11
ਪ੍ਰਾਰਥਨਾ ਬਾਰੇ ਸਿੱਖਿਆ
1ਇੱਕ ਦਿਨ ਯਿਸ਼ੂ ਕਿਸੇ ਥਾਂ ਤੇ ਪ੍ਰਾਰਥਨਾ ਕਰ ਰਹੇ ਸਨ। ਜਦੋਂ ਉਹ ਪ੍ਰਾਰਥਨਾ ਕਰ ਚੁੱਕੇ ਤਾਂ ਚੇਲਿਆਂ ਵਿੱਚੋਂ ਇੱਕ ਨੇ ਕਿਹਾ, “ਪ੍ਰਭੂ ਜੀ, ਸਾਨੂੰ ਵੀ ਪ੍ਰਾਰਥਨਾ ਕਰਨਾ ਸਿਖਾਓ, ਜਿਵੇਂ ਯੋਹਨ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਹੈ।”
2ਯਿਸ਼ੂ ਨੇ ਉਹਨਾਂ ਨੂੰ ਕਿਹਾ, “ਜਦੋਂ ਵੀ ਤੁਸੀਂ ਪ੍ਰਾਰਥਨਾ ਕਰੋ, ਤਾਂ ਇਸ ਤਰ੍ਹਾਂ ਕਰਿਆ ਕਰੋ:
“ ‘ਸਾਡੇ ਸਵਰਗੀ ਪਿਤਾ,
ਤੇਰਾ ਨਾਮ ਪਵਿੱਤਰ ਮੰਨਿਆ ਜਾਵੇ,
ਤੇਰਾ ਰਾਜ ਆਵੇ।
3ਹਰ ਰੋਜ਼ ਸਾਨੂੰ ਸਾਡੀ ਰੋਜ਼ ਦੀ ਰੋਟੀ ਦਿਓ।
4ਸਾਡੇ ਪਾਪ ਮਾਫ਼ ਕਰੋ,
ਅਸੀਂ ਵੀ ਉਹਨਾਂ ਨੂੰ ਮਾਫ਼ ਕਰਦੇ ਹਾਂ, ਜੋ ਸਾਡੇ ਵਿਰੁੱਧ ਪਾਪ ਕਰਦੇ ਹਨ।
ਅਤੇ ਸਾਨੂੰ ਪਰੀਖਿਆ ਵਿੱਚ ਨਾ ਪਾਓ।’ ”
5ਯਿਸ਼ੂ ਨੇ ਉਹਨਾਂ ਨੂੰ ਅੱਗੇ ਕਿਹਾ, ਮੰਨ ਲਓ ਤੁਹਾਡਾ ਇੱਕ ਦੋਸਤ ਹੈ, ਅਤੇ ਤੁਸੀਂ ਅੱਧੀ ਰਾਤ ਨੂੰ ਉਸ ਕੋਲ ਜਾ ਕੇ ਬੇਨਤੀ ਕਰੋ, ਦੋਸਤ, ਮੈਨੂੰ ਤਿੰਨ ਰੋਟੀਆਂ ਦੇ; 6ਕਿਉਂਕਿ ਮੇਰਾ ਇੱਕ ਦੋਸਤ ਸਫਰ ਕਰਕੇ ਆਇਆ ਹੈ ਅਤੇ ਮੇਰੇ ਕੋਲ ਉਸਦੇ ਖਾਣ-ਪੀਣ ਲਈ ਕੁਝ ਵੀ ਨਹੀਂ ਹੈ। 7ਅਤੇ ਮੰਨ ਲਓ ਉਹ ਅੰਦਰੋਂ ਉੱਤਰ ਦੇਵੇ, ਮੈਨੂੰ ਕਸ਼ਟ ਨਾ ਦਿਓ! ਦਰਵਾਜ਼ਾ ਬੰਦ ਹੈ ਅਤੇ ਮੇਰੇ ਬੱਚੇ ਮੇਰੇ ਨਾਲ ਸੌ ਰਹੇ ਹਨ। ਹੁਣ ਮੈਂ ਉੱਠ ਕੇ ਤੁਹਾਨੂੰ ਕੁਝ ਨਹੀਂ ਦੇ ਸਕਦਾ। 8ਮੈਂ ਜੋ ਕਹਿ ਰਿਹਾ ਹਾਂ ਉਸ ਨੂੰ ਸਮਝੋ: ਹਾਲਾਂਕਿ ਉਹ ਉੱਠ ਕੇ ਤੁਹਾਨੂੰ ਦੋਸਤੀ ਕਰਕੇ ਰੋਟੀ ਨਾ ਦੇਵੇ, ਫਿਰ ਵੀ ਤੁਹਾਡੀ ਬਾਰ-ਬਾਰ ਬੇਨਤੀ ਕਰਨ ਦੇ ਕਾਰਨ ਉਹ ਜ਼ਰੂਰ ਉੱਠੇਗਾ ਅਤੇ ਤੁਹਾਨੂੰ ਤੁਹਾਡੀ ਜ਼ਰੂਰਤ ਦੇ ਅਨੁਸਾਰ ਦੇਵੇਗਾ।
9ਇਸੇ ਲਈ ਮੈਂ ਤੁਹਾਨੂੰ ਆਖਦਾ ਹਾਂ: “ਮੰਗੋ ਅਤੇ ਤੁਹਾਨੂੰ ਦਿੱਤਾ ਜਾਵੇਗਾ; ਖੋਜੋ ਤਾਂ ਤੁਹਾਨੂੰ ਮਿਲ ਜਾਵੇਗਾ; ਖੜਕਾਓ ਤਾਂ ਤੁਹਾਡੇ ਲਈ ਦਰਵਾਜ਼ਾ ਖੋਲ੍ਹਿਆ ਜਾਵੇਗਾ। 10ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ; ਅਤੇ ਖੋਜਣ ਵਾਲੇ ਨੂੰ ਲੱਭ ਜਾਂਦਾ ਹੈ; ਅਤੇ ਖੜਕਾਉਣ ਵਾਲੇ ਲਈ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ।
11“ਤੁਹਾਡੇ ਵਿੱਚੋਂ ਕਿਹੜਾ ਅਜਿਹਾ ਪਿਤਾ ਹੈ ਜੋ ਆਪਣੇ ਪੁੱਤਰ ਨੂੰ ਮੱਛੀ ਮੰਗਣ ਤੇ ਉਸ ਨੂੰ ਸੱਪ ਦਿੰਦਾ ਹੈ? 12ਜਾਂ ਜੇ ਉਹ ਅੰਡਾ ਮੰਗੇ ਤਾਂ ਉਸ ਨੂੰ ਬਿੱਛੂ ਦੇਵੇ? 13ਜਦੋਂ ਤੁਸੀਂ ਦੁਸ਼ਟ ਹੋ ਕੇ ਆਪਣੀ ਔਲਾਦ ਨੂੰ ਚੰਗੀਆਂ ਚੀਜ਼ਾਂ ਦੇਣਾ ਜਾਣਦੇ ਹੋ, ਤਾਂ ਕੀ ਤੁਹਾਡਾ ਸਵਰਗੀ ਪਿਤਾ ਉਹਨਾਂ ਨੂੰ ਜਿਹੜੇ ਉਸ ਤੋਂ ਮੰਗਦੇ ਹਨ ਪਵਿੱਤਰ ਆਤਮਾ ਨਹੀਂ ਦੇਵੇਗਾ?”
ਯਿਸ਼ੂ ਤੇ ਸ਼ੈਤਾਨ ਦਾ ਦੂਤ ਹੋਣ ਦਾ ਦੋਸ਼ ਲਾਇਆ
14ਇੱਕ ਦਿਨ ਯਿਸ਼ੂ ਇੱਕ ਗੂੰਗੇ ਮਨੁੱਖ ਦੇ ਵਿੱਚੋਂ ਭੂਤ ਕੱਢ ਰਹੇ ਸਨ। ਜਿਵੇਂ ਹੀ ਭੂਤ ਬਾਹਰ ਆਇਆ, ਉਹ ਜਿਹੜਾ ਗੂੰਗਾ ਸੀ ਉਸ ਨੇ ਬੋਲਣਾ ਸ਼ੁਰੂ ਕਰ ਦਿੱਤਾ। ਭੀੜ ਇਹ ਸਭ ਵੇਖ ਕੇ ਹੈਰਾਨ ਰਹਿ ਗਈ। 15ਪਰ ਕੁਝ ਲੋਕਾਂ ਨੇ ਕਿਹਾ, “ਇਹ ਭੂਤਾਂ ਦੇ ਸਰਦਾਰ ਬੇਲਜ਼ਬੂਲ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ।” 16ਕੁਝ ਹੋਰਾਂ ਨੇ ਯਿਸ਼ੂ ਨੂੰ ਪਰਖਣ ਲਈ ਉਹਨਾਂ ਤੋਂ ਇੱਕ ਚਿੰਨ੍ਹ ਦੀ ਮੰਗ ਕੀਤੀ।
17ਯਿਸ਼ੂ ਨੇ ਉਹਨਾਂ ਦੇ ਵਿਚਾਰ ਜਾਣਕੇ ਉਹਨਾਂ ਨੂੰ ਕਿਹਾ: “ਜਿਹੜੇ ਰਾਜ ਵਿੱਚ ਫੁੱਟ ਪੈ ਜਾਂਦੀ ਹੈ ਉਹ ਨਾਸ਼ ਹੋ ਜਾਂਦਾ ਹੈ ਅਤੇ ਜਿਸ ਘਰ ਵਿੱਚ ਫੁੱਟ ਪੈ ਜਾਵੇ ਉਹ ਆਪਣੇ ਆਪ ਵਿੱਚ ਵੰਡਿਆ ਜਾਂਦਾ ਹੈ। 18ਇਸ ਲਈ ਜੇ ਸ਼ੈਤਾਨ ਆਪਣੇ ਹੀ ਵਿਰੁੱਧ ਉੱਠੇ ਤਾਂ ਉਸ ਦਾ ਰਾਜ ਕਿਵੇਂ ਸਥਿਰ ਰਹਿ ਸਕਦਾ ਹੈ? ਤੁਸੀਂ ਕਹਿੰਦੇ ਹੋ ਕਿ ਬੇਲਜ਼ਬੂਲ ਭੂਤਾਂ ਕੱਢਣ ਲਈ ਮੇਰੀ ਮਦਦ ਕਰਦਾ ਹੈ। 19ਜੇ ਮੈਂ ਬੇਲਜ਼ਬੂਲ ਦੀ ਮਦਦ ਨਾਲ ਦੁਸ਼ਟ ਆਤਮਾ ਨੂੰ ਬਾਹਰ ਕੱਢਦਾ ਹਾਂ, ਤਾਂ ਤੁਹਾਡੇ ਚੇਲੇ ਉਹਨਾਂ ਨੂੰ ਕਿਵੇਂ ਬਾਹਰ ਕੱਢਦੇ ਹਨ? ਤਾਂ ਫਿਰ, ਉਹ ਤੁਹਾਡੇ ਜੱਜ ਹੋਣਗੇ। 20ਪਰ ਜੇ ਮੈਂ ਪਰਮੇਸ਼ਵਰ ਦੀ ਸ਼ਕਤੀ ਨਾਲ ਦੁਸ਼ਟ ਆਤਮਾ ਨੂੰ ਕੱਢਦਾ ਹਾਂ ਤਾਂ ਪਰਮੇਸ਼ਵਰ ਦਾ ਰਾਜ ਤੁਹਾਡੇ ਉੱਤੇ ਆ ਚੁੱਕਿਆ ਹੈ।
21“ਜਦੋਂ ਇੱਕ ਤਾਕਤਵਰ ਆਦਮੀ ਹਥਿਆਰਾਂ ਨਾਲ ਪੂਰੀ ਤਰ੍ਹਾਂ ਲੈਸ ਹੁੰਦਾ ਹੈ ਅਤੇ ਆਪਣੇ ਘਰ ਦੀ ਦੇਖਭਾਲ ਕਰਦਾ ਹੈ, ਤਾਂ ਉਸਦੀ ਸੰਪਤੀ ਸੁਰੱਖਿਅਤ ਰਹਿੰਦੀ ਹੈ। 22ਪਰ ਜਦੋਂ ਕੋਈ ਉਸ ਤੋਂ ਵੱਧ ਤਾਕਤਵਰ ਉਸ ਉੱਤੇ ਹਮਲਾ ਕਰਦਾ ਹੈ ਅਤੇ ਕਾਬੂ ਪਾਉਂਦਾ ਹੈ, ਤਾਂ ਉਹ ਉਸ ਦੇ ਹਥਿਆਰ ਜਿਨ੍ਹਾਂ ਉੱਤੇ ਉਹ ਭਰੋਸਾ ਕਰਦਾ ਸੀ ਖੋਹ ਲੈਦਾ ਹੈ ਅਤੇ ਉਸਦੀ ਜਾਇਦਾਦ ਨੂੰ ਲੁੱਟ ਕੇ ਵੰਡ ਦਿੰਦਾ ਹੈ।
23“ਜਿਹੜਾ ਕੋਈ ਮੇਰੇ ਨਾਲ ਨਹੀਂ ਉਹ ਮੇਰੇ ਵਿਰੁੱਧ ਹੈ ਅਤੇ ਜਿਹੜਾ ਮੇਰੇ ਨਾਲ ਇਕੱਠਾ ਨਹੀਂ ਕਰਦਾ ਉਹ ਖਿਲਾਰਦਾ ਹੈ।
24“ਜਦੋਂ ਦੁਸ਼ਟ ਆਤਮਾ ਮਨੁੱਖ ਵਿੱਚੋਂ ਨਿਕਲ ਜਾਂਦਾ ਹੈ ਤਾਂ ਉਹ ਸੁੱਕੀਆਂ ਥਾਵਾਂ ਵਿੱਚ ਆਰਾਮ ਲੱਭਦਾ ਫ਼ਿਰਦਾ ਹੈ ਪਰ ਉਸ ਨੂੰ ਨਹੀਂ ਲੱਭਦਾ। ਅਤੇ ਫਿਰ ਉਹ ਆਖਦਾ ਹੈ, ‘ਕਿ ਮੈਂ ਆਪਣੇ ਘਰ ਜਿੱਥੋ ਨਿੱਕਲਿਆ ਸੀ ਵਾਪਸ ਚਲਾ ਜਾਂਵਾਂਗਾ।’ 25ਅਤੇ ਜਦੋਂ ਆ ਕੇ ਉਸਨੂੰ ਖਾਲੀ ਅਤੇ ਸਾਫ-ਸੁਥਰਾ ਹੋਇਆ ਵੇਖਦਾ ਹੈ। 26ਤਦ ਉਹ ਜਾ ਕੇ ਆਪਣੇ ਨਾਲੋਂ ਵੱਧ ਭੈੜੀਆਂ ਸੱਤ ਹੋਰ ਆਤਮਾ ਨੂੰ ਆਪਣੇ ਨਾਲ ਲਿਆਉਂਦਾ ਹੈ ਅਤੇ ਉਹ ਉਸ ਵਿਅਕਤੀ ਵਿੱਚ ਰਹਿਣਾ ਸ਼ੁਰੂ ਕਰ ਦੇਂਦੇ ਹਨ। ਅਤੇ ਉਸ ਵਿਅਕਤੀ ਦਾ ਹਾਲ ਪਹਿਲਾਂ ਨਾਲੋਂ ਵੀ ਬੁਰਾ ਹੋ ਜਾਂਦਾ ਹੈ।”
27ਜਦੋਂ ਯਿਸ਼ੂ ਇਹ ਗੱਲਾਂ ਕਰ ਰਹੇ ਸੀ ਤਾਂ ਭੀੜ ਵਿੱਚੋਂ ਇੱਕ ਔਰਤ ਨੇ ਕਿਹਾ, “ਧੰਨ ਹੈ ਉਹ ਮਾਂ ਜਿਸਨੇ ਤੁਹਾਨੂੰ ਜਨਮ ਦਿੱਤਾ ਅਤੇ ਤੁਹਾਡਾ ਪਾਲਣ ਪੋਸ਼ਣ ਕੀਤਾ।”
28ਪਰ ਯਿਸ਼ੂ ਨੇ ਕਿਹਾ, “ਧੰਨ ਹਨ ਉਹ ਲੋਕ ਜਿਹੜੇ ਪਰਮੇਸ਼ਵਰ ਦੇ ਬਚਨਾਂ ਨੂੰ ਸੁਣਦੇ ਅਤੇ ਇਸ ਨੂੰ ਮੰਨਦੇ ਹਨ।”
ਚਮਤਕਾਰਾ ਦੀ ਮੰਗ
29ਜਿਵੇਂ ਹੀ ਭੀੜ ਵੱਧਦੀ ਗਈ ਯਿਸ਼ੂ ਨੇ ਕਿਹਾ, “ਇਹ ਦੁਸ਼ਟ ਪੀੜ੍ਹੀ ਹੈ। ਇਹ ਚਿੰਨ੍ਹ ਦੀ ਮੰਗ ਕਰਦੇ ਹਨ, ਪਰ ਯੋਨਾਹ ਨਬੀ ਦੇ ਚਿੰਨ੍ਹ ਤੋਂ ਬਿਨ੍ਹਾਂ ਇਨ੍ਹਾਂ ਨੂੰ ਕੋਈ ਚਿੰਨ੍ਹ ਨਹੀਂ ਦਿੱਤਾ ਜਾਵੇਗਾ। 30ਜਿਸ ਤਰ੍ਹਾਂ ਯੋਨਾਹ ਨਬੀ ਨੀਨਵਾਹ ਸ਼ਹਿਰ ਦੇ ਲੋਕਾਂ ਲਈ ਇੱਕ ਚਿੰਨ੍ਹ ਸਨ, ਇਸੇ ਤਰ੍ਹਾਂ ਮਨੁੱਖ ਦਾ ਪੁੱਤਰ ਇਸ ਪੀੜ੍ਹੀ ਦੇ ਲੋਕਾਂ ਲਈ ਚਿੰਨ੍ਹ ਹੋਵੇਗਾ। 31ਦੱਖਣ ਦੀ ਰਾਣੀ ਨਿਆਂ ਦੇ ਦਿਨ ਵਿੱਚ ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠੇਗੀ ਅਤੇ ਇਹਨਾਂ ਨੂੰ ਦੋਸ਼ੀ ਠਹਿਰਾਵੇਗੀ ਕਿਉਂ ਜੋ ਉਹ ਧਰਤੀ ਦੀ ਹੱਦ ਤੋਂ ਸ਼ਲੋਮੋਨ ਦਾ ਗਿਆਨ ਸੁਣਨ ਆਈ ਅਤੇ ਵੇਖੋ ਇੱਥੇ ਉਹ ਹੈ ਜਿਹੜਾ ਸ਼ਲੋਮੋਨ ਨਾਲੋਂ ਵੀ ਵੱਡਾ ਹੈ। 32ਨੀਨਵਾਹ ਸ਼ਹਿਰ ਦੇ ਲੋਕ ਨਿਆਂ ਦੇ ਦਿਨ, ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠਣਗੇ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਉਣਗੇ ਕਿਉਂਕਿ ਉਹਨਾਂ ਨੇ ਯੋਨਾਹ ਦਾ ਪ੍ਰਚਾਰ ਸੁਣ ਕੇ ਤੋਬਾ ਕੀਤੀ ਅਤੇ ਵੇਖੋ ਇੱਥੇ ਉਹ ਹੈ ਜਿਹੜਾ ਯੋਨਾਹ ਨਾਲੋਂ ਵੀ ਵੱਡਾ ਹੈ।
ਅੰਦਰੂਨੀ ਚਾਨਣ ਬਾਰੇ ਸਿੱਖਿਆ
33“ਕੋਈ ਵੀ ਦੀਵਾ ਜਗਾਕੇ ਉਸ ਨੂੰ ਲਕਾਉਂਦਾ ਨਹੀਂ ਹੈ ਅਤੇ ਨਾ ਹੀ ਕਿਸੇ ਭਾਂਡੇ ਹੇਠ ਦੀਵੇ ਨੂੰ ਰੱਖਦਾ ਹੈ; ਪਰ ਦੀਵੇ ਨੂੰ ਉੱਚੇ ਥਾਂ ਉੱਤੇ ਰੱਖਿਆ ਜਾਂਦਾ ਹੈ ਤਾਂ ਕਿ ਘਰ ਦੇ ਅੰਦਰ ਆਉਣ ਵਾਲੇ ਲੋਕ ਚਾਨਣ ਵੇਖ ਸਕਣ। 34ਤੁਹਾਡੇ ਸਰੀਰ ਦਾ ਦੀਵਾ ਤੁਹਾਡੀ ਅੱਖ ਹੈ। ਜੇ ਤੁਹਾਡੀਆਂ ਅੱਖਾਂ ਤੰਦਰੁਸਤ ਹਨ ਤਾਂ ਤੁਹਾਡੇ ਸਰੀਰ ਵਿੱਚ ਚਾਨਣ ਹੋਵੇਗਾ, ਪਰ ਜੇ ਤੁਹਾਡੀ ਅੱਖਾਂ ਬਿਮਾਰ ਹਨ ਤਾਂ ਤੁਹਾਡੇ ਪੂਰੇ ਸਰੀਰ ਵਿੱਚ ਵੀ ਹਨੇਰਾ ਹੋਵੇਗਾ। 35ਇਸ ਗੱਲ ਨੂੰ ਨਿਸ਼ਚਤ ਕਰੋ ਕਿ ਤੁਹਾਡੇ ਅੰਦਰਲਾ ਚਾਨਣ ਕਿੱਤੇ ਹਨੇਰਾ ਨਾ ਹੋਵੇ। 36ਇਸ ਲਈ ਜੇ ਤੁਹਾਡਾ ਸਾਰਾ ਸਰੀਰ ਚਾਨਣ ਨਾਲ ਭਰਿਆ ਹੋਇਆ ਹੈ ਅਤੇ ਇਸਦਾ ਕੋਈ ਹਿੱਸਾ ਹਨੇਰਾ ਵਿੱਚ ਨਹੀਂ ਹੈ, ਤਾਂ ਇਹ ਸੱਭ ਪਾਸੇ ਚਾਨਣ ਕਰੇਗਾ ਜਿਵੇਂ ਇੱਕ ਦੀਵਾ ਤੁਹਾਡੇ ਉੱਤੇ ਆਪਣਾ ਚਾਨਣ ਚਮਕਾਉਂਦਾ ਹੈ।”
ਯਹੂਦੀ ਆਗੂਆਂ ਦੇ ਪਖੰਡ ਦੀ ਨਿੰਦਿਆ
37ਜਦੋਂ ਯਿਸ਼ੂ ਸਿੱਖਿਆ ਦੇ ਚੁੱਕੇ ਤਾਂ ਇੱਕ ਫ਼ਰੀਸੀ ਨੇ ਉਹਨਾਂ ਨੂੰ ਭੋਜਨ ਲਈ ਬੁਲਾਇਆ। ਯਿਸ਼ੂ ਉਸ ਨਾਲ ਗਏ ਅਤੇ ਖਾਣਾ ਖਾਣ ਲਈ ਬੈਠ ਗਏ। 38ਫ਼ਰੀਸੀ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਯਿਸ਼ੂ ਨੇ ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥ ਨਹੀਂ ਧੋਤੇ।
39ਫਿਰ ਯਿਸ਼ੂ ਨੇ ਉਸ ਨੂੰ ਕਿਹਾ, “ਤੁਸੀਂ ਫ਼ਰੀਸੀ ਕੱਪ ਅਤੇ ਥਾਲੀ ਬਾਹਰੋਂ ਧੋਂਦੇ ਹੋ, ਪਰ ਤੁਹਾਡੇ ਦਿਲ ਲਾਲਚ ਅਤੇ ਦੁਸ਼ਟਤਾ ਨਾਲ ਭਰੇ ਹੋਏ ਹਨ। 40ਮੂਰਖ, ਜਿਸ ਪਰਮੇਸ਼ਵਰ ਨੇ ਬਾਹਰੀ ਅੰਗ ਬਣਾਏ ਹਨ ਕੀ ਉਸ ਨੇ ਅੰਦਰਲੇ ਅੰਗ ਨਹੀਂ ਬਣਾਏ? 41ਪਰ ਜੋ ਕੁਝ ਤੁਹਾਡੇ ਕੱਪ ਅਤੇ ਥਾਲੀ ਵਿੱਚ ਹੈ ਉਹ ਗ਼ਰੀਬਾਂ ਨੂੰ ਦਿਓ ਅਤੇ ਤੁਹਾਡੇ ਲਈ ਸਭ ਕੁਝ ਸ਼ੁੱਧ ਹੋ ਜਾਵੇਗਾ।
42“ਹੇ ਫ਼ਰੀਸੀਓ ਤੁਹਾਡੇ ਉੱਤੇ ਹਾਏ! ਤੁਸੀਂ ਆਪਣੇ ਪੁਦੀਨੇ, ਹਰਮਲ ਅਤੇ ਹਰ ਪ੍ਰਕਾਰ ਦੀਆਂ ਹਰੀਆਂ ਸਬਜ਼ੀਆਂ ਦਾ ਦਸਵਾਂ ਹਿੱਸਾ ਪਰਮੇਸ਼ਵਰ ਨੂੰ ਦਿੰਦੇ ਹੋ ਪਰ ਪਰਮੇਸ਼ਵਰ ਦੇ ਪਿਆਰ ਅਤੇ ਨਿਆਂ ਦੀ ਉਲੰਘਣਾਂ ਕਰਦੇ ਹੋ। ਚੰਗਾ ਹੁੰਦਾ ਕਿ ਤੁਸੀਂ ਪਰਮੇਸ਼ਵਰ ਨੂੰ ਦਸਵਾਂ ਹਿੱਸਾ ਵੀ ਦਿੰਦੇ ਅਤੇ ਉਹਨਾਂ ਦੇ ਪਿਆਰ ਅਤੇ ਨਿਆਂ ਦੀ ਉਲੰਘਣਾਂ ਵੀ ਨਾ ਕਰਦੇ।
43“ਲਾਹਨਤ ਹੈ ਤੁਹਾਡੇ ਉੱਤੇ ਫ਼ਰੀਸੀਓ! ਤੁਹਾਨੂੰ ਪ੍ਰਾਰਥਨਾ ਸਥਾਨਾਂ ਵਿੱਚ ਪ੍ਰਮੁੱਖ ਥਾਵਾਂ ਤੇ ਬੈਠਣਾ ਪਸੰਦ ਹੈ ਅਤੇ ਬਜ਼ਾਰਾਂ ਵਿੱਚ ਲੋਕਾਂ ਕੋਲੋ ਆਦਰ ਨਾਲ ਨਮਸਕਾਰ ਸੁਣਨਾ ਪਸੰਦ ਕਰਦੇ ਹੋ।
44“ਲਾਹਨਤ ਹੈ ਤੁਹਾਡੇ ਉੱਤੇ ਕਿਉਂਕਿ ਤੁਸੀਂ ਉਹਨਾਂ ਲੁਕਿਆਂ ਹੋਇਆ ਕਬਰਾਂ ਵਰਗੇ ਹੋ ਜਿਨ੍ਹਾਂ ਉੱਤੇ ਲੋਕ ਅਣਜਾਣੇ ਵਿੱਚ ਤੁਰਦੇ ਹਨ।”
45ਇੱਕ ਸ਼ਾਸਤਰੀ ਨੇ ਕਿਹਾ, “ਗੁਰੂ ਜੀ, ਇਹ ਗੱਲਾਂ ਕਹਿ ਕੇ ਤਾਂ ਤੁਸੀਂ ਸਾਡੀ ਵੀ ਬੇਇੱਜ਼ਤੀ ਕਰਦੇ ਹੋ।”
46ਯਿਸ਼ੂ ਨੇ ਸ਼ਾਸਤਰੀਆਂ ਨੂੰ ਜਵਾਬ ਦਿੱਤਾ, “ਲਾਹਨਤ ਹੈ ਤੁਹਾਡੇ ਉੱਤੇ ਕਿਉਂਕਿ ਤੁਸੀਂ ਲੋਕਾਂ ਉੱਤੇ ਨਿਯਮਾਂ ਦਾ ਬੋਝ ਪਾਉਂਦੇ ਹੋ, ਜਿਸ ਨੂੰ ਚੁੱਕਣਾ ਔਖਾ ਹੁੰਦਾ ਹੈ, ਅਤੇ ਤੁਸੀਂ ਆਪ ਉਹਨਾਂ ਦੀ ਮਦਦ ਲਈ ਆਪਣੀ ਉਂਗਲ ਤੱਕ ਨਹੀਂ ਹਿਲਾਉਂਦੇ।
47“ਅਫ਼ਸੋਸ ਹੈ ਤੁਹਾਡੇ ਉੱਤੇ ਕਿ ਤੁਸੀਂ ਉਹਨਾਂ ਨਬੀਆਂ ਲਈ ਕਬਰਾਂ ਬਣਾਉਂਦੇ ਹੋ ਜਿਨ੍ਹਾਂ ਦਾ ਕਤਲ ਤੁਹਾਡੇ ਪੁਰਖਿਆਂ ਨੇ ਕੀਤਾ ਸੀ। 48ਤੁਸੀਂ ਆਪ ਮੰਨਦੇ ਹੋ ਕਿ ਤੁਸੀਂ ਆਪਣੇ ਪੁਰਖਿਆਂ ਦੇ ਕੰਮਾਂ ਨੂੰ ਸਵੀਕਾਰ ਕਰਦੇ ਹੋ, ਉਹਨਾਂ ਨੇ ਨਬੀਆਂ ਦਾ ਕਤਲ ਕੀਤਾ ਅਤੇ ਤੁਸੀਂ ਉਹਨਾਂ ਲਈ ਕਬਰਾਂ ਬਣਾਉਂਦੇ ਹੋ। 49ਇਸੇ ਕਰਕੇ ਪਰਮੇਸ਼ਵਰ ਆਪਣੀ ਬੁੱਧ ਵਿੱਚ ਇਹ ਕਹਿੰਦੇ ਹਨ: ‘ਮੈਂ ਉਹਨਾਂ ਕੋਲ ਨਬੀਆਂ ਅਤੇ ਰਸੂਲਾਂ ਨੂੰ ਭੇਜਾਂਗਾ। ਉਹ ਉਹਨਾਂ ਵਿੱਚੋਂ ਕਈਆ ਨੂੰ ਤੁਸੀਂ ਮਾਰ ਸੁੱਟਣਗੇ ਅਤੇ ਕਈਆਂ ਉੱਤੇ ਜ਼ੁਲਮ ਕਰਨਗੇ।’ 50ਇਸ ਲਈ ਇਸ ਪੀੜ੍ਹੀ ਨੂੰ ਉਹਨਾਂ ਸਾਰੇ ਨਬੀਆਂ ਦੇ ਲਹੂ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ ਜੋ ਦੁਨੀਆਂ ਦੇ ਮੁੱਢ ਤੋਂ ਹੋਏ ਹਨ, 51ਹਾਬਿਲ ਦੇ ਲਹੂ ਤੋਂ ਲੈ ਕੇ ਜ਼ਕਰਯਾਹ ਦੇ ਲਹੂ ਤੱਕ, ਜਿਹੜਾ ਜਗਵੇਦੀ ਅਤੇ ਮੰਦਰ ਦੇ ਵਿੱਚਕਾਰ ਮਾਰਿਆ ਗਿਆ ਸੀ।#11:51 ਉਤ 4:8; 2 ਇਤਿ 24:20-22 ਹਾਂ, ਮੈਂ ਤੁਹਾਨੂੰ ਦੱਸਦਾ ਹਾਂ ਇਸ ਪੀੜ੍ਹੀ ਨੂੰ ਸਭ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ।
52“ਬਿਵਸਥਾ ਦੇ ਉਪਦੇਸ਼ਕਾਂ ਉੱਤੇ ਹਾਏ! ਕਿਉਂਕਿ ਤੁਸੀਂ ਗਿਆਨ ਦੀ ਕੁੰਜੀ ਤਾਂ ਲੈ ਲਈ ਹੈ। ਪਰ ਤੁਸੀਂ ਆਪ ਅੰਦਰ ਨਹੀਂ ਜਾਂਦੇ ਅਤੇ ਅੰਦਰ ਜਾਣ ਵਾਲਿਆਂ ਨੂੰ ਰੋਕਦੇ ਹੋ।”
53ਜਦੋਂ ਯਿਸ਼ੂ ਉੱਥੋਂ ਚਲੇ ਗਏ ਤਾਂ ਸ਼ਾਸਤਰੀ ਅਤੇ ਫ਼ਰੀਸੀ, ਜੋ ਉਹਨਾਂ ਦੇ ਕੱਟੜ ਵਿਰੋਧੀ ਹੋ ਗਏ ਸਨ, ਪ੍ਰਭੂ ਨੂੰ ਬਹੁਤ ਸਾਰੇ ਵਿਸ਼ਿਆਂ ਤੇ ਮੁਸ਼ਕਲ ਪ੍ਰਸ਼ਨ ਪੁੱਛਣ ਲੱਗੇ। 54ਉਹ ਇਸ ਤਾੜ ਵਿੱਚ ਸਨ ਕਿ ਯਿਸ਼ੂ ਨੂੰ ਉਹਨਾਂ ਦੇ ਹੀ ਕਿਸੇ ਗੱਲ ਵਿੱਚ ਫਸਾ ਸਕਣ।