16
ਚਲਾਕ ਪ੍ਰਬੰਧਕ ਦੀ ਦ੍ਰਿਸ਼ਟਾਂਤ
1ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਇੱਕ ਅਮੀਰ ਆਦਮੀ ਸੀ ਜਿਸ ਦੇ ਪ੍ਰਬੰਧਕ ਉੱਤੇ ਉਸ ਦੀ ਜਾਇਦਾਦ ਬਰਬਾਦ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ। 2ਤਾਂ ਮਾਲਕ ਨੇ ਉਸ ਪ੍ਰਬੰਧਕ ਨੂੰ ਅੰਦਰ ਬੁਲਾਇਆ ਅਤੇ ਉਸਨੂੰ ਪੁੱਛਿਆ, ‘ਮੈਂ ਤੇਰੇ ਬਾਰੇ ਇਹ ਕੀ ਸੁਣ ਰਿਹਾ ਹਾਂ? ਆਪਣੇ ਪ੍ਰਬੰਧਨ ਦਾ ਲੇਖਾ ਜੋਖਾ ਦੇ ਕਿਉਂਕਿ ਹੁਣ ਤੂੰ ਪ੍ਰਬੰਧਕ ਦੀ ਪਦਵੀ ਤੇ ਨਹੀਂ ਰਹਿ ਸਕਦਾ।’
3“ਪ੍ਰਬੰਧਕ ਨੇ ਆਪਣੇ ਮਨ ਵਿੱਚ ਕਿਹਾ, ‘ਹੁਣ ਮੈਂ ਕੀ ਕਰਾ? ਮੇਰਾ ਮਾਲਕ ਮੈਨੂੰ ਨੌਕਰੀ ਤੋਂ ਕੱਢ ਰਿਹਾ ਹੈ। ਮੇਰਾ ਸਰੀਰ ਇਨ੍ਹਾਂ ਮਜ਼ਬੂਤ ਨਹੀਂ ਹੈ ਕਿ ਮੈਂ ਜ਼ਮੀਨ ਖੋਦਣ ਦਾ ਕੰਮ ਕਰਾ ਅਤੇ ਭੀਖ ਮੰਗਣ ਲਈ ਮੈਨੂੰ ਸ਼ਰਮ ਆਉਂਦੀ ਹੈ। 4ਮੈਂ ਜਾਣਦਾ ਹਾਂ ਕਿ ਮੈਂ ਅਜਿਹਾ ਕੀ ਕਰਾ ਕੀ ਜਦੋਂ ਮੈਂ ਇੱਥੋ ਨੌਕਰੀ ਤੋਂ ਕੱਢਿਆ ਜਾਂਵਾ ਤਾਂ ਵੀ ਲੋਕ ਮੇਰਾ ਆਪਣੇ ਘਰਾਂ ਦੇ ਵਿੱਚ ਸਵਾਗਤ ਕਰਨ।’
5“ਇਸ ਲਈ ਉਸਨੇ ਆਪਣੇ ਮਾਲਕ ਦੇ ਕਰਜ਼ਦਾਰਾਂ ਨੂੰ ਬੁਲਾਇਆ। ਉਸਨੇ ਪਹਿਲੇ ਕਰਜ਼ਦਾਰ ਨੂੰ ਪੁੱਛਿਆ, ‘ਤੂੰ ਮੇਰੇ ਮਾਲਕ ਦਾ ਕਿੰਨਾ ਕਰਜ਼ਾ ਦੇਣਾ ਹੈ?’
6“ ‘ਤਿੰਨ ਹਜ਼ਾਰ ਲੀਟਰ ਜ਼ੈਤੂਨ ਦਾ ਤੇਲ,’ ਉਸਨੇ ਜਵਾਬ ਦਿੱਤਾ।
“ਪ੍ਰਬੰਧਕ ਨੇ ਉਸ ਨੂੰ ਕਿਹਾ, ‘ਆ ਫੜ੍ਹ ਤੇਰਾ ਬਹੀ ਖਾਤਾ, ਜਲਦੀ ਨਾਲ ਬੈਠ ਅਤੇ ਇਸ ਵਿੱਚ ਪੰਦਰਾਂ ਸੌ ਲੀਟਰ ਲਿਖ ਦੇ।’
7“ਫਿਰ ਉਸ ਨੇ ਦੂਸਰੇ ਕਰਜ਼ਦਾਰ ਨੂੰ ਪੁੱਛਿਆ, ‘ਅਤੇ ਤੂੰ ਕਿੰਨਾ ਕਰਜ਼ਾ ਦੇਣਾ ਹੈ?’
“ ‘ਤੀਹ ਟਨ ਕਣਕ, ਉਸਨੇ ਜਵਾਬ ਦਿੱਤਾ।’
“ਪ੍ਰਬੰਧਕ ਨੇ ਉਸ ਨੂੰ ਕਿਹਾ, ‘ਆਪਣਾ ਬਹੀ ਖਾਤਾ ਲੈ ਕੇ ਉਸ ਵਿੱਚ ਚੌਵੀਂ ਟਨ ਲਿਖ ਦੇ।’
8“ਮਾਲਕ ਨੇ ਬੇਈਮਾਨ ਪ੍ਰਬੰਧਕ ਦੀ ਤਾਰੀਫ਼ ਕੀਤੀ ਕਿਉਂਕਿ ਉਸ ਨੇ ਬੜੀ ਚਲਾਕੀ ਨਾਲ ਕੰਮ ਕੀਤਾ ਸੀ। ਕਿਉਂਕਿ ਇਸ ਸੰਸਾਰ ਦੇ ਲੋਕ ਚਾਨਣ ਦੇ ਲੋਕਾਂ ਨਾਲੋਂ ਆਪਣੇ ਚਾਲ-ਚਲਣ ਵਿੱਚ ਕਿੰਨੇ ਜ਼ਿਆਦਾ ਚਲਾਕ ਹੁੰਦੇ ਹਨ। 9ਮੈਂ ਤੁਹਾਨੂੰ ਦੱਸਦਾ ਹਾਂ ਕਿ ਆਪਣੇ ਮਿੱਤਰ ਬਣਾਉਣ ਲਈ ਦੁਨਿਆਵੀ ਦੌਲਤ ਦੀ ਵਰਤੋਂ ਕਰੋ ਤਾਂ ਜੋ ਜਦੋਂ ਉਹ ਖਤਮ ਹੋ ਜਾਵੇ ਤਾਂ ਸਦੀਪਕ ਜੀਵਨ ਦੇ ਘਰ ਵਿੱਚ ਤੁਹਾਡਾ ਸਵਾਗਤ ਕੀਤਾ ਜਾਵੇ।
10“ਜਿਹੜਾ ਵਿਅਕਤੀ ਥੋੜ੍ਹੇ ਜਿਹੇ ਵਿੱਚ ਵੀ ਵਫ਼ਾਦਾਰ ਹੈ, ਉਹ ਜ਼ਿਆਦਾ ਵਿੱਚ ਵੀ ਵਫ਼ਾਦਾਰ ਹੁੰਦਾ ਹੈ; ਜਿਹੜਾ ਵਿਅਕਤੀ ਘੱਟ ਵਿੱਚ ਹੀ ਬੇਈਮਾਨੀ ਕਰਦਾ ਹੈ ਉਹ ਵੱਧ ਵਿੱਚ ਵੀ ਬੇਈਮਾਨ ਹੋਵੇਗਾ। 11ਇਸ ਲਈ ਜੇ ਤੁਸੀਂ ਦੁਨਿਆਵੀ ਦੌਲਤ ਨੂੰ ਸੰਭਾਲਣ ਵਿੱਚ ਭਰੋਸੇਯੋਗ ਨਹੀਂ ਹੋ ਤਾਂ ਸੱਚੇ ਧਨ ਨੂੰ ਸੰਭਾਲਣ ਲਈ ਤੁਹਾਡੇ ਉੱਤੇ ਕੌਣ ਭਰੋਸਾ ਕਰੇਗਾ? 12ਅਤੇ ਜੇ ਤੁਸੀਂ ਕਿਸੇ ਹੋਰ ਦੀ ਜਾਇਦਾਦ ਤੇ ਭਰੋਸੇਯੋਗ ਨਹੀਂ ਹੋ ਤਾਂ ਤੁਹਾਨੂੰ ਆਪਣੀ ਜਾਇਦਾਦ ਕੌਣ ਦੇਵੇਗਾ?
13“ਕੋਈ ਵੀ ਸੇਵਕ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ। ਤੁਸੀਂ ਇੱਕ ਨਾਲ ਨਫ਼ਰਤ ਕਰੋਗੇ ਅਤੇ ਦੂਸਰੇ ਨਾਲ ਪਿਆਰ ਕਰੋਗੇ, ਜਾਂ ਫਿਰ ਇੱਕ ਨਾਲ ਮਿਲੇ ਰਹੋਗੇ ਅਤੇ ਦੂਸਰੇ ਨੂੰ ਤੁੱਛ ਜਾਣੋਗੇ। ਇਸੇ ਤਰ੍ਹਾ ਤੁਸੀਂ ਪਰਮੇਸ਼ਵਰ ਅਤੇ ਪੈਸੇ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ।”
14ਫ਼ਰੀਸੀ ਜਿਹੜੇ ਪੈਸਿਆਂ ਨੂੰ ਪਿਆਰ ਕਰਦੇ ਸਨ, ਉਹਨਾਂ ਨੇ ਇਹ ਸਭ ਸੁਣਿਆ ਅਤੇ ਉਹ ਯਿਸ਼ੂ ਨਾਲ ਖੋਬ ਰੱਖਣ ਲੱਗੇ। 15ਯਿਸ਼ੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਉਹ ਲੋਕ ਹੋ ਜੋ ਦੂਜਿਆਂ ਦੀਆਂ ਨਜ਼ਰਾਂ ਵਿੱਚ ਆਪਣੇ ਆਪ ਨੂੰ ਧਰਮੀ ਠਹਿਰਾਉਂਦੇ ਹਨ ਪਰ ਪਰਮੇਸ਼ਵਰ ਤੁਹਾਡੇ ਦਿਲਾਂ ਨੂੰ ਜਾਣਦਾ ਹੈ। ਜਿਸ ਚੀਜ਼ ਦੀ ਲੋਕ ਬਹੁਤ ਕਦਰ ਕਰਦੇ ਹਨ ਉਹ ਪਰਮੇਸ਼ਵਰ ਦੀ ਨਜ਼ਰ ਵਿੱਚ ਘਿਣਾਉਣੀ ਹੈ।
ਹੋਰ ਸਿੱਖਿਆਵਾਂ
16“ਬਿਵਸਥਾ ਅਤੇ ਨਬੀਆਂ ਦਾ ਪ੍ਰਚਾਰ ਯੋਹਨ ਤੀਕ ਕੀਤਾ ਗਿਆ ਸੀ। ਉਸ ਤੋਂ ਬਾਅਦ ਪਰਮੇਸ਼ਵਰ ਦੇ ਰਾਜ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਸ ਵਿੱਚ ਜ਼ੋਰ ਮਾਰ ਕੇ ਉਸ ਵਿੱਚ ਵੱਢਦਾ ਹੈ। 17ਸਵਰਗ ਅਤੇ ਧਰਤੀ ਦਾ ਅਲੋਪ ਹੋਣਾ ਅਸਾਨ ਹੈ ਇਸ ਦੀ ਬਜਾਏ ਕਿ ਬਿਵਸਥਾ ਦਾ ਇੱਕ ਵੀ ਬਿੰਦੂ ਬੇਕਾਰ ਸਾਬਤ ਹੋਵੇ।
18“ਜਿਹੜਾ ਵੀ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਅਤੇ ਦੂਸਰੀ ਔਰਤ ਨਾਲ ਵਿਆਹ ਕਰਵਾਉਂਦਾ ਹੈ, ਉਹ ਬਦਕਾਰੀ ਦਾ ਪਾਪ ਕਰਦਾ ਹੈ ਅਤੇ ਜਿਹੜਾ ਆਦਮੀ ਉਸ ਤਲਾਕ ਦਿੱਤੀ ਹੋਈ ਔਰਤ ਨਾਲ ਵਿਆਹ ਕਰਾਏ ਸੋ ਵਿਭਚਾਰ ਕਰਦਾ ਹੈ।
ਅਮੀਰ ਆਦਮੀ ਅਤੇ ਲਾਜ਼ਰਾਸ
19“ਇੱਕ ਅਮੀਰ ਆਦਮੀ ਸੀ ਜੋ ਬੈਂਗਣੀ ਅਰਥਾਤ ਕੀਮਤੀ ਅਤੇ ਚੰਗੀਆਂ ਪੁਸ਼ਾਕਾਂ ਪਹਿਨਦਾ ਸੀ ਅਤੇ ਉਹ ਹਰ ਰੋਜ਼ ਐਸ਼-ਅਰਾਮ ਦੀ ਜ਼ਿੰਦਗੀ ਬਤੀਤ ਕਰਦਾ ਸੀ। 20ਉਸਦੇ ਦਰਵਾਜ਼ੇ ਤੇ ਲਾਜ਼ਰਾਸ ਨਾਮ ਦਾ ਇੱਕ ਭਿਖਾਰੀ ਸੁੱਟਿਆ ਪਿਆ ਹੁੰਦਾ ਸੀ ਜਿਸ ਦਾ ਸਰੀਰ ਜ਼ਖਮਾਂ ਨਾਲ ਭਰਿਆ ਹੋਇਆ ਸੀ। 21ਉਹ ਅਮੀਰ ਆਦਮੀ ਦੀ ਮੇਜ਼ ਤੋਂ ਡਿੱਗੇ ਰੋਟੀ ਦਿਆਂ ਟੁੱਕੜਿਆਂ ਨੂੰ ਖਾਣ ਲਈ ਤਰਸਦਾ ਰਹਿੰਦਾ ਸੀ। ਇੱਥੋ ਤੱਕ ਕਿ ਕੁੱਤੇ ਆ ਕੇ ਉਸਦੇ ਜ਼ਖਮਾਂ ਨੂੰ ਚੱਟਦੇ ਸਨ।
22“ਉਹ ਸਮਾਂ ਆਇਆ ਜਦੋਂ ਉਸ ਭਿਖਾਰੀ ਦੀ ਮੌਤ ਹੋ ਗਈ ਅਤੇ ਸਵਰਗਦੂਤ ਉਸ ਦੀ ਆਤਮਾ ਨੂੰ ਅਬਰਾਹਾਮ ਦੇ ਵੱਲ ਲੈ ਗਏ। ਅਤੇ ਫਿਰ ਉਹ ਅਮੀਰ ਆਦਮੀ ਵੀ ਮਰ ਗਿਆ ਅਤੇ ਉਸ ਨੂੰ ਦਫ਼ਨਾਇਆ ਗਿਆ। 23ਪਤਾਲ ਵਿੱਚ ਜਿੱਥੇ ਉਹ ਤਸੀਹੇ ਝੱਲ ਰਿਹਾ ਸੀ, ਉਸਨੇ ਉੱਪਰ ਵੇਖਿਆ ਅਤੇ ਦੂਰੋਂ ਹੀ ਅਬਰਾਹਾਮ ਨੂੰ ਵੇਖਿਆ ਅਤੇ ਲਾਜ਼ਰਾਸ ਉਹਨਾਂ ਦੇ ਨਾਲ ਬੈਠਾ ਹੋਇਆ ਸੀ। 24ਉਸਨੇ ਅਬਰਾਹਾਮ ਨੂੰ ਪੁਕਾਰਿਆ ਅਤੇ ਕਿਹਾ, ‘ਪਿਤਾ ਅਬਰਾਹਾਮ, ਮੇਰੇ ਤੇ ਤਰਸ ਖਾਓ ਅਤੇ ਲਾਜ਼ਰਾਸ ਨੂੰ ਆਪਣੀ ਉਂਗਲ ਦਾ ਪੋਟਾ ਪਾਣੀ ਵਿੱਚ ਡੁਬੋ ਕੇ ਮੇਰੀ ਜੀਭ ਨੂੰ ਠੰਡਾ ਕਰਨ ਲਈ ਭੇਜੋ ਕਿਉਂਕਿ ਮੈਂ ਇਸ ਅੱਗ ਵਿੱਚ ਤੜਫ਼ ਰਿਹਾ ਹਾਂ।’
25“ਪਰ ਅਬਰਾਹਾਮ ਨੇ ਉੱਤਰ ਦਿੱਤਾ, ‘ਪੁੱਤਰ, ਯਾਦ ਕਰ ਕਿ ਤੈਨੂੰ ਤੇਰੇ ਜੀਵਨ ਕਾਲ ਵਿੱਚ ਚੰਗੀਆਂ ਚੀਜ਼ਾਂ ਮਿਲੀਆਂ ਸਨ ਪਰ ਲਾਜ਼ਰਾਸ ਨੂੰ ਮਾੜੀਆਂ ਚੀਜ਼ਾਂ ਮਿਲੀਆਂ ਸਨ ਅਤੇ ਹੁਣ ਉਹ ਇੱਥੇ ਸੁੱਖੀ ਹੈ ਅਤੇ ਤੂੰ ਦੁੱਖੀ ਝੱਲ ਰਿਹਾ ਹੈ। 26ਅਤੇ ਇਸ ਸਭ ਤੋਂ ਇਲਾਵਾ, ਸਾਡੇ ਅਤੇ ਤੇਰੇ ਵਿੱਚਕਾਰ ਇੱਕ ਦਰਾਰ ਬਣਾਈ ਗਈ ਹੈ, ਤਾਂ ਕੀ ਲੋਕ ਇੱਥੋ ਤੇਰੇ ਵੱਲ ਜਾਣਾ ਚਾਹੁੰਦੇ ਹਨ ਉਹ ਨਾ ਜਾ ਸਕਣ ਅਤੇ ਨਾ ਹੀ ਕੋਈ ਉਸ ਪਾਸੇ ਤੋਂ ਸਾਡੇ ਵੱਲ ਆ ਸਕਦਾ ਹੈ।’
27“ਉਸਨੇ ਜਵਾਬ ਦਿੱਤਾ, ‘ਫਿਰ ਪਿਤਾ ਜੀ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਲਾਜ਼ਰਾਸ ਨੂੰ ਮੇਰੇ ਪਰਿਵਾਰ ਕੋਲ ਭੇਜੋ, 28ਮੇਰੇ ਪੰਜ ਭਰਾ ਹਨ। ਉਹ ਉਹਨਾਂ ਨੂੰ ਚੇਤਾਵਨੀ ਦੇਵੇ ਤਾਂ ਜੋ ਉਹ ਇਸ ਤਸੀਹੇ ਦੀ ਥਾਂ ਨਾ ਆਉਣ।’
29“ਅਬਰਾਹਾਮ ਨੇ ਉੱਤਰ ਦਿੱਤਾ, ‘ਉਹਨਾਂ ਕੋਲ ਮੋਸ਼ੇਹ ਅਤੇ ਨਬੀਆਂ ਦੀਆਂ ਲਿਖਤਾਂ ਹਨ, ਉਹ ਉਹਨਾਂ ਦੀ ਸੁਣਨ।
30“ ‘ਨਹੀਂ ਪਿਤਾ ਅਬਰਾਹਾਮ,’ ਉਸਨੇ ਕਿਹਾ, ‘ਪਰ ਜੇ ਮੁਰਦਿਆਂ ਵਿੱਚੋਂ ਕੋਈ ਉਹਨਾਂ ਕੋਲ ਜਾਂਦਾ ਹੈ ਤਾਂ ਉਹ ਆਪਣੇ ਪਾਪਾਂ ਤੋਂ ਮਨ ਫਿਰੋਣਗੇ।’
31“ਅਬਰਾਹਾਮ ਨੇ ਉਸਨੂੰ ਕਿਹਾ, ‘ਜੇ ਉਹ ਮੋਸ਼ੇਹ ਅਤੇ ਨਬੀਆਂ ਦੇ ਲਿਖਤ ਹੁਕਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਚਾਹੇ ਕੋਈ ਮੁਰਦਿਆਂ ਵਿੱਚੋਂ ਦੁਬਾਰਾ ਜੀ ਉੱਠੇ ਤਾਂ ਵੀ ਉਹ ਯਕੀਨ ਨਹੀਂ ਕਰਨਗੇ।’ ”