ਮੱਤੀ 13
13
ਬੀਜ ਬੀਜਣ ਵਾਲੇ ਦਾ ਦ੍ਰਿਸ਼ਟਾਂਤ
(ਮਰਕੁਸ 4:1-9, ਲੂਕਾ 8:4-8)
1ਉਸੇ ਦਿਨ ਯਿਸੂ ਘਰ ਤੋਂ ਨਿੱਕਲ ਕੇ ਝੀਲ ਦੇ ਕੰਢੇ ਉੱਤੇ ਗਏ । ਉੱਥੇ ਉਹ ਲੋਕਾਂ ਨੂੰ ਸਿੱਖਿਆ ਦੇਣ ਦੇ ਲਈ ਬੈਠ ਗਏ । ਛੇਤੀ ਹੀ ਉਹਨਾਂ ਕੋਲ ਬਹੁਤ ਵੱਡੀ ਭੀੜ ਇਕੱਠੀ ਹੋ ਗਈ । 2#ਲੂਕਾ 5:1-3ਇਸ ਕਾਰਨ ਉਹਨਾਂ ਨੂੰ ਕਿਸ਼ਤੀ ਵਿੱਚ ਚੜ੍ਹ ਕੇ ਬੈਠਣਾ ਪਿਆ ਪਰ ਭੀੜ ਝੀਲ ਦੇ ਕੰਢੇ ਉੱਤੇ ਹੀ ਖੜ੍ਹੀ ਰਹੀ । 3ਉਹਨਾਂ ਨੇ ਲੋਕਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਬਹੁਤ ਸਾਰੀਆਂ ਗੱਲਾਂ ਦੱਸੀਆਂ । ਉਹਨਾਂ ਨੇ ਕਿਹਾ,
“ਇੱਕ ਕਿਸਾਨ ਬੀਜ ਬੀਜਣ ਦੇ ਲਈ ਆਪਣੇ ਖੇਤ ਵਿੱਚ ਗਿਆ । 4ਜਦੋਂ ਉਹ ਛੱਟਾ ਦੇ ਰਿਹਾ ਸੀ ਤਾਂ ਕੁਝ ਬੀਜ ਖੇਤ ਦੇ ਨਾਲ ਜਾਂਦੇ ਰਾਹ ਵਿੱਚ ਡਿੱਗੇ ਜਿਹੜੇ ਪੰਛੀਆਂ ਨੇ ਆ ਕੇ ਚੁਗ ਲਏ । 5ਕੁਝ ਬੀਜ ਪਥਰੀਲੀ ਜ਼ਮੀਨ ਵਿੱਚ ਡਿੱਗੇ ਜਿੱਥੇ ਬਹੁਤ ਮਿੱਟੀ ਨਹੀਂ ਸੀ । ਇਸ ਲਈ ਉਹ ਡੂੰਘੀ ਮਿੱਟੀ ਨਾ ਹੋਣ ਕਾਰਨ ਛੇਤੀ ਹੀ ਉੱਗ ਪਏ । 6ਜਦੋਂ ਸੂਰਜ ਚੜ੍ਹਿਆ ਤਾਂ ਉਸ ਦੇ ਸੇਕ ਨਾਲ ਝੁਲਸ ਕੇ ਸੁੱਕ ਗਏ ਕਿਉਂਕਿ ਉਹਨਾਂ ਦੀਆਂ ਜੜ੍ਹਾਂ ਡੂੰਘੀਆਂ ਨਹੀਂ ਸਨ । 7ਕੁਝ ਕੰਡਿਆਲੀ ਝਾੜੀਆਂ ਵਾਲੀ ਜ਼ਮੀਨ ਵਿੱਚ ਡਿੱਗੇ ਜਿਹੜੇ ਉੱਗ ਤਾਂ ਪਏ ਪਰ ਝਾੜੀਆਂ ਕਾਰਨ ਦੱਬ ਗਏ ਅਤੇ ਵੱਧ ਨਾ ਸਕੇ । 8ਪਰ ਬਾਕੀ ਬੀਜ ਚੰਗੀ ਜ਼ਮੀਨ ਵਿੱਚ ਡਿੱਗੇ ਜਿਹੜੇ ਬਹੁਤ ਫਲੇ, ਕੁਝ ਸੌ ਗੁਣਾ, ਕੁਝ ਸੱਠ ਗੁਣਾ ਅਤੇ ਕੁਝ ਤੀਹ ਗੁਣਾ ।” 9ਅੰਤ ਵਿੱਚ ਯਿਸੂ ਨੇ ਕਿਹਾ, “ਜਿਸ ਦੇ ਕੋਲ ਕੰਨ ਹਨ, ਉਹ ਸੁਣੇ ।”
ਦ੍ਰਿਸ਼ਟਾਂਤਾਂ ਦਾ ਉਦੇਸ਼
(ਮਰਕੁਸ 4:10-12, ਲੂਕਾ 8:9-10)
10ਇਸ ਦੇ ਬਾਅਦ ਚੇਲੇ ਯਿਸੂ ਦੇ ਕੋਲ ਆਏ ਅਤੇ ਉਹਨਾਂ ਕੋਲੋਂ ਪੁੱਛਿਆ, “ਤੁਸੀਂ ਜਦੋਂ ਲੋਕਾਂ ਨਾਲ ਗੱਲਾਂ ਕਰਦੇ ਹੋ ਤਾਂ ਦ੍ਰਿਸ਼ਟਾਂਤ ਕਿਉਂ ਵਰਤਦੇ ਹੋ ?” 11ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਤੁਹਾਨੂੰ ਪਰਮੇਸ਼ਰ ਦੇ ਰਾਜ ਦੇ ਭੇਤਾਂ ਦੀ ਸਮਝ ਦਿੱਤੀ ਗਈ ਹੈ ਪਰ ਉਹਨਾਂ ਨੂੰ ਨਹੀਂ । 12#ਮੱਤੀ 25:29, ਮਰ 4:25, ਲੂਕਾ 8:18, 19:26ਕਿਉਂਕਿ ਜਿਸ ਕਿਸੇ ਕੋਲ ਕੁਝ ਹੈ, ਉਸ ਨੂੰ ਹੋਰ ਵੀ ਦਿੱਤਾ ਜਾਵੇਗਾ ਅਤੇ ਉਸ ਦੇ ਕੋਲ ਬਹੁਤ ਹੋ ਜਾਵੇਗਾ ਪਰ ਜਿਸ ਦੇ ਕੋਲ ਕੁਝ ਨਹੀਂ ਹੈ, ਉਸ ਤੋਂ ਜੋ ਕੁਝ ਉਸ ਦੇ ਕੋਲ ਹੈ ਉਹ ਵੀ ਲੈ ਲਿਆ ਜਾਵੇਗਾ । 13ਇਸ ਲਈ ਮੈਂ ਉਹਨਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਗੱਲਾਂ ਕਰਦਾ ਹਾਂ ਕਿਉਂਕਿ ਉਹ ਦੇਖਦੇ ਹੋਏ ਵੀ ਨਹੀਂ ਦੇਖਦੇ ਅਤੇ ਸੁਣਦੇ ਹੋਏ ਵੀ ਨਹੀਂ ਸੁਣਦੇ ਅਤੇ ਸਮਝਦੇ । 14#ਯਸਾ 6:9-10ਉਹਨਾਂ ਰਾਹੀਂ ਹੀ ਯਸਾਯਾਹ ਦਾ ਇਹ ਵਚਨ ਪੂਰਾ ਹੁੰਦਾ ਹੈ ਕਿ ਪਰਮੇਸ਼ਰ ਨੇ ਕਿਹਾ ਹੈ,
‘ਤੁਸੀਂ ਸੁਣੋਗੇ ਤਾਂ ਸਹੀ ਪਰ ਨਾ ਸਮਝੋਗੇ,
ਤੁਸੀਂ ਦੇਖੋਗੇ ਤਾਂ ਸਹੀ,
ਪਰ ਪਛਾਣ ਨਾ ਸਕੋਗੇ ।
15ਕਿਉਂਕਿ ਇਹਨਾਂ ਲੋਕਾਂ ਦੇ ਦਿਲ ਕਠੋਰ ਹੋ ਗਏ ਹਨ,
ਇਹ ਕੰਨਾਂ ਤੋਂ ਉੱਚਾ ਸੁਣਨ ਲੱਗ ਪਏ ਹਨ,
ਇਹਨਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ,
ਕਿ ਕਿਤੇ ਉਹਨਾਂ ਦੀਆਂ ਅੱਖਾਂ ਦੇਖ ਨਾ ਲੈਣ,
ਅਤੇ ਉਹਨਾਂ ਦੇ ਕੰਨ ਸੁਣ ਨਾ ਲੈਣ,
ਅਤੇ ਉਹਨਾਂ ਦੇ ਮਨ ਸਮਝ ਨਾ ਜਾਣ,
ਅਤੇ ਮੇਰੇ ਵੱਲ ਮੁੜ ਕੇ ਆਉਣ,
ਅਤੇ ਮੈਂ ਉਹਨਾਂ ਨੂੰ ਚੰਗਾ ਕਰਾਂ ।’
16 #
ਲੂਕਾ 10:23-24
“ਪਰ ਤੁਸੀਂ ਧੰਨ ਹੋ ਕਿਉਂਕਿ ਤੁਹਾਡੀਆਂ ਅੱਖਾਂ ਦੇਖਦੀਆਂ ਹਨ ਅਤੇ ਤੁਹਾਡੇ ਕੰਨ ਸੁਣਦੇ ਹਨ । 17ਇਹ ਸੱਚ ਜਾਣੋ ਬਹੁਤ ਸਾਰੇ ਨਬੀਆਂ ਅਤੇ ਨੇਕ ਲੋਕਾਂ ਨੇ ਇਹ ਦੇਖਣਾ ਚਾਹਿਆ ਜੋ ਤੁਸੀਂ ਦੇਖ ਰਹੇ ਹੋ ਪਰ ਉਹ ਦੇਖ ਨਾ ਸਕੇ ਅਤੇ ਇਹ ਸੁਣਨਾ ਚਾਹਿਆ ਜੋ ਤੁਸੀਂ ਸੁਣ ਰਹੇ ਹੋ ਪਰ ਉਹ ਸੁਣ ਨਾ ਸਕੇ ।”
ਬੀਜ ਬੀਜਣ ਵਾਲੇ ਦੇ ਦ੍ਰਿਸ਼ਟਾਂਤ ਦਾ ਅਰਥ
(ਮਰਕੁਸ 4:13-20, ਲੂਕਾ 8:11-15)
18“ਹੁਣ ਤੁਸੀਂ ਬੀਜ ਬੀਜਣ ਵਾਲੇ ਦੇ ਦ੍ਰਿਸ਼ਟਾਂਤ ਦਾ ਅਰਥ ਸੁਣੋ ਅਤੇ ਸਮਝੋ । 19ਉਹ ਲੋਕ ਜਿਹੜੇ ਪਰਮੇਸ਼ਰ ਦਾ ਵਚਨ ਸੁਣਦੇ ਤਾਂ ਹਨ ਪਰ ਸਮਝਦੇ ਨਹੀਂ, ਉਹ ਉਸ ਬੀਜ ਵਰਗੇ ਹਨ ਜੋ ਰਾਹ ਵਿੱਚ ਡਿੱਗੇ ਹਨ । ਸ਼ੈਤਾਨ ਆ ਕੇ ਉਹਨਾਂ ਦੇ ਦਿਲਾਂ ਵਿੱਚੋਂ ਉਸ ਵਚਨ ਨੂੰ ਕੱਢ ਲੈਂਦਾ ਹੈ ਜੋ ਉਹਨਾਂ ਵਿੱਚ ਬੀਜਿਆ ਗਿਆ ਸੀ । 20ਉਹ ਲੋਕ ਜਿਹੜੇ ਵਚਨ ਨੂੰ ਸੁਣਦੇ ਅਤੇ ਉਸੇ ਵੇਲੇ ਖ਼ੁਸ਼ੀ ਨਾਲ ਉਸ ਨੂੰ ਮੰਨ ਲੈਂਦੇ ਹਨ, ਪਥਰੀਲੀ ਜ਼ਮੀਨ ਵਿੱਚ ਪਏ ਬੀਜ ਵਰਗੇ ਹਨ । 21ਵਚਨ ਅਜਿਹੇ ਲੋਕਾਂ ਦੇ ਦਿਲਾਂ ਦੀ ਗਹਿਰਾਈ ਤੱਕ ਨਹੀਂ ਪਹੁੰਚਦਾ ਅਤੇ ਇਸ ਲਈ ਇਸ ਦਾ ਅਸਰ ਉਹਨਾਂ ਉੱਤੇ ਥੋੜ੍ਹੇ ਸਮੇਂ ਤੱਕ ਹੀ ਰਹਿੰਦਾ ਹੈ । ਕਿਉਂਕਿ ਜਦੋਂ ਕੋਈ ਦੁੱਖ ਜਾਂ ਅੱਤਿਆਚਾਰ ਉਹਨਾਂ ਉੱਤੇ ਵਚਨ ਦੇ ਕਾਰਨ ਆਉਂਦਾ ਹੈ ਤਾਂ ਉਹ ਇਕਦਮ ਇਸ ਨੂੰ ਛੱਡ ਦਿੰਦੇ ਹਨ । 22ਉਹ ਲੋਕ ਜਿਹੜੇ ਵਚਨ ਨੂੰ ਸੁਣਦੇ ਹਨ ਪਰ ਇਸ ਸੰਸਾਰ ਦੀਆਂ ਚਿੰਤਾਵਾਂ ਅਤੇ ਸੰਸਾਰਕ ਮੋਹ, ਵਚਨ ਦੇ ਅਸਰ ਨੂੰ ਉਹਨਾਂ ਦੇ ਦਿਲਾਂ ਵਿੱਚੋਂ ਖ਼ਤਮ ਕਰ ਦਿੰਦੇ ਹਨ । ਇਸ ਤਰ੍ਹਾਂ ਇਹ ਫਲਦਾਰ ਨਹੀਂ ਹੁੰਦੇ ਹਨ । ਅਜਿਹੇ ਲੋਕ ਕੰਡਿਆਲੀ ਝਾੜੀਆਂ ਵਿੱਚ ਡਿੱਗੇ ਬੀਜ ਵਰਗੇ ਹਨ । 23ਪਰ ਉਹ ਲੋਕ ਜਿਹੜੇ ਵਚਨ ਨੂੰ ਸੁਣਦੇ ਹਨ ਅਤੇ ਸਮਝਦੇ ਹਨ, ਚੰਗੀ ਉਪਜਾਊ ਜ਼ਮੀਨ ਵਿੱਚ ਡਿੱਗੇ ਬੀਜ ਵਰਗੇ ਹਨ । ਇਹਨਾਂ ਵਿੱਚੋਂ ਕੁਝ ਸੌ ਗੁਣਾ, ਕੁਝ ਸੱਠ ਗੁਣਾ ਅਤੇ ਕੁਝ ਤੀਹ ਗੁਣਾ ਫਲਦੇ ਹਨ ।”
ਕਣਕ ਅਤੇ ਜੰਗਲੀ ਬੂਟੀ ਦਾ ਦ੍ਰਿਸ਼ਟਾਂਤ
24ਫਿਰ ਯਿਸੂ ਨੇ ਉਹਨਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਸੁਣਾਇਆ, “ਸਵਰਗ ਦਾ ਰਾਜ ਉਸ ਆਦਮੀ ਵਰਗਾ ਹੈ ਜਿਸ ਨੇ ਆਪਣੇ ਖੇਤ ਵਿੱਚ ਚੰਗਾ ਬੀਜ ਬੀਜਿਆ । 25ਪਰ ਜਦੋਂ ਲੋਕ ਸੌਂ ਰਹੇ ਸਨ ਤਾਂ ਉਸ ਦਾ ਵੈਰੀ ਆਇਆ ਅਤੇ ਕਣਕ ਵਿੱਚ ਜੰਗਲੀ ਬੂਟੀ ਬੀਜ ਕੇ ਚਲਾ ਗਿਆ । 26ਇਸ ਲਈ ਜਦੋਂ ਕਰੂੰਬਲਾਂ ਫੁੱਟੀਆਂ ਅਤੇ ਪੌਦੇ ਵੱਧਣੇ ਸ਼ੁਰੂ ਹੋ ਗਏ ਤਾਂ ਜੰਗਲੀ ਬੂਟੀਆਂ ਵੀ ਉਹਨਾਂ ਦੇ ਵਿੱਚ ਦਿਖਾਈ ਦੇਣ ਲੱਗੀਆਂ । 27ਉਸ ਆਦਮੀ ਦੇ ਸੇਵਕ ਉਸ ਦੇ ਕੋਲ ਆਏ ਅਤੇ ਕਹਿਣ ਲੱਗੇ, ‘ਮਾਲਕ, ਕੀ ਤੁਸੀਂ ਚੰਗਾ ਬੀਜ ਆਪਣੇ ਖੇਤ ਵਿੱਚ ਨਹੀਂ ਬੀਜਿਆ ਸੀ ? ਫਿਰ ਇਹ ਜੰਗਲੀ ਬੂਟੀ ਕਿੱਥੋਂ ਆਈ ਹੈ ?’ 28ਉਸ ਆਦਮੀ ਨੇ ਉਹਨਾਂ ਨੂੰ ਉੱਤਰ ਦਿੱਤਾ, ‘ਇਹ ਕਿਸੇ ਵੈਰੀ ਦਾ ਕੰਮ ਹੈ ।’ ਸੇਵਕਾਂ ਨੇ ਪੁੱਛਿਆ, ‘ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਜਾ ਕੇ ਜੰਗਲੀ ਬੂਟੀ ਨੂੰ ਪੁੱਟ ਦੇਈਏ ?’ 29ਉਸ ਨੇ ਉੱਤਰ ਦਿੱਤਾ, ‘ਨਹੀਂ, ਕਿਤੇ ਜੰਗਲੀ ਬੂਟੀ ਨੂੰ ਪੁੱਟਦੇ ਹੋਏ ਤੁਸੀਂ ਕਣਕ ਨੂੰ ਵੀ ਨਾਲ ਹੀ ਨਾ ਪੁੱਟ ਸੁੱਟੋ । 30ਫ਼ਸਲ ਪੱਕਣ ਤੱਕ ਦੋਨਾਂ ਨੂੰ ਇਕੱਠੇ ਵੱਧਣ ਦਿਓ । ਵੱਢਣ ਸਮੇਂ ਮੈਂ ਵਾਢਿਆਂ ਨੂੰ ਇਹ ਕਹਿ ਦੇਵਾਂਗਾ ਕਿ ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰ ਕੇ ਬਾਲਣ ਲਈ ਢੇਰ ਲਾ ਦਿਓ ਅਤੇ ਫਿਰ ਕਣਕ ਇਕੱਠੀ ਕਰ ਕੇ ਮੇਰੇ ਗੋਦਾਮਾਂ ਵਿੱਚ ਭਰ ਦਿਓ ।’”
ਰਾਈ ਦੇ ਦਾਣੇ ਦਾ ਦ੍ਰਿਸ਼ਟਾਂਤ
(ਮਰਕੁਸ 4:30-32, ਲੂਕਾ 13:18,19)
31ਯਿਸੂ ਨੇ ਉਹਨਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਸੁਣਾਇਆ, “ਸਵਰਗ ਦਾ ਰਾਜ ਰਾਈ#13:31 ਰਾਈ ਦਾ ਪੌਦਾ ਇਸਰਾਏਲ ਦੇਸ਼ ਵਿੱਚ 12 ਤੋਂ 15 ਫੁੱਟ ਤੱਕ ਉੱਚਾ ਹੁੰਦਾ ਹੈ । ਦੇ ਬੀਜ ਵਰਗਾ ਹੈ ਜਿਸ ਨੂੰ ਕਿਸੇ ਆਦਮੀ ਨੇ ਲੈ ਕੇ ਆਪਣੇ ਖੇਤ ਵਿੱਚ ਬੀਜ ਦਿੱਤਾ । 32ਇਹ ਬੀਜ ਸਾਰੇ ਬੀਜਾਂ ਤੋਂ ਛੋਟਾ ਹੁੰਦਾ ਹੈ । ਪਰ ਜਦੋਂ ਉਹ ਉੱਗ ਕੇ ਵੱਧਦਾ ਹੈ ਤਾਂ ਸਭ ਪੌਦਿਆਂ ਤੋਂ ਵੱਡਾ ਹੋ ਜਾਂਦਾ ਹੈ । ਇੱਥੋਂ ਤੱਕ ਕਿ ਇਹ ਰੁੱਖ ਬਣ ਜਾਂਦਾ ਹੈ ਅਤੇ ਅਕਾਸ਼ ਦੇ ਪੰਛੀ ਆ ਕੇ ਉਸ ਦੀਆਂ ਟਹਿਣੀਆਂ ਉੱਤੇ ਆਪਣੇ ਆਲ੍ਹਣੇ ਬਣਾਉਂਦੇ ਹਨ ।”
ਖ਼ਮੀਰ ਦਾ ਦ੍ਰਿਸ਼ਟਾਂਤ
(ਲੂਕਾ 13:20-21)
33ਯਿਸੂ ਨੇ ਉਹਨਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਸੁਣਾਇਆ, “ਪਰਮੇਸ਼ਰ ਦਾ ਰਾਜ ਖ਼ਮੀਰ ਵਰਗਾ ਹੈ ਜਿਸ ਨੂੰ ਕਿਸੇ ਔਰਤ ਨੇ ਥੋੜ੍ਹਾ ਜਿਹਾ ਲਿਆ ਅਤੇ ਬਹੁਤ ਸਾਰੇ ਆਟੇ ਵਿੱਚ ਰਲਾ ਦਿੱਤਾ ਅਤੇ ਇਸ ਨਾਲ ਹੌਲੀ ਹੌਲੀ ਉਹ ਸਾਰਾ ਆਟਾ ਖ਼ਮੀਰਾ ਹੋ ਗਿਆ ।”
ਦ੍ਰਿਸ਼ਟਾਂਤਾਂ ਦੀ ਵਰਤੋਂ
(ਮਰਕੁਸ 4:33-34)
34ਯਿਸੂ ਨੇ ਇਹ ਸਾਰੀਆਂ ਗੱਲਾਂ ਲੋਕਾਂ ਨੂੰ ਦ੍ਰਿਸ਼ਟਾਂਤਾਂ ਰਾਹੀਂ ਦੱਸੀਆਂ । ਉਹ ਦ੍ਰਿਸ਼ਟਾਂਤਾਂ ਤੋਂ ਬਿਨਾਂ ਲੋਕਾਂ ਨਾਲ ਕੋਈ ਵੀ ਗੱਲ ਨਹੀਂ ਕਰਦੇ ਸਨ । 35#ਭਜਨ 78:2ਯਿਸੂ ਇਹ ਇਸ ਲਈ ਕਰਦੇ ਸਨ ਕਿ ਨਬੀ ਦੇ ਕਹੇ ਹੋਏ ਇਹ ਸ਼ਬਦ ਪੂਰੇ ਹੋਣ,
“ਮੈਂ ਦ੍ਰਿਸ਼ਟਾਂਤਾਂ ਦੇ ਰਾਹੀਂ ਉਹਨਾਂ ਦੇ ਨਾਲ ਬੋਲਾਂਗਾ,
ਮੈਂ ਉਹਨਾਂ ਉੱਤੇ ਉਹ ਗੱਲਾਂ ਪ੍ਰਗਟ ਕਰਾਂਗਾ,
ਜਿਹੜੀਆਂ ਸ੍ਰਿਸ਼ਟੀ ਦੇ ਸ਼ੁਰੂ ਤੋਂ ਗੁਪਤ ਹਨ ।”
ਜੰਗਲੀ ਬੂਟੀ ਦੇ ਦ੍ਰਿਸ਼ਟਾਂਤ ਦਾ ਅਰਥ
36ਜਦੋਂ ਯਿਸੂ ਭੀੜ ਤੋਂ ਵਿਦਾ ਹੋ ਕੇ ਘਰ ਆਏ ਤਾਂ ਉਹਨਾਂ ਦੇ ਚੇਲੇ ਉਹਨਾਂ ਕੋਲ ਆਏ ਅਤੇ ਕਿਹਾ, “ਸਾਨੂੰ ਖੇਤ ਵਿਚਲੀ ਜੰਗਲੀ ਬੂਟੀ ਦੇ ਦ੍ਰਿਸ਼ਟਾਂਤ ਦਾ ਅਰਥ ਸਮਝਾਓ ।” 37ਯਿਸੂ ਨੇ ਉੱਤਰ ਦਿੱਤਾ, “ਚੰਗਾ ਬੀਜ ਬੀਜਣ ਵਾਲਾ ਮਨੁੱਖ ਦਾ ਪੁੱਤਰ ਹੈ । 38ਖੇਤ ਇਹ ਸੰਸਾਰ ਹੈ । ਚੰਗੇ ਬੀਜ ਦਾ ਅਰਥ ਉਹਨਾਂ ਲੋਕਾਂ ਤੋਂ ਹੈ ਜਿਹਨਾਂ ਦਾ ਸੰਬੰਧ ਪਰਮੇਸ਼ਰ ਦੇ ਰਾਜ ਨਾਲ ਹੈ । ਜੰਗਲੀ ਬੂਟੀ ਦਾ ਅਰਥ ਉਹ ਲੋਕ ਹਨ ਜਿਹਨਾਂ ਦਾ ਸੰਬੰਧ ਸ਼ੈਤਾਨ ਨਾਲ ਹੈ । 39ਵੈਰੀ ਜਿਸ ਨੇ ਜੰਗਲੀ ਬੂਟੀ ਬੀਜੀ, ਸ਼ੈਤਾਨ ਹੈ । ਫ਼ਸਲ ਦਾ ਪੱਕਣਾ, ਇਸ ਯੁੱਗ ਦਾ ਅੰਤ ਹੈ ਅਤੇ ਵਾਢੇ ਸਵਰਗਦੂਤ ਹਨ । 40ਜਿਸ ਤਰ੍ਹਾਂ ਜੰਗਲੀ ਬੂਟੀ ਇਕੱਠੀ ਕਰ ਕੇ ਅੱਗ ਵਿੱਚ ਝੋਕੀ ਜਾਂਦੀ ਹੈ, ਇਸੇ ਤਰ੍ਹਾਂ ਸੰਸਾਰ ਦੇ ਅੰਤ ਵਿੱਚ ਹੋਵੇਗਾ । 41ਮਨੁੱਖ ਦਾ ਪੁੱਤਰ ਆਪਣੇ ਸਵਰਗਦੂਤਾਂ ਨੂੰ ਭੇਜੇਗਾ ਅਤੇ ਉਹ ਉਹਨਾਂ ਸਾਰਿਆਂ ਨੂੰ ਜਿਹੜੇ ਲੋਕਾਂ ਨੂੰ ਪਾਪ ਦੇ ਰਾਹ ਪਾਉਂਦੇ ਹਨ ਅਤੇ ਉਹਨਾਂ ਨੂੰ ਜਿਹੜੇ ਬੁਰੇ ਕੰਮ ਕਰਦੇ ਹਨ ਇਕੱਠਾ ਕਰਨਗੇ । 42ਫਿਰ ਸਵਰਗਦੂਤ ਇਹਨਾਂ ਸਾਰਿਆਂ ਨੂੰ ਅੱਗ ਦੀ ਬਲਦੀ ਭੱਠੀ ਵਿੱਚ ਸੁੱਟ ਦੇਣਗੇ ਜਿੱਥੇ ਰੋਣਾ ਅਤੇ ਦੰਦਾਂ ਦਾ ਪੀਹਣਾ ਹੋਵੇਗਾ । 43ਉਸ ਸਮੇਂ ਨੇਕ ਲੋਕ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਗ ਚਮਕਣਗੇ । ਜਿਸ ਦੇ ਕੋਲ ਕੰਨ ਹਨ, ਉਹ ਸੁਣੇ ।”
ਲੁਕੇ ਹੋਏ ਖ਼ਜ਼ਾਨੇ ਦਾ ਦ੍ਰਿਸ਼ਟਾਂਤ
44“ਸਵਰਗ ਦਾ ਰਾਜ ਖੇਤ ਵਿੱਚ ਲੁਕੇ ਹੋਏ ਖ਼ਜ਼ਾਨੇ ਵਰਗਾ ਹੈ ਜੋ ਇੱਕ ਆਦਮੀ ਨੂੰ ਲੱਭ ਪੈਂਦਾ ਹੈ, ਉਹ ਉਸ ਨੂੰ ਫਿਰ ਲੁਕਾ ਦਿੰਦਾ ਹੈ । ਉਹ ਆਦਮੀ ਇੰਨਾ ਖ਼ੁਸ਼ ਹੁੰਦਾ ਹੈ ਕਿ ਜਾ ਕੇ ਆਪਣਾ ਸਭ ਕੁਝ ਵੇਚ ਦਿੰਦਾ ਹੈ ਅਤੇ ਖੇਤ ਨੂੰ ਮੁੱਲ ਲੈ ਲੈਂਦਾ ਹੈ ।”
ਅਨਮੋਲ ਮੋਤੀ ਦਾ ਦ੍ਰਿਸ਼ਟਾਂਤ
45“ਫਿਰ ਸਵਰਗ ਦਾ ਰਾਜ ਇੱਕ ਵਪਾਰੀ ਵਰਗਾ ਹੈ ਜਿਹੜਾ ਸੁੰਦਰ ਮੋਤੀਆਂ ਦੀ ਖੋਜ ਵਿੱਚ ਸੀ । 46ਜਦੋਂ ਉਸ ਨੂੰ ਇੱਕ ਅਨਮੋਲ ਮੋਤੀ ਮਿਲ ਜਾਂਦਾ ਹੈ ਤਾਂ ਉਹ ਜਾ ਕੇ ਆਪਣਾ ਸਭ ਕੁਝ ਵੇਚ ਦਿੰਦਾ ਹੈ ਅਤੇ ਉਸ ਅਨਮੋਲ ਮੋਤੀ ਨੂੰ ਮੁੱਲ ਲੈ ਲੈਂਦਾ ਹੈ ।”
ਜਾਲ ਦਾ ਦ੍ਰਿਸ਼ਟਾਂਤ
47“ਫਿਰ ਸਵਰਗ ਦਾ ਰਾਜ ਉਸ ਜਾਲ ਵਰਗਾ ਹੈ ਜਿਹੜਾ ਝੀਲ ਵਿੱਚ ਸੁੱਟਿਆ ਗਿਆ ਅਤੇ ਉਸ ਵਿੱਚ ਕਈ ਪ੍ਰਕਾਰ ਦੀਆਂ ਮੱਛੀਆਂ ਘਿਰ ਆਈਆਂ । 48ਜਦੋਂ ਉਹ ਭਰ ਗਿਆ ਤਾਂ ਮਛੇਰੇ ਉਸ ਨੂੰ ਕੰਢੇ ਉੱਤੇ ਖਿੱਚ ਕੇ ਲਿਆਏ । ਫਿਰ ਉਹਨਾਂ ਨੇ ਬੈਠ ਕੇ ਚੰਗੀਆਂ ਮੱਛੀਆਂ ਇਕੱਠੀਆਂ ਕਰ ਕੇ ਟੋਕਰਿਆਂ ਵਿੱਚ ਪਾ ਲਈਆਂ ਪਰ ਨਿਕੰਮੀਆਂ ਨੂੰ ਬਾਹਰ ਸੁੱਟ ਦਿੱਤਾ । 49ਇਸੇ ਤਰ੍ਹਾਂ ਯੁੱਗ ਦੇ ਅੰਤ ਵਿੱਚ ਹੋਵੇਗਾ । ਸਵਰਗਦੂਤ ਜਾਣਗੇ ਅਤੇ ਬੁਰੇ ਲੋਕਾਂ ਨੂੰ ਚੰਗੇ ਲੋਕਾਂ ਵਿੱਚੋਂ ਛਾਂਟਣਗੇ 50ਅਤੇ ਬੁਰੇ ਲੋਕਾਂ ਨੂੰ ਅੱਗ ਦੀ ਬਲਦੀ ਭੱਠੀ ਵਿੱਚ ਸੁੱਟ ਦੇਣਗੇ । ਉੱਥੇ ਰੋਣਾ ਅਤੇ ਦੰਦਾਂ ਦਾ ਪੀਹਣਾ ਹੋਵੇਗਾ ।”
ਨਵੀਂ ਅਤੇ ਪੁਰਾਣੀ ਸਿੱਖਿਆ
51ਯਿਸੂ ਨੇ ਉਹਨਾਂ ਤੋਂ ਪੁੱਛਿਆ, “ਕੀ ਤੁਸੀਂ ਇਹ ਸਭ ਗੱਲਾਂ ਸਮਝਦੇ ਹੋ ?” ਉਹਨਾਂ ਨੇ ਕਿਹਾ, “ਜੀ ਹਾਂ ।” 52ਯਿਸੂ ਨੇ ਉਹਨਾਂ ਨੂੰ ਕਿਹਾ, “ਇਸ ਦਾ ਅਰਥ ਹੈ ਕਿ ਉਹ ਹਰ ਇੱਕ ਵਿਵਸਥਾ ਦਾ ਸਿੱਖਿਅਕ ਜਿਹੜਾ ਸਵਰਗ ਦੇ ਰਾਜ ਵਿੱਚ ਚੇਲਾ ਬਣਦਾ ਹੈ, ਉਹ ਉਸ ਘਰ ਦੇ ਮਾਲਕ ਦੀ ਤਰ੍ਹਾਂ ਹੈ ਜਿਹੜਾ ਆਪਣੇ ਘਰ ਦੇ ਭੰਡਾਰ ਵਿੱਚੋਂ ਨਵੀਆਂ ਅਤੇ ਪੁਰਾਣੀਆਂ ਚੀਜ਼ਾਂ ਬਾਹਰ ਕੱਢਦਾ ਹੈ ।”
ਪ੍ਰਭੂ ਯਿਸੂ ਦਾ ਨਾਸਰਤ ਵਿੱਚ ਰੱਦੇ ਜਾਣਾ
(ਮਰਕੁਸ 6:1-6, ਲੂਕਾ 4:16-30)
53ਜਦੋਂ ਯਿਸੂ ਇਹ ਸਭ ਦ੍ਰਿਸ਼ਟਾਂਤ ਸੁਣਾ ਚੁੱਕੇ ਤਾਂ ਉਹ ਉਸ ਥਾਂ ਤੋਂ ਚੱਲ ਕੇ 54ਆਪਣੇ ਸ਼ਹਿਰ ਨਾਸਰਤ ਵਿੱਚ ਆਏ । ਉਹਨਾਂ ਨੇ ਉੱਥੋਂ ਦੇ ਪ੍ਰਾਰਥਨਾ ਘਰ ਵਿੱਚ ਲੋਕਾਂ ਨੂੰ ਸਿੱਖਿਆ ਦਿੱਤੀ । ਲੋਕ ਉਹਨਾਂ ਦੀ ਸਿੱਖਿਆ ਸੁਣ ਕੇ ਹੈਰਾਨ ਰਹਿ ਗਏ ਅਤੇ ਕਹਿਣ ਲੱਗੇ, “ਇਸ ਨੂੰ ਇਹ ਸਿਆਣਪ ਕਿੱਥੋਂ ਮਿਲੀ ਹੈ ? ਇਹ ਚਮਤਕਾਰ ਕਿਸ ਤਰ੍ਹਾਂ ਕਰਦਾ ਹੈ ? 55ਕੀ ਇਹ ਤਰਖਾਣ ਦਾ ਪੁੱਤਰ ਨਹੀਂ ਹੈ ? ਕੀ ਇਸ ਦੀ ਮਾਂ ਮਰਿਯਮ, ਇਸ ਦੇ ਭਰਾ ਯਾਕੂਬ, ਯੂਸਫ਼, ਸ਼ਮਊਨ ਅਤੇ ਯਹੂਦਾਹ ਨਹੀਂ ਹਨ ? 56ਕੀ ਇਸ ਦੀਆਂ ਸਾਰੀਆਂ ਭੈਣਾਂ ਸਾਡੇ ਇੱਥੇ ਨਹੀਂ ਰਹਿੰਦੀਆਂ ਹਨ ? ਇਸ ਨੂੰ ਇਹ ਸਭ ਕੁਝ ਕਿੱਥੋਂ ਮਿਲਿਆ ?” 57#ਯੂਹ 4:44ਇਸ ਲਈ ਉਹਨਾਂ ਨੇ ਯਿਸੂ ਵਿੱਚ ਵਿਸ਼ਵਾਸ ਕਰਨ ਤੋਂ ਇਨਕਾਰ ਕੀਤਾ । ਯਿਸੂ ਨੇ ਉਹਨਾਂ ਨੂੰ ਕਿਹਾ, “ਨਬੀ ਦੀ ਆਪਣੇ ਸ਼ਹਿਰ ਦੇ ਲੋਕਾਂ ਅਤੇ ਘਰ ਨੂੰ ਛੱਡ ਕੇ ਹੋਰ ਕਿਤੇ ਨਿਰਾਦਰੀ ਨਹੀਂ ਹੁੰਦੀ ।” 58ਯਿਸੂ ਨੇ ਉਹਨਾਂ ਦੇ ਅਵਿਸ਼ਵਾਸ ਦੇ ਕਾਰਨ ਉੱਥੇ ਬਹੁਤ ਚਮਤਕਾਰ ਨਾ ਕੀਤੇ ।
Currently Selected:
ਮੱਤੀ 13: CL-NA
Highlight
Share
Copy
Want to have your highlights saved across all your devices? Sign up or sign in
Punjabi Common Language (North American Version):
Text © 2021 Canadian Bible Society and Bible Society of India