18
ਇੱਕ ਵਿਧਵਾ ਦੀ ਦਿੜ੍ਹਤਾ ਦੀ ਦ੍ਰਿਸ਼ਟਾਂਤ
1ਇੱਕ ਦਿਨ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਇੱਕ ਦ੍ਰਿਸ਼ਟਾਂਤ ਸੁਣੋਦਿਆਂ ਉਹਨਾਂ ਨੂੰ ਇਹ ਦਰਸਾਇਆ ਕਿ ਉਹਨਾਂ ਨੂੰ ਹਮੇਸ਼ਾ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਹਾਰ ਨਹੀਂ ਮੰਨਣੀ ਚਾਹੀਦੀ। 2ਉਹਨਾਂ ਨੇ ਕਿਹਾ: “ਕਿਸੇ ਸ਼ਹਿਰ ਵਿੱਚ ਇੱਕ ਜੱਜ ਸੀ ਜੋ ਨਾ ਤਾਂ ਪਰਮੇਸ਼ਵਰ ਦਾ ਡਰ ਮੰਨਦਾ ਸੀ ਅਤੇ ਨਾ ਹੀ ਲੋਕਾਂ ਦੀ ਸੋਚ ਦੀ ਪਰਵਾਹ ਕਰਦਾ ਸੀ। 3ਅਤੇ ਉਸ ਨਗਰ ਵਿੱਚ ਇੱਕ ਵਿਧਵਾ ਔਰਤ ਸੀ ਜੋ ਉਸ ਕੋਲ ਬੇਨਤੀ ਕਰਦੀ ਰਹੀ, ‘ਮੈਨੂੰ ਮੇਰੇ ਵਿਰੋਧੀਆਂ ਵਿਰੁੱਧ ਨਿਆਂ ਦਿਓ।’
4“ਕੁਝ ਸਮੇਂ ਲਈ ਉਸ ਜੱਜ ਨੇ ਇਨਕਾਰ ਕੀਤਾ। ਪਰ ਅੰਤ ਵਿੱਚ ਉਸਨੇ ਆਪਣੇ ਆਪ ਨੂੰ ਕਿਹਾ, ‘ਭਾਵੇਂ ਕਿ ਮੈਂ ਪਰਮੇਸ਼ਵਰ ਦਾ ਡਰ ਨਹੀਂ ਮੰਨਦਾ ਜਾਂ ਪਰਵਾਹ ਨਹੀਂ ਕਰਦਾ ਕਿ ਲੋਕ ਕੀ ਸੋਚਦੇ ਹਨ, 5ਫਿਰ ਵੀ ਕਿਉਂਕਿ ਇਹ ਵਿਧਵਾ ਮੈਨੂੰ ਪਰੇਸ਼ਾਨ ਕਰਦੀ ਰਹਿੰਦੀ ਹੈ, ਇਸ ਲਈ ਇਹ ਵਧੀਆ ਰਹੇਗਾ ਕਿ ਮੈਂ ਇਸ ਦਾ ਨਿਆਂ ਕਰਾ ਤਾਂ ਜੋ ਇਹ ਬਾਰ-ਬਾਰ ਆ ਕੇ ਮੈਨੂੰ ਤੰਗ ਨਾ ਕਰੇ।’ ”
6ਅਤੇ ਪ੍ਰਭੂ ਨੇ ਅੱਗੇ ਕਿਹਾ, “ਉਸ ਬੇਇਨਸਾਫ ਜੱਜ ਦੇ ਸ਼ਬਦਾਂ ਵੱਲ ਧਿਆਨ ਦਿਓ ਜੋ ਉਹ ਕੀ ਕਹਿੰਦਾ ਹੈ। 7ਅਤੇ ਕੀ ਪਰਮੇਸ਼ਵਰ ਆਪਣੇ ਚੁਣੇ ਹੋਏ ਲੋਕਾਂ ਲਈ ਨਿਆਂ ਨਹੀਂ ਕਰਣਗੇ, ਜੋ ਉਹਨਾਂ ਨੂੰ ਦਿਨ-ਰਾਤ ਪੁਕਾਰਦੇ ਹਨ? ਕੀ ਉਹ ਉਹਨਾਂ ਨੂੰ ਤਿਆਗਦੇ ਰਹਿਣਗੇ? 8ਮੈਂ ਤੁਹਾਨੂੰ ਦੱਸਦਾ ਹਾਂ, ਉਹ ਵੇਖਣਗੇ ਕਿ ਉਹਨਾਂ ਨੂੰ ਜਲਦੀ ਨਿਆਂ ਮਿਲੇ। ਪਰ ਜਦੋਂ ਮਨੁੱਖ ਦਾ ਪੁੱਤਰ ਆਵੇਗਾ, ਕੀ ਉਸ ਵੇਲੇ ਤੱਕ ਧਰਤੀ ਉੱਤੇ ਵਿਸ਼ਵਾਸ ਬਣਿਆ ਰਹੇਗਾ?”
ਫ਼ਰੀਸੀ ਅਤੇ ਚੁੰਗੀ ਲੈਣ ਵਾਲੇ ਦਾ ਦ੍ਰਿਸ਼ਟਾਂਤ
9ਯਿਸ਼ੂ ਨੇ ਉਹਨਾਂ ਲਈ ਜਿਹੜੇ ਆਪਣੇ ਆਪ ਨੂੰ ਧਰਮੀ ਮੰਨਦੇ ਸਨ ਪਰ ਦੂਜਿਆਂ ਨੂੰ ਹੀਣ ਭਾਵਨਾ ਨਾਲ ਵੇਖਦੇ ਸਨ ਅਤੇ ਇਹ ਦ੍ਰਿਸ਼ਟਾਂਤ ਸੁਣਾਇਆ: 10“ਦੋ ਆਦਮੀ ਹੈਕਲ ਵਿੱਚ ਪ੍ਰਾਰਥਨਾ ਕਰਨ ਲਈ ਗਏ, ਇੱਕ ਫ਼ਰੀਸੀ ਅਤੇ ਦੂਸਰਾ ਇੱਕ ਚੁੰਗੀ ਲੈਣ ਵਾਲਾ। 11ਫ਼ਰੀਸੀ ਨੇ ਖੜ੍ਹੇ ਹੋ ਕੇ ਇਸ ਤਰ੍ਹਾਂ ਪ੍ਰਾਰਥਨਾ ਕੀਤੀ: ‘ਹੇ ਪਰਮੇਸ਼ਵਰ, ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਮੈਂ ਦੂਸਰੇ ਲੋਕਾਂ ਦੀ ਤਰ੍ਹਾਂ ਨਹੀਂ ਹਾਂ: ਲੁਟੇਰੇ, ਬਦਕਾਰੀ, ਵਿਭਚਾਰੀ ਜਾਂ ਇੱਥੋ ਤੱਕ ਕਿ ਇਸ ਚੁੰਗੀ ਲੈਣ ਵਾਲੇ ਵਾਂਗ ਨਹੀਂ ਹਾਂ। 12ਮੈਂ ਹਫ਼ਤੇ ਵਿੱਚ ਦੋ ਵਾਰ ਵਰਤ ਰੱਖਦਾ ਹਾਂ ਅਤੇ ਜੋ ਵੀ ਮੈਨੂੰ ਮਿਲਦਾ ਹੈ ਉਸ ਦਾ ਦਸਵੰਧ ਦਿੰਦਾ ਹਾਂ।’
13“ਪਰ ਚੁੰਗੀ ਲੈਣ ਵਾਲਾ ਕੁਝ ਦੂਰੀ ਉੱਤੇ ਖੜ੍ਹਾ ਰਿਹਾ। ਉਹ ਸਵਰਗ ਵੱਲ ਵੇਖ ਤੱਕ ਨਹੀਂ ਰਿਹਾ ਸੀ, ਪਰ ਆਪਣੀ ਛਾਤੀ ਨੂੰ ਕੁੱਟਦੇ ਹੋਏ ਪ੍ਰਾਰਥਨਾ ਕੀਤੀ, ‘ਹੇ ਪਰਮੇਸ਼ਵਰ, ਮੈਂ ਇੱਕ ਪਾਪੀ ਹਾਂ, ਮੇਰੇ ਤੇ ਕਿਰਪਾ ਕਰੋ।’
14“ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਚੁੰਗੀ ਲੈਣ ਵਾਲਾ, ਦੂਸਰੇ ਦੀ ਬਜਾਏ, ਪਰਮੇਸ਼ਵਰ ਦੇ ਅੱਗੇ ਧਰਮੀ ਠਹਿਰਿਆ। ਜੋ ਕੋਈ ਆਪਣੇ ਆਪ ਨੂੰ ਉੱਚਾ ਕਰੇਗਾ, ਉਹ ਨੀਵਾਂ ਕੀਤਾ ਜਾਵੇਗਾ, ਅਤੇ ਜੋ ਕੋਈ ਆਪਣੇ ਆਪ ਨੂੰ ਨੀਵਾਂ ਕਰੇਗਾ, ਉਹ ਉੱਚਾ ਕੀਤਾ ਜਾਵੇਗਾ।”
ਯਿਸ਼ੂ ਅਤੇ ਛੋਟੇ ਬੱਚੇ
15ਲੋਕ ਆਪਣੇ ਛੋਟੇ ਬੱਚਿਆਂ ਨੂੰ ਯਿਸ਼ੂ ਕੋਲ ਲਿਆ ਰਹੇ ਸਨ ਤਾਂ ਕਿ ਉਹ ਉਹਨਾਂ ਬੱਚਿਆਂ ਨੂੰ ਅਸੀਸ ਦੇਣ। ਜਦੋਂ ਚੇਲਿਆਂ ਨੇ ਇਹ ਵੇਖਿਆ ਤਾਂ ਉਹਨਾਂ ਨੇ ਉਹਨਾਂ ਨੂੰ ਝਿੜਕਿਆ 16ਪਰ ਯਿਸ਼ੂ ਨੇ ਬੱਚਿਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ, “ਛੋਟੇ ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ ਅਤੇ ਉਹਨਾਂ ਨੂੰ ਨਾ ਰੋਕੋ ਕਿਉਂਕਿ ਪਰਮੇਸ਼ਵਰ ਦਾ ਰਾਜ ਉਹਨਾਂ ਵਰਗਿਆਂ ਦਾ ਹੀ ਹੈ। 17ਮੈਂ ਤੁਹਾਨੂੰ ਸੱਚ ਆਖਦਾ ਹਾਂ, ਜਿਹੜਾ ਮਨੁੱਖ ਇੱਕ ਛੋਟੇ ਬੱਚੇ ਵਾਂਗ ਪਰਮੇਸ਼ਵਰ ਦੇ ਰਾਜ ਨੂੰ ਕਬੂਲ ਨਹੀਂ ਕਰੇਗਾ ਉਹ ਕਦੇ ਵੀ ਉਸ ਵਿੱਚ ਪ੍ਰਵੇਸ਼ ਨਹੀਂ ਕਰੇਗਾ।”
ਅਮੀਰ ਅਤੇ ਪਰਮੇਸ਼ਵਰ ਦਾ ਰਾਜ
18ਇੱਕ ਯਹੂਦੀ ਪ੍ਰਧਾਨ ਨੇ ਉਹਨਾਂ ਨੂੰ ਪੁੱਛਿਆ, “ਚੰਗੇ ਗੁਰੂ ਜੀ, ਸਦੀਪਕ ਜੀਵਨ ਪ੍ਰਾਪਤ ਕਰਨ ਲਈ ਮੈਂ ਕੀ ਕਰਾ?”
19“ਤੁਸੀਂ ਮੈਨੂੰ ਚੰਗਾ ਕਿਉਂ ਕਹਿੰਦੇ ਹੋ?” ਯਿਸ਼ੂ ਨੇ ਜਵਾਬ ਦਿੱਤਾ। “ਪਰਮੇਸ਼ਵਰ ਤੋਂ ਇਲਾਵਾ ਕੋਈ ਵੀ ਚੰਗਾ ਨਹੀਂ ਹੈ। 20ਤੁਸੀਂ ਇਨ੍ਹਾਂ ਹੁਕਮਾਂ ਨੂੰ ਜਾਣਦੇ ਹੋ: ‘ਤੁਸੀਂ ਵਿਭਚਾਰ ਨਾ ਕਰਨਾ, ਕਤਲ ਨਾ ਕਰਨਾ, ਚੋਰੀ ਨਾ ਕਰਨਾ, ਝੂਠੀ ਗਵਾਹੀ ਨਾ ਦੇਣਾ, ਆਪਣੇ ਪਿਤਾ ਅਤੇ ਮਾਤਾ ਦਾ ਆਦਰ ਕਰਨਾ।’#18:20 ਕੂਚ 20:12-16; ਵਿਵ 5:16-20
21“ਇਹ ਸਭ ਕੁਝ ਮੈਂ ਬਚਪਨ ਤੋਂ ਹੀ ਕਰਦਾ ਆ ਰਿਹਾ ਹਾਂ,” ਉਸਨੇ ਕਿਹਾ।
22ਜਦੋਂ ਯਿਸ਼ੂ ਨੇ ਇਹ ਸੁਣਿਆ ਤਾਂ ਉਹਨਾਂ ਨੇ ਉਸ ਨੂੰ ਕਿਹਾ, “ਅਜੇ ਵੀ ਇੱਕ ਚੀਜ਼ ਦੀ ਘਾਟ ਹੈ। ਤੁਹਾਡੇ ਕੋਲ ਜੋ ਵੀ ਹੈ ਸਭ ਵੇਚ ਦਿਓ ਅਤੇ ਗ਼ਰੀਬਾਂ ਨੂੰ ਦੇ ਦਿਓ, ਅਤੇ ਤੁਹਾਡੇ ਕੋਲ ਸਵਰਗ ਵਿੱਚ ਧਨ ਹੋਵੇਗਾ। ਫੇਰ ਆਓ, ਮੇਰੇ ਮਗਰ ਚੱਲੋ।”
23ਜਦੋਂ ਉਸਨੇ ਇਹ ਸੁਣਿਆ ਤਾਂ ਉਹ ਬੜਾ ਉਦਾਸ ਹੋਇਆ ਕਿਉਂਕਿ ਉਹ ਬਹੁਤ ਧਨਵਾਨ ਸੀ। 24ਯਿਸ਼ੂ ਨੇ ਉਸ ਵੱਲ ਵੇਖਿਆ ਅਤੇ ਕਿਹਾ, “ਅਮੀਰ ਲੋਕਾਂ ਲਈ ਪਰਮੇਸ਼ਵਰ ਦੇ ਰਾਜ ਵਿੱਚ ਦਾਖਲ ਹੋਣਾ ਕਿੰਨਾ ਔਖਾ ਹੈ! 25ਦਰਅਸਲ, ਕਿਸੇ ਅਮੀਰ ਆਦਮੀ ਦੇ ਪਰਮੇਸ਼ਵਰ ਦੇ ਰਾਜ ਵਿੱਚ ਦਾਖਲ ਹੋਣ ਨਾਲੋਂ ਊਠ ਦਾ ਸੂਈ ਦੀ ਮੋਰੀ ਵਿੱਚੋਂ ਪਾਰ ਲੰਘਣਾ ਸੌਖਾ ਹੈ।”
26ਜਿਨ੍ਹਾਂ ਨੇ ਇਹ ਸੁਣਿਆ ਉਹਨਾਂ ਨੇ ਪੁੱਛਿਆ, “ਤਾਂ ਫਿਰ ਕੌਣ ਬਚਾਇਆ ਜਾ ਸਕਦਾ ਹੈ?”
27ਯਿਸ਼ੂ ਨੇ ਉੱਤਰ ਦਿੱਤਾ, “ਮਨੁੱਖ ਨਾਲ ਲਈ ਅਸੰਭਵ ਹੈ ਉਹ ਪਰਮੇਸ਼ਵਰ ਲਈ ਸੰਭਵ ਹੈ।”
28ਫਿਰ ਪਤਰਸ ਨੇ ਯਿਸ਼ੂ ਨੂੰ ਕਿਹਾ, “ਅਸੀਂ ਆਪਣਾ ਸਭ ਕੁਝ ਛੱਡ ਕੇ ਤੁਹਾਡੇ ਮਗਰ ਚੱਲ ਰਹੇ ਹਾਂ।”
29ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕੋਈ ਵੀ ਜਿਸਨੇ ਪਰਮੇਸ਼ਵਰ ਦੇ ਰਾਜ ਦੀ ਖ਼ਾਤਰ ਆਪਣਾ ਘਰ, ਪਤਨੀ, ਭਰਾ, ਭੈਣਾਂ, ਮਾਪਿਆਂ ਜਾਂ ਬੱਚਿਆਂ ਨੂੰ ਛੱਡ ਦਿੱਤਾ ਹੋਵੇ 30ਇਸ ਯੁੱਗ ਵਿੱਚ ਕਈ ਗੁਣਾ ਵੱਧ ਅਤੇ ਆਉਣ ਵਾਲੇ ਸਮੇਂ ਵਿੱਚ ਸਦੀਪਕ ਜੀਵਨ ਪ੍ਰਾਪਤ ਨਾ ਕਰੇ।”
ਯਿਸ਼ੂ ਨੇ ਆਪਣੀ ਮੌਤ ਦੀ ਤੀਜੀ ਵਾਰ ਭਵਿੱਖਬਾਣੀ ਕੀਤੀ
31ਯਿਸ਼ੂ ਨੇ ਬਾਰ੍ਹਾਂ ਨੂੰ ਇੱਕ ਪਾਸੇ ਬੁਲਾਇਆ ਅਤੇ ਉਹਨਾਂ ਨੂੰ ਕਿਹਾ, “ਅਸੀਂ ਯੇਰੂਸ਼ਲੇਮ ਨੂੰ ਜਾ ਰਹੇ ਹਾਂ, ਅਤੇ ਜੋ ਕੁਝ ਨਬੀਆਂ ਨੇ ਮਨੁੱਖ ਦੇ ਪੁੱਤਰ ਬਾਰੇ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ ਉਹ ਪੂਰਾ ਹੋਣ ਵਾਲਾ ਹੈ। 32ਉਸਨੂੰ ਗ਼ੈਰ-ਯਹੂਦੀਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਉਹ ਉਸਦਾ ਮਜ਼ਾਕ ਉਡਾਉਣਗੇ, ਉਸਦਾ ਅਪਮਾਨ ਕਰਨਗੇ ਅਤੇ ਉਹ ਉਸ ਉੱਤੇ ਥੁੱਕਣਗੇ। 33ਉਹ ਉਸਨੂੰ ਕੋੜੇ ਮਾਰਨਗੇ ਅਤੇ ਨਾਲੇ ਉਸ ਨੂੰ ਮਾਰ ਦੇਣਗੇ। ਤੀਜੇ ਦਿਨ ਉਹ ਫਿਰ ਜੀ ਉੱਠੇਗਾ।”
34ਚੇਲਿਆਂ ਨੂੰ ਇਸ ਗੱਲ ਦੀ ਕੋਈ ਸਮਝ ਨਹੀਂ ਸੀ ਆਈ। ਇਸਦਾ ਅਰਥ ਉਹਨਾਂ ਤੋਂ ਲੁਕਿਆ ਹੋਇਆ ਸੀ ਅਤੇ ਉਹ ਨਹੀਂ ਜਾਣਦੇ ਸਨ ਕਿ ਉਹ ਕਿਸ ਬਾਰੇ ਗੱਲ ਕਰ ਰਹੇ ਹਨ।
ਇੱਕ ਅੰਨ੍ਹਾ ਭਿਖਾਰੀ ਆਪਣੀ ਨਜ਼ਰ ਪ੍ਰਾਪਤ ਕਰਦਾ ਹੈ
35ਜਦੋਂ ਯਿਸ਼ੂ ਯੇਰੀਖ਼ੋ ਨਗਰ ਦੇ ਕੋਲ ਪਹੁੰਚੇ, ਇੱਕ ਅੰਨ੍ਹਾ ਆਦਮੀ ਸੜਕ ਦੇ ਕਿਨਾਰੇ ਭੀਖ ਮੰਗ ਰਿਹਾ ਸੀ। 36ਜਦੋਂ ਉਸ ਨੇ ਭੀੜ ਨੂੰ ਜਾਂਦੇ ਹੋਏ ਸੁਣਿਆ, ਤਾਂ ਉਸਨੇ ਪੁੱਛਿਆ ਕਿ ਇਹ ਕੀ ਹੋ ਰਿਹਾ ਹੈ। 37ਉਹਨਾਂ ਨੇ ਉਸਨੂੰ ਕਿਹਾ, “ਯਿਸ਼ੂ ਨਾਸਰੀ ਲੰਘ ਰਹੇ ਹਨ।”
38ਉਸਨੇ ਚੀਕ ਕੇ ਕਿਹਾ, “ਯਿਸ਼ੂ, ਦਾਵੀਦ ਦੇ ਪੁੱਤਰ, ਮੇਰੇ ਤੇ ਕਿਰਪਾ ਕਰੋ!”
39ਜਿਹੜੇ ਲੋਕ ਅੱਗੇ-ਅੱਗੇ ਚੱਲ ਰਹੇ ਸਨ ਉਹਨਾਂ ਨੇ ਉਸਨੂੰ ਝਿੜਕਿਆ ਅਤੇ ਚੁੱਪ ਰਹਿਣ ਲਈ ਕਿਹਾ, ਪਰ ਉਸਨੇ ਹੋਰ ਰੌਲਾ ਪਾਇਆ, “ਦਾਵੀਦ ਦੇ ਪੁੱਤਰ ਮੇਰੇ ਤੇ ਕਿਰਪਾ ਕਰੋ!”
40ਯਿਸ਼ੂ ਨੇ ਰੁਕ ਕੇ ਉਸ ਆਦਮੀ ਨੂੰ ਆਪਣੇ ਕੋਲ ਲਿਆਉਣ ਦਾ ਹੁਕਮ ਦਿੱਤਾ। ਜਦੋਂ ਉਹ ਨੇੜੇ ਆਇਆ ਤਾਂ ਯਿਸ਼ੂ ਨੇ ਉਸਨੂੰ ਪੁੱਛਿਆ, 41“ਤੂੰ ਕੀ ਚਾਹੁੰਦਾ ਹੈ ਜੋ ਮੈਂ ਤੇਰੇ ਲਈ ਕਰਾ?”
“ਪ੍ਰਭੂ, ਮੈਂ ਵੇਖਣਾ ਚਾਹੁੰਦਾ ਹਾਂ,” ਉਸਨੇ ਜਵਾਬ ਦਿੱਤਾ।
42ਯਿਸ਼ੂ ਨੇ ਉਸਨੂੰ ਕਿਹਾ, “ਸੁਜਾਖਾ ਹੋ ਜਾ; ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ।” 43ਤੁਰੰਤ ਹੀ ਉਹ ਵੇਖਣ ਲੱਗਾ ਅਤੇ ਉਹ ਪਰਮੇਸ਼ਵਰ ਦੀ ਵਡਿਆਈ ਕਰਦਾ ਹੋਇਆ ਯਿਸ਼ੂ ਦੇ ਮਗਰ ਹੋ ਤੁਰਿਆ। ਜਦੋਂ ਸਾਰੇ ਲੋਕਾਂ ਨੇ ਇਹ ਵੇਖਿਆ, ਉਹਨਾਂ ਨੇ ਵੀ ਪਰਮੇਸ਼ਵਰ ਦੀ ਵਡਿਆਈ ਕੀਤੀ।