20
ਯਿਸ਼ੂ ਦੇ ਅਧਿਕਾਰ ਨੂੰ ਚਣੌਤੀ
1ਇੱਕ ਦਿਨ ਜਦੋਂ ਯਿਸ਼ੂ ਹੈਕਲ ਦੇ ਵਿਹੜੇ ਵਿੱਚ ਲੋਕਾਂ ਨੂੰ ਸਿੱਖਿਆ ਦੇ ਰਹੇ ਸੀ ਅਤੇ ਖੁਸ਼ਖ਼ਬਰੀ ਦਾ ਪ੍ਰਚਾਰ ਕਰ ਰਹੇ ਸੀ, ਮੁੱਖ ਜਾਜਕਾਂ ਅਤੇ ਬਿਵਸਥਾ ਦੇ ਉਪਦੇਸ਼ਕਾਂ ਨਾਲ ਮਿਲ ਕੇ ਯਹੂਦੀ ਬਜ਼ੁਰਗ ਉਸ ਦੇ ਕੋਲ ਆਏ। 2ਉਹਨਾਂ ਨੇ ਕਿਹਾ, ਸਾਨੂੰ ਦੱਸੋ ਕਿ ਤੁਸੀਂ ਕਿਸ ਅਧਿਕਾਰ ਨਾਲ ਇਹ ਕੰਮ ਕਰ ਰਹੇ ਸੀ, “ਕਿ ਤੁਹਾਨੂੰ ਇਹ ਅਧਿਕਾਰ ਕਿਸ ਨੇ ਦਿੱਤਾ?”
3ਉਸ ਨੇ ਜਵਾਬ ਦਿੱਤਾ, “ਮੈਂ ਵੀ ਤੁਹਾਨੂੰ ਇੱਕ ਪ੍ਰਸ਼ਨ ਪੁੱਛਦਾ ਹਾਂ: ਮੈਨੂੰ ਦੱਸੋ, 4ਯੋਹਨ ਦਾ ਬਪਤਿਸਮਾ ਸਵਰਗ ਵੱਲੋਂ ਸੀ ਜਾਂ ਮਨੁੱਖ ਵੱਲੋਂ?”
5ਉਹ ਆਪਸ ਵਿੱਚ ਇਸ ਬਾਰੇ ਵਿਚਾਰ ਕਰਕੇ ਕਹਿਣ ਲੱਗੇ, “ਜੇ ਅਸੀਂ ਆਖੀਏ, ‘ਸਵਰਗ ਤੋਂ,’ ਤਾਂ ਉਹ ਪੁੱਛੇਗਾ, ‘ਫਿਰ ਤੁਸੀਂ ਉਸ ਉੱਤੇ ਵਿਸ਼ਵਾਸ ਕਿਉਂ ਨਹੀਂ ਕੀਤਾ?’ ” 6ਪਰ ਜੇ ਅਸੀਂ ਕਹਿੰਦੇ ਹਾਂ, ਮਨੁੱਖ ਵੱਲੋਂ, ਤਾਂ ਸਾਰੇ ਲੋਕ ਸਾਨੂੰ ਪੱਥਰ ਮਾਰ ਦੇਣਗੇ, ਕਿਉਂਕਿ ਉਹਨਾਂ ਨੂੰ ਪੱਕਾ ਯਕੀਨ ਹੈ ਕਿ ਯੋਹਨ ਇੱਕ ਨਬੀ ਸੀ।
7ਤਾਂ ਉਹਨਾਂ ਨੇ ਉੱਤਰ ਦਿੱਤਾ, “ਅਸੀਂ ਨਹੀਂ ਜਾਣਦੇ ਕਿ ਉਹ ਕਿੱਥੋਂ ਆਇਆ ਸੀ।”
8ਯਿਸ਼ੂ ਨੇ ਕਿਹਾ, “ਮੈਂ ਵੀ ਤੁਹਾਨੂੰ ਨਹੀਂ ਦੱਸਾਂਗਾ ਕਿ ਕਿਸ ਅਧਿਕਾਰ ਨਾਲ ਮੈਂ ਇਹ ਕੰਮ ਕਰ ਰਿਹਾ ਹਾਂ।”
ਕਿਰਾਏਦਾਰਾਂ ਦੀ ਦ੍ਰਿਸ਼ਟਾਂਤ
9ਉਹਨਾਂ ਨੇ ਲੋਕਾਂ ਨੂੰ ਇਹ ਦ੍ਰਿਸ਼ਟਾਂਤ ਦੱਸੀ: “ਇੱਕ ਆਦਮੀ ਨੇ ਅੰਗੂਰੀ ਬਾਗ ਲਾਇਆ ਅਤੇ ਕੁਝ ਕਿਸਾਨਾਂ ਨੂੰ ਕਿਰਾਏ ਤੇ ਦਿੱਤਾ ਅਤੇ ਆਪ ਲੰਬੀ ਯਾਤਰਾ ਤੇ ਚਲਾ ਗਿਆ। 10ਵਾਢੀ ਵੇਲੇ ਉਸਨੇ ਇੱਕ ਨੌਕਰ ਨੂੰ ਉਸ ਕਿਰਾਏਦਾਰ ਕੋਲ ਭੇਜਿਆ ਤਾਂ ਜੋ ਉਹ ਉਸਨੂੰ ਬਾਗ ਦਾ ਕੁਝ ਫਲ ਦੇਣ। ਪਰ ਕਿਰਾਏਦਾਰਾਂ ਨੇ ਉਸ ਨੂੰ ਕੁੱਟਿਆ ਅਤੇ ਖਾਲੀ ਹੱਥ ਭੇਜ ਦਿੱਤਾ। 11ਉਸਨੇ ਇੱਕ ਹੋਰ ਨੌਕਰ ਨੂੰ ਭੇਜਿਆ, ਪਰ ਉਸ ਨੂੰ ਵੀ ਉਹਨਾਂ ਨੇ ਕੁੱਟਿਆ ਅਤੇ ਉਸ ਦੀ ਬੇਇੱਜ਼ਤੀ ਕੀਤੀ ਅਤੇ ਖਾਲੀ ਹੱਥ ਭੇਜ ਦਿੱਤਾ। 12ਉਸਨੇ ਇੱਕ ਹੋਰ ਤੀਜੇ ਦਾਸ ਨੂੰ ਭੇਜਿਆ ਅਤੇ ਉਹਨਾਂ ਨੇ ਉਸਨੂੰ ਜ਼ਖਮੀ ਕਰਕੇ ਬਾਹਰ ਸੁੱਟ ਦਿੱਤਾ।
13“ਤਾਂ ਬਾਗ ਦੇ ਮਾਲਕ ਨੇ ਆਪਣੇ ਆਪ ਨੂੰ ਕਿਹਾ, ‘ਮੈਂ ਕੀ ਕਰਾ? ਮੈਂ ਆਪਣੇ ਪੁੱਤਰ ਨੂੰ ਭੇਜਾਂਗਾ, ਜਿਸਨੂੰ ਮੈਂ ਪਿਆਰ ਕਰਦਾ ਹਾਂ; ਸ਼ਾਇਦ ਉਹ ਉਸ ਦਾ ਸਤਿਕਾਰ ਕਰਨਗੇ।’
14“ਪਰ ਜਦੋਂ ਕਿਰਾਏਦਾਰਾਂ ਨੇ ਉਸਨੂੰ ਵੇਖਿਆ ਤਾਂ ਉਹਨਾਂ ਨੇ ਇਸ ਬਾਰੇ ਗੱਲ ਕੀਤੀ। ‘ਇਹ ਵਾਰਸ ਹੈ,’ ਉਹਨਾਂ ਨੇ ਕਿਹਾ। ‘ਆਓ ਇਸ ਨੂੰ ਮਾਰ ਦੇਈਏ ਅਤੇ ਵਿਰਾਸਤ ਸਾਡੀ ਹੋ ਜਾਵੇਗੀ।’ 15ਤਾਂ ਉਹਨਾਂ ਨੇ ਉਸਨੂੰ ਬਾਗ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਉਸਨੂੰ ਮਾਰ ਦਿੱਤਾ।
“ਤਾਂ ਹੁਣ ਬਾਗ ਦਾ ਮਾਲਕ ਉਹਨਾਂ ਨਾਲ ਕੀ ਕਰੇਗਾ? 16ਮਾਲਕ ਆਵੇਗਾ ਅਤੇ ਉਹਨਾਂ ਕਿਰਾਏਦਾਰਾਂ ਨੂੰ ਮਾਰ ਦੇਵੇਗਾ ਅਤੇ ਅੰਗੂਰਾਂ ਦਾ ਬਾਗ ਹੋਰਾਂ ਨੂੰ ਦੇਵੇਗਾ।”
ਜਦੋਂ ਲੋਕਾਂ ਨੇ ਇਹ ਸੁਣਿਆ ਤਾਂ ਉਹਨਾਂ ਨੇ ਕਿਹਾ, “ਪਰਮੇਸ਼ਵਰ ਇਸ ਤਰ੍ਹਾਂ ਕਦੇ ਨਾ ਕਰਨ!”
17ਯਿਸ਼ੂ ਨੇ ਉਹਨਾਂ ਵੱਲ ਸਿੱਧਾ ਵੇਖਿਆ ਅਤੇ ਪੁੱਛਿਆ, “ਫੇਰ ਇਸ ਲਿਖੇ ਹੋਏ ਸ਼ਬਦ ਦਾ ਕੀ ਅਰਥ ਹੈ:
“ ‘ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦ ਕੀਤਾ ਸੀ
ਉਹੀ ਖੂੰਜੇ ਦਾ ਪੱਥਰ ਬਣ ਗਿਆ’?#20:17 ਜ਼ਬੂ 118:22-23
18ਹਰ ਕੋਈ ਜਿਹੜਾ ਉਸ ਪੱਥਰ ਤੇ ਡਿੱਗੇਗਾ ਟੁੱਟ ਜਾਵੇਗਾ। ਜਿਸ ਕਿਸੇ ਉੱਤੇ ਇਹ ਪੱਥਰ ਡਿੱਗੇਗਾ ਉਸ ਨੂੰ ਪੀਹ ਦੇਵੇਗਾ।”
19ਸ਼ਾਸਤਰੀ ਅਤੇ ਮੁੱਖ ਜਾਜਕਾਂ ਉਹਨਾਂ ਨੂੰ ਤੁਰੰਤ ਗਿਰਫ਼ਤਾਰ ਕਰਨ ਦਾ ਰਾਹ ਲੱਭ ਰਹੇ ਸਨ ਕਿਉਂਕਿ ਉਹ ਜਾਣਦੇ ਸਨ ਕਿ ਯਿਸ਼ੂ ਨੇ ਉਹਨਾਂ ਦੇ ਵਿਰੁੱਧ ਇਹ ਦ੍ਰਿਸ਼ਟਾਂਤ ਦੱਸਿਆ ਸੀ। ਪਰ ਉਹ ਲੋਕਾਂ ਤੋਂ ਡਰਦੇ ਸਨ।
ਕੈਸਰ ਨੂੰ ਕਰ ਅਦਾ ਕਰਨਾ
20ਯਿਸ਼ੂ ਉੱਤੇ ਨਿਗਰਾਨੀ ਰੱਖਦਿਆਂ, ਉਹਨਾਂ ਨੇ ਜਾਸੂਸਾਂ ਨੂੰ ਭੇਜਿਆ, ਜਿਨ੍ਹਾਂ ਨੇ ਧਰਮੀ ਹੋਣ ਦਾ ਦਿਖਾਵਾ ਕੀਤਾ। ਉਹਨਾਂ ਨੇ ਯਿਸ਼ੂ ਨੂੰ ਉਹਨਾਂ ਦੀ ਹੀ ਕਿਸੇ ਗੱਲ ਵਿੱਚ ਫੜਨ ਦੀ ਉਮੀਦ ਕੀਤੀ, ਤਾਂ ਜੋ ਉਹ ਉਹਨਾਂ ਨੂੰ ਰਾਜਪਾਲ ਦੇ ਅਧਿਕਾਰ ਦੇ ਹਵਾਲੇ ਕਰ ਦੇਣ। 21ਤਾਂ ਜਾਸੂਸਾਂ ਨੇ ਉਹਨਾਂ ਨੂੰ ਪੁੱਛਿਆ: “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੁਸੀਂ ਸਹੀ ਬੋਲਦੇ ਹੋ ਅਤੇ ਸਿਖਾਉਂਦੇ ਹੋ ਅਤੇ ਤੁਸੀਂ ਪੱਖਪਾਤ ਨਹੀਂ ਕਰਦੇ, ਪਰ ਸੱਚਾਈ ਦੇ ਅਨੁਸਾਰ ਪਰਮੇਸ਼ਵਰ ਦੇ ਰਾਹ ਦੀ ਸਿਖਲਾਈ ਦਿੰਦੇ ਹੋ। 22ਕੀ ਸਾਡੇ ਲਈ ਕੈਸਰ ਨੂੰ ਟੈਕਸ ਦੇਣਾ ਸਹੀ ਹੈ ਜਾਂ ਨਹੀਂ?”
23ਯਿਸ਼ੂ ਨੇ ਉਹਨਾਂ ਦੀ ਚਤਰਾਈ ਵੇਖੀ ਅਤੇ ਉਹਨਾਂ ਨੂੰ ਕਿਹਾ, 24“ਮੈਨੂੰ ਇੱਕ ਦੀਨਾਰ ਵਿਖਾਓ। ਇਸ ਉੱਤੇ ਕਿਸ ਦੀ ਤਸਵੀਰ ਅਤੇ ਲਿਖਤ ਹੈ?”
ਉਹਨਾਂ ਨੇ ਜਵਾਬ ਦਿੱਤਾ, “ਕੈਸਰ।”
25ਯਿਸ਼ੂ ਨੇ ਉਹਨਾਂ ਨੂੰ ਕਿਹਾ, “ਫਿਰ ਜਿਹੜੀਆਂ ਚੀਜ਼ਾ ਕੈਸਰ ਦੀਆ ਹਨ ਕੈਸਰ ਨੂੰ ਦਿਓ, ਅਤੇ ਜਿਹੜੀਆਂ ਪਰਮੇਸ਼ਵਰ ਦੀਆਂ ਹਨ ਉਹ ਪਰਮੇਸ਼ਵਰ ਨੂੰ ਦਿਓ।”
26ਉਹ ਉਸ ਨੂੰ ਫਸਾਉਣ ਵਿੱਚ ਅਸਮਰਥ ਸਨ ਜੋ ਯਿਸ਼ੂ ਨੇ ਜਨਤਕ ਤੌਰ ਤੇ ਉੱਥੇ ਕਿਹਾ ਸੀ। ਉਹ ਯਿਸ਼ੂ ਦੇ ਇਸ ਜਵਾਬ ਤੋਂ ਹੈਰਾਨ ਸੀ ਅਤੇ ਉਹ ਇਸ ਤੋਂ ਅੱਗੇ ਕੁਝ ਨਹੀਂ ਬੋਲ ਸਕੇ।
ਦੁਬਾਰਾ ਜੀ ਉੱਠਣਾ ਅਤੇ ਵਿਆਹ
27ਕੁਝ ਸਦੂਕੀ, ਜਿਹੜੇ ਆਖਦੇ ਹਨ ਕਿ ਪੁਨਰ-ਉਥਾਨ ਨਹੀਂ ਹੈ, ਯਿਸ਼ੂ ਦੇ ਕੋਲ ਆਏ ਅਤੇ ਪ੍ਰਸ਼ਨ ਕਰਨ ਲੱਗੇ। 28ਉਹਨਾਂ ਨੇ ਕਿਹਾ, “ਗੁਰੂ ਜੀ, ਮੋਸ਼ੇਹ ਨੇ ਸਾਡੇ ਲਈ ਲਿਖਿਆ ਸੀ ਕਿ ਜੇ ਕਿਸੇ ਮਨੁੱਖ ਦਾ ਭਰਾ ਬੇ-ਔਲਾਦ ਮਰ ਜਾਵੇ, ਤਾਂ ਉਸਦਾ ਭਰਾ ਉਸ ਦੀ ਪਤਨੀ ਨਾਲ ਵਿਆਹ ਕਰਵਾ ਲਵੇ ਅਤੇ ਆਪਣੇ ਭਰਾ ਲਈ ਸੰਤਾਨ ਪੈਦਾ ਕਰੇ।#20:28 ਉਤ 38:8; ਵਿਵ 25:5 29ਹੁਣ ਸੱਤ ਭਰਾ ਸਨ, ਪਹਿਲੇ ਭਰਾ ਨੇ ਇੱਕ ਔਰਤ ਨਾਲ ਵਿਆਹ ਕਰਵਾ ਲਿਆ ਅਤੇ ਬੇ-ਔਲਾਦ ਮਰ ਗਿਆ। 30ਫਿਰ ਦੂਸਰੇ ਭਰਾ ਨੇ 31ਫਿਰ ਤੀਜੇ ਭਰਾ ਨੇ ਉਸ ਨਾਲ ਵਿਆਹ ਕਰਵਾ ਲਿਆ ਅਤੇ ਉਸੇ ਤਰ੍ਹਾਂ ਉਹ ਸੱਤੇ ਬੇ-ਔਲਾਦ ਹੀ ਮਰ ਗਏ। 32ਅੰਤ ਵਿੱਚ, ਉਹ ਔਰਤ ਵੀ ਮਰ ਗਈ। 33ਤਾਂ ਫਿਰ, ਪੁਨਰ-ਉਥਾਨ ਵਾਲੇ ਦਿਨ ਉਹ ਕਿਸ ਦੀ ਪਤਨੀ ਹੋਵੇਗੀ? ਕਿਉਂਕਿ ਸੱਤਾ ਨੇ ਉਸ ਨਾਲ ਵਿਆਹ ਕਰਵਾਇਆ ਸੀ।”
34ਯਿਸ਼ੂ ਨੇ ਜਵਾਬ ਦਿੱਤਾ, “ਇਸੇ ਯੁੱਗ ਦੇ ਲੋਕ ਵਿਆਹ ਕਰਾਉਂਦੇ ਹਨ ਅਤੇ ਵਿਆਹ ਲਈ ਦਿੱਤੇ ਜਾਂਦੇ ਹਨ। 35ਪਰ ਜਿਹੜੇ ਲੋਕ ਆਉਣ ਵਾਲੇ ਯੁੱਗ ਵਿੱਚ ਅਤੇ ਪੁਨਰ-ਉਥਾਨ ਦੇ ਯੋਗ ਮੰਨੇ ਜਾਂਦੇ ਹਨ ਉਹ ਨਾ ਤਾਂ ਵਿਆਹ ਕਰਾਉਣਗੇ ਅਤੇ ਨਾ ਹੀ ਉਹਨਾਂ ਦੇ ਵਿਆਹ ਹੋਣਗੇ। 36ਅਤੇ ਉਹ ਹੁਣ ਨਹੀਂ ਮਰਨਗੇ ਕਿਉਂਕਿ ਉਹ ਸਵਰਗ ਵਿੱਚ ਦੂਤਾਂ ਵਰਗੇ ਹੋਣਗੇ। ਉਹ ਪਰਮੇਸ਼ਵਰ ਦੇ ਬੱਚੇ ਹਨ, ਕਿਉਂਕਿ ਉਹ ਪੁਨਰ-ਉਥਾਨ ਦੇ ਬੱਚੇ ਹਨ। 37ਪਰ ਬਲਦੀ ਝਾੜੀ ਦੇ ਕਾਰਣ, ਮੋਸ਼ੇਹ ਨੇ ਵੀ ਇਹ ਦਰਸਾਇਆ ਕਿ ਮੁਰਦਿਆਂ ਦਾ ਦੁਬਾਰਾ ਜੀ ਉੱਠਣਾ ਸੱਚਾਈ ਹੈ, ਕਿਉਂਕਿ ਉਹ ਪ੍ਰਭੂ ਨੂੰ ‘ਅਬਰਾਹਾਮ ਦਾ ਪਰਮੇਸ਼ਵਰ, ਇਸਹਾਕ ਦਾ ਪਰਮੇਸ਼ਵਰ, ਅਤੇ ਯਾਕੋਬ ਦਾ ਪਰਮੇਸ਼ਵਰ,’ ਆਖਦੇ ਹਨ।#20:37 ਕੂਚ 3:2,6 38ਉਹ ਮੁਰਦਿਆਂ ਦਾ ਨਹੀਂ, ਪਰ ਜਿਉਂਦਿਆਂ ਦਾ ਪਰਮੇਸ਼ਵਰ ਹੈ। ਕਿਉਂਕਿ ਉਸ ਲਈ ਸਾਰੇ ਜਿਉਂਦੇ ਹਨ।”
39ਕੁਝ ਸ਼ਾਸਤਰੀਆਂ ਨੇ ਉੱਤਰ ਦਿੱਤਾ, “ਸਹੀ ਕਿਹਾ, ਗੁਰੂ ਜੀ!” 40ਅਤੇ ਕਿਸੇ ਨੇ ਉਹ ਨੂੰ ਹੋਰ ਕੋਈ ਸਵਾਲ ਪੁੱਛਣ ਦੀ ਹਿੰਮਤ ਵੀ ਨਾ ਕੀਤੀ।
ਮਸੀਹ ਕਿਸ ਦੇ ਪੁੱਤਰ ਹਨ?
41ਤਦ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮਸੀਹ ਨੂੰ ਦਾਵੀਦ ਦਾ ਪੁੱਤਰ ਕਿਉਂ ਕਿਹਾ ਗਿਆ ਹੈ? 42ਦਾਵੀਦ ਨੇ ਖੁਦ, ਜ਼ਬੂਰਾਂ ਦੀ ਪੁਸਤਕ ਵਿੱਚ ਘੋਸ਼ਣਾ ਕੀਤੀ ਹੈ:
“ ‘ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ,
“ਮੇਰੇ ਸੱਜੇ ਹੱਥ ਬੈਠੋ,
43ਜਦੋਂ ਤੱਕ ਮੈਂ ਤੁਹਾਡੇ ਦੁਸ਼ਮਣਾਂ ਨੂੰ
ਤੁਹਾਡੇ ਪੈਰ ਰੱਖਣ ਦੀ ਚੌਂਕੀ ਨਹੀਂ ਬਣਾਓਦਾ।#20:43 ਜ਼ਬੂ 110:1” ’
44ਦਾਵੀਦ ਉਸਨੂੰ ‘ਪ੍ਰਭੂ,’ ਕਹਿ ਕੇ ਬੁਲਾਉਂਦਾ ਹੈ। ਤਾਂ ਫਿਰ ਉਹ ਦਾਵੀਦ ਦੇ ਪੁੱਤਰ ਕਿਵੇਂ ਹੋ ਸਕਦਾ ਹੈ?”
ਸ਼ਾਸਤਰੀਆਂ ਖਿਲਾਫ ਚੇਤਾਵਨੀ
45ਜਦੋਂ ਸਾਰੇ ਲੋਕ ਸੁਣ ਰਹੇ ਸਨ, ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, 46“ਬਿਵਸਥਾ ਦੇ ਉਪਦੇਸ਼ਕਾਂ ਤੋਂ ਸਾਵਧਾਨ ਰਹੋ। ਉਹ ਲੰਬਿਆਂ ਅਤੇ ਲਹਿਰੋਦੀਆਂ ਪੁਸ਼ਾਕਾਂ ਵਿੱਚ ਘੁੰਮਣਾ ਪਸੰਦ ਕਰਦੇ ਹਨ ਅਤੇ ਬਜ਼ਾਰਾਂ ਵਿੱਚ ਸਤਿਕਾਰ ਨਾਲ ਨਮਸਕਾਰ ਅਖਵਾਉਂਣਾ ਪਸੰਦ ਕਰਦੇ ਹਨ। ਉਹ ਪ੍ਰਾਰਥਨਾ ਸਥਾਨਾਂ ਵਿੱਚ ਮੁੱਖ ਆਸਨ ਅਤੇ ਦਾਅਵਤਾਂ ਵਿੱਚ ਮੁੱਖ ਸਥਾਨਾਂ ਉੱਤੇ ਬੈਠਣਾ ਚਾਹੁੰਦੇ ਹਨ। 47ਉਹ ਵਿਧਵਾਵਾਂ ਦੇ ਘਰ ਖੋਹ ਲੈਂਦੇ ਅਤੇ ਇੱਕ ਦਿਖਾਵੇ ਲਈ ਲੰਮੀਆਂ ਪ੍ਰਾਰਥਨਾ ਕਰਦੇ ਹਨ। ਇਨ੍ਹਾਂ ਬੰਦਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।”