5
ਪ੍ਰਭੂ ਦਾ ਦਿਨ
1ਹੁਣ, ਹੇ ਭਰਾਵੋ ਅਤੇ ਭੈਣੋ, ਤੁਹਾਡੇ ਲਈ ਸਮਿਆਂ ਅਤੇ ਮੌਸਮਾਂ ਬਾਰੇ ਸਾਨੂੰ ਕੁਝ ਲਿਖਣ ਦੀ ਜ਼ਰੂਰਤ ਨਹੀਂ ਹੈ, 2ਕਿਉਂਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਪ੍ਰਭੂ ਦਾ ਵਾਪਸ ਆਉਣ ਦਾ ਦਿਨ ਇਸ ਤਰ੍ਹਾਂ ਹੋਵੇਗਾ ਜਿਵੇਂ ਰਾਤ ਨੂੰ ਚੋਰ ਦਾ ਆਉਣਾ ਹੁੰਦਾ ਹੈ। 3ਜਦੋਂ ਲੋਕ ਕਹਿ ਰਹੇ ਹੋਣਗੇ, “ਸ਼ਾਂਤੀ ਅਤੇ ਸੁਰੱਖਿਆ ਹੈ,” ਜਿਵੇਂ ਗਰਭਵਤੀ ਔਰਤ ਨੂੰ ਜਣੇਪੇ ਦੀਆਂ ਦਰਦਾਂ ਲੱਗਦੀਆਂ ਹਨ ਤਿਵੇਂ ਉਨ੍ਹਾਂ ਤੇ ਅਚਾਨਕ ਤਬਾਹੀ ਆਵੇਗੀ, ਅਤੇ ਉਹ ਬਚ ਨਹੀਂ ਸਕਣਗੇ।#5:3 ਮੱਤੀ 24:37-39
4ਪਰ ਤੁਸੀਂ, ਹੇ ਭਰਾਵੋ ਅਤੇ ਭੈਣੋ, ਹਨੇਰੇ ਵਿੱਚ ਨਹੀਂ ਹੋ ਤਾਂ ਜੋ ਇਹ ਦਿਨ ਤੁਹਾਨੂੰ ਚੋਰ ਵਾਂਗ ਹੈਰਾਨ ਕਰ ਦੇਵੇ। 5ਤੁਸੀਂ ਸਾਰੇ ਚਾਨਣ ਅਤੇ ਦਿਨ ਦੇ ਬੱਚੇ ਹੋ। ਅਸੀਂ ਰਾਤ ਜਾਂ ਹਨੇਰੇ ਨਾਲ ਸਬੰਧਤ ਨਹੀਂ ਹਾਂ। 6ਤਾਂ ਫਿਰ, ਆਓ ਅਸੀਂ ਦੂਜਿਆਂ ਵਰਗੇ ਨਾ ਹੋਈਏ, ਜੋ ਸੁੱਤੇ ਪਏ ਹਨ, ਪਰ ਆਓ ਅਸੀਂ ਜਾਗਦੇ ਅਤੇ ਸੁਚੇਤ ਰਹੀਏ। 7ਉਨ੍ਹਾਂ ਲਈ ਜਿਹੜੇ ਸੌਂਦੇ ਹਨ, ਉਹ ਰਾਤ ਨੂੰ ਹੀ ਸੌਂਦੇ ਹਨ, ਅਤੇ ਜਿਹੜੇ ਸ਼ਰਾਬੀ ਹੁੰਦੇ ਹਨ, ਉਹ ਰਾਤ ਨੂੰ ਸ਼ਰਾਬੀ ਹੋ ਜਾਂਦੇ ਹਨ। 8ਪਰ ਅਸੀਂ ਜਦੋਂ ਦਿਨ ਵਾਲੇ ਹਾਂ ਤਾਂ ਵਿਸ਼ਵਾਸ ਅਤੇ ਪਿਆਰ ਨੂੰ ਸੁਰੱਖਿਆ ਵੱਜੋਂ ਪਹਿਨਣਾ ਅਤੇ ਮੁਕਤੀ ਦੀ ਆਸ ਨੂੰ ਸਿਰ ਦੇ ਟੋਪ ਦੀ ਥਾਂ ਪਹਿਨ ਕੇ ਸੁਚੇਤ ਰਹੀਏ।#5:8 ਯਸ਼ਾ 59:17 9ਕਿਉਂਕਿ ਪਰਮੇਸ਼ਵਰ ਨੇ ਸਾਨੂੰ ਆਪਣੇ ਕ੍ਰੋਧ ਦੇ ਲਈ ਨਹੀਂ ਸਗੋਂ ਸਾਡੇ ਪ੍ਰਭੂ ਯਿਸ਼ੂ ਮਸੀਹ ਰਾਹੀਂ ਮੁਕਤੀ ਪ੍ਰਾਪਤ ਕਰਨ ਲਈ ਨਿਯੁਕਤ ਕੀਤਾ ਹੈ। 10ਮਸੀਹ ਸਾਡੇ ਲਈ ਮਰਿਆ, ਭਾਵੇਂ ਅਸੀਂ ਜਾਗਦੇ ਜਾਂ ਸੁੱਤੇ ਹੋਏ ਹਾਂ, ਅਸੀਂ ਉਸ ਦੇ ਨਾਲ ਜਿਉਂਦੇ ਰਹਿ ਸਕੀਏ। 11ਇਸ ਲਈ ਇੱਕ-ਦੂਜੇ ਨੂੰ ਉਤਸ਼ਾਹਿਤ ਕਰੋ ਅਤੇ ਇੱਕ-ਦੂਜੇ ਨੂੰ ਮਜ਼ਬੂਤ ਕਰੋ, ਜਿਵੇਂ ਕਿ ਅਸਲ ਵਿੱਚ ਤੁਸੀਂ ਕਰ ਰਹੇ ਹੋ।
ਅੰਤਿਮ ਨਿਰਦੇਸ਼
12ਹੁਣ ਹੇ ਭਰਾਵੋ ਅਤੇ ਭੈਣੋ, ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਉਨ੍ਹਾਂ ਨੂੰ ਸਵੀਕਾਰ ਕਰੋ ਜੋ ਤੁਹਾਡੇ ਵਿੱਚ ਸਖ਼ਤ ਮਿਹਨਤ ਕਰਦੇ ਹਨ, ਜੋ ਪ੍ਰਭੂ ਵਿੱਚ ਤੁਹਾਡੀ ਦੇਖਭਾਲ ਕਰਦੇ ਹਨ ਅਤੇ ਜੋ ਤੁਹਾਨੂੰ ਸਲਾਹ ਦਿੰਦੇ ਹਨ। 13ਉਨ੍ਹਾਂ ਦੇ ਕੰਮ ਦੇ ਕਾਰਨ ਉਨ੍ਹਾਂ ਨੂੰ ਪਿਆਰ ਵਿੱਚ ਸਭ ਤੋਂ ਵੱਧ ਸਤਿਕਾਰ ਦਿਓ। ਇੱਕ-ਦੂਜੇ ਨਾਲ ਸ਼ਾਂਤੀ ਨਾਲ ਜੀਓ। 14ਹੇ ਭਰਾਵੋ ਅਤੇ ਭੈਣੋ, ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ, ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿਓ ਜੋ ਵਿਹਲੇ ਅਤੇ ਵਿਘਨ ਪਾਉਣ ਵਾਲੇ ਹਨ, ਨਿਰਾਸ਼ ਲੋਕਾਂ ਨੂੰ ਉਤਸ਼ਾਹਿਤ ਕਰੋ, ਕਮਜ਼ੋਰਾਂ ਦੀ ਸਹਾਇਤਾ ਕਰਦੇ ਰਹੋ, ਹਰ ਕਿਸੇ ਨਾਲ ਧੀਰਜ ਰੱਖੋ। 15ਇਹ ਧਿਆਨ ਰੱਖੋ ਕਿ ਕੋਈ ਵੀ ਬੁਰੇ ਦੇ ਬਦਲੇ ਬੁਰਾ ਨਾ ਕਰੇ, ਪਰ ਹਮੇਸ਼ਾ ਉਹ ਕਰਨ ਦੀ ਕੋਸ਼ਿਸ਼ ਕਰੋ ਜੋ ਇੱਕ-ਦੂਜੇ ਲਈ ਅਤੇ ਸਾਰਿਆਂ ਲਈ ਚੰਗਾ ਹੋਵੇ।#5:15 1 ਪਤ 3:9
16ਸਦਾ ਅਨੰਦ ਰਹੋ, 17ਲਗਾਤਾਰ ਪ੍ਰਾਰਥਨਾ ਕਰੋ, 18ਹਰ ਹਾਲਤ ਵਿੱਚ ਪਰਮੇਸ਼ਵਰ ਦਾ ਧੰਨਵਾਦ ਕਰੋ; ਕਿਉਂਕਿ ਇਹ ਮਸੀਹ ਯਿਸ਼ੂ ਵਿੱਚ ਤੁਹਾਡੇ ਲਈ ਪਰਮੇਸ਼ਵਰ ਦੀ ਇੱਛਾ ਹੈ।
19ਪਵਿੱਤਰ ਆਤਮਾ ਨੂੰ ਨਾ ਬੁਝਾਓ। 20ਭਵਿੱਖਬਾਣੀਆਂ ਨੂੰ ਤੁੱਛ ਨਾ ਜਾਣੋ। 21ਪਰ ਉਨ੍ਹਾਂ ਸਾਰਿਆਂ ਗੱਲਾਂ ਦੀ ਜਾਂਚ ਕਰੋ; ਖਰੀਆਂ ਨੂੰ ਫੜ੍ਹੀ ਰੱਖੋ। 22ਹਰ ਪਰਕਾਰ ਦੀ ਬੁਰਾਈ ਤੋਂ ਦੂਰ ਰਹੋ।#5:22 ਫਿਲਿ 4:8
23ਸ਼ਾਂਤੀ ਦਾ ਪਰਮੇਸ਼ਵਰ, ਆਪ ਹੀ ਤੁਹਾਨੂੰ ਪੂਰੀ ਤਰ੍ਹਾਂ ਪਵਿੱਤਰ ਕਰੇ। ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਵਾਪਸ ਆਉਣ ਦੇ ਵੇਲੇ ਤੁਹਾਡੀ ਸਾਰੀ ਆਤਮਾ, ਜੀਵ ਅਤੇ ਸਰੀਰ ਨਿਰਦੋਸ਼ ਰਹੇ। 24ਜਿਹੜਾ ਤੁਹਾਨੂੰ ਬੁਲਾਉਂਦਾ ਹੈ ਉਹ ਪਰਮੇਸ਼ਵਰ ਵਫ਼ਾਦਾਰ ਹੈ, ਅਤੇ ਉਹ ਅਜਿਹਾ ਕਰੇਗਾ।
25ਹੇ ਭਰਾਵੋ ਅਤੇ ਭੈਣੋ, ਸਾਡੇ ਲਈ ਪ੍ਰਾਰਥਨਾ ਕਰੋ।
26ਤੁਸੀਂ ਪਵਿੱਤਰ ਹੱਥ ਮਿਲਾ ਕੇ ਸਾਰੇ ਭਰਾਵਾਂ ਦੀ ਸੁੱਖ-ਸਾਂਦ ਪੁੱਛੋ।
27ਮੈਂ ਤੁਹਾਡੇ ਲਈ ਪ੍ਰਭੂ ਅੱਗੇ ਬੇਨਤੀ ਕਰਦਾ ਹਾਂ ਕਿ ਇਹ ਪੱਤਰ ਸਾਰੇ ਸਾਥੀ-ਵਿਸ਼ਵਾਸੀ ਭਰਾਵਾਂ ਅਤੇ ਭੈਣਾਂ ਅੱਗੇ ਪੜ੍ਹਿਆ ਜਾਵੇ।
28ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਕਿਰਪਾ ਤੁਹਾਡੇ ਨਾਲ ਹੋਵੇ।