YouVersion Logo
Search Icon

ਮੱਤੀ 22

22
ਵਿਆਹ-ਭੋਜ ਦਾ ਦ੍ਰਿਸ਼ਟਾਂਤ
(ਲੂਕਾ 14:15-24)
1ਯਿਸੂ ਨੇ ਲੋਕਾਂ ਨੂੰ ਫਿਰ ਦ੍ਰਿਸ਼ਟਾਂਤਾਂ ਦੁਆਰਾ ਦੱਸਣਾ ਸ਼ੁਰੂ ਕੀਤਾ । 2ਸਵਰਗ ਦਾ ਰਾਜ ਇੱਕ ਰਾਜੇ ਵਰਗਾ ਹੈ ਜਿਸ ਨੇ ਆਪਣੇ ਪੁੱਤਰ ਦੇ ਵਿਆਹ ਦੀ ਖ਼ੁਸ਼ੀ ਵਿੱਚ ਇੱਕ ਭੋਜ ਦਿੱਤਾ । 3ਉਸ ਨੇ ਆਪਣੇ ਸੇਵਕਾਂ ਨੂੰ ਵਿਆਹ-ਭੋਜ ਵਿੱਚ ਸੱਦੇ ਹੋਏ ਪ੍ਰਾਹੁਣਿਆਂ ਨੂੰ ਬੁਲਾਉਣ ਲਈ ਭੇਜਿਆ ਪਰ ਉਹਨਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ । 4ਇਸ ਲਈ ਉਸ ਨੇ ਕੁਝ ਹੋਰ ਸੇਵਕਾਂ ਨੂੰ ਇਹ ਕਹਿ ਕੇ ਸੱਦੇ ਹੋਏ ਪ੍ਰਾਹੁਣਿਆਂ ਕੋਲ ਭੇਜਿਆ, ‘ਉਹਨਾਂ ਨੂੰ ਕਹੋ, ਮੇਰਾ ਭੋਜ ਤਿਆਰ ਹੈ । ਮੇਰੇ ਪਲ਼ੇ ਅਤੇ ਮੋਟੇ ਜਾਨਵਰ ਕੱਟੇ ਜਾ ਚੁੱਕੇ ਹਨ ਅਤੇ ਬਾਕੀ ਸਭ ਕੁਝ ਵੀ ਤਿਆਰ ਹੈ । ਇਸ ਲਈ ਵਿਆਹ-ਭੋਜ ਦੇ ਲਈ ਆਓ’ 5ਪਰ ਸੱਦੇ ਹੋਏ ਪ੍ਰਾਹੁਣਿਆਂ ਨੇ ਉਹਨਾਂ ਵੱਲ ਕੋਈ ਧਿਆਨ ਨਾ ਦਿੱਤਾ ਅਤੇ ਬਾਹਰ ਚਲੇ ਗਏ, ਇੱਕ ਆਪਣੇ ਖੇਤ ਨੂੰ ਅਤੇ ਦੂਜਾ ਆਪਣੇ ਕਾਰੋਬਾਰ ਨੂੰ । 6ਬਾਕੀਆਂ ਨੇ ਉਸ ਦੇ ਸੇਵਕਾਂ ਨੂੰ ਫੜ ਕੇ ਉਹਨਾਂ ਨੂੰ ਬੇਇੱਜ਼ਤ ਕੀਤਾ ਅਤੇ ਮਾਰ ਦਿੱਤਾ । 7ਇਸ ਕਾਰਨ ਰਾਜਾ ਬਹੁਤ ਗੁੱਸੇ ਹੋਇਆ । ਇਸ ਲਈ ਉਸ ਨੇ ਆਪਣੀ ਫ਼ੌਜ ਭੇਜ ਕੇ ਉਹਨਾਂ ਕਾਤਲਾਂ ਦਾ ਨਾਸ਼ ਕਰ ਦਿੱਤਾ ਅਤੇ ਸ਼ਹਿਰ ਨੂੰ ਅੱਗ ਲਾ ਦਿੱਤੀ । 8ਫਿਰ ਉਸ ਨੇ ਆਪਣੇ ਸੇਵਕਾਂ ਨੂੰ ਕਿਹਾ, ‘ਮੇਰਾ ਵਿਆਹ-ਭੋਜ ਤਾਂ ਤਿਆਰ ਹੈ ਪਰ ਸੱਦੇ ਹੋਏ ਪ੍ਰਾਹੁਣੇ ਇਸ ਦੇ ਯੋਗ ਨਹੀਂ ਸਨ । 9ਇਸ ਲਈ ਤੁਸੀਂ ਸ਼ਹਿਰ ਦੇ ਚੁਰਾਹਿਆਂ ਉੱਤੇ ਜਾਓ ਅਤੇ ਭੋਜ ਦੇ ਲਈ ਜਿੰਨੇ ਵੀ ਤੁਹਾਨੂੰ ਮਿਲ ਸਕਦੇ ਹਨ, ਸੱਦ ਲਿਆਓ ।’ 10ਸੇਵਕ ਸੜਕਾਂ ਦੇ ਉੱਤੇ ਗਏ ਅਤੇ ਸਾਰਿਆਂ ਨੂੰ ਜਿਹੜੇ ਉਹਨਾਂ ਨੂੰ ਮਿਲੇ, ਭਾਵ ਚੰਗਿਆਂ ਅਤੇ ਮੰਦਿਆਂ ਨੂੰ ਸੱਦ ਲਿਆਏ ਅਤੇ ਭੋਜ-ਘਰ ਪ੍ਰਾਹੁਣਿਆਂ ਦੇ ਨਾਲ ਭਰ ਗਿਆ ।
11“ਫਿਰ ਰਾਜਾ ਪ੍ਰਾਹੁਣਿਆਂ ਨੂੰ ਮਿਲਣ ਦੇ ਲਈ ਆਇਆ । ਉੱਥੇ ਉਸ ਨੇ ਇੱਕ ਆਦਮੀ ਨੂੰ ਦੇਖਿਆ ਜਿਸ ਨੇ ਵਿਆਹ ਵਾਲੇ ਕੱਪੜੇ ਨਹੀਂ ਪਹਿਨੇ ਹੋਏ ਸਨ । 12ਰਾਜੇ ਨੇ ਉਸ ਆਦਮੀ ਨੂੰ ਪੁੱਛਿਆ, ‘ਮਿੱਤਰ, ਤੂੰ ਇੱਥੇ ਵਿਆਹ ਵਾਲੇ ਕੱਪੜੇ ਪਹਿਨੇ ਬਿਨਾਂ ਕਿਸ ਤਰ੍ਹਾਂ ਆ ਗਿਆ ਹੈਂ ?’ ਪਰ ਉਸ ਆਦਮੀ ਨੇ ਕੋਈ ਉੱਤਰ ਨਾ ਦਿੱਤਾ । 13#ਮੱਤੀ 8:12, 25:30, ਲੂਕਾ 13:28ਇਸ ਲਈ ਰਾਜੇ ਨੇ ਸੇਵਕਾਂ ਨੂੰ ਕਿਹਾ, ‘ਇਸ ਦੇ ਹੱਥ-ਪੈਰ ਬੰਨ੍ਹ ਕੇ ਬਾਹਰ ਹਨੇਰੇ ਵਿੱਚ ਸੁੱਟ ਦਿਓ ਜਿੱਥੇ ਰੋਣਾ ਅਤੇ ਦੰਦਾਂ ਦਾ ਪੀਹਣਾ ਹੋਵੇਗਾ ।’” 14ਯਿਸੂ ਨੇ ਅੰਤ ਵਿੱਚ ਕਿਹਾ, “ਸੱਦੇ ਹੋਏ ਤਾਂ ਬਹੁਤ ਹਨ ਪਰ ਚੁਣੇ ਹੋਏ ਥੋੜ੍ਹੇ ਹਨ ।”
ਟੈਕਸ ਸੰਬੰਧੀ ਪ੍ਰਸ਼ਨ
(ਮਰਕੁਸ 12:13-17, ਲੂਕਾ 20:20-26)
15ਤਦ ਫ਼ਰੀਸੀ ਚਲੇ ਗਏ ਅਤੇ ਮਿਲ ਕੇ ਸਲਾਹ ਕੀਤੀ ਕਿ ਕਿਸ ਤਰ੍ਹਾਂ ਯਿਸੂ ਨੂੰ ਸ਼ਬਦਾਂ ਦੇ ਹੇਰ ਫੇਰ ਵਿੱਚ ਫਸਾਇਆ ਜਾਵੇ । 16ਇਸ ਲਈ ਉਹਨਾਂ ਨੇ ਆਪਣੇ ਕੁਝ ਸਾਥੀਆਂ ਨੂੰ ਹੇਰੋਦੇਸ ਦੇ ਧੜੇ ਦੇ ਲੋਕਾਂ ਨਾਲ ਯਿਸੂ ਦੇ ਕੋਲ ਭੇਜਿਆ । ਉਹਨਾਂ ਨੇ ਯਿਸੂ ਤੋਂ ਪੁੱਛਿਆ, “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੁਸੀਂ ਸੱਚੇ ਹੋ । ਤੁਸੀਂ ਕਿਸੇ ਦਾ ਮੂੰਹ ਦੇਖ ਕੇ ਕੋਈ ਗੱਲ ਨਹੀਂ ਕਹਿੰਦੇ ਸਗੋਂ ਸੱਚਾਈ ਨਾਲ ਪਰਮੇਸ਼ਰ ਦੇ ਮਾਰਗ ਬਾਰੇ ਲੋਕਾਂ ਨੂੰ ਸਿੱਖਿਆ ਦਿੰਦੇ ਹੋ । 17ਇਸ ਲਈ ਸਾਨੂੰ ਦੱਸੋ, ਤੁਹਾਡਾ ਕੀ ਵਿਚਾਰ ਹੈ ? ਕੀ ਰੋਮੀ ਸਮਰਾਟ ਨੂੰ ਟੈਕਸ ਦੇਣਾ ਠੀਕ ਹੈ ਜਾਂ ਨਹੀਂ ?” 18ਯਿਸੂ ਨੇ ਉਹਨਾਂ ਦੇ ਦਿਲਾਂ ਦੀ ਬੁਰੀ ਨੀਅਤ ਨੂੰ ਜਾਣਦੇ ਹੋਏ ਉਹਨਾਂ ਨੂੰ ਕਿਹਾ, “ਹੇ ਕਪਟੀਓ, ਤੁਸੀਂ ਮੈਨੂੰ ਕਿਉਂ ਪਰਖ ਰਹੇ ਹੋ ? 19ਮੈਨੂੰ ਇੱਕ ਉਹ ਸਿੱਕਾ ਦਿਖਾਓ ਜਿਹੜਾ ਤੁਸੀਂ ਟੈਕਸ ਦੇ ਲਈ ਦਿੰਦੇ ਹੋ ।” ਉਹ ਇੱਕ ਸਿੱਕਾ#22:19 ਮੂਲ ਭਾਸ਼ਾ ਵਿੱਚ ਇੱਥੇ ‘ਇੱਕ ਦੀਨਾਰ’ ਹੈ । ਯਿਸੂ ਦੇ ਕੋਲ ਲੈ ਕੇ ਆਏ । 20ਫਿਰ ਯਿਸੂ ਨੇ ਉਹਨਾਂ ਤੋਂ ਪੁੱਛਿਆ, “ਇਸ ਉੱਤੇ ਕਿਸ ਦਾ ਚਿੱਤਰ ਅਤੇ ਲਿਖਤ ਹੈ ?” 21ਉਹਨਾਂ ਨੇ ਉੱਤਰ ਦਿੱਤਾ, “ਸਮਰਾਟ ਦਾ ।” ਯਿਸੂ ਨੇ ਉਹਨਾਂ ਨੂੰ ਕਿਹਾ, “ਜੋ ਸਮਰਾਟ ਦਾ ਹੈ, ਸਮਰਾਟ ਨੂੰ ਦਿਓ ਅਤੇ ਜੋ ਪਰਮੇਸ਼ਰ ਦਾ ਹੈ, ਉਹ ਪਰਮੇਸ਼ਰ ਨੂੰ ਦਿਓ ।” 22ਜਦੋਂ ਉਹਨਾਂ ਨੇ ਯਿਸੂ ਦਾ ਇਹ ਉੱਤਰ ਸੁਣਿਆ ਤਾਂ ਉਹ ਹੈਰਾਨ ਰਹਿ ਗਏ ਅਤੇ ਯਿਸੂ ਨੂੰ ਛੱਡ ਕੇ ਉੱਥੋਂ ਚਲੇ ਗਏ ।
ਪੁਨਰ-ਉਥਾਨ ਸੰਬੰਧੀ ਪ੍ਰਸ਼ਨ
(ਮਰਕੁਸ 12:18-27, ਲੂਕਾ 20:27-40)
23 # ਰਸੂਲਾਂ 23:8 ਉਸ ਦਿਨ ਕੁਝ ਸਦੂਕੀ ਯਿਸੂ ਕੋਲ ਆਏ । (ਸਦੂਕੀ ਪੁਨਰ-ਉਥਾਨ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ ।) 24#ਵਿਵ 25:5ਉਹਨਾਂ ਨੇ ਯਿਸੂ ਨੂੰ ਕਿਹਾ, “ਗੁਰੂ ਜੀ, ਮੂਸਾ ਨੇ ਕਿਹਾ ਹੈ, ‘ਜੇਕਰ ਕੋਈ ਆਦਮੀ ਬੇਉਲਾਦ ਮਰ ਜਾਵੇ ਤਾਂ ਉਸ ਦਾ ਭਰਾ ਉਸ ਆਦਮੀ ਦੀ ਵਿਧਵਾ ਨਾਲ ਵਿਆਹ ਕਰੇ ਅਤੇ ਉਹ ਆਪਣੇ ਭਰਾ ਲਈ ਸੰਤਾਨ ਪੈਦਾ ਕਰੇ ।’ 25ਸਾਡੇ ਵਿੱਚ ਸੱਤ ਭਰਾ ਰਹਿੰਦੇ ਸਨ । ਸਭ ਤੋਂ ਵੱਡੇ ਨੇ ਵਿਆਹ ਕੀਤਾ ਪਰ ਉਹ ਬੇਉਲਾਦ ਹੀ ਰਿਹਾ ਅਤੇ ਮਰ ਗਿਆ । ਉਹ ਆਪਣੀ ਵਿਧਵਾ ਨੂੰ ਆਪਣੇ ਭਰਾ ਦੇ ਲਈ ਛੱਡ ਗਿਆ । 26ਇਹ ਹੀ ਹਾਲ ਦੂਜੇ ਅਤੇ ਤੀਜੇ ਭਰਾ ਦਾ ਹੋਇਆ । ਅੰਤ ਵਿੱਚ ਸੱਤਵੇਂ ਤੱਕ ਇਸੇ ਤਰ੍ਹਾਂ ਹੋਇਆ । 27ਇਹਨਾਂ ਸਾਰਿਆਂ ਦੇ ਬਾਅਦ ਉਹ ਔਰਤ ਵੀ ਮਰ ਗਈ । 28ਹੁਣ ਜਦੋਂ ਸਾਰੇ ਮੁਰਦੇ ਜੀਅ ਉੱਠਣਗੇ, ਉਹ ਔਰਤ ਕਿਸ ਦੀ ਪਤਨੀ ਹੋਵੇਗੀ ? ਕਿਉਂਕਿ ਉਹਨਾਂ ਸਾਰਿਆਂ ਨੇ ਉਸ ਨਾਲ ਵਿਆਹ ਕੀਤਾ ਸੀ ।”
29ਯਿਸੂ ਨੇ ਉੱਤਰ ਦਿੱਤਾ, “ਤੁਸੀਂ ਕਿੰਨੀ ਭੁੱਲ ਕਰ ਰਹੇ ਹੋ । ਇਹ ਇਸ ਲਈ ਹੈ ਕਿਉਂਕਿ ਨਾ ਤਾਂ ਤੁਸੀਂ ਪਵਿੱਤਰ-ਗ੍ਰੰਥਾਂ ਨੂੰ ਜਾਣਦੇ ਹੋ ਅਤੇ ਨਾ ਹੀ ਪਰਮੇਸ਼ਰ ਦੀ ਸਮਰੱਥਾ ਨੂੰ । 30ਕਿਉਂਕਿ ਪੁਨਰ-ਉਥਾਨ ਦੇ ਸਮੇਂ ਆਦਮੀਆਂ ਅਤੇ ਔਰਤਾਂ ਵਿੱਚ ਵਿਆਹ ਨਹੀਂ ਹੋਵੇਗਾ ਸਗੋਂ ਉਹ ਸਵਰਗਦੂਤਾਂ ਵਰਗੇ ਹੋਣਗੇ । 31ਰਹੀ ਮੁਰਦਿਆਂ ਦੇ ਜੀਅ ਉੱਠਣ ਦੀ ਗੱਲ, ਕੀ ਤੁਸੀਂ ਕਦੀ ਨਹੀਂ ਪੜ੍ਹਿਆ ਕਿ ਪਰਮੇਸ਼ਰ ਨੇ ਤੁਹਾਨੂੰ ਕੀ ਕਿਹਾ ਸੀ, 32#ਕੂਚ 3:6‘ਮੈਂ ਅਬਰਾਹਾਮ ਦਾ ਪਰਮੇਸ਼ਰ, ਇਸਹਾਕ ਦਾ ਪਰਮੇਸ਼ਰ ਅਤੇ ਯਾਕੂਬ ਦਾ ਪਰਮੇਸ਼ਰ ਹਾਂ ?’ ਇਸ ਲਈ ਉਹ ਮੁਰਦਿਆਂ ਦੇ ਨਹੀਂ ਸਗੋਂ ਜਿਊਂਦਿਆਂ ਦੇ ਪਰਮੇਸ਼ਰ ਹਨ ।” 33ਜਦੋਂ ਭੀੜ ਦੇ ਲੋਕਾਂ ਨੇ ਇਹ ਸੁਣਿਆ ਤਾਂ ਉਹ ਸਭ ਯਿਸੂ ਦੀ ਸਿੱਖਿਆ ਤੋਂ ਹੈਰਾਨ ਰਹਿ ਗਏ ।
ਸਭ ਤੋਂ ਵੱਡਾ ਹੁਕਮ
(ਮਰਕੁਸ 12:28-34, ਲੂਕਾ 10:25-28)
34ਜਦੋਂ ਫ਼ਰੀਸੀਆਂ ਨੂੰ ਪਤਾ ਲੱਗਾ ਕਿ ਯਿਸੂ ਨੇ ਸਦੂਕੀਆਂ ਨੂੰ ਚੁੱਪ ਕਰਾ ਦਿੱਤਾ ਤਦ ਉਹ ਇਕੱਠੇ ਹੋ ਕੇ ਉਹਨਾਂ ਕੋਲ ਆਏ । 35ਉਹਨਾਂ ਵਿੱਚੋਂ ਇੱਕ ਨੇ ਜਿਹੜਾ ਵਿਵਸਥਾ ਦਾ ਸਿੱਖਿਅਕ ਸੀ, ਇਸ ਪ੍ਰਸ਼ਨ ਰਾਹੀਂ ਯਿਸੂ ਨੂੰ ਪਰਖਣਾ ਚਾਹਿਆ, 36“ਗੁਰੂ ਜੀ, ਸਭ ਤੋਂ ਵੱਡਾ ਹੁਕਮ ਕਿਹੜਾ ਹੈ ?” 37ਯਿਸੂ ਨੇ ਉਸ ਨੂੰ ਉੱਤਰ ਦਿੱਤਾ, “‘ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ, ਸਾਰੇ ਪ੍ਰਾਣ, ਅਤੇ ਸਾਰੀ ਬੁੱਧ ਨਾਲ ਪਿਆਰ ਕਰ ।’ 38ਇਹ ਸਭ ਤੋਂ ਵੱਡਾ ਅਤੇ ਜ਼ਰੂਰੀ ਹੁਕਮ ਹੈ । 39#ਲੇਵੀ 19:18ਦੂਜਾ ਹੁਕਮ ਜਿਹੜਾ ਇਸੇ ਤਰ੍ਹਾਂ ਜ਼ਰੂਰੀ ਹੈ, ‘ਤੂੰ ਆਪਣੇ ਗੁਆਂਢੀ ਨੂੰ ਆਪਣੇ ਵਰਗਾ ਪਿਆਰ ਕਰ ।’ 40#ਲੂਕਾ 10:25-28ਮੂਸਾ ਦੀ ਸਾਰੀ ਵਿਵਸਥਾ ਅਤੇ ਨਬੀਆਂ ਦੀਆਂ ਸਾਰੀਆਂ ਸਿੱਖਿਆਵਾਂ ਇਹਨਾਂ ਦੋਨਾਂ ਹੁਕਮਾਂ ਉੱਤੇ ਅਧਾਰਿਤ ਹਨ ।”
‘ਮਸੀਹ’ ਸੰਬੰਧੀ ਪ੍ਰਸ਼ਨ
(ਮਰਕੁਸ 12:35-37, ਲੂਕਾ 20:41-44)
41ਜਦੋਂ ਫ਼ਰੀਸੀ ਇਕੱਠੇ ਹੋਏ ਤਾਂ ਯਿਸੂ ਨੇ ਉਹਨਾਂ ਨੂੰ ਪੁੱਛਿਆ, 42“ਤੁਸੀਂ ਮਸੀਹ ਦੇ ਬਾਰੇ ਕੀ ਸੋਚਦੇ ਹੋ ? ਉਹ ਕਿਸ ਦਾ ਪੁੱਤਰ ਹੈ ?” 43ਉਹਨਾਂ ਨੇ ਉੱਤਰ ਦਿੱਤਾ, “ਦਾਊਦ ਦਾ ।” ਪਰ ਯਿਸੂ ਨੇ ਉਹਨਾਂ ਨੂੰ ਕਿਹਾ, “ਫਿਰ ਦਾਊਦ ਨੇ ਆਤਮਾ ਦੀ ਪ੍ਰੇਰਨਾ ਨਾਲ ਉਸ ਨੂੰ ‘ਪ੍ਰਭੂ’ ਕਿਉਂ ਕਿਹਾ ਹੈ ? ਦਾਊਦ ਨੇ ਕਿਹਾ,
44 # ਭਜਨ 110:1 ‘ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ,
ਤੂੰ ਮੇਰੇ ਸੱਜੇ ਹੱਥ ਬੈਠ,
ਜਦੋਂ ਤੱਕ ਕਿ ਮੈਂ ਤੇਰੇ ਵੈਰੀਆਂ ਨੂੰ
ਤੇਰੇ ਪੈਰਾਂ ਦੀ ਚੌਂਕੀ ਨਾ ਬਣਾ ਦੇਵਾਂ ।’
45“ਇਸ ਲਈ ਦਾਊਦ ਨੇ ਆਪ ਉਸ ਨੂੰ ‘ਪ੍ਰਭੂ’ ਕਿਹਾ ਤਾਂ ਫਿਰ ਉਹ ਉਸ ਦਾ ‘ਪੁੱਤਰ’ ਕਿਸ ਤਰ੍ਹਾਂ ਹੋਇਆ ?” 46ਉੱਥੇ ਕੋਈ ਵੀ ਉਹਨਾਂ ਦੀ ਇਸ ਗੱਲ ਦਾ ਉੱਤਰ ਨਾ ਦੇ ਸਕਿਆ ਅਤੇ ਨਾ ਹੀ ਉਸ ਦਿਨ ਤੋਂ ਬਾਅਦ ਕਿਸੇ ਨੇ ਉਹਨਾਂ ਤੋਂ ਕੋਈ ਪ੍ਰਸ਼ਨ ਪੁੱਛਣ ਦੀ ਹਿੰਮਤ ਕੀਤੀ ।

Currently Selected:

ਮੱਤੀ 22: CL-NA

Highlight

Share

Copy

None

Want to have your highlights saved across all your devices? Sign up or sign in