YouVersion Logo
Search Icon

ਲੂਕਸ 19

19
ਜ਼ਕਖਾਇਯਾਸ ਚੁੰਗੀ ਲੈਣ ਵਾਲਾ
1ਯਿਸ਼ੂ ਯੇਰੀਖ਼ੋ ਨਗਰ ਵਿੱਚ ਦਾਖਲ ਹੋਏ ਅਤੇ ਉੱਥੋਂ ਦੀ ਲੰਘ ਰਹੇ ਸੀ। 2ਉੱਥੇ ਜ਼ਕਖਾਇਯਾਸ ਨਾਮ ਦਾ ਇੱਕ ਆਦਮੀ ਸੀ, ਜਿਹੜਾ ਕਿ ਮੁੱਖ ਚੁੰਗੀ ਲੈਣ ਵਾਲਾ ਅਤੇ ਅਮੀਰ ਆਦਮੀ ਸੀ। 3ਉਹ ਇਹ ਵੇਖਣਾ ਚਾਹੁੰਦਾ ਸੀ ਕਿ ਯਿਸ਼ੂ ਕੌਣ ਹਨ, ਪਰ ਉਹ ਕੱਦ ਦਾ ਮਦਰਾ ਹੋਣ ਕਰਕੇ ਭੀੜ ਵਿੱਚੋਂ ਯਿਸ਼ੂ ਨੂੰ ਵੇਖ ਨਾ ਸਕਿਆ। 4ਤਾਂ ਉਹ ਯਿਸ਼ੂ ਨੂੰ ਵੇਖਣ ਲਈ ਅੱਗੇ ਭੱਜਿਆ ਅਤੇ ਇੱਕ ਗੂਲਰ ਦੇ ਰੁੱਖ ਤੇ ਚੜ੍ਹਿਆ, ਕਿਉਂਕਿ ਯਿਸ਼ੂ ਉਸੇ ਰਸਤੇ ਤੋਂ ਆ ਰਹੇ ਸੀ।
5ਜਦੋਂ ਯਿਸ਼ੂ ਉੱਥੇ ਪਹੁੰਚੇ, ਉਹਨਾਂ ਨੇ ਉੱਪਰ ਵੇਖਿਆ ਅਤੇ ਉਸਨੂੰ ਕਿਹਾ, “ਜ਼ਕਖਾਇਯਾਸ, ਤੁਰੰਤ ਹੇਠਾਂ ਆ ਜਾ। ਜ਼ਰੂਰੀ ਹੈ ਕਿ ਅੱਜ ਮੈਂ ਤੇਰੇ ਘਰ ਵਿੱਚ ਠਹਿਰਾ।” 6ਇਸ ਲਈ ਉਹ ਇੱਕ ਦਮ ਹੇਠਾਂ ਆਇਆ ਅਤੇ ਖੁਸ਼ੀ ਨਾਲ ਯਿਸ਼ੂ ਦਾ ਆਪਣੇ ਘਰ ਵਿੱਚ ਸਵਾਗਤ ਕੀਤਾ।
7ਸਾਰੇ ਲੋਕਾਂ ਨੇ ਇਹ ਵੇਖਿਆ ਅਤੇ ਬੁੜਬੜੋਨ ਲੱਗੇ, “ਉਹ ਇੱਕ ਪਾਪੀ ਮਨੁੱਖ ਦੇ ਘਰ ਮਹਿਮਾਨ ਬਣ ਕੇ ਗਿਆ ਹੈ।”
8ਪਰ ਜ਼ਕਖਾਇਯਾਸ ਖੜ੍ਹਾ ਹੋ ਕੇ ਪ੍ਰਭੂ ਨੂੰ ਆਖਣ ਲੱਗਾ, “ਹੇ ਪ੍ਰਭੂ! ਇੱਥੇ ਹੀ ਅਤੇ ਹੁਣੇ ਹੀ ਮੈਂ ਆਪਣੀ ਅੱਧੀ ਜਾਇਦਾਦ ਗ਼ਰੀਬਾਂ ਨੂੰ ਦਿੰਦਾ ਹਾਂ, ਅਤੇ ਜੇ ਮੈਂ ਕਿਸੇ ਨਾਲ ਧੋਖਾ ਕੀਤਾ ਤਾਂ ਮੈਂ ਉਸ ਨੂੰ ਚਾਰ ਗੁਣਾ ਵਾਪਸ ਕਰ ਦਿਆਂਗਾ।”
9ਯਿਸ਼ੂ ਨੇ ਉਸਨੂੰ ਕਿਹਾ, “ਅੱਜ ਇਸ ਘਰ ਵਿੱਚ ਮੁਕਤੀ ਆਈ ਹੈ, ਕਿਉਂਕਿ ਇਹ ਆਦਮੀ ਵੀ ਅਬਰਾਹਾਮ ਦੀ ਪੀੜ੍ਹੀ ਵਿੱਚੋਂ ਇੱਕ ਹੈ। 10ਮਨੁੱਖ ਦਾ ਪੁੱਤਰ ਗੁਆਚੇ ਹੋਏ ਲੋਕਾਂ ਨੂੰ ਲੱਭਣ ਅਤੇ ਬਚਾਉਣ ਲਈ ਆਇਆ ਹੈ।”
ਦਸ ਸੋਨੇ ਦੇ ਸਿੱਕਿਆ ਦੀ ਦ੍ਰਿਸ਼ਟਾਂਤ
11ਜਦੋਂ ਉਹ ਇਹ ਸੁਣ ਰਹੇ ਸਨ ਤਾਂ ਯਿਸ਼ੂ ਨੇ ਉਹਨਾਂ ਨੂੰ ਇੱਕ ਦ੍ਰਿਸ਼ਟਾਂਤ ਸੁਣਾਇਆ ਕਿਉਂਕਿ ਉਹ ਯੇਰੂਸ਼ਲੇਮ ਦੇ ਨੇੜੇ ਸੀ ਅਤੇ ਲੋਕਾਂ ਨੇ ਸੋਚਿਆ ਕਿ ਪਰਮੇਸ਼ਵਰ ਦਾ ਰਾਜ ਜਲਦੀ ਆਵੇਗਾ। 12ਉਸਨੇ ਕਿਹਾ: “ਇੱਕ ਨੇਕ ਆਦਮੀ ਆਪਣੇ ਆਪ ਨੂੰ ਰਾਜਾ ਬਣਾਉਣ ਲਈ ਅਤੇ ਫਿਰ ਵਾਪਸ ਆਉਣ ਲਈ ਇੱਕ ਦੂਰ ਦੇਸ਼ ਗਿਆ। 13ਇਸ ਲਈ ਉਸਨੇ ਆਪਣੇ ਦਸ ਸੇਵਕਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਦਸ ਸੋਨੇ ਦੇ ਸਿੱਕੇ ਦਿੱਤੇ ਅਤੇ ਕਿਹਾ, ‘ਮੇਰੇ ਵਾਪਿਸ ਆਉਣ ਤੱਕ ਇਸ ਪੈਸੇ ਨਾਲ ਵਪਾਰ ਕਰਨਾ।’
14“ਪਰ ਉਸਦੀ ਪਰ ਜਾ ਉਸ ਨਾਲ ਨਫ਼ਰਤ ਕਰਦੀ ਸੀ ਅਤੇ ਉਸਦੇ ਮਗਰੋਂ ਇੱਕ ਸੇਵਕਾਂ ਦੀ ਟੁਕੜੀ ਨੂੰ ਇਸ ਸੰਦੇਸ਼ ਨਾਲ ਭੇਜਿਆ, ‘ਅਸੀਂ ਨਹੀਂ ਚਾਹੁੰਦੇ ਕਿ ਇਹ ਆਦਮੀ ਸਾਡਾ ਰਾਜਾ ਬਣੇ।’
15“ਹਾਲਾਂਕਿ, ਉਸਨੂੰ ਰਾਜਾ ਬਣਾਇਆ ਗਿਆ ਅਤੇ ਘਰ ਪਰਤਿਆ। ਤਦ ਉਸਨੇ ਉਹਨਾਂ ਨੌਕਰਾਂ ਨੂੰ ਭੇਜਿਆ ਜਿਨ੍ਹਾਂ ਨੂੰ ਉਸਨੇ ਪੈਸੇ ਦਿੱਤੇ ਸਨ ਇਹ ਪਤਾ ਕਰਨ ਲਈ ਕਿ ਉਹਨਾਂ ਨੇ ਇਸ ਨਾਲ ਕੀ ਕਮਾਇਆ ਹੈ।
16“ਪਹਿਲਾਂ ਦਾਸ ਆਇਆ ਅਤੇ ਬੋਲਿਆ, ‘ਸ਼੍ਰੀਮਾਨ ਜੀ, ਤੁਹਾਡੇ ਦਿੱਤੇ ਦਸ ਸੋਨੇ ਦੇ ਸਿੱਕਿਆ ਤੋਂ ਮੈਂ ਦਸ ਹੋਰ ਕਮਾਏ ਹਨ।’
17“ ‘ਸ਼ਾਬਾਸ਼, ਮੇਰੇ ਚੰਗੇ ਸੇਵਕ!’ ਉਸ ਦੇ ਮਾਲਕ ਨੇ ਜਵਾਬ ਦਿੱਤਾ। ‘ਕਿਉਂਕਿ ਤੂੰ ਬਹੁਤ ਹੀ ਛੋਟੇ ਮਾਮਲੇ ਵਿੱਚ ਵਫ਼ਾਦਾਰ ਰਿਹਾ ਹੈ, ਇਸ ਲਈ ਤੂੰ ਦਸ ਸ਼ਹਿਰਾਂ ਦੀ ਜਿੰਮੇਦਾਰੀ ਸੰਭਾਲ।’
18“ਦੂਸਰਾ ਦਾਸ ਆਇਆ ਅਤੇ ਬੋਲਿਆ, ‘ਸ਼੍ਰੀਮਾਨ ਜੀ, ਤੁਹਾਡੇ ਦਿੱਤੇ ਦਸ ਸੋਨੇ ਦੇ ਸਿੱਕਿਆ ਤੋਂ ਮੈਂ ਪੰਜ ਹੋਰ ਕਮਾਏ ਹਨ।’
19“ਉਸ ਦੇ ਮਾਲਕ ਨੇ ਜਵਾਬ ਦਿੱਤਾ, ‘ਤੂੰ ਪੰਜ ਸ਼ਹਿਰਾਂ ਦੀ ਜਿੰਮੇਦਾਰੀ ਸੰਭਾਲ।’
20“ਫਿਰ ਇੱਕ ਹੋਰ ਨੌਕਰ ਆਇਆ ਅਤੇ ਉਸਨੇ ਆ ਕੇ ਕਿਹਾ, ‘ਸ਼੍ਰੀਮਾਨ ਜੀ, ਇਹ ਹੈ ਤੁਹਾਡੇ ਦਿੱਤੇ ਦਸ ਸੋਨੇ ਦੇ ਸਿੱਕੇ, ਜਿਸ ਨੂੰ ਮੈਂ ਇਸ ਨੂੰ ਕੱਪੜੇ ਦੇ ਟੁਕੜੇ ਵਿੱਚ ਲਪੇਟ ਕੇ ਰੱਖਿਆ ਹੋਇਆ ਹੈ। 21ਮੈਂ ਤੁਹਾਡੇ ਤੋਂ ਡਰਦਾ ਸੀ, ਕਿਉਂਕਿ ਤੁਸੀਂ ਸਖ਼ਤ ਆਦਮੀ ਹੋ। ਤੁਸੀਂ ਉਹ ਕੱਢ ਲੈਂਦੇ ਹੋ ਜੋ ਤੁਸੀਂ ਨਹੀਂ ਲਾਇਆ ਅਤੇ ਜੋ ਬੀਜਿਆ ਨਹੀਂ ਉਹ ਵੱਢਦੇ ਹੋ।’
22“ਉਸਦੇ ਮਾਲਕ ਨੇ ਉੱਤਰ ਦਿੱਤਾ, ‘ਹੇ ਦੁਸ਼ਟ ਨੌਕਰ, ਮੈਂ ਤੇਰੇ ਹੀ ਸ਼ਬਦਾਂ ਦੇ ਅਨੁਸਾਰ ਤੇਰਾ ਨਿਆਂ ਕਰਾਂਗਾ। ਤੂੰ ਜਾਣਦਾ ਸੀ, ਕਿ ਮੈਂ ਸਖ਼ਤ ਆਦਮੀ ਹਾਂ, ਜੋ ਮੈਂ ਨਹੀਂ ਲਿਆਂਦਾ, ਉਹ ਕੱਢ ਰਿਹਾ ਹਾਂ ਅਤੇ ਜੋ ਮੈਂ ਨਹੀਂ ਬੀਜਿਆ ਉਹ ਵੱਢ ਰਿਹਾ ਹਾਂ? 23ਤਾਂ ਫਿਰ ਤੂੰ ਮੇਰੇ ਪੈਸੇ ਜਮ੍ਹਾਂ ਕਿਉਂ ਨਹੀਂ ਕੀਤੇ? ਜਦੋਂ ਮੈਂ ਵਾਪਸ ਆਉਂਦਾ ਤਾਂ ਮੈਂ ਇਸ ਨੂੰ ਵਿਆਜ ਸਮੇਤ ਇਕੱਠਾ ਕਰ ਸਕਦਾ ਸੀ?’
24“ਤਦ ਉਸਨੇ ਉੱਥੇ ਖੜ੍ਹੇ ਲੋਕਾਂ ਨੂੰ ਕਿਹਾ, ‘ਉਸ ਕੋਲੋ ਸੋਨੇ ਦਾ ਸਿੱਕਾ ਲੈ ਲਓ ਅਤੇ ਉਸ ਨੂੰ ਦੇ ਦਿਓ ਜਿਸਦੇ ਕੋਲ ਦਸ ਸਿੱਕੇ ਹਨ।’
25“ਉਹਨਾਂ ਨੇ ਕਿਹਾ, ‘ਸ਼੍ਰੀਮਾਨ ਜੀ, ਉਸ ਕੋਲ ਪਹਿਲਾਂ ਹੀ ਦਸ ਹੈ!’
26“ਉਸਨੇ ਜਵਾਬ ਦਿੱਤਾ, ‘ਮੈਂ ਤੁਹਾਨੂੰ ਦੱਸਦਾ ਹਾਂ ਕਿ ਹਰੇਕ ਨੂੰ ਜਿਸ ਕੋਲ ਹੈ ਹੋਰ ਵੀ ਦਿੱਤਾ ਜਾਵੇਗਾ, ਪਰ ਜਿਸ ਕਿਸੇ ਕੋਲ ਕੁਝ ਵੀ ਨਹੀਂ ਹੈ ਉਸ ਤੋਂ ਜੋ ਉਹ ਦੇ ਕੋਲ ਹੈ ਉਹ ਵੀ ਲੈ ਲਿਆ ਜਾਵੇਗਾ। 27ਪਰ ਮੇਰੇ ਦੁਸ਼ਮਣ ਜੋ ਨਹੀਂ ਚਾਹੁੰਦੇ ਸਨ ਕਿ ਮੈਂ ਉਹਨਾਂ ਦਾ ਰਾਜਾ ਬਣਾ ਉਹਨਾਂ ਨੂੰ ਇੱਥੇ ਮੇਰੇ ਕੋਲ ਅਤੇ ਉਹਨਾਂ ਨੂੰ ਮੇਰੇ ਸਾਹਮਣੇ ਮਾਰ ਸੁੱਟੋ।’ ”
ਯਿਸ਼ੂ ਰਾਜਾ ਬਣ ਕੇ ਯੇਰੂਸ਼ਲੇਮ ਆਏ
28ਇਹ ਕਹਿਣ ਤੋਂ ਬਾਅਦ, ਯਿਸ਼ੂ ਯੇਰੂਸ਼ਲੇਮ ਵੱਲ ਨੂੰ ਤੁਰ ਪਏ। 29ਜਦੋਂ ਯਿਸ਼ੂ ਜ਼ੈਤੂਨ ਨਾਮ ਦੇ ਪਹਾੜ ਉੱਤੇ ਇੱਕ ਪਿੰਡ ਬੈਥਫ਼ਗੇ ਅਤੇ ਬੈਥਨੀਆ ਦੇ ਨਗਰ ਪਹੁੰਚੇ, ਤਾਂ ਉਹਨਾਂ ਨੇ ਆਪਣੇ ਦੋ ਚੇਲਿਆਂ ਨੂੰ ਇਸ ਹੁਕਮ ਨਾਲ ਅੱਗੇ ਭੇਜਿਆ, 30“ਉਸ ਪਿੰਡ ਵਿੱਚ ਜਾਓ ਜਿਹੜਾ ਤੁਹਾਡੇ ਸਾਮ੍ਹਣੇ ਹੈ, ਅਤੇ ਜਿਸ ਤਰਾ ਹੀ ਤੁਸੀਂ ਪਿੰਡ ਵਿੱਚ ਵੜੋਂਗੇ। ਤੁਸੀਂ ਉੱਥੇ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਵੇਖੋਂਗੇ, ਜਿਸ ਉੱਤੇ ਕਦੇ ਕੋਈ ਸਵਾਰ ਨਹੀਂ ਹੋਇਆ। ਉਸ ਨੂੰ ਖੋਲ੍ਹੋ ਅਤੇ ਇੱਥੇ ਲਿਆਓ। 31ਜੇ ਕੋਈ ਤੁਹਾਨੂੰ ਪੁੱਛਦਾ ਹੈ, ‘ਤੁਸੀਂ ਇਸ ਨੂੰ ਕਿਉਂ ਖੋਲ੍ਹ ਰਹੇ ਹੋ?’ ਤਾਂ ਕਹੋ, ‘ਪ੍ਰਭੂ ਨੂੰ ਇਸਦੀ ਜ਼ਰੂਰਤ ਹੈ।’ ”
32ਜਿਨ੍ਹਾਂ ਨੂੰ ਭੇਜਿਆ ਗਿਆ ਸੀ ਉਹ ਗਏ ਅਤੇ ਉਹਨਾਂ ਨੇ ਸਭ ਕੁਝ ਉਵੇਂ ਮਿਲਿਆ ਜਿਵੇਂ ਪ੍ਰਭੂ ਨੇ ਉਹਨਾਂ ਨੂੰ ਕਿਹਾ ਸੀ। 33ਜਦੋਂ ਉਹ ਗਧੀ ਦੇ ਬੱਚੇ ਨੂੰ ਖੋਲ੍ਹ ਰਹੇ ਸਨ ਤਾਂ ਉਸ ਦੇ ਮਾਲਕਾਂ ਨੇ ਉਹਨਾਂ ਨੂੰ ਪੁੱਛਿਆ, “ਤੁਸੀਂ ਗਧੀ ਦੇ ਬੱਚੇ ਨੂੰ ਕਿਉਂ ਖੋਲ੍ਹ ਰਹੇ ਹੋ?”
34ਉਹਨਾਂ ਨੇ ਉੱਤਰ ਦਿੱਤਾ, “ਪ੍ਰਭੂ ਨੂੰ ਇਸਦੀ ਜ਼ਰੂਰਤ ਹੈ।”
35ਉਹ ਇਸ ਨੂੰ ਯਿਸ਼ੂ ਕੋਲ ਲਿਆਏ ਉਹਨਾਂ ਨੇ ਆਪਣੇ ਕੱਪੜੇ ਗਧੇ ਉੱਤੇ ਸੁੱਟ ਦਿੱਤੇ ਅਤੇ ਯਿਸ਼ੂ ਨੂੰ ਉਸ ਉੱਪਰ ਬਿਠਾ ਦਿੱਤਾ। 36ਜਦੋਂ ਯਿਸ਼ੂ ਜਾ ਰਹੇ ਸਨ ਤਾਂ ਲੋਕਾਂ ਨੇ ਆਪਣੇ ਕੱਪੜੇ ਲਾ ਕੇ ਸੜਕ ਤੇ ਬਿਛਾ ਦਿੱਤੇ।
37ਜਦੋਂ ਉਹ ਉਸ ਜਗ੍ਹਾ ਦੇ ਨੇੜੇ ਆਏ ਜਿੱਥੇ ਇਹ ਰਸਤਾ ਜ਼ੈਤੂਨ ਦੇ ਪਹਾੜ ਤੋਂ ਹੇਠਾਂ ਜਾਂਦਾ ਹੈ, ਚੇਲਿਆਂ ਦੀ ਸਾਰੀ ਭੀੜ ਉੱਚੀ ਆਵਾਜ਼ ਵਿੱਚ ਪਰਮੇਸ਼ਵਰ ਦੀ ਵਡਿਆਈ ਕਰਨ ਲਈ ਉਹਨਾਂ ਸਾਰੇ ਚਮਤਕਾਰਾਂ ਲਈ ਜੋਸ਼ ਨਾਲ ਵੇਖਣ ਲੱਗੀ:
38“ਮੁਬਾਰਕ ਹੈ, ਉਹ ਰਾਜਾ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ!”
“ਸਵਰਗ ਵਿੱਚ ਸ਼ਾਂਤੀ ਅਤੇ ਸਭ ਤੋਂ ਉੱਚੀ ਵਡਿਆਈ ਹੋਵੇ!”#19:38 ਜ਼ਬੂ 72:18-19; 118:26
39ਭੀੜ ਵਿੱਚੋਂ ਕੁਝ ਫ਼ਰੀਸੀਆਂ ਨੇ ਯਿਸ਼ੂ ਨੂੰ ਕਿਹਾ, “ਗੁਰੂ ਜੀ, ਆਪਣੇ ਚੇਲਿਆਂ ਨੂੰ ਝਿੜਕੋ!”
40“ਮੈਂ ਤੁਹਾਨੂੰ ਕਹਿੰਦਾ ਹਾਂ,” ਯਿਸ਼ੂ ਨੇ ਜਵਾਬ ਦਿੱਤਾ, “ਜੇ ਉਹ ਚੁੱਪ ਰਹਿਣਗੇ ਤਾਂ ਪੱਥਰ ਚੀਕਣਗੇ।”
41ਜਦੋਂ ਉਹ ਯੇਰੂਸ਼ਲੇਮ ਦੇ ਨੇੜੇ ਆਏ ਅਤੇ ਸ਼ਹਿਰ ਨੂੰ ਵੇਖ ਕੇ ਉਹ ਇਸ ਤੇ ਰੋਏ 42ਅਤੇ ਕਿਹਾ, “ਜੇ ਤੁਸੀਂ, ਸਿਰਫ ਇਸ ਦਿਨ ਹੀ ਸਮਝਦੇ ਹੁੰਦੇ ਕਿ ਤੁਹਾਨੂੰ ਸ਼ਾਂਤੀ ਕਿਸ ਤਰ੍ਹਾਂ ਮਿਲੇਗੀ, ਪਰ ਹੁਣ ਇਹ ਤੁਹਾਡੀਆਂ ਅੱਖਾਂ ਤੋਂ ਲੁਕਿਆ ਹੋਇਆ ਹੈ। 43ਉਹ ਦਿਨ ਤੁਹਾਡੇ ਉੱਤੇ ਆਉਣਗੇ ਜਦੋਂ ਤੁਹਾਡੇ ਦੁਸ਼ਮਣ ਤੁਹਾਡੇ ਵਿਰੁੱਧ ਇੱਕ ਤੰਬੂ ਬਨਾਉਣਗੇ ਅਤੇ ਤੁਹਾਨੂੰ ਘੇਰ ਲੈਣਗੇ ਅਤੇ ਤੁਹਾਨੂੰ ਹਰ ਪਾਸਿਓ ਘੇਰ ਲੈਣਗੇ। 44ਉਹ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਮਿੱਟੀ ਵਿੱਚ ਮਿਲਾਉਣਗੇ। ਉਹ ਤੁਹਾਡੇ ਘਰ ਵਿੱਚ ਇੱਕ ਵੀ ਪੱਥਰ ਦੂਸਰੇ ਪੱਥਰ ਉੱਪਰ ਨਹੀਂ ਛੱਡਣਗੇ ਕਿਉਂਕਿ ਤੁਸੀਂ ਪਰਮੇਸ਼ਵਰ ਦੇ ਆਉਣ ਦਾ ਸਮਾਂ ਨਹੀਂ ਪਛਾਣਿਆ।”
ਯਿਸ਼ੂ ਹੈਕਲ ਵਿੱਚ
45ਜਦੋਂ ਯਿਸ਼ੂ ਹੈਕਲ ਦੇ ਵਿਹੜੇ ਵਿੱਚ ਦਾਖਲ ਹੋਏ ਤਾਂ ਯਿਸ਼ੂ ਨੇ ਕਬੂਤਰ ਵੇਚਣ ਵਾਲਿਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। 46ਯਿਸ਼ੂ ਨੇ ਉਹਨਾਂ ਨੂੰ ਕਿਹਾ, “ਪਵਿੱਤਰ ਸ਼ਾਸਤਰ ਵਿੱਚ ਇਹ ਲਿਖਿਆ ਹੋਇਆ ਹੈ, ਮੇਰਾ ਘਰ ਪ੍ਰਾਰਥਨਾ ਦਾ ਘਰ ਕਹਾਵੇਗਾ ਪਰ ਤੁਸੀਂ ਇਸ ਨੂੰ ‘ਡਾਕੂਆਂ ਦੀ ਗੁਫ਼ਾ ਬਣਾ ਦਿੱਤਾ ਹੈ।’ ”#19:46 ਯਸ਼ਾ 56:7; ਯਿਰ 7:11
47ਹਰ ਰੋਜ਼ ਯਿਸ਼ੂ ਹੈਕਲ ਵਿੱਚ ਉਪਦੇਸ਼ ਦਿੰਦੇ ਸੀ। ਪਰ ਮੁੱਖ ਜਾਜਕਾਂ, ਨੇਮ ਦੇ ਉਪਦੇਸ਼ਕਾਂ ਅਤੇ ਲੋਕਾਂ ਦੇ ਆਗੂ ਉਸਨੂੰ ਮਾਰ ਦੇਣ ਦੀ ਕੋਸ਼ਿਸ਼ ਕਰ ਰਹੇ ਸਨ। 48ਫਿਰ ਵੀ ਉਹਨਾਂ ਨੂੰ ਅਜਿਹਾ ਕਰਨ ਦਾ ਕੋਈ ਰਾਹ ਨਹੀਂ ਮਿਲ ਸਕਿਆ, ਕਿਉਂਕਿ ਸਾਰੇ ਲੋਕ ਯਿਸ਼ੂ ਦੇ ਸ਼ਬਦਾਂ ਤੋਂ ਬਹੁਤ ਪ੍ਰਭਾਵਿਤ ਹੋਏ ਸਨ।

Currently Selected:

ਲੂਕਸ 19: PMT

Highlight

Share

Copy

None

Want to have your highlights saved across all your devices? Sign up or sign in