13
ਤੋਬਾ ਜਾਂ ਨਾਸ਼
1ਉਸ ਵੇਲੇ ਉੱਥੇ ਮੌਜੂਦ ਕੁਝ ਲੋਕਾਂ ਨੇ ਯਿਸ਼ੂ ਨੂੰ ਉਹਨਾਂ ਗਲੀਲ ਵਾਸੀਆਂ ਬਾਰੇ ਦੱਸਿਆ ਜਿਨ੍ਹਾਂ ਦਾ ਲਹੂ ਪਿਲਾਤੁਸ ਨੇ ਉਹਨਾਂ ਦੀਆਂ ਬਲੀਆਂ ਨਾਲ ਮਿਲਾਇਆ ਸੀ। 2ਯਿਸ਼ੂ ਨੇ ਜਵਾਬ ਦਿੱਤਾ, “ਕੀ ਤੁਹਾਨੂੰ ਲਗਦਾ ਹੈ ਕਿ ਇਹ ਗਲੀਲੀ ਹੋਰ ਸਾਰੇ ਗਲੀਲ ਵਾਸੀਆਂ ਨਾਲੋਂ ਜ਼ਿਆਦਾ ਪਾਪੀ ਸਨ ਕਿਉਂਕਿ ਉਹਨਾਂ ਦੀ ਇਹ ਹਾਲਤ ਹੋਈ? 3ਮੈਂ ਤੁਹਾਨੂੰ ਦੱਸਦਾ ਹਾਂ, ਨਹੀਂ! ਪਰ ਜੇ ਤੁਸੀਂ ਪਾਪਾਂ ਤੋਂ ਮਨ ਨਹੀਂ ਫਿਰੌਦੇ ਤਾਂ ਤੁਸੀਂ ਵੀ ਸਾਰੇ ਨਾਸ਼ ਹੋ ਜਾਵੋਂਗੇ। 4ਜਾਂ ਉਹ ਅਠਾਰਾਂ ਜਿਨ੍ਹਾਂ ਦੀ ਮੌਤ ਸਿਲੋਅਮ ਦਾ ਬੁਰਜ ਉਹਨਾਂ ਉੱਤੇ ਡਿੱਗਣ ਦੇ ਕਾਰਣ ਹੋਈ, ਕੀ ਤੁਹਾਨੂੰ ਲਗਦਾ ਹੈ ਕਿ ਉਹ ਯੇਰੂਸ਼ਲੇਮ ਵਿੱਚ ਰਹਿੰਦੇ ਸਾਰੇ ਲੋਕਾਂ ਨਾਲੋਂ ਵੱਧ ਦੋਸ਼ੀ ਸਨ? 5ਮੈਂ ਤੁਹਾਨੂੰ ਦੱਸਦਾ ਹਾਂ, ਨਹੀਂ! ਪਰ ਜੇ ਤੁਸੀਂ ਮਨ ਨਹੀਂ ਫਿਰੌਦੇ ਤਾਂ ਤੁਸੀਂ ਵੀ ਸਾਰੇ ਨਾਸ਼ ਹੋ ਜਾਵੋਂਗੇ।”
6ਤਦ ਯਿਸ਼ੂ ਨੇ ਇਹ ਦ੍ਰਿਸ਼ਟਾਂਤ ਸੁਣਾਇਆ: “ਇੱਕ ਆਦਮੀ ਦੇ ਅੰਗੂਰੀ ਬਾਗ ਵਿੱਚ ਇੱਕ ਹੰਜ਼ੀਰ ਦਾ ਰੁੱਖ ਉੱਗ ਰਿਹਾ ਸੀ ਅਤੇ ਉਹ ਇਸ ਤੇ ਫਲ ਭਾਲਣ ਲਈ ਗਿਆ, ਪਰ ਉਸਨੂੰ ਕੁਝ ਨਹੀਂ ਮਿਲਿਆ। 7ਇਸ ਲਈ ਉਸਨੇ ਮਾਲੀ ਨੂੰ ਕਿਹਾ, ‘ਤਿੰਨ ਸਾਲਾਂ ਤੋਂ ਮੈਂ ਇਸ ਹੰਜ਼ੀਰ ਦੇ ਰੁੱਖ ਤੇ ਫਲ ਭਾਲਣ ਆ ਰਿਹਾ ਹਾਂ ਅਤੇ ਹੁਣ ਤੱਕ ਮੈਨੂੰ ਇਸ ਤੋਂ ਕੋਈ ਵੀ ਫਲ ਨਹੀਂ ਮਿਲਿਆ। ਇਸ ਨੂੰ ਕੱਟ ਦਿਓ! ਧਰਤੀ ਇਸ ਕਾਰਨ ਵਿਅਰਥ ਵਿੱਚ ਕਿਉਂ ਘਿਰੀ ਰਹੇ?’
8“ਪਰ ਮਾਲੀ ਨੇ ਉੱਤਰ ਦਿੱਤਾ, ‘ਸੁਆਮੀ ਜੀ, ਇਸ ਨੂੰ ਇੱਕ ਸਾਲ ਲਈ ਹੋਰ ਛੱਡ ਦਿਓ, ਮੈਂ ਇਸ ਦੇ ਦੁਆਲੇ ਖੁਦਾਈ ਕਰਾਂਗਾ ਅਤੇ ਇਸ ਵਿੱਚ ਖਾਦ ਪਾਉਂਦਾ ਰਹਾਂਗਾ। 9ਜੇ ਇਹ ਅਗਲੇ ਸਾਲ ਫਲ ਦਿੰਦਾ ਹੈ ਤਾਂ ਚੰਗਾ ਹੈ, ਜੇ ਨਹੀਂ ਤਾਂ ਇਸ ਨੂੰ ਕੱਟ ਦਿਓ।’ ”
ਯਿਸ਼ੂ ਸਬਤ ਦੇ ਦਿਨ ਇੱਕ ਅਪਾਹਜ ਔਰਤ ਨੂੰ ਚੰਗਾ ਕਰਦੇ ਹਨ
10ਇੱਕ ਸਬਤ ਦੇ ਦਿਨ ਯਿਸ਼ੂ ਇੱਕ ਪ੍ਰਾਰਥਨਾ ਸਥਾਨ ਵਿੱਚ ਸਿੱਖਿਆ ਦੇ ਰਹੇ ਸਨ। 11ਉੱਥੇ ਇੱਕ ਔਰਤ ਆਈ ਜਿਸਨੂੰ ਅਠਾਰਾਂ ਸਾਲਾਂ ਤੋਂ ਇੱਕ ਆਤਮਾ ਨੇ ਅਪਾਹਜ ਕੀਤਾ ਹੋਇਆ ਸੀ। ਉਹ ਝੁਕੀ ਹੋਈ ਸੀ ਅਤੇ ਬਿੱਲਕੁੱਲ ਵੀ ਸਿੱਧਾ ਨਹੀਂ ਹੋ ਸਕਦੀ ਸੀ। 12ਜਦੋਂ ਯਿਸ਼ੂ ਨੇ ਉਸਨੂੰ ਵੇਖਿਆ ਤਾਂ ਉਹਨਾਂ ਨੇ ਉਸਨੂੰ ਬੁਲਾਇਆ ਅਤੇ ਉਸਨੂੰ ਕਿਹਾ, “ਹੇ ਔਰਤ, ਤੂੰ ਆਪਣੀ ਇਸ ਬੀਮਾਰੀ ਤੋਂ ਮੁਕਤ ਹੋ ਗਈ ਹੈ।” 13ਤਦ ਯਿਸ਼ੂ ਨੇ ਉਸ ਉੱਪਰ ਆਪਣਾ ਹੱਥ ਰੱਖ ਲਿਆ ਅਤੇ ਉਸੇ ਵੇਲੇ ਉਸਨੇ ਸਿੱਧੀ ਹੋ ਕੇ ਪਰਮੇਸ਼ਵਰ ਦੀ ਵਡਿਆਈ ਕੀਤੀ।
14ਪਰ ਯਹੂਦੀ ਪ੍ਰਾਰਥਨਾ ਸਥਾਨ ਦਾ ਆਗੂ ਇਸ ਗੱਲ ਤੇ ਬਹੁਤ ਗੁੱਸੇ ਹੋਇਆ ਕਿਉਂਕਿ ਯਿਸ਼ੂ ਨੇ ਉਸਨੂੰ ਸਬਤ ਦੇ ਦਿਨ ਚੰਗਾ ਕੀਤਾ ਸੀ। ਉਸ ਮੁੱਖੀ ਨੇ ਉੱਥੇ ਇਕੱਠੇ ਹੋਏ ਲੋਕਾਂ ਨੂੰ ਕਿਹਾ, “ਕੰਮ ਕਰਨ ਲਈ ਛੇ ਦਿਨ ਹਨ, ਇਸ ਲਈ ਇਨ੍ਹਾਂ ਛੇ ਦਿਨਾਂ ਵਿੱਚ ਆਓ ਅਤੇ ਚੰਗਿਆਈ ਪਾਓ, ਨਾ ਕਿ ਸਬਤ ਦੇ ਦਿਨ।”
15ਪ੍ਰਭੂ ਨੇ ਉਸਨੂੰ ਉੱਤਰ ਦਿੱਤਾ, “ਹੇ ਪਖੰਡੀਓ! ਕੀ ਤੁਸੀਂ ਸਬਤ ਦੇ ਦਿਨ ਆਪਣੇ ਬਲਦ ਜਾਂ ਗਧੇ ਨੂੰ ਖੁਰਲੀ ਤੋਂ ਖੋਲ੍ਹ ਕੇ ਪਾਣੀ ਪਿਲਾਉਣ ਲਈ ਬਾਹਰ ਨਹੀਂ ਲੈ ਜਾਂਦੇ? 16ਤਾਂ ਕੀ ਇਹ ਔਰਤ, ਜੋ ਅਬਰਾਹਾਮ ਦੀ ਧੀ ਹੈ, ਜਿਸਨੂੰ ਸ਼ੈਤਾਨ ਨੇ ਅਠਾਰਾਂ ਸਾਲਾਂ ਤੋਂ ਬੰਨ੍ਹਿਆ ਹੋਇਆ ਹੈ, ਸਬਤ ਦੇ ਦਿਨ ਇਨ੍ਹਾਂ ਬੰਧਨਾਂ ਤੋਂ ਉਸ ਦਾ ਮੁਕਤ ਹੋਣਾ ਠੀਕ ਨਹੀਂ ਸੀ?”
17ਜਦੋਂ ਪ੍ਰਭੂ ਨੇ ਇਹ ਕਿਹਾ ਤਾਂ ਉਹਨਾਂ ਦੇ ਸਾਰੇ ਵਿਰੋਧੀਆਂ ਸ਼ਰਮਿੰਦਾ ਹੋ ਗਏ, ਪਰ ਲੋਕ ਉਹਨਾਂ ਸਾਰੀਆਂ ਸ਼ਾਨਦਾਰ ਚੀਜ਼ਾਂ ਨੂੰ ਵੇਖ ਕੇ ਜੋ ਯਿਸ਼ੂ ਕਰ ਰਹੇ ਸਨ ਖੁਸ਼ ਹੋਏ।
ਸਰ੍ਹੋਂ ਦੇ ਬੀਜ ਅਤੇ ਖਮੀਰ ਦੀਆਂ ਦ੍ਰਿਸ਼ਟਾਂਤਾਂ
18ਤਦ ਯਿਸ਼ੂ ਨੇ ਪੁੱਛਿਆ, “ਪਰਮੇਸ਼ਵਰ ਦਾ ਰਾਜ ਕਿਸ ਤਰ੍ਹਾਂ ਦਾ ਹੈ? ਮੈਂ ਇਸ ਦੀ ਤੁਲਨਾ ਕਿਸ ਨਾਲ ਕਰਾ? 19ਇਹ ਇੱਕ ਰਾਈ ਦੇ ਬੀਜ ਵਰਗਾ ਹੈ, ਜਿਸਨੂੰ ਇੱਕ ਆਦਮੀ ਨੇ ਲਿਆ ਅਤੇ ਆਪਣੇ ਬਾਗ ਵਿੱਚ ਬੀਜਿਆ। ਇਹ ਵੱਡਾ ਹੋਇਆ ਅਤੇ ਇੱਕ ਰੁੱਖ ਬਣ ਗਿਆ ਅਤੇ ਅਕਾਸ਼ ਦੇ ਪੰਛੀ ਉਸ ਦੀਆਂ ਟਹਿਣੀਆਂ ਉੱਤੇ ਆਪਣੇ ਆਲ੍ਹਣੇ ਬਣਾਉਂਦੇ ਹਨ।”
20ਯਿਸ਼ੂ ਨੇ ਫੇਰ ਪੁੱਛਿਆ, “ਮੈਂ ਪਰਮੇਸ਼ਵਰ ਦੇ ਰਾਜ ਦੀ ਤੁਲਨਾ ਕਿਸ ਨਾਲ ਕਰਾ? 21ਪਰਮੇਸ਼ਵਰ ਦਾ ਰਾਜ ਖਮੀਰ ਵਰਗਾ ਹੈ, ਜਿਸ ਨੂੰ ਇੱਕ ਔਰਤ ਨੇ ਤਕਰੀਬਨ ਸਤਾਈ ਕਿੱਲੋ ਆਟੇ ਨਾਲ ਮਿਲਾਇਆ ਅਤੇ ਸਾਰਾ ਆਟਾ ਖ਼ਮੀਰ ਬਣ ਗਿਆ।”
ਸਵਰਗੀ ਰਾਜ ਵਿੱਚ ਦਾਖਲ ਹੋਣ ਬਾਰੇ ਸਿੱਖਿਆ
22ਫਿਰ ਯਿਸ਼ੂ ਨਗਰਾਂ ਅਤੇ ਪਿੰਡਾਂ ਵਿੱਚ ਦੀ ਹੋ ਕੇ ਲੋਕਾਂ ਨੂੰ ਸਿੱਖਿਆ ਦਿੰਦੇ ਹੋਏ ਯੇਰੂਸ਼ਲੇਮ ਵੱਲ ਨੂੰ ਚਲੇ ਗਏ। 23ਕਿਸੇ ਨੇ ਯਿਸ਼ੂ ਨੂੰ ਉੱਤਰ ਦਿੱਤਾ, “ਪ੍ਰਭੂ ਜੀ ਕੀ ਸਿਰਫ ਥੋੜ੍ਹੇ ਜੇ ਲੋਕ ਹੀ ਬਚਾਏ ਜਾਣਗੇ?”
ਯਿਸ਼ੂ ਨੇ ਉਹਨਾਂ ਨੂੰ ਕਿਹਾ, 24“ਤੰਗ ਦਰਵਾਜ਼ੇ ਰਾਹੀਂ ਅੰਦਰ ਦਾਖਲ ਹੋਣ ਦੀ ਪੂਰੀ ਕੋਸ਼ਿਸ਼ ਕਰੋ ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ, ਬਹੁਤ ਸਾਰੇ ਲੋਕ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਨਗੇ ਪਰ ਦਾਖਲ ਨਾ ਹੋ ਸਕਣਗੇ। 25ਇੱਕ ਵਾਰ ਜਦੋਂ ਘਰ ਦਾ ਮਾਲਕ ਉੱਠ ਕੇ ਦਰਵਾਜ਼ਾ ਬੰਦ ਕਰ ਦੇਵੇ ਤਾਂ ਤੁਸੀਂ ਬਾਹਰ ਖੜ੍ਹੇ ਦਰਵਾਜ਼ਾ ਖੜਕਾਓਗੇ ਅਤੇ ਬੇਨਤੀ ਕਰੋਗੇ, ‘ਸ਼੍ਰੀਮਾਨ ਜੀ, ਸਾਡੇ ਲਈ ਦਰਵਾਜ਼ਾ ਖੋਲ੍ਹੋ।’
“ਪਰ ਉਹ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਨਹੀਂ ਜਾਣਦਾ ਜਾਂ ਤੁਸੀਂ ਕਿੱਥੋਂ ਆਏ ਹੋ।’
26“ਫੇਰ ਤੁਸੀਂ ਕਹੋਗੇ, ‘ਅਸੀਂ ਤੁਹਾਡੇ ਨਾਲ ਖਾਧਾ ਪੀਤਾ ਅਤੇ ਤੁਸੀਂ ਸਾਡੀਆਂ ਗਲੀਆਂ ਵਿੱਚ ਸਿੱਖਿਆ ਦਿੱਤੀ।’
27“ਪਰ ਉਹ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਨਹੀਂ ਜਾਣਦਾ ਜਾਂ ਤੁਸੀਂ ਕਿੱਥੋਂ ਆਏ ਹੋ। ਹੇ ਸਭ ਕੁਧਰਮੀਓ! ਮੇਰੇ ਕੋਲੋਂ ਦੂਰ ਹੋ ਜਾਓ।’
28“ਉੱਥੇ ਰੋਣਾ ਅਤੇ ਦੰਦਾਂ ਦਾ ਪੀਸਣਾ ਹੋਵੇਗਾ, ਜਦੋਂ ਤੁਸੀਂ ਅਬਰਾਹਾਮ, ਇਸਹਾਕ ਅਤੇ ਯਾਕੋਬ ਅਤੇ ਸਾਰੇ ਨਬੀਆਂ ਨੂੰ ਪਰਮੇਸ਼ਵਰ ਦੇ ਰਾਜ ਵਿੱਚ ਵੇਖੋਂਗੇ, ਪਰ ਤੁਸੀਂ ਖੁਦ ਨੂੰ ਬਾਹਰ ਸੁੱਟਿਆ ਹੋਇਆ ਵੇਖੋਂਗੇ। 29ਲੋਕ ਪੂਰਬ, ਪੱਛਮ, ਉੱਤਰ ਅਤੇ ਦੱਖਣ ਤੋਂ ਆਉਣਗੇ ਅਤੇ ਪਰਮੇਸ਼ਵਰ ਦੇ ਰਾਜ ਦੇ ਭੋਜਨ ਵਿੱਚ ਸ਼ਾਮਿਲ ਹੋਣਗੇ। 30ਅਸਲ ਵਿੱਚ ਉਹ ਲੋਕ ਜੋ ਹੁਣ ਪਿੱਛੇ ਹਨ ਉਹ ਪਹਿਲੇ ਹੋਣਗੇ ਅਤੇ ਜੋ ਪਹਿਲੇ ਹਨ ਉਹ ਪਿੱਛੇ ਕੀਤੇ ਜਾਣਗੇ।”
ਯੇਰੂਸ਼ਲੇਮ ਲਈ ਯਿਸ਼ੂ ਦਾ ਦੁੱਖ
31ਉਸ ਵੇਲੇ ਕੁਝ ਫ਼ਰੀਸੀ ਯਿਸ਼ੂ ਕੋਲ ਆਏ ਅਤੇ ਉਸ ਨੂੰ ਆਖਿਆ, “ਇਸ ਜਗ੍ਹਾ ਨੂੰ ਛੱਡ ਕੇ ਕਿੱਤੇ ਹੋਰ ਚਲੇ ਜਾਓ। ਹੇਰੋਦੇਸ ਤੁਹਾਨੂੰ ਮਾਰਨਾ ਚਾਹੁੰਦਾ ਹੈ।”
32ਯਿਸ਼ੂ ਨੇ ਜਵਾਬ ਦਿੱਤਾ, “ਜਾ ਕੇ ਉਸ ਲੂੰਬੜੀ ਨੂੰ ਕਹੋ ਕਿ ਮੈਂ ਕਿਹਾ ਹੈ, ‘ਮੈਂ ਅੱਜ ਅਤੇ ਕੱਲ੍ਹ ਭੂਤਾਂ ਨੂੰ ਬਾਹਰ ਕੱਢਦਾ ਅਤੇ ਲੋਕਾਂ ਨੂੰ ਚੰਗਾ ਕਰਦਾ ਰਹਾਂਗਾ ਅਤੇ ਤੀਜੇ ਦਿਨ ਮੈਂ ਆਪਣੇ ਟੀਚੇ ਤੇ ਪਹੁੰਚਾਂਗਾ।’ 33ਫਿਰ ਵੀ, ਇਹ ਜ਼ਰੂਰੀ ਹੈ ਕਿ ਮੈਂ ਅੱਜ, ਕੱਲ੍ਹ ਅਤੇ ਕੱਲ੍ਹ ਤੋਂ ਅਗਲੇ ਦਿਨ ਯਾਤਰਾ ਕਰਾ ਕਿਉਂਕਿ ਯਕੀਨਨ ਯੇਰੂਸ਼ਲੇਮ ਤੋਂ ਬਾਹਰ ਕੋਈ ਨਬੀ ਨਹੀਂ ਮਰ ਸਕਦਾ।
34“ਹੇ ਯੇਰੂਸ਼ਲੇਮ, ਯੇਰੂਸ਼ਲੇਮ, ਤੂੰ ਨਬੀਆਂ ਨੂੰ ਕਤਲ ਕਰਦਾ ਹੈ ਅਤੇ ਤੇਰੇ ਕੋਲ ਭੇਜੇ ਗਏ ਲੋਕਾਂ ਨੂੰ ਪੱਥਰ ਮਾਰਦਾ ਹੈ, ਕਿੰਨੀ ਵਾਰ ਮੈਂ ਚਾਹਿਆ ਕੀ ਤੁਹਾਡੇ ਬੱਚਿਆਂ ਨੂੰ ਇਕੱਠਾ ਕਰਾ, ਜਿਵੇਂ ਇੱਕ ਮੁਰਗੀ ਆਪਣੇ ਚੂਚੇ ਨੂੰ ਆਪਣੇ ਖੰਭਾਂ ਹੇਠਾਂ ਇਕੱਠਾ ਕਰਦੀ ਹੈ, ਪਰ ਤੁਸੀਂ ਇਹ ਨਹੀਂ ਚਾਹੁੰਦੇ ਹੋ? 35ਦੇਖੋ, ਤੁਹਾਡਾ ਹੈਕਲ ਤੁਹਾਡੇ ਲਈ ਉਜਾੜ ਛੱਡਿਆ ਗਿਆ ਹੈ। ਮੈਂ ਤੁਹਾਨੂੰ ਦੱਸਦਾ ਹਾਂ, ਤੁਸੀਂ ਮੈਨੂੰ ਦੁਬਾਰਾ ਨਹੀਂ ਵੇਖੋਂਗੇ ਜਦ ਤੱਕ ਤੁਸੀਂ ਇਹ ਨਹੀਂ ਕਹਿੰਦੇ, ‘ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ।’#13:35 ਜ਼ਬੂ 118:26; ਯਿਰ 12:7”