆਖਿਆ, ਤੁਸੀਂ ਇਸ ਮਨੁੱਖ ਨੂੰ ਲੋਕਾਂ ਦਾ ਭਰਮਾਉਣ ਵਾਲਾ ਠਹਿਰਾ ਕੇ ਮੇਰੇ ਕੋਲ ਲਿਆਏ ਅਤੇ ਵੇਖੋ ਮੈਂ ਤੁਹਾਡੇ ਸਾਹਮਣੇ ਪੁੱਛ-ਗਿੱਛ ਕੀਤੀ ਅਤੇ ਜਿਹੜੀਆਂ ਗੱਲਾਂ ਦਾ ਦੋਸ਼ ਤੁਸੀਂ ਇਸ ਉੱਤੇ ਲਾਇਆ ਹੈ, ਮੈਂ ਉਨ੍ਹਾਂ ਦੇ ਬਾਰੇ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਿਆ। 15ਅਤੇ ਨਾ ਹੇਰੋਦੇਸ ਨੇ ਕਿਉਂਕਿ ਉਸ ਨੇ ਇਸ ਨੂੰ ਸਾਡੇ ਕੋਲ ਵਾਪਸ ਭੇਜਿਆ ਅਤੇ ਵੇਖੋ, ਇਸ ਮਨੁੱਖ ਨੇ ਮੌਤ ਦੀ ਸਜ਼ਾ ਦੇ ਲਾਇਕ ਕੋਈ ਕੰਮ ਨਹੀਂ ਕੀਤਾ। 16ਇਸ ਲਈ ਮੈਂ ਉਸ ਨੂੰ ਕੋਰੜੇ ਮਾਰ ਕੇ ਰਿਹਾ ਕਰ ਦਿਆਂਗਾ। 17(ਇਹ ਉਹਨਾਂ ਲਈ ਜ਼ਰੂਰੀ ਸੀ ਕਿ ਤਿਉਹਾਰ ਤੇ ਕਿਸੇ ਇੱਕ ਨੂੰ ਰਿਹਾਈ ਦਿੱਤੀ ਜਾਵੇ) 18ਤਦ ਉਨ੍ਹਾਂ ਸਭਨਾਂ ਨੇ ਰਲ ਕੇ ਰੌਲ਼ਾ ਪਾਇਆ ਅਤੇ ਆਖਿਆ ਕਿ ਇਸ ਨੂੰ ਮਾਰ ਦਿਓ! ਅਤੇ ਬਰੱਬਾ ਨੂੰ ਸਾਡੇ ਲਈ ਰਿਹਾ ਕਰ ਦਿਓ! 19ਜੋ ਸ਼ਹਿਰ ਵਿੱਚ ਹੋਏ ਕਿਸੇ ਫਸਾਦ ਦੇ ਕਾਰਨ ਅਤੇ ਖੂਨ ਦੇ ਕਾਰਨ ਕੈਦ ਵਿੱਚ ਪਿਆ ਹੋਇਆ ਸੀ। 20ਤਦ ਪਿਲਾਤੁਸ ਨੇ ਉਨ੍ਹਾਂ ਨੂੰ ਫਿਰ ਸਮਝਾਇਆ, ਕਿਉਂ ਜੋ ਉਹ ਯਿਸੂ ਨੂੰ ਛੱਡਣ ਦੀ ਇੱਛਾ ਰੱਖਦਾ ਸੀ। 21ਪਰ ਉਹ ਹੋਰ ਵੀ ਉੱਚੀ ਅਵਾਜ਼ ਵਿੱਚ ਬੋਲੇ ਕਿ ਇਸ ਨੂੰ ਸਲੀਬ ਤੇ ਚੜਾਓ! ਸਲੀਬ ਚੜਾਓ! 22ਉਸ ਨੇ ਤੀਸਰੀ ਵਾਰ ਉਨ੍ਹਾਂ ਨੂੰ ਆਖਿਆ, ਕਿਉਂ, ਇਸ ਨੇ ਕੀ ਅਪਰਾਧ ਕੀਤਾ ਹੈ? ਮੈਂ ਇਸ ਦੇ ਵਿੱਚ ਮੌਤ ਦੀ ਸਜ਼ਾ ਦੇ ਲਾਇਕ ਕੋਈ ਦੋਸ਼ ਨਹੀਂ ਵੇਖਿਆ ਇਸ ਲਈ ਮੈਂ ਇਸ ਨੂੰ ਕੋਰੜੇ ਮਰਵਾ ਕੇ ਰਿਹਾ ਕਰ ਦਿਆਂਗਾ। 23ਪਰ ਉਹ ਹੋਰ ਵੀ ਉੱਚੀ ਅਵਾਜ਼ ਵਿੱਚ ਰੌਲ਼ਾ ਪਾ ਕੇ ਉਸ ਦੇ ਪਿੱਛੇ ਪੈ ਗਏ ਅਤੇ ਇਹੋ ਮੰਗਦੇ ਰਹੇ ਜੋ ਉਹ ਸਲੀਬ ਉੱਤੇ ਚੜ੍ਹਾਇਆ ਜਾਵੇ ਅਤੇ ਉਨ੍ਹਾਂ ਦੀਆਂ ਅਵਾਜ਼ਾਂ ਉਸ ਉੱਤੇ ਭਾਰੀਆਂ ਪੈ ਗਈਆਂ। 24ਤਦ ਪਿਲਾਤੁਸ ਨੇ ਹੁਕਮ ਕੀਤਾ ਜੋ ਉਨ੍ਹਾਂ ਦੀ ਮੰਗ ਦੇ ਅਨੁਸਾਰ ਹੋਵੇ। 25ਅਤੇ ਉਸ ਨੂੰ ਜਿਹੜਾ ਫਸਾਦ ਅਤੇ ਖੂਨ ਦੇ ਕਾਰਨ ਕੈਦ ਹੋਇਆ ਸੀ ਜਿਸ ਨੂੰ ਉਹ ਮੰਗਦੇ ਸਨ, ਰਿਹਾ ਕਰ ਦਿੱਤਾ ਪਰ ਯਿਸੂ ਨੂੰ ਉਨ੍ਹਾਂ ਦੀ ਮਰਜ਼ੀ ਉੱਤੇ ਹਵਾਲੇ ਕੀਤਾ।
ਯਿਸੂ ਨੂੰ ਸਲੀਬ ਉੱਤੇ ਚੜਾਉਣਾ
ਮੱਤੀ 27:32-44; ਮਰਕੁਸ 15:21-32; ਯੂਹੰਨਾ 19:17-27
26ਜਦ ਉਹ ਯਿਸੂ ਨੂੰ ਲਈ ਜਾਂਦੇ ਸਨ ਤਾਂ ਉਨ੍ਹਾਂ ਨੇ ਸ਼ਮਊਨ ਨਾਮਕ ਇੱਕ ਕੁਰੇਨੀ ਮਨੁੱਖ ਨੂੰ ਜੋ ਪਿੰਡੋਂ ਆਉਂਦਾ ਸੀ, ਫੜ੍ਹ ਕੇ ਉਸ ਦੇ ਮੋਢੇ ਉੱਤੇ ਸਲੀਬ ਰੱਖੀ ਜੋ ਉਹ ਯਿਸੂ ਦੇ ਮਗਰ ਲੈ ਚੱਲੇ।
27ਲੋਕਾਂ ਦੀ ਵੱਡੀ ਭੀੜ ਉਸ ਦੇ ਪਿੱਛੇ ਗਈ ਨਾਲੇ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਉਸ ਦੇ ਲਈ ਪਿੱਟਦੀਆਂ ਅਤੇ ਰੋਂਦੀਆਂ ਸਨ। 28ਪਰ ਯਿਸੂ ਨੇ ਉਨ੍ਹਾਂ ਵੱਲ ਪਿੱਛੇ ਮੁੜ ਕੇ ਕਿਹਾ, ਹੇ ਯਰੂਸ਼ਲਮ ਦੀਓ ਧੀਓ, ਮੇਰੇ ਲਈ ਨਾ ਰੋਵੋ ਪਰ ਆਪਣੇ ਅਤੇ ਆਪਣਿਆਂ ਬੱਚਿਆਂ ਲਈ ਰੋਵੋ। 29ਕਿਉਂਕਿ ਵੇਖੋ ਉਹ ਦਿਨ ਆਉਂਦੇ ਹਨ, ਜਿਨ੍ਹਾਂ ਵਿੱਚ ਆਖਣਗੇ, ਕਿ ਧੰਨ ਹਨ ਬਾਂਝ ਔਰਤਾਂ, ਅਤੇ ਉਹ ਕੁੱਖਾਂ ਜਿਨ੍ਹਾਂ ਨੇ ਜਨਮ ਨਹੀਂ ਦਿੱਤਾ ਅਤੇ ਉਹ ਦੁੱਧੀਆਂ ਜਿਨ੍ਹਾਂ ਦੁੱਧ ਨਹੀਂ ਚੁੰਘਾਇਆ।
30 ਤਦ ਉਹ ਪਹਾੜਾਂ ਨੂੰ ਆਖਣਗੇ ਕਿ ਸਾਡੇ ਉੱਤੇ ਡਿੱਗ ਪਓ!
ਅਤੇ ਟਿੱਲਿਆਂ ਨੂੰ ਜੋ ਸਾਨੂੰ ਢੱਕ ਲਓ!
31 ਕਿਉਂਕਿ ਜਦ ਹਰੇ ਰੁੱਖ ਨਾਲ ਇਹ ਕਰਦੇ ਹਨ ਤਾਂ ਸੁੱਕੇ ਨਾਲ ਕੀ ਕੁਝ ਨਾ ਹੋਵੇਗਾ?
32ਹੋਰ ਦੋ ਮਨੁੱਖਾਂ ਨੂੰ ਵੀ ਜੋ ਅਪਰਾਧੀ ਸਨ, ਉਸ ਦੇ ਨਾਲ ਸਲੀਬ ਚੜ੍ਹਾਉਣ ਲਈ ਲੈ ਕੇ ਜਾਂਦੇ ਸਨ। 33ਅਤੇ ਜਦ ਉਹ ਉਸ ਸਥਾਨ ਤੇ ਪਹੁੰਚੇ ਜੋ ਕਲਵਰੀ ਅਖਵਾਉਂਦਾ ਹੈ, ਤਾਂ ਉਸ ਨੂੰ ਉੱਥੇ ਸਲੀਬ ਤੇ ਚੜ੍ਹਾਇਆ ਅਤੇ ਉਨ੍ਹਾਂ ਦੋਵਾਂ ਅਪਰਾਧੀਆਂ ਨੂੰ ਵੀ ਇੱਕ ਨੂੰ ਸੱਜੇ ਅਤੇ ਦੂਜੇ ਨੂੰ ਖੱਬੇ। 34ਤਦ ਯਿਸੂ ਨੇ ਆਖਿਆ, ਹੇ ਪਿਤਾ ਉਨ੍ਹਾਂ ਨੂੰ ਮਾਫ਼ ਕਰ ਕਿਉਂ ਜੋ ਉਹ ਨਹੀਂ ਜਾਣਦੇ ਜੋ ਇਹ ਕੀ ਕਰਦੇ ਹਨ ਅਤੇ ਉਨ੍ਹਾਂ ਉਸ ਦੇ ਕੱਪੜੇ ਗੁਣੇ ਪਾ ਕੇ ਵੰਡ ਲਏ। 35ਅਤੇ ਲੋਕ ਖੜ੍ਹੇ ਇਹ ਵੇਖ ਰਹੇ ਸਨ ਅਤੇ ਸਰਦਾਰ ਵੀ ਮਖ਼ੌਲ ਨਾਲ ਕਹਿਣ ਲੱਗੇ ਕਿ ਇਸ ਨੇ ਹੋਰਨਾਂ ਨੂੰ ਬਚਾਇਆ। ਜੇਕਰ ਇਹ ਪਰਮੇਸ਼ੁਰ ਦਾ ਮਸੀਹ ਅਤੇ ਉਸ ਦਾ ਚੁਣਿਆ ਹੋਇਆ ਹੈ ਤਾਂ ਆਪਣੇ ਆਪ ਨੂੰ ਬਚਾ ਲਵੇ! 36ਸਿਪਾਹੀਆਂ ਨੇ ਵੀ ਉਸ ਦਾ ਮਖ਼ੌਲ ਉਡਾਇਆ ਅਤੇ ਨੇੜੇ ਆਣ ਕੇ ਉਸ ਨੂੰ ਸਿਰਕਾ ਦਿੱਤਾ ਅਤੇ ਆਖਿਆ, 37ਜੇ ਤੂੰ ਯਹੂਦੀਆਂ ਦਾ ਰਾਜਾ ਹੈਂ ਤਾਂ ਆਪਣੇ ਆਪ ਨੂੰ ਬਚਾ ਲੈ! 38ਅਤੇ ਯਿਸੂ ਦੀ ਸਲੀਬ ਉੱਤੇ “ਇਹ ਯਹੂਦੀਆਂ ਦਾ ਰਾਜਾ ਹੈ” ਲਿਖਤ ਵੀ ਲਾਈ ਹੋਈ ਸੀ।
ਤੋਬਾ ਕਰਨ ਵਾਲੇ ਕੁਧਰਮੀ
39ਉਨ੍ਹਾਂ ਅਪਰਾਧੀਆਂ ਵਿੱਚੋਂ ਜਿਹੜੇ ਟੰਗੇ ਹੋਏ ਸਨ, ਇੱਕ ਨੇ ਇਹ ਕਹਿ ਕੇ ਅਪਮਾਨ ਕੀਤਾ ਕਿ ਭਲਾ, ਤੂੰ ਮਸੀਹ ਨਹੀਂ ਹੈਂ? ਤਾਂ ਆਪਣੇ ਆਪ ਨੂੰ ਅਤੇ ਸਾਨੂੰ ਵੀ ਬਚਾ! 40ਪਰ ਦੂਜੇ ਨੇ ਉਸ ਨੂੰ ਝਿੜਕ ਕੇ ਆਖਿਆ, ਕੀ ਤੂੰ ਆਪ ਇਸੇ ਕਸ਼ਟ ਵਿੱਚ ਪਿਆ ਹੋਇਆ ਪਰਮੇਸ਼ੁਰ ਕੋਲੋਂ ਨਹੀਂ ਡਰਦਾ? 41ਅਸੀਂ ਤਾਂ ਨਿਆਂ ਨਾਲ ਆਪਣੀ ਕਰਨੀ ਦਾ ਫਲ ਭੋਗਦੇ ਹਾਂ, ਪਰ ਉਸ ਨੇ ਕੋਈ ਅਪਰਾਧ ਨਹੀਂ ਕੀਤਾ। 42ਅਤੇ ਉਸ ਨੇ ਆਖਿਆ, ਹੇ ਯਿਸੂ ਜਦ ਤੁਸੀਂ ਆਪਣੇ ਰਾਜ ਵਿੱਚ ਆਵੋ ਤਾਂ ਮੈਨੂੰ ਯਾਦ ਰੱਖਣਾ। 43ਯਿਸੂ ਨੇ ਉਸ ਨੂੰ ਆਖਿਆ, ਮੈਂ ਤੈਨੂੰ ਸੱਚ ਆਖਦਾ ਹਾਂ ਕਿ ਤੂੰ ਅੱਜ ਹੀ ਮੇਰੇ ਨਾਲ ਸਵਰਗ ਵਿੱਚ ਹੋਵੇਂਗਾ।
ਯਿਸੂ ਦੀ ਮੌਤ
ਮੱਤੀ 27:45-56; ਮਰਕੁਸ 15:33-41; ਯੂਹੰਨਾ 19:28-30
44ਹੁਣ ਦੂਸਰੇ ਪਹਿਰ ਤੋਂ ਤੀਸਰੇ ਪਹਿਰ ਤੱਕ ਸਾਰੀ ਧਰਤੀ ਉੱਤੇ ਹਨ੍ਹੇਰਾ ਰਿਹਾ। 45ਅਤੇ ਸੂਰਜ ਹਨ੍ਹੇਰਾ ਹੋ ਗਿਆ ਅਤੇ ਹੈਕਲ ਦਾ ਪੜਦਾ ਉੱਪਰ ਤੋਂ ਲੈ ਕੇ ਹੇਠਾਂ ਤੱਕ ਵਿਚਕਾਰੋਂ ਫਟ ਗਿਆ। 46ਤਦ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰ ਕੇ ਆਖਿਆ, “ਹੇ ਪਿਤਾ ਮੈਂ ਆਪਣਾ ਆਤਮਾ ਤੇਰੇ ਹੱਥ ਸੌਂਪਦਾ ਹਾਂ,” ਅਤੇ ਇਹ ਕਹਿ ਕੇ ਉਸ ਨੇ ਪ੍ਰਾਣ ਤਿਆਗ ਦਿੱਤੇ। 47ਸੂਬੇਦਾਰ ਨੇ ਇਹ ਅਜਿਹਾ ਵੇਖ ਕੇ ਪਰਮੇਸ਼ੁਰ ਦੀ ਵਡਿਆਈ ਕੀਤੀ ਅਤੇ ਬੋਲਿਆ, ਸੱਚ-ਮੁੱਚ ਇਹ ਧਰਮੀ ਪੁਰਖ ਸੀ! 48ਅਤੇ ਸਭ ਲੋਕ ਜਿਹੜੇ ਇਹ ਦ੍ਰਿਸ਼ ਵੇਖਣ ਨੂੰ ਇਕੱਠੇ ਹੋਏ ਸਨ, ਇਹ ਸਾਰੀ ਘਟਨਾ ਵੇਖ ਕੇ ਛਾਤੀਆਂ ਪਿੱਟਦੇ ਮੁੜੇ। 49ਅਤੇ ਉਸ ਦੇ ਸਭ ਜਾਣ-ਪਛਾਣ ਅਤੇ ਉਹ ਔਰਤਾਂ ਜਿਹੜੀਆਂ ਗਲੀਲ ਤੋਂ ਉਸ ਦੇ ਨਾਲ ਆਈਆਂ ਸਨ, ਦੂਰ ਖਲੋ ਕੇ ਇਹ ਹਾਲ ਵੇਖ ਰਹੀਆਂ ਸਨ।
ਯਿਸੂ ਨੂੰ ਦਫ਼ਨਾਉਣਾ
ਮੱਤੀ 27:57-61; ਮਰਕੁਸ 15:42-47; ਯੂਹੰਨਾ 19:38-42
50ਤਾਂ ਵੇਖੋ, ਯੂਸੁਫ਼ ਨਾਮ ਦਾ ਇੱਕ ਮਨੁੱਖ ਸੀ ਜੋ ਸਲਾਹਕਾਰ, ਭਲਾ ਅਤੇ ਧਰਮੀ ਸੀ। 51ਅਤੇ ਉਨ੍ਹਾਂ ਦੀ ਮੱਤ ਅਤੇ ਕਰਮ ਵਿੱਚ ਨਹੀਂ ਰਲਿਆ ਸੀ, ਉਹ ਯਹੂਦੀਆਂ ਦੇ ਨਗਰ ਅਰਿਮਥੇਆ ਦਾ ਸੀ ਅਤੇ ਪਰਮੇਸ਼ੁਰ ਦੇ ਰਾਜ ਦੀ ਉਡੀਕ ਵਿੱਚ ਸੀ। 52ਉਸ ਨੇ ਪਿਲਾਤੁਸ ਦੇ ਕੋਲ ਜਾ ਕੇ ਯਿਸੂ ਦੀ ਲਾਸ਼ ਮੰਗੀ। 53ਅਤੇ ਉਸ ਨੂੰ ਸਲੀਬ ਤੋਂ ਉਤਾਰਿਆ ਅਤੇ ਮਹੀਨ ਕੱਪੜੇ ਵਿੱਚ ਲਪੇਟ ਕੇ, ਉਸ ਨੂੰ ਇੱਕ ਕਬਰ ਦੇ ਅੰਦਰ ਰੱਖਿਆ ਜਿਹੜੀ ਚੱਟਾਨ ਵਿੱਚ ਖੋਦੀ ਹੋਈ ਸੀ, ਜਿੱਥੇ ਕਦੇ ਕੋਈ ਨਹੀਂ ਸੀ ਪਿਆ। 54ਉਹ ਤਿਆਰੀ ਦਾ ਦਿਨ ਸੀ ਅਤੇ ਸਬਤ ਦਾ ਦਿਨ ਨੇੜੇ ਆ ਪਹੁੰਚਿਆ। 55ਅਤੇ ਉਹ ਔਰਤਾਂ ਜਿਹੜੀਆਂ ਗਲੀਲ ਤੋਂ ਉਸ ਦੇ ਨਾਲ ਆਈਆਂ ਸਨ, ਉਨ੍ਹਾਂ ਦੇ ਪਿੱਛੇ ਜਾ ਕੇ ਕਬਰ ਨੂੰ ਵੇਖਿਆ ਅਤੇ ਨਾਲੇ ਇਹ ਕਿ ਉਹ ਦੇ ਸਰੀਰ ਨੂੰ ਕਿਸ ਤਰ੍ਹਾਂ ਰੱਖਿਆ ਗਿਆ ਸੀ। 56ਤਦ ਉਨ੍ਹਾਂ ਘਰ ਆ ਕੇ ਸੁਗੰਧਾਂ ਅਤੇ ਅਤਰ ਤਿਆਰ ਕੀਤਾ ਅਤੇ ਸਬਤ ਦੇ ਦਿਨ, ਪਰਮੇਸ਼ੁਰ ਦੇ ਹੁਕਮ ਅਨੁਸਾਰ ਅਰਾਮ ਕੀਤਾ।

Цяпер абрана:

ਲੂਕਾ 23: IRVPun

Пазнака

Падзяліцца

Капіяваць

None

Хочаце, каб вашыя адзнакі былі захаваны на ўсіх вашых прыладах? Зарэгіструйцеся або ўвайдзіце

Бясплатныя планы чытання і малітвы, звязаныя з ਲੂਕਾ 23

YouVersion выкарыстоўвае файлы cookie для персаналізацыі вашага акаунта. Выкарыстоўваючы наш вэб-сайт, вы згаджаецеся на выкарыстанне намі файлаў cookie, як апісана ў нашай Палітыцы прыватнасці