17
ਪਾਪ, ਵਿਸ਼ਵਾਸ, ਡਿਊਟੀ
1ਇੱਕ ਦਿਨ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਇਹ ਅਸੰਭਵ ਹੈ ਕਿ ਠੋਕਰ ਨਾ ਲੱਗੇ ਪਰ ਲਾਹਨਤ ਉਸ ਵਿਅਕਤੀ ਉੱਤੇ ਜਿਸ ਦੇ ਕਾਰਣ ਠੋਕਰ ਲੱਗਦੀ ਹੈ। 2ਉਹਨਾਂ ਲਈ ਚੰਗਾ ਹੋਵੇਗਾ ਕਿ ਉਹਨਾਂ ਦੇ ਗਲੇ ਵਿੱਚ ਚੱਕੀ ਦਾ ਪੱਟਾ ਬੰਨ੍ਹ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਜਾਵੇ ਇਸ ਦੀ ਬਜਾਏ ਕਿ ਇਨ੍ਹਾਂ ਵਿੱਚੋਂ ਇੱਕ ਛੋਟੇ ਬੱਚੇ ਨੂੰ ਠੋਕਰ ਲੱਗੇ। 3ਇਸ ਲਈ ਤੁਹਾਨੂੰ ਆਪਣੇ ਆਪ ਪ੍ਰਤੀ ਸਾਵਧਾਨ ਰਹਿਣਾ ਚਾਹੀਦਾ ਹੈ।
“ਜੇ ਤੁਹਾਡਾ ਭਰਾ ਜਾਂ ਭੈਣ ਤੁਹਾਡੇ ਵਿਰੁੱਧ ਪਾਪ ਕਰਦੇ ਹਨ ਤਾਂ ਉਹਨਾਂ ਨੂੰ ਝਿੜਕੋ ਅਤੇ ਜੇ ਉਹ ਮਨ ਫਿਰੌਦੇ ਹਨ ਤਾਂ ਉਹਨਾਂ ਨੂੰ ਮਾਫ਼ ਕਰੋ। 4ਭਾਵੇਂ ਉਹ ਦਿਨ ਵਿੱਚ ਸੱਤ ਵਾਰ ਤੁਹਾਡੇ ਵਿਰੁੱਧ ਪਾਪ ਕਰਦੇ ਹਨ ਅਤੇ ਸੱਤ ਵਾਰ ਤੁਹਾਡੇ ਕੋਲ ਵਾਪਸ ਆ ਕੇ ਕਹਿੰਦੇ ਹਨ ਕਿ ‘ਮੈਨੂੰ ਇਸਦਾ ਪਛਤਾਵਾ ਹੈ,’ ਤਾਂ ਤੁਸੀਂ ਉਹਨਾਂ ਨੂੰ ਮਾਫ਼ ਕਰੋ।”
5ਰਸੂਲਾਂ ਨੇ ਪ੍ਰਭੂ ਨੂੰ ਕਿਹਾ, “ਸਾਡਾ ਵਿਸ਼ਵਾਸ ਵਧਾ ਦਿਓ!”
6ਯਿਸ਼ੂ ਨੇ ਜਵਾਬ ਦਿੱਤਾ, “ਜੇ ਤੁਹਾਡੇ ਵਿੱਚ ਰਾਈ ਦੇ ਬੀਜ ਜਿਨ੍ਹਾਂ ਥੋੜ੍ਹਾ ਜਾ ਵੀ ਵਿਸ਼ਵਾਸ ਹੈ, ਤਾਂ ਤੁਸੀਂ ਇਸ ਤੂਤ ਦੇ ਰੁੱਖ ਨੂੰ ਕਹਿ ਸਕਦੇ ਹੋ, ‘ਜੜ੍ਹੋਂ ਉਖੜ ਕੇ ਸਮੁੰਦਰ ਵਿੱਚ ਲਗ ਜਾ,’ ਅਤੇ ਇਹ ਤੁਹਾਡੀ ਗੱਲ ਮੰਨੇਗਾ।
7“ਮੰਨ ਲਓ ਕਿ ਤੁਹਾਡੇ ਵਿੱਚੋਂ ਇੱਕ ਨੌਕਰ ਹੈ ਜੋ ਭੇਡਾਂ ਦੀ ਰਾਖੀ ਕਰ ਰਿਹਾ ਹੈ ਜਾਂ ਉਸਦੀ ਦੇਖਭਾਲ ਕਰ ਰਿਹਾ ਹੈ। ਕੀ ਉਹ ਨੌਕਰ ਨੂੰ ਆਖੇਗਾ ਜਦੋਂ ਉਹ ਖੇਤ ਵਿੱਚੋਂ ਆਵੇਗਾ, ‘ਹੁਣੇ ਆਓ ਅਤੇ ਖਾਣ ਬੈਠੋ’? 8ਕੀ ਉਹ ਆਪਣੇ ਸੇਵਕ ਨੂੰ ਇਸ ਤਰ੍ਹਾਂ ਨਹੀਂ ਕਹੇਗਾ, ‘ਮੇਰੇ ਲਈ ਖਾਣਾ ਤਿਆਰ ਕਰੋ ਅਤੇ ਤਿਆਰ ਹੋ ਜਾਓ ਜਦ ਤੱਕ ਮੈਂ ਖਾ-ਪੀ ਰਿਹਾ ਹਾਂ ਮੇਰਾ ਇੰਤਜ਼ਾਰ ਕਰੋ, ਉਸ ਤੋਂ ਬਾਅਦ ਤੁਸੀਂ ਵੀ ਖਾ-ਪੀ ਸਕਦੇ ਹੋ?’ 9ਕੀ ਉਹ ਨੌਕਰ ਦਾ ਧੰਨਵਾਦ ਕਰੇਗਾ ਕਿਉਂਕਿ ਉਸਨੇ ਉਹੀ ਕੀਤਾ ਜੋ ਉਸਨੂੰ ਕਰਨ ਲਈ ਕਿਹਾ ਗਿਆ ਸੀ? 10ਇਸ ਲਈ ਤੁਹਾਨੂੰ ਵੀ, ਜਦੋਂ ਤੁਸੀਂ ਉਹ ਸਭ ਕੁਝ ਕਰ ਚੁੱਕੇ ਹੋ ਜੋ ਤੁਹਾਨੂੰ ਕਰਨ ਲਈ ਕਿਹਾ ਗਿਆ ਸੀ, ਕਹਿਣਾ ਚਾਹੀਦਾ ਹੈ, ‘ਅਸੀਂ ਅਯੋਗ ਨੌਕਰ ਹਾਂ; ਅਸੀਂ ਸਿਰਫ ਆਪਣਾ ਫਰਜ਼ ਨਿਭਾਇਆ ਹੈ।’ ”
ਯਿਸ਼ੂ ਨੇ ਕੋੜ੍ਹ ਨਾਲ ਪੀੜਤ ਦਸ ਲੋਕਾਂ ਨੂੰ ਚੰਗਾ ਕੀਤਾ
11ਯੇਰੂਸ਼ਲੇਮ ਨੂੰ ਜਾਂਦੇ ਸਮੇਂ ਯਿਸ਼ੂ ਸਾਮਰਿਯਾ ਅਤੇ ਗਲੀਲ ਪ੍ਰਦੇਸ਼ ਦੀ ਸਰਹੱਦ ਦੇ ਵਿੱਚਕਾਰ ਦੀ ਲੰਘੇ। 12ਜਦੋਂ ਉਹ ਇੱਕ ਪਿੰਡ ਵੱਲ ਜਾ ਰਹੇ ਸੀ ਤਾਂ ਉਸ ਵੇਲੇ ਕੋੜ੍ਹ ਨਾਲ ਪੀੜਤ ਦਸ ਆਦਮੀ ਯਿਸ਼ੂ ਨੂੰ ਮਿਲੇ। ਉਹ ਕੁਝ ਦੂਰੀ ਉੱਤੇ ਖੜ੍ਹੇ ਹੋ ਗਏ। 13ਅਤੇ ਉੱਚੀ ਆਵਾਜ਼ ਵਿੱਚ ਪੁਕਾਰਿਆ, “ਯਿਸ਼ੂ, ਗੁਰੂ ਜੀ, ਸਾਡੇ ਤੇ ਕਿਰਪਾ ਕਰੋ!”
14ਜਦੋਂ ਯਿਸ਼ੂ ਨੇ ਉਹਨਾਂ ਨੂੰ ਵੇਖਿਆ ਤਾਂ ਕਿਹਾ, “ਜਾਓ, ਜਾ ਕੇ ਆਪਣੇ ਆਪ ਨੂੰ ਜਾਜਕਾਂ ਨੂੰ ਦਿਖਾਓ।”#17:14 ਲੇਵਿ 14:2-3 ਅਤੇ ਜਦੋਂ ਉਹ ਜਾ ਹੀ ਰਹੇ ਸਨ, ਉਹ ਚੰਗੇ ਹੋ ਗਏ।
15ਉਹਨਾਂ ਵਿੱਚੋਂ ਇੱਕ, ਜਦੋਂ ਉਸਨੇ ਵੇਖਿਆ ਕਿ ਉਹ ਚੰਗਾ ਹੋ ਗਿਆ ਹੈ, ਯਿਸ਼ੂ ਕੋਲ ਵਾਪਿਸ ਆਇਆ ਅਤੇ ਉੱਚੀ ਆਵਾਜ਼ ਵਿੱਚ ਪਰਮੇਸ਼ਵਰ ਦੀ ਵਡਿਆਈ ਕਰਨ ਲੱਗਾ। 16ਉਹ ਯਿਸ਼ੂ ਦੇ ਪੈਰਾਂ ਉੱਤੇ ਡਿੱਗ ਗਿਆ ਅਤੇ ਉਹਨਾਂ ਦਾ ਧੰਨਵਾਦ ਕੀਤਾ, ਅਤੇ ਉਹ ਸਾਮਰਿਯਾ ਵਾਸੀ ਸੀ।
17ਯਿਸ਼ੂ ਨੇ ਪੁੱਛਿਆ, “ਕੀ ਸਾਰੇ ਦਸ ਚੰਗੇ ਨਹੀਂ ਹੋਏ? ਬਾਕੀ ਨੌਂ ਕਿੱਥੇ ਹਨ? 18ਕੀ ਇਸ ਵਿਦੇਸ਼ੀ ਤੋਂ ਇਲਾਵਾ ਕੋਈ ਵੀ ਪਰਮੇਸ਼ਵਰ ਦੀ ਵਡਿਆਈ ਕਰਨ ਵਾਪਸ ਨਹੀਂ ਆਇਆ?” 19ਯਿਸ਼ੂ ਨੇ ਉਸਨੂੰ ਕਿਹਾ, “ਉੱਠ ਅਤੇ ਜਾ! ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ।”
ਪਰਮੇਸ਼ਵਰ ਦੇ ਰਾਜ ਦਾ ਆਉਣਾ
20ਇੱਕ ਵਾਰੀ, ਜਦੋਂ ਫ਼ਰੀਸੀਆਂ ਨੇ ਪੁੱਛਿਆ ਕਿ ਪਰਮੇਸ਼ਵਰ ਦਾ ਰਾਜ ਕਦੋਂ ਆਵੇਗਾ, ਤਾਂ ਯਿਸ਼ੂ ਨੇ ਉੱਤਰ ਦਿੱਤਾ, “ਪਰਮੇਸ਼ਵਰ ਦੇ ਰਾਜ ਦਾ ਆਉਣਾ ਕੋਈ ਅਜਿਹੀ ਚੀਜ਼ ਨਹੀਂ ਹੈ ਜਿਸ ਨੂੰ ਵੇਖਿਆ ਜਾ ਸਕਦਾ ਹੈ, 21ਅਤੇ ਨਾ ਹੀ ਲੋਕ ਇਹ ਕਹਿਣਗੇ, ‘ਇਹ ਇੱਥੇ ਹੈ,’ ਜਾਂ ‘ਇਹ ਉੱਥੇ ਹੈ,’ ਕਿਉਂਕਿ ਪਰਮੇਸ਼ਵਰ ਦਾ ਰਾਜ ਤੁਹਾਡੇ ਵਿੱਚਕਾਰ ਹੈ।”
22ਤਦ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਉਹ ਵੇਲਾ ਆ ਰਿਹਾ ਹੈ ਜਦੋਂ ਤੁਸੀਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚੋਂ ਕਿਸੇ ਇੱਕ ਨੂੰ ਵੇਖਣਾ ਚਾਹੋਂਗੇ, ਪਰ ਤੁਸੀਂ ਵੇਖ ਨਹੀਂ ਸੱਕੋਗੇ। 23ਲੋਕ ਤੁਹਾਨੂੰ ਕਹਿਣਗੇ, ‘ਉਹ ਉੱਥੇ ਹੈ!’ ਜਾਂ ‘ਉਹ ਇੱਥੇ ਹੈ!’ ਉਹਨਾਂ ਦੇ ਮਗਰ ਨਾ ਭੱਜੋ। 24ਕਿਉਂਕਿ ਮਨੁੱਖ ਦੇ ਪੁੱਤਰ ਦਾ ਦੁਬਾਰਾ ਆਉਣਾ ਬਿਜਲੀ ਲਸ਼ਕਣ ਵਰਗਾ ਹੋਵੇਗਾ, ਜੋ ਅਕਾਸ਼ ਵਿੱਚ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਚਮਕਦੀ ਹੈ। 25ਪਰ ਪਹਿਲਾਂ ਉਸਨੂੰ ਬਹੁਤ ਸਾਰੀਆਂ ਮੁਸੀਬਤਾਂ ਝੱਲਣੀਆਂ ਪੈਣਗੀਆਂ ਅਤੇ ਇਸ ਪੀੜ੍ਹੀ ਦੁਆਰਾ ਰੱਦ ਕਰ ਦਿੱਤਾ ਜਾਵੇਗਾ।
26“ਜਿਸ ਤਰ੍ਹਾਂ ਨੋਹਾ ਦੇ ਦਿਨਾਂ ਵਿੱਚ ਹੋਇਆ ਸੀ ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚ ਵੀ ਹੋਵੇਗਾ। 27ਨੋਹਾ ਦੇ ਕਿਸ਼ਤੀ ਵਿੱਚ ਦਾਖਲ ਹੋਣ ਦੇ ਦਿਨ ਤੱਕ ਲੋਕ ਖਾ ਰਹੇ ਸਨ, ਪੀ ਰਹੇ ਸਨ ਅਤੇ ਵਿਆਹ ਕਰ ਰਹੇ ਸਨ। ਫਿਰ ਹੜ੍ਹ ਆਇਆ ਅਤੇ ਉਹਨਾਂ ਸਾਰਿਆਂ ਨੂੰ ਨਾਸ਼ ਕਰ ਦਿੱਤਾ।
28“ਲੋਤ ਦੇ ਦਿਨਾਂ ਵਿੱਚ ਵੀ ਇਹੋ ਸੀ। ਲੋਕ ਖਾ-ਪੀ ਰਹੇ ਸਨ, ਖਰੀਦ ਅਤੇ ਵੇਚ ਰਹੇ ਸਨ, ਪੌਦੇ ਲਗਾ ਰਹੇ ਸਨ ਅਤੇ ਇਮਾਰਤਾਂ ਬਣਾ ਰਹੇ ਸਨ। 29ਪਰ ਜਿਸ ਦਿਨ ਲੋਤ ਨੇ ਸੋਦੋਮ ਛੱਡ ਦਿੱਤਾ, ਸਵਰਗ ਤੋਂ ਅੱਗ ਅਤੇ ਗੰਧਕ ਦੀ ਵਰਖਾ ਹੋਈ ਅਤੇ ਉਹਨਾਂ ਸਾਰਿਆਂ ਨੂੰ ਨਾਸ਼ ਕਰ ਦਿੱਤਾ।#17:29 ਉਤ 19:24-25
30“ਇਹ ਬਿਲਕੁਲ ਇਸੇ ਤਰ੍ਹਾਂ ਹੀ ਹੋਵੇਗਾ ਜਦੋਂ ਮਨੁੱਖ ਦਾ ਪੁੱਤਰ ਪ੍ਰਗਟ ਹੋਵੇਗਾ। 31ਉਸ ਦਿਨ ਕੋਈ ਵੀ ਜਿਹੜਾ ਛੱਤ ਉੱਤੇ ਹੈ ਅਤੇ ਉਸ ਦੀਆਂ ਚੀਜ਼ਾਂ ਅੰਦਰ ਘਰ ਵਿੱਚ ਹਨ, ਉਹ ਉਹਨਾਂ ਨੂੰ ਲੈਣ ਲਈ ਹੇਠਾਂ ਨਾ ਜਾਵੇ। ਇਸੇ ਤਰ੍ਹਾਂ, ਖੇਤ ਵਿੱਚੋਂ ਵੀ ਕਿਸੇ ਨੂੰ ਕੋਈ ਚੀਜ਼ ਲੈਣ ਲਈ ਵਾਪਸ ਨਹੀਂ ਜਾਣਾ ਚਾਹੀਦਾ। 32ਯਾਦ ਕਰੋ ਲੋਤ ਦੀ ਪਤਨੀ ਨੂੰ!#17:32 ਉਤ 19:17,26 33ਜਿਹੜਾ ਵੀ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰੇਗਾ ਉਹ ਇਸ ਨੂੰ ਗੁਆ ਦੇਵੇਗਾ, ਅਤੇ ਜਿਹੜਾ ਆਪਣੀ ਜਾਨ ਗੁਆ ਬੈਠਦਾ ਹੈ ਉਹ ਉਸਨੂੰ ਬਚਾ ਲਵੇਗਾ। 34ਮੈਂ ਤੁਹਾਨੂੰ ਦੱਸਦਾ ਹਾਂ, ਉਸ ਰਾਤ ਦੋ ਲੋਕ ਇੱਕ ਬਿਸਤਰੇ ਤੇ ਹੋਣਗੇ; ਇੱਕ ਚੁੱਕ ਲਿਆ ਜਾਵੇਗਾ ਅਤੇ ਦੂਜਾ ਛੱਡ ਦਿੱਤਾ ਜਾਵੇਗਾ। 35ਦੋ ਔਰਤਾਂ ਇਕੱਠੇ ਅਨਾਜ ਪੀਹ ਰਹੀਆਂ ਹੋਣਗੀਆਂ, ਇੱਕ ਚੁੱਕ ਲਈ ਜਾਵੇਗੀ ਅਤੇ ਦੂਜੀ ਛੱਡ ਦਿੱਤੀ ਜਾਵੇਗੀ। 36ਦੋ ਲੋਕ ਖੇਤ ਵਿੱਚ ਕੰਮ ਕਰ ਰਹੇ ਹੋਣਗੇ, ਇੱਕ ਨੂੰ ਚੁੱਕ ਲਿਆ ਜਾਵੇਗਾ, ਦੂਜਾ ਛੱਡ ਦਿੱਤਾ ਜਾਵੇਗਾ।”#17:36 ਕੁਝ ਲਿਖਤਾਂ ਵਿੱਚ ਇਹ ਸ਼ਬਦ ਸ਼ਾਮਲ ਨਹੀਂ ਹਨ।
37“ਕਦੋਂ, ਪ੍ਰਭੂ?” ਚੇਲਿਆਂ ਨੇ ਪੁੱਛਿਆ।
ਯਿਸ਼ੂ ਨੇ ਜਵਾਬ ਦਿੱਤਾ, “ਜਿੱਥੇ ਕਿੱਤੇ ਲਾਸ਼ ਹੋਵੇ, ਉੱਥੇ ਗਿਰਝਾਂ ਇਕੱਠੀਆਂ ਹੁੰਦਿਆਂ ਹਨ।”