4
ਪਰਮੇਸ਼ਵਰ ਨੂੰ ਖੁਸ਼ ਕਰਨ ਲਈ ਜੀਉਣਾ
1ਦੂਸਰੇ ਮਾਮਲਿਆਂ ਲਈ, ਹੇ ਭਰਾਵੋ ਅਤੇ ਭੈਣੋ, ਅਸੀਂ ਤੁਹਾਨੂੰ ਹਦਾਇਤ ਕਰਦੇ ਹਾਂ ਕਿ ਤੁਸੀਂ ਪਰਮੇਸ਼ਵਰ ਨੂੰ ਖੁਸ਼ ਕਰਨ ਲਈ ਕਿਵੇਂ ਜੀਉਣਾ ਹੈ, ਜਿਵੇਂ ਕਿ ਅਸਲ ਵਿੱਚ ਤੁਸੀਂ ਜੀ ਰਹੇ ਹੋ। ਹੁਣ ਅਸੀਂ ਤੁਹਾਨੂੰ ਪੁੱਛਦੇ ਹਾਂ ਅਤੇ ਪ੍ਰਭੂ ਯਿਸ਼ੂ ਵਿੱਚ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਇਸ ਵਿੱਚ ਹੋਰ ਵੀ ਵੱਧਦੇ ਜਾਓ। 2ਕਿਉਂਕਿ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਨੂੰ ਪ੍ਰਭੂ ਯਿਸ਼ੂ ਦੇ ਅਧਿਕਾਰ ਦੁਆਰਾ ਕੀ ਹੁਕਮ ਦਿੱਤੇ ਹਨ।
3ਇਹ ਪਰਮੇਸ਼ਵਰ ਦੀ ਇੱਛਾ ਹੈ ਕਿ ਤੁਸੀਂ ਪਵਿੱਤਰ ਬਣੋ: ਅਤੇ ਤੁਹਾਨੂੰ ਹਰਾਮਕਾਰੀ ਤੋਂ ਬਚਣਾ ਚਾਹੀਦਾ ਹੈ; 4ਕਿ ਤੁਹਾਡੇ ਵਿੱਚੋਂ ਹਰੇਕ ਨੂੰ ਆਪਣੇ ਸਰੀਰ ਨੂੰ ਇਸ ਤਰੀਕੇ ਨਾਲ ਕਾਬੂ ਵਿੱਚ ਰੱਖਣਾ ਸਿੱਖਣਾ ਚਾਹੀਦਾ ਹੈ ਜੋ ਪਵਿੱਤਰ ਅਤੇ ਸਤਿਕਾਰਯੋਗ ਹੋਵੇ, 5ਨਾ ਕਾਮ-ਵਾਸਨਾ ਨਾਲ ਪਰਾਈਆਂ ਕੌਮਾਂ ਦੀ ਤਰ੍ਹਾਂ ਜੋ ਪਰਮੇਸ਼ਵਰ ਨੂੰ ਨਹੀਂ ਜਾਣਦੇ; 6ਅਤੇ ਇਸ ਮਾਮਲੇ ਵਿੱਚ ਕਿਸੇ ਨੂੰ ਗਲਤੀ ਨਹੀਂ ਕਰਨੀ ਚਾਹੀਦੀ ਨਾ ਹੀ ਕਿਸੇ ਭਰਾ ਜਾਂ ਭੈਣ ਨਾਲ ਧੋਖਾ ਕਰਨਾ ਚਾਹੀਦਾ ਹੈ। ਪ੍ਰਭੂ ਉਨ੍ਹਾਂ ਸਾਰਿਆਂ ਨੂੰ ਸਜ਼ਾ ਦੇਵੇਗਾ ਜੋ ਇਸ ਤਰ੍ਹਾਂ ਦੇ ਪਾਪ ਕਰਦੇ ਹਨ, ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਸੀ ਅਤੇ ਤੁਹਾਨੂੰ ਚੇਤਾਵਨੀ ਦਿੱਤੀ ਸੀ।#4:6 ਜ਼ਬੂ 94:1 7ਕਿਉਂਕਿ ਪਰਮੇਸ਼ਵਰ ਨੇ ਸਾਨੂੰ ਅਸ਼ੁੱਧ ਹੋਣ ਲਈ ਨਹੀਂ, ਬਲਕਿ ਇੱਕ ਪਵਿੱਤਰ ਜੀਵਨ ਜੀਉਣ ਲਈ ਬੁਲਾਇਆ ਹੈ। 8ਇਸ ਲਈ, ਜੋ ਕੋਈ ਵੀ ਇਸ ਸਿੱਖਿਆ ਨੂੰ ਰੱਦ ਕਰਦਾ ਹੈ ਉਹ ਮਨੁੱਖ ਨੂੰ ਨਹੀਂ, ਪਰਮੇਸ਼ਵਰ ਨੂੰ ਰੱਦ ਕਰਦਾ ਹੈ, ਉਹੀ ਪਰਮੇਸ਼ਵਰ ਜੋ ਤੁਹਾਨੂੰ ਆਪਣੀ ਪਵਿੱਤਰ ਆਤਮਾ ਦਿੰਦਾ ਹੈ।
9ਹੁਣ ਇੱਕ-ਦੂਜੇ ਲਈ ਤੁਹਾਡੇ ਪਿਆਰ ਬਾਰੇ ਸਾਨੂੰ ਤੁਹਾਨੂੰ ਲਿਖਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਤੁਹਾਨੂੰ ਖੁਦ ਪਰਮੇਸ਼ਵਰ ਨੇ ਇੱਕ-ਦੂਜੇ ਨੂੰ ਪਿਆਰ ਕਰਨਾ ਸਿਖਾਇਆ ਹੈ।#4:9 1 ਯੋਹ 3:11; ਰੋਮਿ 12:10 10ਅਤੇ ਅਸਲ ਵਿੱਚ, ਤੁਸੀਂ ਪੂਰੇ ਮਕਦੂਨਿਯਾ ਪ੍ਰਾਂਤ ਵਿੱਚ ਪਰਮੇਸ਼ਵਰ ਦੇ ਸਾਰੇ ਪਰਿਵਾਰ ਨੂੰ ਪਿਆਰ ਕਰਦੇ ਹੋ। ਫਿਰ ਵੀ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ, ਹੇ ਭਰਾਵੋ ਅਤੇ ਭੈਣੋ, ਕਿ ਤੁਸੀਂ ਹੋਰ ਵੀ ਵੱਧਦੇ ਜਾਓ। 11ਜਿਵੇਂ ਅਸੀਂ ਤੁਹਾਨੂੰ ਦੱਸਿਆ ਸੀ, ਕਿ ਸ਼ਾਂਤ ਜੀਵਨ ਜੀਉਣ ਦੀ ਆਪਣੀ ਇੱਛਾ ਬਣਾਉ: ਕਿ ਤੁਹਾਨੂੰ ਆਪੋ-ਆਪਣੇ ਕੰਮ-ਧੰਦੇ ਵਿੱਚ ਲੱਗੇ ਰਹਿਣਾ ਚਾਹੀਦਾ ਹੈ ਅਤੇ ਆਪਣੇ ਹੱਥੀਂ ਮਿਹਨਤ ਕਰਨ ਦਾ ਯਤਨ ਕਰਨਾ ਚਾਹੀਦਾ ਹੈ, 12ਤਾਂ ਜੋ ਤੁਹਾਡੀ ਰੋਜ਼ਾਨਾ ਦੀ ਜ਼ਿੰਦਗੀ ਗੈਰ-ਵਿਸ਼ਵਾਸੀ ਲੋਕਾਂ ਦਾ ਸਤਿਕਾਰ ਜਿੱਤ ਸਕੇ ਅਤੇ ਇਸ ਲਈ ਕਿ ਤੁਸੀਂ ਕਿਸੇ ਤੇ ਨਿਰਭਰ ਨਾ ਹੋਵੋ।
ਵਿਸ਼ਵਾਸੀ ਜੋ ਮਰ ਗਏ ਹਨ
13ਹੇ ਭਰਾਵੋ ਅਤੇ ਭੈਣੋ, ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਉਨ੍ਹਾਂ ਲੋਕਾਂ ਬਾਰੇ ਅਣਜਾਣ ਹੋਵੋ ਜਿਹੜੇ ਮੌਤ ਦੀ ਨੀਂਦ ਸੁੱਤੇ ਪਏ ਹਨ, ਤਾਂ ਜੋ ਤੁਸੀਂ ਬਾਕੀ ਮਨੁੱਖਜਾਤੀ ਵਾਂਗ ਸੋਗ ਨਾ ਕਰੋ, ਜਿਨ੍ਹਾਂ ਨੂੰ ਕੋਈ ਉਮੀਦ ਨਹੀਂ ਹੈ। 14ਕਿਉਂਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਯਿਸ਼ੂ ਮਰ ਗਿਆ ਅਤੇ ਦੁਬਾਰਾ ਜੀਉਂਦਾ ਹੋਇਆ, ਅਤੇ ਇਸ ਲਈ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪਰਮੇਸ਼ਵਰ ਉਨ੍ਹਾਂ ਲੋਕਾਂ ਨੂੰ ਵੀ ਜਿਹੜੇ ਯਿਸ਼ੂ ਵਿੱਚ ਸੌਂ ਗਏ ਹਨ ਉਹਨਾਂ ਦੇ ਨਾਲ ਲਿਆਵੇਗਾ। 15ਪ੍ਰਭੂ ਦੇ ਬਚਨ ਦੇ ਅਨੁਸਾਰ, ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅਸੀਂ ਜੋ ਅਜੇ ਵੀ ਜਿਉਂਦੇ ਹਾਂ, ਅਤੇ ਪ੍ਰਭੂ ਦੇ ਵਾਪਸ ਆਉਣ ਤੱਕ ਬਾਕੀ ਰਹਿੰਦੇ ਹਾਂ, ਨਿਸ਼ਚਤ ਤੌਰ ਤੇ ਉਨ੍ਹਾਂ ਲੋਕਾਂ ਤੋਂ ਕਦੀ ਪਹਿਲੇ ਨਾ ਹੋਵਾਂਗੇ, ਜਿਹੜੇ ਸੌਂ ਗਏ ਹਨ। 16ਇਸ ਲਈ ਜੋ ਪ੍ਰਭੂ ਆਪ ਲਲਕਾਰ ਨਾਲ, ਮਹਾਂ ਦੂਤ ਦੀ ਆਵਾਜ਼ ਨਾਲ ਅਤੇ ਪਰਮੇਸ਼ਵਰ ਦੀ ਤੁਰ੍ਹੀ ਨਾਲ ਸਵਰਗ ਤੋਂ ਉਤਰੇਗਾ ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮਰੇ ਹਨ ਉਹ ਪਹਿਲਾਂ ਜਿਉਂਦੇ ਹੋ ਜਾਣਗੇ। 17ਉਸ ਤੋਂ ਬਾਅਦ, ਅਸੀਂ ਜੋ ਅਜੇ ਵੀ ਜਿੰਦਾ ਹਾਂ ਅਤੇ ਬਚੇ ਹੋਏ ਹਾਂ ਉਹਨਾਂ ਦੇ ਹਵਾ ਵਿੱਚ ਪ੍ਰਭੂ ਦੇ ਮਿਲਣ ਨੂੰ ਬੱਦਲਾਂ ਉੱਤੇ ਅਚਾਨਕ ਉਠਾਏ ਜਾਵਾਂਗੇ। ਅਤੇ ਇਸ ਤਰ੍ਹਾਂ ਅਸੀਂ ਸਦਾ ਲਈ ਪ੍ਰਭੂ ਦੇ ਨਾਲ ਰਹਾਂਗੇ। 18ਇਸ ਲਈ ਇਨ੍ਹਾਂ ਸ਼ਬਦਾਂ ਨਾਲ ਇੱਕ-ਦੂਜੇ ਨੂੰ ਉਤਸ਼ਾਹਿਤ ਕਰੋ।