15
ਗੁਆਚੀ ਹੋਈ ਭੇਡ ਦੀ ਦ੍ਰਿਸ਼ਟਾਂਤ
1ਇੱਕ ਦਿਨ ਸਾਰੇ ਚੁੰਗੀ ਲੈਣ ਵਾਲੇ ਅਤੇ ਪਾਪੀ ਯਿਸ਼ੂ ਦੀਆਂ ਗੱਲਾਂ ਸੁਣਨ ਲਈ ਉਹਨਾਂ ਦੇ ਆਲੇ-ਦੁਆਲੇ ਇਕੱਠੇ ਹੋ ਰਹੇ ਸਨ। 2ਪਰ ਫ਼ਰੀਸੀਆਂ ਅਤੇ ਸ਼ਾਸਤਰੀਆਂ ਬੁੜਬੜੋਨ ਲੱਗੇ ਅਤੇ ਆਪਸ ਵਿੱਚ ਕਹਿਣ ਲੱਗੇ, “ਇਹ ਆਦਮੀ ਪਾਪੀਆਂ ਦਾ ਸਵਾਗਤ ਕਰਦਾ ਹੈ ਅਤੇ ਉਹਨਾਂ ਨਾਲ ਭੋਜਨ ਕਰਦਾ ਹੈ।”
3ਇਸ ਲਈ ਯਿਸ਼ੂ ਨੇ ਉਹਨਾਂ ਨੂੰ ਇਹ ਦ੍ਰਿਸ਼ਟਾਂਤ ਸੁਣਾਈ: 4“ਮੰਨ ਲਓ ਤੁਹਾਡੇ ਵਿੱਚੋਂ ਇੱਕ ਕੋਲੇ ਸੌ ਭੇਡਾਂ ਹਨ ਅਤੇ ਉਹਨਾਂ ਵਿੱਚੋਂ ਇੱਕ ਗੁਆਚ ਜਾਵੇ ਤਾਂ ਕੀ ਉਹ ਨੜਿੰਨਵਿਆਂ ਨੂੰ ਉਜਾੜ ਵਿੱਚ ਛੱਡ ਕੇ ਉਸ ਗੁਆਚੀ ਹੋਈ ਭੇਡ ਦੀ ਭਾਲ ਵਿੱਚ ਨਹੀਂ ਜਾਵੇਗਾ ਜਦ ਤੱਕ ਉਹ ਉਸਨੂੰ ਲੱਭ ਨਾ ਜਾਵੇਂ? 5ਅਤੇ ਜਦੋਂ ਉਸਨੂੰ ਉਹ ਲੱਭ ਜਾਂਦੀ ਹੈ ਤਾਂ ਉਹ ਖੁਸ਼ੀ ਨਾਲ ਉਸਨੂੰ ਆਪਣੇ ਮੋਢਿਆਂ ਉੱਤੇ ਲੱਦ ਲੈਂਦਾ ਹੈ। 6ਅਤੇ ਘਰ ਜਾ ਕੇ ਉਹ ਆਪਣੇ ਦੋਸਤਾਂ ਅਤੇ ਗੁਆਂਢੀਆਂ ਨੂੰ ਇਕੱਠਾ ਕਰਦਾ ਹੈ ਅਤੇ ਕਹਿੰਦਾ ਹੈ, ‘ਮੇਰੇ ਨਾਲ ਖੁਸ਼ੀ ਮਨਾਓ ਕਿਉਂਕਿ ਮੈਨੂੰ ਮੇਰੀ ਗੁਆਚੀ ਹੋਈ ਭੇਡ ਲੱਭ ਗਈ ਹੈ।’ 7ਮੈਂ ਤੁਹਾਨੂੰ ਆਖਦਾ ਹਾਂ ਉਹਨਾਂ ਨੜਿਨਵੇਂ ਧਰਮੀ ਲੋਕਾਂ ਨਾਲੋਂ ਜਿਨ੍ਹਾਂ ਨੂੰ ਆਪਣੇ ਪਾਪਾਂ ਦਾ ਪਛਤਾਵਾ ਕਰਨ ਦੀ ਲੋੜ ਨਹੀਂ ਹੈ, ਇੱਕ ਪਾਪੀ ਮਨੁੱਖ ਜੋ ਆਪਣੇ ਪਾਪਾਂ ਤੋਂ ਮਨ ਫਿਰੌਦਾ ਹੈ ਉਸ ਲਈ ਸਵਰਗ ਵਿੱਚ ਜ਼ਿਆਦਾ ਖੁਸ਼ੀ ਮਨਾਈ ਜਾਵੇਗੀ।
ਗੁਆਚੇ ਹੋਏ ਸਿੱਕੇ ਦੀ ਦ੍ਰਿਸ਼ਟਾਂਤ
8“ਜਾਂ ਮੰਨ ਲਓ ਕਿ ਇੱਕ ਔਰਤ ਕੋਲ ਚਾਂਦੀ ਦੇ ਦਸ ਸਿੱਕੇ#15:8 ਯੁਨਾਨੀ ਦਸ ਚਾਂਦੀ ਦੇ ਸਿੱਕੇ ਇੱਕ ਸਿੱਕੇ ਦੀ ਕੀਮਤ ਇੱਕ ਦਿਨ ਦੀ ਦਿਹਾੜੀ ਹਨ ਅਤੇ ਉਹਨਾਂ ਵਿੱਚੋਂ ਇੱਕ ਗੁਆਚ ਜਾਵੇ ਤਾਂ ਕੀ ਉਹ ਦੀਵਾ ਜਗਾਕੇ ਘਰ ਨੂੰ ਝਾੜਕੇ ਧਿਆਨ ਨਾਲ ਤਲਾਸ਼ੀ ਨਹੀਂ ਲੈਂਦੀ ਹੈ ਜਦ ਤੱਕ ਉਸਨੂੰ ਉਹ ਲੱਭ ਨਾ ਜਾਵੇ? 9ਅਤੇ ਜਦੋਂ ਉਸਨੂੰ ਉਹ ਸਿੱਕਾ ਲੱਭ ਜਾਂਦਾ ਹੈ ਤਾਂ ਉਹ ਆਪਣੇ ਦੋਸਤਾਂ ਅਤੇ ਗੁਆਂਢੀਆਂ ਨੂੰ ਇਕੱਠਾ ਕਰਦੀ ਹੈ ਅਤੇ ਕਹਿੰਦੀ ਹੈ, ‘ਮੇਰੇ ਨਾਲ ਖੁਸ਼ ਮਨਾਓ ਕਿਉਂਕਿ ਮੈਨੂੰ ਮੇਰਾ ਗੁਆਚਿਆ ਹੋਇਆ ਸਿੱਕਾ ਲੱਭ ਗਿਆ ਹੈ।’ 10ਇਸੇ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਪਰਮੇਸ਼ਵਰ ਦੇ ਦੂਤਾਂ ਦੀ ਹਜ਼ੂਰੀ ਵਿੱਚ ਇੱਕ ਪਾਪੀ ਮਨੁੱਖ ਲਈ ਜੋ ਆਪਣੇ ਪਾਪਾਂ ਤੋਂ ਮਨ ਫਿਰੌਦਾ ਹੈ ਖੁਸ਼ੀ ਮਨਾਈ ਜਾਂਦੀ ਹੈ।”
ਗੁਆਚੇ ਪੁੱਤਰ ਦੀ ਦ੍ਰਿਸ਼ਟਾਂਤ
11ਯਿਸ਼ੂ ਨੇ ਅੱਗੇ ਆਖਿਆ: “ਇੱਕ ਆਦਮੀ ਸੀ ਜਿਸ ਦੇ ਦੋ ਪੁੱਤਰ ਸਨ। 12ਛੋਟੇ ਪੁੱਤਰ ਨੇ ਆਪਣੇ ਪਿਤਾ ਨੂੰ ਕਿਹਾ, ‘ਪਿਤਾ ਜੀ, ਜਾਇਦਾਦ ਵਿੱਚੋਂ ਮੈਨੂੰ ਮੇਰਾ ਹਿੱਸਾ ਦੇ ਦਿਓ।’ ਇਸ ਲਈ ਉਸਨੇ ਆਪਣੀ ਜਾਇਦਾਦ ਨੂੰ ਦੋਵੇਂ ਪੁੱਤਰਾਂ ਦੇ ਵਿੱਚ ਵੰਡ ਦਿੱਤਾ।
13“ਇਸ ਤੋਂ ਥੋੜ੍ਹੀ ਦੇਰ ਬਾਅਦ ਛੋਟੇ ਪੁੱਤਰ ਨੇ ਆਪਣੇ ਹਿੱਸੇ ਆਈ ਸਾਰੀ ਜਾਇਦਾਦ ਲੈ ਲਈ ਅਤੇ ਇੱਕ ਦੂਰ ਦੇਸ਼ ਲਈ ਰਵਾਨਾ ਹੋ ਗਿਆ। ਉੱਥੇ ਉਸਨੇ ਆਪਣੀ ਦਾ ਮ਼ਰਜੀ ਦਾ ਜੀਵਨ ਜਿਓਣ ਲਈ ਆਪਣਾ ਸਾਰਾ ਪੈਸਾ ਬਰਬਾਦ ਕਰ ਦਿੱਤਾ। 14ਜਦੋਂ ਉਸਨੇ ਸਭ ਕੁਝ ਖਰਚ ਲਿਆ, ਉਸਦੇ ਬਾਅਦ ਸਾਰੇ ਦੇਸ਼ ਵਿੱਚ ਇੱਕ ਭਿਆਨਕ ਅਕਾਲ ਪੈ ਗਿਆ ਪਰ ਉਸ ਕੋਲ ਹੁਣ ਕੁਝ ਵੀ ਬਾਕੀ ਨਹੀਂ ਬਚਿਆ ਸੀ। 15ਇਸ ਲਈ ਉਹ ਉਸ ਦੇਸ਼ ਦੇ ਇੱਕ ਨਾਗਰਿਕ ਕੋਲ ਗਿਆ ਤਾਂ ਕਿ ਉਸ ਨੂੰ ਕਿਰਾਏ ਤੇ ਕੋਈ ਕੰਮ ਮਿਲ ਸਕੇ ਅਤੇ ਉਸ ਨਾਗਰਿਕ ਨੇ ਉਸਨੂੰ ਸੂਰਾਂ ਨੂੰ ਚਾਰਨ ਲਈ ਆਪਣੇ ਖੇਤਾਂ ਵਿੱਚ ਭੇਜ ਦਿੱਤਾ। 16ਉਹ ਸੂਰਾਂ ਦੇ ਚਾਰੇ ਨਾਲ ਹੀ ਆਪਣਾ ਢਿੱਡ ਭਰਨਾ ਚਾਹੁੰਦਾ ਸੀ ਪਰ ਕਿਸੇ ਨੇ ਉਸਨੂੰ ਖਾਣ ਨੂੰ ਕੁਝ ਨਹੀਂ ਦਿੱਤਾ।
17“ਜਦੋਂ ਉਸ ਨੂੰ ਸੁਰਤ ਆਈ ਤਾਂ ਉਸਨੇ ਆਪਣੇ ਆਪ ਨੂੰ ਕਿਹਾ, ‘ਮੇਰੇ ਪਿਤਾ ਦੇ ਭਾੜੇ ਦੇ ਕਿੰਨੇ ਨੌਕਰਾਂ ਕੋਲ ਕਿੰਨਾ ਜ਼ਿਆਦਾ ਭੋਜਨ ਹੈ ਪਰ ਮੈਂ ਇੱਥੇ ਭੁੱਖਾ ਮਰ ਰਿਹਾ ਹਾਂ! 18ਮੈਂ ਆਪਣੇ ਪਿਤਾ ਕੋਲ ਵਾਪਸ ਜਾਵਾਂਗਾ ਅਤੇ ਉਹਨਾਂ ਨੂੰ ਆਖਾਂਗਾ, ਪਿਤਾ ਜੀ, ਮੈਂ ਉਹਨਾਂ ਦੇ ਵਿਰੁੱਧ ਜੋ ਸਵਰਗ ਵਿੱਚ ਹਨ ਅਤੇ ਤੁਹਾਡੇ ਵਿਰੁੱਧ ਪਾਪ ਕੀਤਾ ਹੈ। 19ਮੈਂ ਹੁਣ ਤੁਹਾਡਾ ਪੁੱਤਰ ਕਹਾਉਣ ਦੇ ਯੋਗ ਨਹੀਂ ਹਾਂ। ਮੈਨੂੰ ਆਪਣੇ ਭਾੜੇ ਦੇ ਨੌਕਰਾਂ ਵਾਂਗ ਹੀ ਰੱਖ ਲਓ।’ 20ਤਾਂ ਉਹ ਉੱਠਿਆ ਅਤੇ ਆਪਣੇ ਪਿਤਾ ਕੋਲ ਗਿਆ।
“ਪਰ ਜਦੋਂ ਉਹ ਅਜੇ ਬਹੁਤ ਦੂਰ ਹੀ ਸੀ ਉਸਦੇ ਪਿਤਾ ਨੇ ਉਸਨੂੰ ਵੇਖਿਆ ਅਤੇ ਉਹ ਤਰਸ ਨਾਲ ਭਰ ਗਿਆ। ਉਹ ਭੱਜ ਕੇ ਆਪਣੇ ਪੁੱਤਰ ਕੋਲ ਗਿਆ ਅਤੇ ਉਸੇ ਨੂੰ ਆਪਣੇ ਗਲੇ ਨਾਲ ਲਾ ਕੇ ਚੁੰਮਿਆ।
21“ਪੁੱਤਰ ਨੇ ਉਸਨੂੰ ਕਿਹਾ, ‘ਪਿਤਾ ਜੀ, ਮੈਂ ਪਰਮੇਸ਼ਵਰ ਦੇ ਵਿਰੁੱਧ ਅਤੇ ਤੁਹਾਡੇ ਵਿਰੁੱਧ ਪਾਪ ਕੀਤਾ ਹੈ। ਹੁਣ ਮੈਂ ਤੁਹਾਡਾ ਪੁੱਤਰ ਕਹਾਉਣ ਦੇ ਯੋਗ ਨਹੀਂ ਹਾਂ।’
22“ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ, ‘ਛੇਤੀ! ਸਭ ਤੋਂ ਵਧੀਆ ਚੋਗਾ ਲਿਆਓ ਅਤੇ ਇਸ ਨੂੰ ਪਹਿਨਾਓ ਅਤੇ ਇਸਦੀ ਉਂਗਲ ਵਿੱਚ ਅੰਗੂਠੀ ਪਾਓ ਅਤੇ ਇਸਦੇ ਪੈਰਾਂ ਵਿੱਚ ਜੁੱਤੀਆਂ ਪਾਓ। 23ਇੱਕ ਚੰਗੇ ਵੱਛੇ ਤੋਂ ਵਧੀਆ ਭੋਜਨ ਤਿਆਰ ਕਰੋ। ਆਓ ਇੱਕ ਦਾਵਤ ਕਰੀਏ ਅਤੇ ਖੁਸ਼ੀ ਮਨਾਈਏ। 24ਕਿਉਂਕਿ ਮੇਰਾ ਇਹ ਪੁੱਤਰ ਮਰ ਗਿਆ ਸੀ ਪਰ ਉਹ ਫੇਰ ਜਿਉਂਦਾ ਹੋ ਗਿਆ ਹੈ; ਉਹ ਗੁੰਮ ਗਿਆ ਸੀ ਅਤੇ ਉਹ ਲੱਭ ਗਿਆ ਹੈ।’ ਇਸ ਲਈ ਉਹਨਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ।
25“ਇਸ ਦੌਰਾਨ ਵੱਡਾ ਪੁੱਤਰ ਖੇਤ ਵਿੱਚ ਸੀ। ਜਦੋਂ ਉਹ ਘਰ ਦੇ ਨੇੜੇ ਆਇਆ ਤਾਂ ਉਸਨੇ ਸੰਗੀਤ ਅਤੇ ਨੱਚਣ ਦੀ ਆਵਾਜ਼ ਸੁਣੀ। 26ਇਸ ਲਈ ਉਸਨੇ ਇੱਕ ਨੌਕਰ ਨੂੰ ਬੁਲਾਇਆ ਅਤੇ ਉਸਨੂੰ ਪੁੱਛਿਆ ਇਹ ਸਭ ਕੀ ਹੋ ਰਿਹਾ ਹੈ। 27‘ਤੁਹਾਡਾ ਭਰਾ ਵਾਪਿਸ ਆ ਗਿਆ ਹੈ,’ ਉਸਨੇ ਜਵਾਬ ਦਿੱਤਾ, ‘ਅਤੇ ਤੁਹਾਡੇ ਪਿਤਾ ਜੀ ਨੇ ਇੱਕ ਚੰਗੇ ਵੱਛੇ ਤੋਂ ਵਧੀਆ ਭੋਜਨ ਤਿਆਰ ਕਰਵਾਇਆ ਹੈ ਕਿਉਂਕਿ ਉਹਨਾਂ ਦਾ ਪੁੱਤਰ ਉਹਨਾਂ ਕੋਲ ਭਲਾ ਅਤੇ ਚੰਗਾ ਵਾਪਸ ਆਗਿਆ ਹੈ।’
28“ਵੱਡਾ ਭਰਾ ਗੁੱਸੇ ਵਿੱਚ ਆ ਗਿਆ ਅਤੇ ਉਸਨੇ ਅੰਦਰ ਜਾਣ ਤੋਂ ਮਨ੍ਹਾਂ ਕਰ ਦਿੱਤਾ। ਇਸ ਲਈ ਉਸਦੇ ਪਿਤਾ ਨੇ ਬਾਹਰ ਜਾ ਕੇ ਉਸਨੂੰ ਬੇਨਤੀ ਕੀਤੀ। 29ਪਰ ਉਸਨੇ ਆਪਣੇ ਪਿਤਾ ਨੂੰ ਉੱਤਰ ਦਿੱਤਾ, ‘ਦੇਖੋ! ਇਹ ਸਾਰੇ ਸਾਲ ਮੈਂ ਇੱਕ ਗੁਲਾਮ ਦੀ ਤਰ੍ਹਾਂ ਤੁਹਾਡੀ ਸੇਵਾ ਕਰਦਾ ਰਿਹਾ ਹਾਂ ਅਤੇ ਕਦੇ ਵੀ ਤੁਹਾਡੇ ਹੁਕਮਾਂ ਨੂੰ ਨਹੀਂ ਮੋੜਿਆ। ਫਿਰ ਵੀ ਤੁਸੀਂ ਮੈਨੂੰ ਕਦੇ ਇੱਕ ਮੇਮਣਾ ਵੀ ਨਹੀਂ ਦਿੱਤਾ ਤਾਂ ਜੋ ਮੈਂ ਆਪਣੇ ਦੋਸਤਾਂ ਨਾਲ ਮਿਲ ਕੇ ਖੁਸ਼ੀ ਮਨਾਵਾਂ। 30ਪਰ ਜਦੋਂ ਤੁਹਾਡਾ ਇਹ ਪੁੱਤਰ ਜਿਸ ਨੇ ਵੇਸਵਾਵਾਂ ਉੱਤੇ ਤੁਹਾਡੀ ਜਾਇਦਾਦ ਉੱਡਾ ਦਿੱਤੀ ਹੈ, ਘਰ ਵਾਪਿਸ ਆਗਿਆ, ਤਾਂ ਤੁਸੀਂ ਉਸ ਲਈ ਚੰਗੇ ਵੱਛੇ ਤੋਂ ਵਧੀਆ ਭੋਜਨ ਬਣਵਾਇਆ ਹੈ!’
31“ ‘ਮੇਰੇ ਪੁੱਤਰ,’ ਪਿਤਾ ਨੇ ਕਿਹਾ, ‘ਤੂੰ ਹਮੇਸ਼ਾ ਮੇਰੇ ਨਾਲ ਹੈ ਅਤੇ ਜੋ ਕੁਝ ਮੇਰੇ ਕੋਲ ਹੈ ਉਹ ਤੇਰਾ ਹੈ। 32ਪਰ ਸਾਨੂੰ ਖੁਸ਼ ਹੋਣਾ ਚਾਹੀਦਾ ਹੈ ਅਤੇ ਜਸ਼ਨ ਮਨਾਓਣਾ ਚਾਹੀਦਾ ਹੈ ਕਿਉਂਕਿ ਤੇਰਾ ਇਹ ਭਰਾ ਮਰ ਗਿਆ ਸੀ ਅਤੇ ਹੁਣ ਜਿਉਂਦਾ ਹੋ ਗਿਆ ਹੈ; ਉਹ ਗੁਆਚ ਗਿਆ ਸੀ ਅਤੇ ਹੁਣ ਉਹ ਲੱਭ ਗਿਆ ਹੈ।’ ”