12
ਯਿਸ਼ੂ ਦੀ ਸਪੱਸ਼ਟ ਅਤੇ ਨਿਡਰ ਸਿੱਖਿਆ
1ਇਸ ਦੌਰਾਨ ਜਦੋਂ ਹਜ਼ਾਰਾਂ ਦੀ ਭੀੜ ਇਕੱਠੀ ਹੋ ਗਈ ਅਤੇ ਲੋਕ ਇੱਕ-ਦੂਜੇ ਉੱਤੇ ਡਿੱਗ ਰਹੇ ਸਨ, ਯਿਸ਼ੂ ਨੇ ਸਭ ਤੋਂ ਪਹਿਲਾਂ ਆਪਣੇ ਚੇਲਿਆਂ ਨੂੰ ਕਿਹਾ, “ਤੁਸੀਂ ਫ਼ਰੀਸੀਆਂ ਦੇ ਖਮੀਰ ਤੋਂ ਬਚ ਕੇ ਰਹੋ ਹੋ ਕਿ ਪਖੰਡ ਹੈ। 2ਕੁਝ ਵੀ ਢੱਕਿਆ ਹੋਇਆ ਨਹੀਂ ਹੈ ਜਿਸ ਨੂੰ ਖੋਲ੍ਹਿਆ ਨਾ ਜਾਵੇਗਾ ਜਾਂ ਅਜਿਹਾ ਕੋਈ ਭੇਤ ਨਹੀਂ ਜੋ ਉਜਾਗਰ ਨਾ ਕੀਤਾ ਜਾਵੇਗਾ। 3ਉਹ ਸ਼ਬਦ ਜੋ ਤੁਸੀਂ ਹਨ੍ਹੇਰੇ ਵਿੱਚ ਕਹਿੰਦੇ ਹੋ, ਚਾਨਣ ਵਿੱਚ ਸੁਣੇ ਜਾਣਗੇ, ਜੋ ਕੁਝ ਤੁਸੀਂ ਅੰਦਰਲੇ ਕਮਰੇ ਵਿੱਚ ਵੜ ਕੇ ਕੰਨਾਂ ਵਿੱਚ ਕਿਹਾ ਹੈ, ਉਸ ਦਾ ਪ੍ਰਚਾਰ ਕੋਠੇ ਉੱਤੇ ਕੀਤਾ ਜਾਵੇਗਾ।
4“ਮੇਰੇ ਦੋਸਤੋ, ਮੈਂ ਤੁਹਾਨੂੰ ਕਹਿੰਦਾ ਹਾਂ ਉਹਨਾਂ ਤੋਂ ਨਾ ਡਰੋ ਜੋ ਸਰੀਰ ਨੂੰ ਨਾਸ਼ ਕਰਦੇ ਹਨ ਅਤੇ ਇਸ ਤੋਂ ਬਾਅਦ ਹੋਰ ਕੁਝ ਨਹੀਂ ਕਰ ਸਕਦੇ। 5ਪਰ ਮੈਂ ਤੁਹਾਨੂੰ ਦਿਖਾਵਾਂਗਾ ਕਿ ਤੁਹਾਨੂੰ ਕਿਸ ਤੋਂ ਡਰਨਾ ਚਾਹੀਦਾ ਹੈ: ਉਸ ਪਰਮੇਸ਼ਵਰ ਤੋਂ ਡਰੋ ਜੋ ਤੁਹਾਡੇ ਸਰੀਰ ਦਾ ਨਾਸ਼ ਕਰਨ ਤੋਂ ਬਾਅਦ, ਤੁਹਾਨੂੰ ਨਰਕ ਵਿੱਚ ਸੁੱਟਣ ਦਾ ਅਧਿਕਾਰ ਰੱਖਦਾ ਹੈ। ਹਾਂ, ਮੈਂ ਤੁਹਾਨੂੰ ਕਹਿੰਦਾ ਹਾਂ, ਉਸ ਤੋਂ ਡਰੋ। 6ਕੀ ਪੰਜ ਚਿੜੀਆਂ ਦੋ ਪੈਸਿਆਂ ਵਿੱਚ ਨਹੀਂ ਵੇਚੀਆਂ ਜਾਂਦੀਆਂ? ਫਿਰ ਵੀ ਪਰਮੇਸ਼ਵਰ ਉਹਨਾਂ ਵਿੱਚੋਂ ਇੱਕ ਨੂੰ ਵੀ ਨਹੀਂ ਭੁੱਲਦੇ। 7ਸੱਚ-ਮੁੱਚ, ਤੁਹਾਡੇ ਸਿਰ ਦਾ ਇੱਕ-ਇੱਕ ਵਾਲ ਗਿਣਿਆ ਹੋਇਆ ਹੈ। ਇਸ ਲਈ ਨਾ ਡਰੋ, ਤੁਸੀਂ ਬਹੁਤ ਸਾਰੀਆਂ ਚਿੜੀਆਂ ਨਾਲੋਂ ਵੀ ਵਧੇਰੇ ਕੀਮਤੀ ਹੋ।
8“ਮੈਂ ਤੁਹਾਨੂੰ ਦੱਸਦਾ ਹਾਂ ਕਿ ਜਿਹੜਾ ਵੀ ਵਿਅਕਤੀ ਦੂਜਿਆਂ ਸਾਹਮਣੇ ਮੈਨੂੰ ਕਬੂਲ ਕਰਦਾ ਹੈ, ਮਨੁੱਖ ਦਾ ਪੁੱਤਰ ਵੀ ਪਰਮੇਸ਼ਵਰ ਦੇ ਦੂਤਾਂ ਦੇ ਸਾਹਮਣੇ ਉਸ ਨੂੰ ਕਬੂਲ ਕਰੇਗਾ। 9ਪਰ ਜੇ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਨਕਾਰ ਕਰੇਗਾ, ਉਸ ਨੂੰ ਵੀ ਪਰਮੇਸ਼ਵਰ ਦੇ ਦੂਤਾਂ ਦੇ ਅੱਗੇ ਸਵੀਕਾਰ ਨਹੀਂ ਕੀਤਾ ਜਾਵੇਗਾ। 10ਅਤੇ ਜੋ ਵੀ ਮਨੁੱਖ ਦੇ ਪੁੱਤਰ ਦੇ ਖ਼ਿਲਾਫ਼ ਕੁਝ ਬੋਲਦਾ ਹੈ ਉਸ ਨੂੰ ਮਾਫ਼ ਕਰ ਦਿੱਤਾ ਜਾਵੇਗਾ, ਪਰ ਜੇ ਕੋਈ ਪਵਿੱਤਰ ਆਤਮਾ ਦੀ ਨਿੰਦਿਆ ਕਰਦਾ ਹੈ ਤਾਂ ਉਸਨੂੰ ਮਾਫ਼ ਨਹੀਂ ਕੀਤਾ ਜਾਵੇਗਾ।
11“ਜਦੋਂ ਤੁਸੀਂ ਪ੍ਰਾਰਥਨਾ ਸਥਾਨਾਂ, ਹਾਕਮਾਂ ਅਤੇ ਅਧਿਕਾਰੀਆਂ ਦੇ ਸਾਹਮਣੇ ਲਿਆਏ ਜਾਂਦੇ ਹੋ, ਤਾਂ ਇਸ ਬਾਰੇ ਚਿੰਤਾ ਨਾ ਕਰੋ ਕਿ ਤੁਸੀਂ ਆਪਣਾ ਬਚਾਅ ਕਿਵੇਂ ਕਰੋਗੇ ਜਾਂ ਤੁਸੀਂ ਕੀ ਬੋਲੋਗੇ, 12ਕਿਉਂਕਿ ਪਵਿੱਤਰ ਆਤਮਾ ਉਸ ਵੇਲੇ ਤੁਹਾਨੂੰ ਸਿਖਾਏਗਾ ਕਿ ਤੁਹਾਨੂੰ ਕੀ ਕਹਿਣਾ ਚਾਹੀਦਾ ਹੈ।”
ਅਮੀਰ ਮੂਰਖ ਦੀ ਦ੍ਰਿਸ਼ਟਾਂਤ
13ਭੀੜ ਵਿੱਚੋਂ ਕਿਸੇ ਨੇ ਉਸ ਨੂੰ ਕਿਹਾ, “ਗੁਰੂ ਜੀ, ਮੇਰੇ ਭਰਾ ਨੂੰ ਮੇਰੇ ਨਾਲ ਜਾਇਦਾਦ ਵੰਡਣ ਲਈ ਕਹੋ।”
14ਯਿਸ਼ੂ ਨੇ ਉੱਤਰ ਦਿੱਤਾ, “ਹੇ ਆਦਮੀ, ਕਿਸ ਨੇ ਮੈਨੂੰ ਤੁਹਾਡੇ ਲਈ ਜੱਜ ਜਾਂ ਸਾਲਸੀ ਨਿਯੁਕਤ ਕੀਤਾ ਹੈ?” 15ਤਦ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਵੇਖੋ! ਆਪਣੇ ਆਪ ਨੂੰ ਹਰ ਤਰ੍ਹਾਂ ਦੇ ਲਾਲਚ ਤੋਂ ਦੂਰ ਰੱਖੋ। ਆਪਣੀ ਦੌਲਤ ਦੀ ਬਹੁਤਾਤ ਕਰਕੇ ਮਨੁੱਖ ਦੀ ਜ਼ਿੰਦਗੀ ਚੰਗੀ ਨਹੀਂ ਹੈ।”
16ਅਤੇ ਯਿਸ਼ੂ ਨੇ ਉਹਨਾਂ ਨੂੰ ਇਹ ਦ੍ਰਿਸ਼ਟਾਂਤ ਸੁਣਾਈ: “ਕਿਸੇ ਅਮੀਰ ਆਦਮੀ ਦੀ ਜ਼ਮੀਨ ਵਿੱਚ ਬਹੁਤ ਫ਼ਸਲ ਹੋਈ। 17ਉਸਨੇ ਆਪਣੇ-ਆਪਣੇ ਮਨ ਵਿੱਚ ਸੋਚਿਆ, ‘ਮੈਂ ਕੀ ਕਰਾ? ਮੇਰੇ ਕੋਲ ਫ਼ਸਲ ਰੱਖਣ ਲਈ ਕੋਈ ਜਗ੍ਹਾ ਨਹੀਂ ਹੈ।’
18“ਫਿਰ ਉਸਨੇ ਕਿਹਾ, ‘ਮੈਂ ਇਹ ਕਰਾਂਗਾ। ਮੈਂ ਆਪਣੇ ਭੜੋਲਿਆਂ ਨੂੰ ਢਾਹ ਦੇਵਾਂਗਾ ਅਤੇ ਵੱਡੇ ਭੰਡਾਰ ਬਣਾਵਾਂਗਾ, ਅਤੇ ਉੱਥੇ ਮੈਂ ਆਪਣੀ ਵਾਧੂ ਫ਼ਸਲ ਨੂੰ ਰੱਖਾਂਗਾ। 19ਅਤੇ ਮੈਂ ਆਪਣੇ ਆਪ ਨੂੰ ਕਹਾਂਗਾ, “ਤੇਰੇ ਕੋਲ ਬਹੁਤ ਸਾਲਾਂ ਤੋਂ ਬਹੁਤ ਸਾਰਾ ਅਨਾਜ ਰੱਖਿਆ ਹੋਇਆ ਹੈ। ਹੁਣ ਆਰਾਮ ਕਰੋ; ਖਾਓ, ਪੀਓ ਅਤੇ ਆਨੰਦ ਮਨਾਓ।” ’
20“ਪਰ ਪਰਮੇਸ਼ਵਰ ਨੇ ਉਸਨੂੰ ਕਿਹਾ, ‘ਹੇ ਮੂਰਖ! ਅੱਜ ਰਾਤ ਹੀ ਤੇਰੇ ਪ੍ਰਾਣ ਤੇਰੇ ਤੋਂ ਮੰਗੇ ਜਾਣਗੇ। ਫਿਰ ਜੋ ਤੂੰ ਇਹ ਸੱਭ ਆਪਣੇ ਲਈ ਇਕੱਠਾ ਕੀਤਾ ਹੈ, ਉਹ ਕਿਸ ਦਾ ਹੋਵੇਗਾ?’
21“ਉਸ ਨਾਲ ਇਸੇ ਤਰ੍ਹਾਂ ਹੋਵੇਗਾ ਜੋ ਕੋਈ ਇਸ ਤਰ੍ਹਾਂ ਆਪਣੇ ਲਈ ਚੀਜ਼ਾਂ ਨੂੰ ਇਕੱਠਾ ਕਰਦਾ ਹੈ ਪਰ ਉਹ ਪਰਮੇਸ਼ਵਰ ਦੀ ਨਿਗਾਹ ਵਿੱਚ ਅਮੀਰ ਨਹੀਂ ਹੁੰਦਾ।”
ਚਿੰਤਾ ਨਾ ਕਰੋ
22ਤਦ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੀ ਜ਼ਿੰਦਗੀ ਅਤੇ ਸਰੀਰ ਦੀ ਚਿੰਤਾ ਨਾ ਕਰੋ, ਕਿ ਤੁਸੀਂ ਕੀ ਖਾਵੋਂਗੇ ਜਾਂ ਕੀ ਪਹਿਨੋਗੇ। 23ਕਿਉਂਕਿ ਜ਼ਿੰਦਗੀ ਭੋਜਨ ਨਾਲੋਂ ਅਤੇ ਸਰੀਰ ਕੱਪੜਿਆਂ ਨਾਲੋਂ ਵੱਧ ਜ਼ਰੂਰੀ ਹੈ। 24ਕਾਵਾਂ ਵੱਲ ਵੇਖੋ: ਉਹ ਨਾ ਬੀਜਦੇ ਹਨ ਅਤੇ ਨਾ ਵੱਢਦੇ ਹਨ, ਨਾ ਹੀ ਉਹਨਾਂ ਕੋਲ ਕੋਈ ਇਕੱਠਾ ਕਰਕੇ ਰੱਖਣ ਦੀ ਜਗ੍ਹਾ ਹੈ ਅਤੇ ਨਾ ਹੀ ਭੜੋਲੇ ਹਨ; ਪਰ ਫਿਰ ਵੀ ਪਰਮੇਸ਼ਵਰ ਉਹਨਾਂ ਦੀ ਦੇਖਭਾਲ ਕਰਦਾ ਹੈ। ਤੁਸੀਂ ਪੰਛੀਆਂ ਨਾਲੋਂ ਜ਼ਿਆਦਾ ਉੱਤਮ ਨਹੀਂ ਹੋ? 25ਤੁਹਾਡੇ ਵਿੱਚੋਂ ਕੌਣ ਅਜਿਹਾ ਮਨੁੱਖ ਹੈ ਜੋ ਚਿੰਤਾ ਕਰਕੇ ਆਪਣੀ ਉਮਰ ਦਾ ਇੱਕ ਪਲ ਵੀ ਵਧਾ ਸਕੇ? 26ਜਦੋਂ ਤੁਸੀਂ ਇਹ ਛੋਟੇ-ਛੋਟੇ ਕੰਮ ਹੀ ਨਹੀਂ ਕਰ ਸਕਦੇ ਤਾਂ ਤੁਸੀਂ ਬਾਕੀ ਗੱਲਾਂ ਦੀ ਚਿੰਤਾ ਕਿਉਂ ਕਰਦੇ ਹੋ?
27“ਇਹ ਸੋਚੋ ਕਿ ਜੰਗਲੀ ਫੁੱਲ ਕਿਵੇਂ ਉੱਗਦੇ ਹਨ। ਉਹ ਨਾ ਮਿਹਨਤ ਕਰਦੇ ਹਨ ਅਤੇ ਨਾ ਹੀ ਕੱਤਦੇ ਹਨ। ਫਿਰ ਵੀ ਮੈਂ ਤੁਹਾਨੂੰ ਦੱਸਦਾ ਹਾਂ ਕਿ ਸ਼ਲੋਮੋਨ ਨੇ ਵੀ ਆਪਣੀ ਸਾਰੀ ਸ਼ਾਨ ਵਿੱਚ ਇਨ੍ਹਾਂ ਵਿੱਚੋਂ ਇੱਕ ਵਰਗੇ ਵੀ ਕੱਪੜੇ ਨਹੀਂ ਪਹਿਨੇ ਸਨ। 28ਜੇ ਪਰਮੇਸ਼ਵਰ ਘਾਹ ਨੂੰ ਜਿਹੜਾ ਅੱਜ ਹੈ ਅਤੇ ਕੱਲ ਅੱਗ ਵਿੱਚ ਸੁੱਟ ਦਿੱਤਾ ਜਾਵੇਗਾ, ਅਜਿਹਾ ਸਿੰਗਾਰਦਾ ਹੈ ਤਾਂ ਹੇ ਥੋੜ੍ਹੇ ਵਿਸ਼ਵਾਸ ਵਾਲਿਓ ਕੀ ਉਹ ਤੁਹਾਨੂੰ ਉਸ ਤੋਂ ਵੱਧ ਨਾ ਪਹਿਨਾਵੇਗਾ! 29ਅਤੇ ਆਪਣਾ ਮਨ ਇਨ੍ਹਾਂ ਗੱਲਾਂ ਤੇ ਨਾ ਲਗਾਓ ਕਿ ਤੁਸੀਂ ਕੀ ਖਾਵੋਂਗੇ ਜਾਂ ਕੀ ਪੀਵੋਂਗੇ ਇਸ ਦੇ ਬਾਰੇ ਚਿੰਤਾ ਨਾ ਕਰੋ। 30ਕਿਉਂਕਿ ਸੰਸਾਰਿਕ ਗ਼ੈਰ-ਯਹੂਦੀ ਇਨ੍ਹਾਂ ਸਭ ਚੀਜ਼ਾਂ ਦੇ ਪਿੱਛੇ ਭੱਜਦੇ ਹਨ ਅਤੇ ਤੁਹਾਡਾ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਸਭਨਾਂ ਚੀਜ਼ਾ ਦੀ ਲੋੜ ਹੈ। 31ਪਰ ਪਹਿਲਾਂ ਪਰਮੇਸ਼ਵਰ ਦੇ ਰਾਜ ਦੀ ਖੋਜ ਕਰੋ, ਤਾਂ ਇਹ ਸਾਰੀਆਂ ਵਸਤਾ ਤੁਹਾਨੂੰ ਦਿੱਤੀਆਂ ਜਾਣਗੀਆਂ।
32“ਹੇ ਛੋਟੇ ਝੁੰਡ, ਨਾ ਡਰ, ਕਿਉਂਕਿ ਤੇਰਾ ਪਿਤਾ ਤੈਨੂੰ ਰਾਜ ਦੇ ਕੇ ਖ਼ੁਸ਼ ਹੋਇਆ ਹੈ। 33ਆਪਣੀ ਜਾਇਦਾਦ ਵੇਚ ਕੇ ਉਹ ਪੈਸੇ ਗ਼ਰੀਬਾਂ ਨੂੰ ਵੰਡ ਦਿਓ। ਆਪਣੇ ਲਈ ਅਜਿਹਾ ਧਨ ਇਕੱਠਾ ਕਰੋ ਜਿਸ ਦਾ ਨਾਸ਼ ਨਹੀਂ ਕੀਤਾ ਜਾ ਸਕਦਾ, ਸਵਰਗ ਵਿੱਚ ਇੱਕ ਖਜ਼ਾਨਾ ਹੈ ਜੋ ਕਦੇ ਨਾਸ ਨਹੀਂ ਹੋਵੇਗਾ, ਜਿੱਥੇ ਕੋਈ ਚੋਰ ਨੇੜੇ ਨਹੀਂ ਆਵੇਗਾ ਅਤੇ ਨਾ ਹੀ ਕੋਈ ਕੀੜਾ ਉਸ ਨੂੰ ਵਿਗਾੜੇਗਾ। 34ਕਿਉਂਕਿ ਜਿੱਥੇ ਤੁਹਾਡਾ ਧਨ ਹੈ ਉੱਥੇ ਤੁਹਾਡਾ ਦਿਲ ਵੀ ਹੋਵੇਗਾ।
ਯਿਸ਼ੂ ਦੀ ਦੁਆਰਾ ਅਚਾਨਕ ਵਾਪਸੀ ਬਾਰੇ
35“ਸੇਵਾ ਲਈ ਤਿਆਰ ਹੋਵੋ ਅਤੇ ਆਪਣੇ ਦੀਵੇ ਜਗ੍ਹਾ ਕੇ ਰੱਖੋ, 36ਉਹਨਾਂ ਨੌਕਰਾਂ ਵਾਂਗ ਜੋ ਆਪਣੇ ਮਾਲਕ ਦੀ ਉਡੀਕ ਕਰ ਰਹੇ ਹਨ ਜਦੋਂ ਉਹ ਵਿਆਹ ਤੋਂ ਵਾਪਸ ਪਰਤਦਾ ਹੈ ਤਾਂ ਜੋ ਜਦੋਂ ਉਹ ਆਵੇ ਅਤੇ ਦਰਵਾਜ਼ਾ ਖੜਕਾਵੇ ਤਾਂ ਉਹ ਤੁਰੰਤ ਉਸ ਲਈ ਦਰਵਾਜ਼ਾ ਖੋਲ੍ਹ ਸਕਣ। 37ਧੰਨ ਹਨ ਉਹ ਨੌਕਰ ਜਿਨ੍ਹਾਂ ਦਾ ਮਾਲਕ ਆ ਕੇ ਉਹਨਾਂ ਨੂੰ ਜਾਗਦੇ ਵੇਖਦਾ ਹੈ। ਮੈਂ ਤੁਹਾਨੂੰ ਸੱਚ ਦੱਸਦਾ ਹਾਂ ਮਾਲਕ ਸੇਵਾ ਕਰਨ ਲਈ ਆਪ ਨੌਕਰ ਦੇ ਕੱਪੜੇ ਪਾਏਗਾ ਅਤੇ ਉਹਨਾਂ ਨੂੰ ਮੇਜ਼ ਤੇ ਬਿਠਾਵੇਗਾ ਅਤੇ ਉਹਨਾਂ ਦੀ ਉਡੀਕ ਕਰੇਗਾ। 38ਧੰਨ ਹਨ ਉਹ ਨੌਕਰ ਜਿਨ੍ਹਾਂ ਦਾ ਮਾਲਕ ਉਹਨਾਂ ਨੂੰ ਅੱਧੀ ਰਾਤ ਨੂੰ ਵੀ ਤੇ ਸਵੇਰੇ ਦਿਨ ਚੜ੍ਹਨ ਵੇਲੇ ਵੀ ਤਿਆਰ ਪਾਉਂਦਾ ਹੈ। 39ਪਰ ਇਸ ਨੂੰ ਸਮਝੋ: ਜੇ ਘਰ ਦੇ ਮਾਲਕ ਨੂੰ ਪਤਾ ਹੁੰਦਾ ਕਿ ਚੋਰ ਕਿਸ ਵੇਲੇ ਆ ਰਿਹਾ ਹੈ, ਤਾਂ ਉਹ ਉਸ ਨੂੰ ਆਪਣੇ ਘਰ ਵਿੱਚ ਵੜਨ ਹੀ ਨਾ ਦੇਵੇ। 40ਤੁਹਾਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਮਨੁੱਖ ਦਾ ਪੁੱਤਰ ਉਸ ਵੇਲੇ ਆਵੇਗਾ ਜਿਸ ਵੇਲੇ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ।”
41ਪਤਰਸ ਨੇ ਪੁੱਛਿਆ, “ਪ੍ਰਭੂ, ਕੀ ਤੁਸੀਂ ਇਹ ਦ੍ਰਿਸ਼ਟਾਂਤ ਸਿਰਫ ਸਾਨੂੰ ਦੱਸ ਰਹੇ ਹੋ, ਜਾਂ ਇਹ ਸਭ ਲਈ ਹੈ?”
42ਪ੍ਰਭੂ ਨੂੰ ਉੱਤਰ ਦਿੱਤਾ, “ਤਾਂ ਫਿਰ ਉਹ ਵਫ਼ਾਦਾਰ ਅਤੇ ਸਮਝਦਾਰ ਪ੍ਰਬੰਧਕ ਕੌਣ ਹੈ ਜਿਸਨੂੰ ਮਾਲਕ ਨੇ ਆਪਣੇ ਨੌਕਰਾਂ ਨੂੰ ਸਹੀ ਸਮੇਂ ਤੇ ਉਹਨਾਂ ਦਾ ਭੋਜਨ ਭੱਤਾ ਦੇਣ ਦੀ ਜ਼ਿੰਮੇਵਾਰੀ ਸੌਂਪੀ ਹੈ? 43ਧੰਨ ਹੈ ਉਹ ਨੌਕਰ ਜਿਸ ਨੂੰ ਉਸ ਦਾ ਮਾਲਕ ਵਾਪਸ ਆਉਣ ਤੇ ਅਜਿਹਾ ਕਰਦਿਆਂ ਵੇਖਦਾ ਹੈ। 44ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਉਹ ਉਸਨੂੰ ਆਪਣੀ ਸਾਰੀ ਜਾਇਦਾਦ ਦੀ ਜ਼ਿੰਮੇਵਾਰੀ ਸੌਂਪ ਦੇਵੇਗਾ। 45ਪਰ ਮੰਨ ਲਓ ਜੇ ਨੌਕਰ ਆਪਣੇ ਮਨ ਵਿੱਚ ਕਹੇ, ‘ਮੇਰਾ ਮਾਲਕ ਆਉਣ ਵਿੱਚ ਕਾਫ਼ੀ ਸਮਾਂ ਲੈ ਰਿਹਾ ਹੈ,’ ਅਤੇ ਫਿਰ ਉਹ ਦੂਜੇ ਨੌਕਰਾਂ ਆਦਮੀਆਂ ਅਤੇ ਔਰਤਾਂ ਨੂੰ ਕੁੱਟਣ ਲੱਗੇ ਅਤੇ ਖਾ-ਪੀ ਕੇ ਅਤੇ ਸ਼ਰਾਬੀ ਹੋ ਜਾਵੇ। 46ਉਸ ਨੌਕਰ ਦਾ ਮਾਲਕ ਅਜਿਹੇ ਦਿਨ ਆਵੇਗਾ ਜਦੋਂ ਉਸਨੂੰ ਉਸਦੀ ਉਮੀਦ ਨਹੀਂ ਹੋਵੇਗੀ ਅਤੇ ਉਸ ਵੇਲੇ ਜਿਸ ਬਾਰੇ ਉਸਨੂੰ ਪਤਾ ਨਹੀਂ ਹੋਵੇਗਾ। ਮਾਲਕ ਉਸ ਨੂੰ ਟੁਕੜਿਆਂ ਵਿੱਚ ਕੱਟ ਦੇਵੇਗਾ ਅਤੇ ਉਸ ਦੀ ਗਿਣਤੀ ਅਵਿਸ਼ਵਾਸੀਆਂ ਵਿੱਚ ਕਰ ਦੇਵੇਗਾ।
47“ਜਿਹੜਾ ਨੌਕਰ ਮਾਲਕ ਦੀ ਇੱਛਾ ਨੂੰ ਜਾਣਦਾ ਹੈ ਪਰ ਉਸ ਲਈ ਤਿਆਰ ਨਹੀਂ ਹੈ ਜਾਂ ਮਾਲਕ ਦੀ ਇੱਛਾ ਅਨੁਸਾਰ ਕੰਮ ਨਹੀਂ ਕਰਦਾ ਉਸਨੂੰ ਬਹੁਤ ਸਾਰਿਆਂ ਸੱਟਾਂ ਮਾਰਿਆ ਜਾਣਗੀਆਂ ਸਜ਼ਾ ਦਿੱਤੀ ਜਾਵੇਗੀ। 48ਪਰ ਜਿਹੜਾ ਵਿਅਕਤੀ ਨਹੀਂ ਜਾਣਦਾ ਅਤੇ ਸਜ਼ਾ ਦੇ ਲਾਇਕ ਕੰਮ ਕਰਦਾ ਹੈ, ਉਸਨੂੰ ਘੱਟ ਕੁੱਟਿਆ ਜਾਵੇਗਾ, ਸਜ਼ਾ ਮਿਲੇਗੀ। ਹਰੇਕ ਤੋਂ ਜਿਸਨੂੰ ਜ਼ਿਆਦਾ ਦਿੱਤਾ ਗਿਆ ਹੈ ਉਸ ਤੋਂ ਜ਼ਿਆਦਾ ਮੰਗਿਆ ਜਾਵੇਗਾ ਅਤੇ ਜਿਸ ਕਿਸੇ ਨੂੰ ਬਹੁਤ ਸਾਰਾ ਸੌਂਪਿਆ ਗਿਆ ਹੈ ਉਸ ਤੋਂ ਹੋਰ ਵੀ ਜ਼ਿਆਦਾ ਮੰਗਿਆ ਜਾਵੇਗਾ।
ਸ਼ਾਤੀ ਨਹੀਂ ਪਰ ਵੰਡ
49“ਮੈਂ ਧਰਤੀ ਉੱਤੇ ਅੱਗ ਲਿਆਉਣ ਆਇਆ ਹਾਂ ਅਤੇ ਕਿੰਨਾ ਚੰਗਾ ਹੁੰਦਾ ਜੇ ਇਹ ਇਸੇ ਵੇਲੇ ਹੁੰਦਾ! 50ਪਰ ਮੈਂ ਅਜੇ ਬਪਤਿਸਮਾ ਲੈਣਾ ਹੈ ਅਤੇ ਇਹ ਪੂਰਾ ਹੋਣ ਤੱਕ ਮੈਂ ਕਿਸ ਰੁਕਾਵਟ ਦੇ ਅਧੀਨ ਹਾਂ! 51ਕੀ ਤੁਹਾਨੂੰ ਲਗਦਾ ਹੈ ਕਿ ਮੈਂ ਧਰਤੀ ਉੱਤੇ ਸ਼ਾਤੀ ਲੈ ਕੇ ਆਇਆ ਹਾਂ? ਨਹੀਂ, ਮੈਂ ਤੁਹਾਨੂੰ ਦੱਸਦਾ ਹਾਂ, ਸ਼ਾਂਤੀ ਨਹੀਂ ਪਰ ਵੰਡ। 52ਹੁਣ ਤੋਂ, ਪੰਜ ਮੈਂਬਰਾਂ ਦੇ ਪਰਿਵਾਰ ਵਿੱਚ ਵੰਡ ਹੋਵੇਗੀ, ਦੋ ਦੇ ਵਿਰੁੱਧ ਤਿੰਨ ਅਤੇ ਤਿੰਨ ਦੋ ਦੇ ਵਿਰੁੱਧ। 53ਉਹ ਵੱਖਰੇ ਹੋਣਗੇ, ਪਿਤਾ ਨੂੰ ਪੁੱਤਰ ਦੇ ਵਿਰੁੱਧ ਅਤੇ ਪੁੱਤਰ ਨੂੰ ਪਿਤਾ ਦੇ ਵਿਰੁੱਧ, ਮਾਂ ਨੂੰ ਧੀ ਦੇ ਵਿਰੁੱਧ ਅਤੇ ਧੀ ਨੂੰ ਮਾਂ ਦੇ ਵਿਰੁੱਧ, ਸੱਸ ਨੂੰ ਨੂੰਹ ਦੇ ਵਿਰੁੱਧ ਅਤੇ ਨੂੰਹ ਨੂੰ ਸੱਸ ਦੇ ਵਿਰੁੱਧ।”
ਨੇੜੇ ਆਉਣ ਵਾਲੇ ਸੰਕਟ ਦੀ ਭਵਿੱਖਬਾਣੀ
54ਯਿਸ਼ੂ ਨੇ ਭੀੜ ਨੂੰ ਕਿਹਾ: “ਜਦੋਂ ਤੁਸੀਂ ਪੱਛਮ ਦਿਸ਼ਾ ਵਿੱਚ ਬੱਦਲ ਉੱਠਦਾ ਵੇਖਦੇ ਹੋ, ਤਾਂ ਤੁਰੰਤ ਤੁਸੀਂ ਕਹਿੰਦੇ ਹੋ, ‘ਮੀਂਹ ਆਉਣ ਵਾਲਾ ਹੈ,’ ਅਤੇ ਮੀਂਹ ਆਉਂਦਾ ਵੀ ਹੈ। 55ਅਤੇ ਜਦੋਂ ਦੱਖਣ ਦਿਸ਼ਾ ਵਿੱਚੋਂ ਹਵਾ ਚੱਲਦੀ ਹੈ ਤਾਂ ਤੁਸੀਂ ਕਹਿੰਦੇ ਹੋ, ‘ਹੁਣ ਗਰਮੀ ਹੋਵੇਗੀ,’ ਅਤੇ ਅਜਿਹਾ ਹੁੰਦਾ ਵੀ ਹੈ। 56ਪਖੰਡੀਓ! ਤੁਸੀਂ ਧਰਤੀ ਅਤੇ ਅਸਮਾਨ ਨੂੰ ਵੇਖ ਕੇ ਵਿਆਖਿਆ ਕਰਨੀ ਜਾਣਦੇ ਹੋ। ਪਰ ਇਹ ਕਿਵੇਂ ਹੋ ਸਕਦਾ ਹੈ ਕਿ ਤੁਸੀਂ ਇਸ ਯੁੱਗ ਦੇ ਸਮੇਂ ਦੀ ਵਿਆਖਿਆ ਕਰਨੀ ਨਹੀਂ ਜਾਣਦੇ?
57“ਤੁਸੀਂ ਆਪਣੇ ਆਪ ਲਈ ਸਹੀ ਫੈਸਲਾ ਕਿਉਂ ਨਹੀਂ ਲੈਂਦੇ? 58ਜਦੋਂ ਤੁਸੀਂ ਆਪਣੇ ਵਿਰੋਧੀ ਦੇ ਨਾਲ ਜੱਜ ਕੋਲ ਜਾ ਰਹੇ ਹੋ, ਤਾਂ ਰਸਤੇ ਵਿੱਚ ਹੀ ਸੁਲ੍ਹਾ ਕਰਨ ਦੀ ਪੂਰੀ ਕੋਸ਼ਿਸ਼ ਕਰੋ, ਨਹੀਂ ਤਾਂ ਤੁਹਾਡਾ ਵਿਰੋਧੀ ਤੁਹਾਨੂੰ ਜੱਜ ਕੋਲ ਖਿੱਚ ਕੇ ਲੈ ਜਾਵੇਗਾ ਅਤੇ ਜੱਜ ਤੁਹਾਨੂੰ ਅਧਿਕਾਰੀ ਦੇ ਹਵਾਲੇ ਕਰ ਦੇਵੇਗਾ ਅਤੇ ਅਧਿਕਾਰੀ ਤੁਹਾਨੂੰ ਜੇਲ੍ਹ ਵਿੱਚ ਸੁੱਟ ਦੇਵੇਗਾ। 59ਮੈਂ ਤੈਨੂੰ ਕਹਿੰਦਾ ਹਾਂ, ਕਿ ਜਦੋਂ ਤੱਕ ਤੂੰ ਇੱਕ-ਇੱਕ ਸਿੱਕਾ ਨਾ ਭਰ ਦੇਵੇ ਉਦੋਂ ਤੱਕ ਤੂੰ ਕਿਸੇ ਵੀ ਤਰ੍ਹਾ ਨਾਲ ਉੱਥੋਂ ਨਾ ਛੁੱਟੇਂਗਾ।”