ਯੋਹਨ 12
12
ਯਿਸ਼ੂ ਦਾ ਬੈਥਨੀਆ ਵਿੱਚ ਅਭਿਸ਼ੇਕ
1ਪਸਾਹ ਦੇ ਤਿਉਹਾਰ ਤੋਂ ਛੇ ਦਿਨ ਪਹਿਲਾਂ ਯਿਸ਼ੂ ਬੈਥਨੀਆ ਆਏ, ਜਿੱਥੇ ਲਾਜ਼ਰਾਸ ਰਹਿੰਦਾ ਸੀ, ਜਿਸ ਨੂੰ ਯਿਸ਼ੂ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਸੀ। 2ਇੱਥੇ ਉਹਨਾਂ ਯਿਸ਼ੂ ਦੇ ਲਈ ਰਾਤ ਦਾ ਭੋਜਨ ਤਿਆਰ ਕੀਤਾ। ਮਾਰਥਾ ਨੇ ਭੋਜਨ ਨੂੰ ਵਰਤਾਇਆ ਅਤੇ ਲਾਜ਼ਰਾਸ ਉਹਨਾਂ ਦੇ ਨਾਲ ਮੇਜ਼ ਤੇ ਬੈਠਾ ਹੋਇਆ ਸੀ। 3ਫਿਰ ਮਰਿਯਮ ਨੇ ਅੱਧਾ ਕਿੱਲੋ ਸ਼ੁੱਧ ਜਟਾਮਾਸੀ ਦਾ ਇੱਕ ਮਹਿੰਗਾ ਅਤਰ ਲਿਆ; ਉਸ ਨੇ ਯਿਸ਼ੂ ਦੇ ਪੈਰਾਂ ਉੱਤੇ ਡੋਲ੍ਹਿਆ ਅਤੇ ਉਸ ਦੇ ਪੈਰ ਆਪਣੇ ਵਾਲਾਂ ਨਾਲ ਪੂੰਝੇ। ਉਸ ਅਤਰ ਦੀ ਖੁਸ਼ਬੂ ਨਾਲ ਸਾਰਾ ਘਰ ਭਰ ਗਿਆ।
4ਪਰ ਉਸ ਦੇ ਚੇਲਿਆਂ ਵਿੱਚੋਂ ਇੱਕ, ਕਾਰਿਯੋਤ ਵਾਸੀ ਯਹੂਦਾਹ ਨੇ ਬੋਲਿਆ, ਜੋ ਬਾਅਦ ਵਿੱਚ ਯਿਸ਼ੂ ਨੂੰ ਗ੍ਰਿਫ਼ਤਾਰ ਕਰਵਾਉਣ ਵਾਲਾ ਸੀ, 5“ਇਹ ਅਤਰ ਨੂੰ ਤਿੰਨ ਸੌ ਦੀਨਾਰ#12:5 ਇੱਕ ਦੀਨਾਰ ਮਜ਼ਦੂਰ ਦੀ ਇੱਕ ਦਿਨ ਦੀ ਦਿਹਾੜੀ ਦੇ ਬਰਾਬਰ ਹੁੰਦਾ ਹੈ ਦਾ ਕਿਉਂ ਨਹੀਂ ਵੇਚਿਆ ਗਿਆ ਅਤੇ ਪੈਸੇ ਗਰੀਬਾਂ ਨੂੰ ਕਿਉਂ ਨਹੀਂ ਦਿੱਤੇ ਗਏ? ਇਹ ਇੱਕ ਸਾਲ ਦੀ ਤਨਖਾਹ ਦੀ ਕੀਮਤ ਸੀ।” 6ਉਸ ਨੇ ਇਹ ਇਸ ਲਈ ਨਹੀਂ ਕਿਹਾ ਕਿਉਂਕਿ ਉਹ ਗਰੀਬਾਂ ਦੀ ਪਰਵਾਹ ਕਰਦਾ ਸੀ ਪਰ ਕਿਉਂਕਿ ਉਹ ਚੋਰ ਸੀ। ਕਿਉਂਕਿ ਪੈਸੇ ਵਾਲੀ ਥੈਲੀ ਉਸ ਕੋਲ ਰਹਿੰਦੀ ਸੀ। ਉਸ ਵਿੱਚ ਜੋ ਕੁਝ ਪਾਇਆ ਜਾਂਦਾ ਸੀ ਉਹ ਉਸ ਵਿੱਚੋਂ ਕੱਢ ਲੈਂਦਾ ਸੀ।
7ਯਿਸ਼ੂ ਨੇ ਉਹਨਾਂ ਨੂੰ ਜਵਾਬ ਦਿੱਤਾ, “ਉਸਨੂੰ ਇਕੱਲੇ ਰਹਿਣ ਦਿਓ। ਇਹ ਇਰਾਦਾ ਸੀ ਕਿ ਉਹ ਇਹ ਅਤਰ ਨੂੰ ਮੇਰੇ ਦਫ਼ਨਾਉਣ ਵਾਲੇ ਦਿਨ ਲਈ ਬਚਾ ਲਵੇ। 8ਤੁਹਾਡੇ ਕੋਲ ਹਮੇਸ਼ਾ ਗਰੀਬ ਰਹਿਣਗੇ, ਪਰ ਮੈਂ ਤੁਹਾਡੇ ਕੋਲ ਹਮੇਸ਼ਾ ਨਹੀਂ ਹੋਵੇਗਾ।”
9ਇਸੇ ਦੇ ਦੌਰਾਨ, ਯਹੂਦੀਆਂ ਦੀ ਇੱਕ ਵੱਡੀ ਭੀੜ ਨੂੰ ਪਤਾ ਚੱਲਿਆ ਕਿ ਯਿਸ਼ੂ ਬੈਥਨੀਆ ਵਿੱਚ ਹੈ। ਉਹ ਸਾਰੇ ਯਹੂਦੀ ਯਿਸ਼ੂ ਤੇ ਲਾਜ਼ਰਾਸ ਨੂੰ ਵੇਖਣ ਲਈ ਆਏ, ਜਿਸ ਨੂੰ ਉਸ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਸੀ। 10ਇਸ ਲਈ ਮੁੱਖ ਜਾਜਕਾਂ ਨੇ ਲਾਜ਼ਰਾਸ ਨੂੰ ਮਾਰਨ ਦੀ ਯੋਜਨਾ ਬਣਾਈ। 11ਕਿਉਂਕਿ ਇਸ ਦੇ ਕਾਰਨ ਬਹੁਤ ਸਾਰੇ ਯਹੂਦੀ ਯਿਸ਼ੂ ਕੋਲ ਗਏ ਅਤੇ ਉਹਨਾਂ ਤੇ ਵਿਸ਼ਵਾਸ ਕੀਤਾ।
ਯਿਸ਼ੂ ਦਾ ਯੇਰੂਸ਼ਲੇਮ ਵਿੱਚ ਰਾਜੇ ਦੀ ਤਰ੍ਹਾਂ ਆਉਣਾ
12ਅਗਲੇ ਦਿਨ ਇੱਕ ਵੱਡੀ ਭੀੜ ਨੇ ਸੁਣਿਆ ਜੋ ਕਿ ਤਿਉਹਾਰ ਤੇ ਆਈ ਸੀ ਕਿ ਯਿਸ਼ੂ ਯੇਰੂਸ਼ਲੇਮ ਜਾ ਰਹੇ ਹਨ। 13ਉਹ ਖਜ਼ੂਰ ਦੀਆਂ ਟਹਿਣੀਆਂ ਲੈ ਕੇ ਯਿਸ਼ੂ ਨੂੰ ਮਿਲਣ ਲਈ ਬਾਹਰ ਆਏ, ਉੱਚੀ ਆਵਾਜ਼ ਵਿੱਚ ਆਖਣ ਲੱਗੇ,
“ਹੋਸਨਾ!#12:13 ਹੋਸਨਾ ਦਾ ਅਰਥ ਹੈ ਬਚਾਓ, ਕਿਰਪਾ ਕਰਕੇ”
“ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ!”#12:13 ਜ਼ਬੂ 118:25,26
“ਮੁਬਾਰਕ ਹੈ ਇਸਰਾਏਲ ਦਾ ਰਾਜਾ!”
14ਯਿਸ਼ੂ ਨੇ ਇੱਕ ਗਧੀ ਦਾ ਬੱਚਾ ਲਿਆ ਅਤੇ ਉਸ ਉੱਤੇ ਬੈਠ ਗਿਆ, ਜਿਵੇਂ ਕਿ ਇਹ ਲਿਖਿਆ ਹੋਇਆ ਹੈ:
15“ਸੀਯੋਨ ਦੀ ਬੇਟੀ
ਨਾ ਡਰ! ਵੇਖੋ,
ਤੁਹਾਡਾ ਰਾਜਾ ਇੱਕ ਗਧੀ ਦੇ ਬੱਚੇ ਤੇ ਬੈਠਾ ਹੋਇਆ ਆ ਰਿਹਾ ਹੈ।”#12:15 ਜ਼ਕ 9:9
16ਪਹਿਲਾਂ ਉਹਨਾਂ ਦੇ ਚੇਲੇ ਇਹ ਸਭ ਸਮਝ ਨਹੀਂ ਸਕੇ। ਯਿਸ਼ੂ ਦੀ ਮਹਿਮਾ#12:16 ਮਹਿਮਾ ਜਦੋਂ ਯਿਸ਼ੂ ਦੁਬਾਰਾ ਜ਼ਿੰਦਾ ਹੋਇਆ ਸੀ ਹੋਣ ਤੋਂ ਬਾਅਦ ਹੀ ਉਹਨਾਂ ਨੂੰ ਅਹਿਸਾਸ ਹੋਇਆ ਕਿ ਇਹ ਗੱਲਾਂ ਉਹਨਾਂ ਬਾਰੇ ਲਿਖੀਆਂ ਗਈਆਂ ਸਨ ਅਤੇ ਇਹ ਸਭ ਉਹਨਾਂ ਨਾਲ ਕੀਤਾ ਗਿਆ ਸੀ।
17ਹੁਣ ਉਹ ਭੀੜ ਜਿਹੜੀ ਉਹਨਾਂ ਦੇ ਨਾਲ ਸੀ ਜਦੋਂ ਉਹਨਾਂ ਨੇ ਲਾਜ਼ਰਾਸ ਨੂੰ ਕਬਰ ਤੋਂ ਬੁਲਾਇਆ ਅਤੇ ਜਿਸ ਨੂੰ ਮੁਰਦਿਆਂ ਤੋਂ ਜਿਵਾਲਿਆ, ਇਹ ਗਵਾਹੀ ਉਹ ਹੋਰਨਾਂ ਲੋਕਾਂ ਨੂੰ ਦੱਸ ਰਹੇ ਸਨ। 18ਬਹੁਤ ਸਾਰੇ ਲੋਕ ਯਿਸ਼ੂ ਨੂੰ ਮਿਲਣ ਲਈ ਆਏ ਕਿਉਂਕਿ ਉਹਨਾਂ ਨੇ ਇਸ ਚਮਤਕਾਰ ਬਾਰੇ ਸੁਣਿਆ ਸੀ। 19ਇਸ ਲਈ ਫ਼ਰੀਸੀਆਂ ਨੇ ਇੱਕ-ਦੂਜੇ ਨੂੰ ਆਖਿਆ, “ਵੇਖੋ, ਤੁਹਾਡੇ ਕੋਲੋਂ ਕੁਝ ਵੀ ਨਹੀਂ ਹੋ ਰਿਹਾ। ਵੇਖੋ ਸਾਰੀ ਦੁਨੀਆਂ ਉਸ ਦੇ ਮਗਰ ਲੱਗ ਰਹੀ ਹੈ!”
ਯਿਸ਼ੂ ਦਾ ਆਪਣੀ ਮੌਤ ਬਾਰੇ ਦੱਸਣਾ
20ਹੁਣ ਉਹਨਾਂ ਵਿੱਚ ਕੁਝ ਯੂਨਾਨੀ ਲੋਕ ਵੀ ਸਨ ਜੋ ਤਿਉਹਾਰ ਤੇ ਅਰਾਧਨਾ ਕਰਨ ਲਈ ਆਏ ਸਨ। 21ਉਹ ਯੂਨਾਨੀ ਲੋਕ ਫਿਲਿੱਪਾਸ ਕੋਲ ਆਏ ਜੋ ਗਲੀਲ ਦੇ ਬੈਥਸੈਦਾ ਤੋਂ ਸੀ। ਉਹਨਾਂ ਨੇ ਬੇਨਤੀ ਕੀਤੀ, “ਸ਼੍ਰੀਮਾਨ ਜੀ, ਅਸੀਂ ਯਿਸ਼ੂ ਨੂੰ ਵੇਖਣਾ ਚਾਹੁੰਦੇ ਹਾਂ।” 22ਫਿਲਿੱਪਾਸ ਨੇ ਜਾ ਕੇ ਆਂਦਰੇਯਾਸ ਨੂੰ ਦੱਸਿਆ। ਆਂਦਰੇਯਾਸ ਅਤੇ ਫਿਲਿੱਪਾਸ ਯਿਸ਼ੂ ਕੋਲ ਦੱਸਣ ਆਏ।
23ਯਿਸ਼ੂ ਨੇ ਜਵਾਬ ਦਿੱਤਾ, “ਮਨੁੱਖ ਦੇ ਪੁੱਤਰ ਦੀ ਵਡਿਆਈ ਹੋਣ ਦਾ ਵੇਲਾ ਆ ਗਿਆ ਹੈ। 24ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਜਦੋਂ ਤੱਕ ਕਣਕ ਦਾ ਦਾਣਾ ਜ਼ਮੀਨ ਵਿੱਚ ਡਿੱਗ ਕੇ ਮਰ ਨਾ ਜਾਵੇ, ਅਤੇ ਇਕੱਲਾ ਨਾ ਰਹੇ ਉਹ ਸਿਰਫ ਇੱਕ ਬੀਜ ਹੀ ਰਹਿ ਜਾਵੇਗਾ। ਪਰ ਜੇ ਉਹ ਮਰ ਜਾਂਦਾ ਹੈ ਤਾਂ ਉਹ ਬਹੁਤ ਸਾਰੇ ਬੀਜ ਪੈਦਾ ਕਰਦਾ ਹੈ। 25ਜਿਹੜਾ ਵੀ ਆਪਣੀ ਜ਼ਿੰਦਗੀ ਨੂੰ ਪਿਆਰ ਕਰਦਾ ਹੈ ਉਹ ਇਸ ਨੂੰ ਗੁਆ ਲਵੇਗਾ, ਪਰ ਜਿਹੜਾ ਕੋਈ ਇਸ ਦੁਨੀਆਂ ਵਿੱਚ ਆਪਣੀ ਜ਼ਿੰਦਗੀ ਨੂੰ ਨਫ਼ਰਤ ਕਰਦਾ ਹੈ ਉਹ ਇਸ ਨੂੰ ਸਦੀਪਕ ਜੀਵਨ ਲਈ ਬਚਾ ਲਵੇਗਾ। 26ਜੋ ਕੋਈ ਮੇਰੀ ਸੇਵਾ ਕਰਦਾ ਹੈ ਉਹ ਮੇਰੇ ਮਗਰ ਆਵੇ; ਅਤੇ ਜਿੱਥੇ ਮੈਂ ਹਾਂ ਉੱਥੇ ਮੇਰਾ ਸੇਵਕ ਵੀ ਹੋਵੇਗਾ। ਮੇਰਾ ਪਿਤਾ ਉਸ ਦੀ ਇੱਜ਼ਤ ਕਰੇਗਾ ਜੋ ਮੇਰੀ ਸੇਵਾ ਕਰਦਾ ਹੈ।
27“ਹੁਣ ਮੇਰੀ ਆਤਮਾ ਦੁੱਖੀ ਹੈ, ਮੈਂ ਹੁਣ ਕੀ ਆਖਾਂ? ਹੇ ਪਿਤਾ ਜੀ, ਮੈਨੂੰ ਇਸ ਘੜੀ ਤੋਂ ਬਚਾਓ? ਨਹੀਂ, ਪਰ ਮੈਂ ਸਗੋਂ ਇਸ ਘੜੀ ਲਈ ਆਇਆ ਹਾਂ। 28ਹੇ ਪਿਤਾ, ਆਪਣੇ ਨਾਮ ਦੀ ਵਡਿਆਈ ਕਰੋ!”
ਤਦ ਸਵਰਗ ਤੋਂ ਇੱਕ ਆਵਾਜ਼ ਆਈ, “ਮੈਂ ਇਸ ਦੀ ਵਡਿਆਈ ਕੀਤੀ ਹੈ, ਅਤੇ ਮੈਂ ਇਸਦੀ ਇੱਕ ਵਾਰ ਫਿਰ ਵਡਿਆਈ ਕਰਾਂਗਾ।” 29ਜਿਹੜੀ ਭੀੜ ਉੱਥੇ ਸੀ ਉਹਨਾਂ ਨੇ ਸੁਣਿਆ ਅਤੇ ਉਹਨਾਂ ਵਿੱਚੋਂ ਕਈਆਂ ਨੇ ਕਿਹਾ ਕਿ, “ਬੱਦਲ ਗਰਜਿਆ ਹੈ,” ਅਤੇ ਕਈਆਂ ਨੇ ਕਿਹਾ, “ਇੱਕ ਸਵਰਗਦੂਤ ਉਸ ਨਾਲ ਗੱਲ ਕਰ ਰਿਹਾ ਸੀ।”
30ਯਿਸ਼ੂ ਨੇ ਕਿਹਾ, “ਇਹ ਆਵਾਜ਼ ਮੇਰੇ ਲਈ ਨਹੀਂ ਸਗੋਂ ਤੁਹਾਡੇ ਭਲੇ ਲਈ ਹੈ। 31ਹੁਣ ਇਸ ਦੁਨੀਆਂ ਉੱਤੇ ਨਿਆਂ ਦਾ ਸਮਾਂ ਆ ਗਿਆ ਹੈ; ਹੁਣ ਇਸ ਦੁਨੀਆਂ ਦੇ ਸਰਦਾਰ ਨੂੰ ਬਾਹਰ ਕੱਢ ਦਿੱਤਾ ਜਾਵੇਗਾ। 32ਅਤੇ ਜਦੋਂ ਮੈਂ ਧਰਤੀ ਤੋਂ ਉੱਪਰ ਚੁੱਕਿਆ ਜਾਵਾਂਗਾ, ਸਾਰੇ ਲੋਕਾਂ ਨੂੰ ਆਪਣੇ ਵੱਲ ਖਿੱਚਾਂਗਾ।” 33ਇਹ ਕਹਿੰਦਿਆਂ ਯਿਸ਼ੂ ਨੇ ਇਹ ਦੱਸਿਆ ਕਿ ਉਹ ਕਿਸ ਤਰ੍ਹਾਂ ਦੀ ਮੌਤ ਮਰਨ ਵਾਲਾ ਹੈ।
34ਭੀੜ ਨੇ ਕਿਹਾ, “ਅਸੀਂ ਬਿਵਸਥਾ ਤੋਂ ਸੁਣਿਆ ਹੈ ਕਿ ਮਸੀਹਾ ਸਦਾ ਲਈ ਰਹੇਗਾ, ਤਾਂ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਮਨੁੱਖ ਦੇ ਪੁੱਤਰ ਨੂੰ ਉੱਪਰ ਚੁੱਕਿਆ ਜਾਵੇਗਾ? ਇਹ ਮਨੁੱਖ ਦਾ ਪੁੱਤਰ ਕੌਣ ਹੈ?”
35ਤਦ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੇਰੀ ਰੋਸ਼ਨੀ ਥੋੜ੍ਹੀ ਦੇਰ ਲਈ ਤੁਹਾਡੇ ਤੇ ਪਵੇਗੀ। ਰੋਸ਼ਨੀ ਵਿੱਚ ਚੱਲੋ ਇਸ ਤੋਂ ਪਹਿਲਾਂ ਕਿ ਹਨੇਰਾ ਹੋ ਜਾਵੇ। ਜਿਹੜਾ ਵੀ ਹਨੇਰੇ ਵਿੱਚ ਚੱਲਦਾ ਹੈ ਉਸਨੂੰ ਨਹੀਂ ਪਤਾ ਹੁੰਦਾ ਕਿ ਉਹ ਕਿੱਥੇ ਜਾ ਰਿਹਾ ਹੈ। 36ਜਦੋਂ ਤੱਕ ਤੁਹਾਡੇ ਕੋਲ ਰੋਸ਼ਨੀ ਹੈ ਇਸ ਤੇ ਵਿਸ਼ਵਾਸ ਕਰੋ; ਤਾਂ ਜੋ ਤੁਸੀਂ ਰੋਸ਼ਨੀ ਦੇ ਬੱਚੇ ਹੋਵੋਗੇ।” ਜਦੋਂ ਉਸ ਨੇ ਬੋਲਣਾ ਬੰਦ ਕਰ ਦਿੱਤਾ, ਤਾਂ ਯਿਸ਼ੂ ਉਹਨਾਂ ਤੋਂ ਅਲੱਗ ਹੋ ਗਏ ਅਤੇ ਆਪਣੇ ਆਪ ਨੂੰ ਲੁਕਾ ਲਿਆ।
ਯਹੂਦੀਆਂ ਵਿੱਚ ਵਿਸ਼ਵਾਸ ਅਤੇ ਅਵਿਸ਼ਵਾਸ
37ਜਦੋਂ ਯਿਸ਼ੂ ਨੇ ਉਹਨਾਂ ਦੇ ਸਾਹਮਣੇ ਬਹੁਤ ਸਾਰੇ ਚਮਤਕਾਰ ਕੀਤੇ ਤਾਂ ਵੀ ਬਹੁਤ ਸਾਰੇ ਲੋਕਾਂ ਨੇ ਯਿਸ਼ੂ ਤੇ ਵਿਸ਼ਵਾਸ ਨਹੀਂ ਕੀਤਾ। 38ਇਹ ਯਸ਼ਾਯਾਹ ਨਬੀ ਦੇ ਬਚਨ ਨੂੰ ਪੂਰਾ ਕਰਨਾ ਸੀ:
“ਹੇ ਪ੍ਰਭੂ, ਸਾਡੀ ਖੁਸ਼ਖ਼ਬਰੀ ਉੱਤੇ ਕਿਸ ਨੇ ਵਿਸ਼ਵਾਸ ਕੀਤਾ
ਅਤੇ ਪ੍ਰਭੂ ਦੀ ਸ਼ਕਤੀ ਕਿਸ ਤੇ ਪ੍ਰਗਟ ਹੋਈ ਹੈ?”#12:38 ਯਸ਼ਾ 53:1
39ਉਹ ਇਸ ਲਈ ਵਿਸ਼ਵਾਸ ਨਹੀਂ ਕਰ ਸਕੇ, ਕਿਉਂਕਿ ਜਿਵੇਂ ਯਸ਼ਾਯਾਹ ਨੇ ਇਹ ਵੀ ਕਿਹਾ:
40“ਪਰਮੇਸ਼ਵਰ ਨੇ ਉਹਨਾਂ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ
ਅਤੇ ਉਹਨਾਂ ਦੇ ਦਿਲਾਂ ਨੂੰ ਕਠੋਰ ਕਰ ਦਿੱਤਾ,
ਤਾਂ ਜੋ ਉਹ ਨਾ ਤਾਂ ਉਹਨਾਂ ਅੱਖਾਂ ਨਾਲ ਵੇਖ ਸਕਣ,
ਤੇ ਨਾ ਉਹਨਾਂ ਦੇ ਦਿਲ ਸਮਝ ਸਕਣ, ਨਾ ਹੀ ਮੁੜ ਆਉਣ,
ਤਾਂ ਕਿ ਮੈਂ ਉਨ੍ਹਾਂ ਨੂੰ ਚੰਗਾ ਕਰਾਂਗਾ।”#12:40 ਯਸ਼ਾ 6:10
41ਯਸ਼ਾਯਾਹ ਨੇ ਇਹ ਇਸ ਲਈ ਕਿਹਾ ਕਿਉਂਕਿ ਉਸ ਨੇ ਯਿਸ਼ੂ ਦੀ ਮਹਿਮਾ ਵੇਖੀ ਅਤੇ ਉਸ ਦੇ ਬਾਰੇ ਗੱਲ ਕੀਤੀ।
42ਉਸੇ ਵੇਲੇ ਬਹੁਤ ਸਾਰੇ ਲੋਕਾਂ ਅਤੇ ਅਧਿਕਾਰੀਆਂ ਨੇ ਉਹਨਾਂ ਤੇ ਵਿਸ਼ਵਾਸ ਕੀਤਾ। ਪਰ ਫ਼ਰੀਸੀਆਂ ਦੇ ਕਾਰਨ ਉਹ ਖੁੱਲ੍ਹੇਆਮ ਆਪਣੇ ਵਿਸ਼ਵਾਸ ਨੂੰ ਸਵੀਕਾਰ ਨਹੀਂ ਕਰਦੇ ਸਨ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਫ਼ਰੀਸੀ ਉਹਨਾਂ ਨੂੰ ਪ੍ਰਾਰਥਨਾ ਸਥਾਨ ਤੋਂ ਬਾਹਰ ਕੱਢ ਦੇਣਗੇ; 43ਕਿਉਂਕਿ ਉਹ ਮਨੁੱਖਾਂ ਦੇ ਆਦਰ ਨੂੰ ਪਰਮੇਸ਼ਵਰ ਦੇ ਆਦਰ ਨਾਲੋਂ ਜ਼ਿਆਦਾ ਪਸੰਦ ਕਰਦੇ ਸਨ।
44ਤਦ ਯਿਸ਼ੂ ਨੇ ਉੱਚੀ ਆਵਾਜ਼ ਵਿੱਚ ਕਿਹਾ, “ਜੋ ਮਨੁੱਖ ਮੇਰੇ ਤੇ ਵਿਸ਼ਵਾਸ ਕਰਦਾ ਹੈ ਸਿਰਫ ਉਹ ਮੇਰੇ ਵਿੱਚ ਨਹੀਂ ਸਗੋਂ ਉਹ ਪਰਮੇਸ਼ਵਰ ਤੇ ਵਿਸ਼ਵਾਸ ਕਰਦਾ ਹੈ ਜਿਸਨੇ ਮੈਨੂੰ ਭੇਜਿਆ ਹੈ। 45ਜਿਹੜਾ ਮਨੁੱਖ ਮੈਨੂੰ ਵੇਖਦਾ ਹੈ ਉਹ ਪਰਮੇਸ਼ਵਰ ਨੂੰ ਵੀ ਵੇਖ ਰਿਹਾ ਹੈ ਜਿਸਨੇ ਮੈਨੂੰ ਭੇਜਿਆ ਹੈ। 46ਮੈਂ ਇਸ ਦੁਨੀਆਂ ਵਿੱਚ ਇੱਕ ਰੋਸ਼ਨੀ ਬਣ ਕੇ ਆਇਆ ਹਾਂ ਤਾਂ ਜੋ ਕੋਈ ਵੀ ਜੋ ਮੇਰੇ ਤੇ ਵਿਸ਼ਵਾਸ ਕਰਦਾ ਹੈ ਉਹ ਹਨੇਰੇ ਵਿੱਚ ਨਹੀਂ ਰਹੇਗਾ।
47“ਜੇ ਕੋਈ ਮੇਰੇ ਬਚਨਾਂ ਨੂੰ ਸੁਣਦਾ ਹੈ ਪਰ ਉਸਨੂੰ ਮੰਨਦਾ ਨਹੀਂ, ਤਾਂ ਮੈਂ ਉਸ ਵਿਅਕਤੀ ਦਾ ਨਿਆਂ ਨਹੀਂ ਕਰਦਾ। ਮੈਂ ਸੰਸਾਰ ਦਾ ਨਿਆਂ ਕਰਨ ਨਹੀਂ ਆਇਆ, ਪਰ ਸੰਸਾਰ ਨੂੰ ਬਚਾਉਣ ਆਇਆ ਹਾਂ। 48ਇਸ ਲਈ ਜੋ ਕੋਈ ਮੈਨੂੰ ਅਤੇ ਮੇਰੇ ਬਚਨਾਂ ਨੂੰ ਨਹੀਂ ਮੰਨਦਾ; ਜੋ ਬਚਨ ਮੈਂ ਬੋਲਦਾ ਹਾਂ ਉਸ ਦਾ ਆਖਰੀ ਦਿਨ ਵਿੱਚ ਨਿਆਂ ਕੀਤਾ ਜਾਵੇਗਾ। 49ਕਿਉਂਕਿ ਮੈਂ ਆਪਣੇ ਆਪ ਤੋਂ ਨਹੀਂ ਬੋਲਦਾ, ਪਰ ਜਿਸ ਪਿਤਾ ਨੇ ਮੈਨੂੰ ਭੇਜਿਆ ਉਸ ਨੇ ਮੈਨੂੰ ਇਹ ਆਗਿਆ ਦਿੱਤੀ ਹੈ ਇਹ ਸਭ ਕੁਝ ਬੋਲਣ ਲਈ। 50ਮੈਂ ਜਾਣਦਾ ਹਾਂ ਕਿ ਉਸ ਦਾ ਹੁਕਮ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਇਸ ਲਈ ਜੋ ਵੀ ਮੈਂ ਕਹਿੰਦਾ ਹਾਂ ਉਹ ਪਿਤਾ ਨੇ ਮੈਨੂੰ ਕਹਿਣ ਦੀ ਆਗਿਆ ਦਿੱਤੀ ਹੈ।”
Currently Selected:
ਯੋਹਨ 12: PMT
Highlight
Share
Copy
Want to have your highlights saved across all your devices? Sign up or sign in
ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™
ਕਾਪੀਰਾਈਟ ਅਧਿਕਾਰ © 2022 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ।
ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
New Testament, Punjabi Contemporary Version™
Copyright © 2022 by Biblica, Inc.
Used with permission. All rights reserved worldwide.