21
ਵਿਧਵਾ ਦੀ ਭੇਂਟ
1ਜਦੋਂ ਯਿਸ਼ੂ ਨੇ ਉੱਪਰ ਵੇਖਿਆ ਤਾਂ ਉਹਨਾਂ ਨੇ ਅਮੀਰ ਲੋਕਾਂ ਨੂੰ ਆਪਣੇ ਦਾਨ ਨੂੰ ਹੈਕਲ ਦੇ ਖਜ਼ਾਨੇ ਵਿੱਚ ਪਾਉਂਦੇ ਵੇਖਿਆ। 2ਉਹਨਾਂ ਨੇ ਇੱਕ ਗ਼ਰੀਬ ਵਿਧਵਾ ਨੂੰ ਤਾਂਬੇ ਦੇ ਦੋ ਛੋਟੇ ਸਿੱਕਿਆਂ ਨੂੰ ਦਾਨ ਲਈ ਪਾਉਂਦੇ ਵੇਖਿਆ। 3ਉਹਨਾਂ ਨੇ ਕਿਹਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਇਸ ਗ਼ਰੀਬ ਵਿਧਵਾ ਨੇ ਸਾਰੇ ਲੋਕਾਂ ਤੋਂ ਜ਼ਿਆਦਾ ਦਾਨ ਪਾਇਆ ਹੈ। 4ਇਹ ਸਾਰੇ ਲੋਕਾਂ ਨੇ ਆਪਣੀ ਦੌਲਤ ਵਿੱਚੋਂ ਆਪਣੇ ਤੋਹਫ਼ੇ ਦਿੱਤੇ, ਪਰ ਇਸ ਵਿਧਵਾ ਨੇ ਆਪਣੀ ਗ਼ਰੀਬੀ ਵਿੱਚੋਂ ਆਪਣੀ ਸਾਰੀ ਜੀਵਨ ਪੂੰਜੀ ਦੇ ਦਿੱਤੀ ਹੈ।”
ਹੈਕਲ ਦਾ ਵਿਨਾਸ਼ ਅਤੇ ਅੰਤ ਦੇ ਸਮੇਂ ਦੇ ਚਿੰਨ੍ਹ
5ਉਹਨਾਂ ਦੇ ਕੁਝ ਚੇਲੇ ਇਸ ਬਾਰੇ ਚਰਚਾ ਕਰ ਰਹੇ ਸਨ ਕਿ ਕਿਵੇਂ ਹੈਕਲ ਨੂੰ ਸੁੰਦਰ ਪੱਥਰਾਂ ਨਾਲ ਅਤੇ ਪਰਮੇਸ਼ਵਰ ਨੂੰ ਸਮਰਪਤ ਤੋਹਫ਼ਿਆਂ ਨਾਲ ਸਜਾਇਆ ਗਿਆ ਸੀ। ਪਰ ਯਿਸ਼ੂ ਨੇ ਕਿਹਾ, 6“ਤੁਸੀਂ ਇੱਥੇ ਜੋ ਚੀਜ਼ਾ ਵੇਖਦੇ ਹੋ, ਉਹ ਸਮਾਂ ਆਵੇਗਾ ਜਦੋਂ ਇੱਕ ਪੱਥਰ ਦੂਜੇ ਪੱਥਰ ਤੇ ਨਹੀਂ ਛੱਡਿਆ ਜਾਵੇਗਾ, ਉਹਨਾਂ ਵਿੱਚੋਂ ਹਰ ਇੱਕ ਜ਼ਮੀਨ ਤੇ ਸੁੱਟ ਦਿੱਤਾ ਜਾਵੇਗਾ।”
7“ਗੁਰੂ ਜੀ,” ਉਹਨਾਂ ਨੇ ਪੁੱਛਿਆ, “ਇਹ ਸਭ ਕੁਝ ਕਦੋਂ ਹੋਵੇਗਾ? ਅਤੇ ਜਦੋਂ ਉਹ ਹੋਣ ਵਾਲਾ ਹੋਵੇਗਾ ਤਾਂ ਉਦੋਂ ਕੀ ਚਿੰਨ੍ਹ ਹੋਵੇਗਾ?”
8ਯਿਸ਼ੂ ਨੇ ਜਵਾਬ ਦਿੱਤਾ: “ਚੌਕਸ ਰਹੋ ਕਿ ਤੁਸੀਂ ਧੋਖਾ ਨਾ ਖਾਓ। ਬਹੁਤ ਸਾਰੇ ਮੇਰੇ ਨਾਮ ਤੇ ਆਉਣਗੇ ਅਤੇ ਦਾਅਵਾ ਕਰਨਗੇ, ‘ਮੈਂ ਉਹ ਹਾਂ,’ ਅਤੇ, ‘ਸਮਾਂ ਨੇੜੇ ਹੈ।’ ਪਰ ਤੁਸੀਂ ਉਹਨਾਂ ਦੇ ਪਿੱਛੇ ਨਾ ਚੱਲਣਾ। 9ਜਦੋਂ ਤੁਸੀਂ ਲੜਾਈਆਂ ਅਤੇ ਵਿਦਰੋਹ ਦੇ ਬਾਰੇ ਸੁਣੋ ਤਾਂ ਡਰੋ ਨਾ। ਇਹ ਸਭ ਕੁਝ ਪਹਿਲਾਂ ਹੋਣਾ ਜ਼ਰੂਰੀ ਹੈ ਪਰ ਫਿਰ ਵੀ ਇਸ ਤੋਂ ਤੁਰੰਤ ਬਾਅਦ ਅੰਤ ਨਹੀਂ ਆਵੇਗਾ।”
10ਤਦ ਯਿਸ਼ੂ ਨੇ ਉਹਨਾਂ ਨੂੰ ਕਿਹਾ: “ਕੌਮ-ਕੌਮ ਦੇ ਵਿਰੁੱਧ ਅਤੇ ਰਾਜ-ਰਾਜ ਦੇ ਵਿਰੁੱਧ ਉੱਠੇਗਾ। 11ਬਹੁਤ ਸਾਰੇ ਸਥਾਨਾਂ ਤੇ ਵੱਡੇ ਭੁਚਾਲ, ਕਾਲ ਅਤੇ ਮਹਾਂਮਾਰੀ ਹੋਵੇਗੀ। ਭਿਆਨਕ ਘਟਨਾਵਾਂ ਹੋਣਗੀਆਂ ਅਤੇ ਅਕਾਸ਼ ਵਿੱਚੋਂ ਵੱਢੇ ਚਿੰਨ੍ਹ ਵਿਖਣਗੇ।
12“ਪਰ ਇਸ ਸਭ ਤੋਂ ਪਹਿਲਾਂ, ਉਹ ਤੁਹਾਨੂੰ ਫੜ ਲੈਣਗੇ ਅਤੇ ਤੁਹਾਨੂੰ ਸਤਾਉਣਗੇ। ਉਹ ਤੁਹਾਨੂੰ ਪ੍ਰਾਰਥਨਾ ਸਥਾਨਾਂ ਦੇ ਹਵਾਲੇ ਕਰਨਗੇ ਅਤੇ ਤੁਹਾਨੂੰ ਕੈਦ ਵਿੱਚ ਪਾ ਦੇਣਗੇ ਅਤੇ ਤੁਹਾਨੂੰ ਮੇਰੇ ਨਾਮ ਦੇ ਕਾਰਨ ਰਾਜਿਆਂ ਅਤੇ ਰਾਜਪਾਲਾਂ ਦੇ ਹੱਥਾਂ ਵਿੱਚ ਸੌਂਪ ਦਿੱਤਾ ਜਾਵੇਗਾ।” 13ਅਤੇ ਇਸ ਦੇ ਨਤੀਜੇ ਵਜੋਂ ਤੁਹਾਨੂੰ ਮੇਰੀ ਗਵਾਹੀ ਦੇਣ ਦਾ ਮੌਕਾ ਮਿਲੇਗਾ। 14ਪਰ ਪਹਿਲਾਂ ਤੋਂ ਹੀ ਆਪਣਾ ਮਨ ਬਣਾ ਲਓ ਕਿ ਇਹ ਚਿੰਤਾ ਨਾ ਕਰੋ ਕਿ ਤੁਸੀਂ ਆਪਣਾ ਬਚਾਅ ਕਿਵੇਂ ਕਰੋਗੇ। 15ਕਿਉਂਕਿ ਮੈਂ ਤੁਹਾਨੂੰ ਉਹ ਸ਼ਬਦ ਅਤੇ ਬੁੱਧ ਦੇਵਾਂਗਾ, ਜਿਸ ਦਾ ਨਾ ਤਾਂ ਤੁਹਾਡੇ ਵਿਰੋਧੀ ਸਾਹਮਣਾ ਕਰ ਸਕਣਗੇ ਅਤੇ ਨਾ ਹੀ ਇਨਕਾਰ ਕਰਨ ਦੇ ਯੋਗ ਹੋ ਸਕਣਗੇ। 16ਤੁਹਾਡੇ ਮਾਪਿਆਂ, ਭਰਾਵਾਂ, ਭੈਣਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਦੁਆਰਾ ਵੀ ਤੁਹਾਨੂੰ ਧੋਖਾ ਦਿੱਤਾ ਜਾਵੇਗਾ ਅਤੇ ਉਹ ਤੁਹਾਡੇ ਵਿੱਚੋਂ ਕੁਝ ਨੂੰ ਮਾਰ ਦੇਣਗੇ। 17ਮੇਰੇ ਨਾਮ ਦੇ ਕਾਰਨ ਹਰ ਕੋਈ ਤੁਹਾਨੂੰ ਨਫ਼ਰਤ ਕਰੇਗਾ। 18ਪਰ ਤੁਹਾਡੇ ਸਿਰ ਦਾ ਇੱਕ ਵਾਲ ਵੀ ਨਾਸ਼ ਨਹੀਂ ਹੋਵੇਗਾ। 19ਦ੍ਰਿੜ ਰਹੋ ਅਤੇ ਤੁਸੀਂ ਜ਼ਿੰਦਗੀ ਨੂੰ ਜਿੱਤ ਲਵੋਂਗੇ।
20“ਜਦੋਂ ਤੁਸੀਂ ਦੇਖੋਗੇ ਯੇਰੂਸ਼ਲੇਮ ਨੂੰ ਸੈਨਾਵਾਂ ਨੇ ਘੇਰਿਆ ਹੋਇਆ ਹੈ ਤਾਂ ਤੁਸੀਂ ਜਾਣ ਜਾਵੋਂਗੇ ਕਿ ਇਸ ਦਾ ਵਿਨਾਸ਼ ਨੇੜੇ ਹੈ।” 21ਤਦ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਉੱਤੇ ਭੱਜ ਜਾਣ, ਜੋ ਸ਼ਹਿਰ ਵਿੱਚ ਹਨ ਉਹ ਬਾਹਰ ਨਿਕਲ ਜਾਣ ਅਤੇ ਤਦ ਜਿਹੜੇ ਦੇਸ਼ ਵਿੱਚ ਹਨ ਉਹ ਸ਼ਹਿਰ ਵਿੱਚ ਦਾਖਲ ਨਾ ਹੋਣ। 22ਕਿਉਂਕਿ ਇਹ ਬਦਲਾ ਲੈਣ ਦਾ ਸਮਾਂ ਹੋਵੇਗਾ ਕਿ ਉਹ ਸਭ ਜੋ ਲੇਖਾਂ ਵਿੱਚ ਪਹਿਲਾਂ ਲਿਖਿਆ ਹੋਇਆ ਹੈ, ਉਹ ਪੂਰਾ ਹੋ ਜਾਵੇ। 23ਉਹਨਾਂ ਦਿਨਾਂ ਵਿੱਚ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਲਈ ਇਹ ਸਭ ਕਿੰਨਾ ਭਿਆਨਕ ਹੋਵੇਗਾ! ਕਿਉਂਕਿ ਇਹ ਮਨੁੱਖਾਂ ਉੱਤੇ ਕ੍ਰੋਧ ਦਾ ਸਮਾਂ ਅਤੇ ਧਰਤੀ ਉੱਤੇ ਇੱਕ ਮਹਾਨ ਸੰਕਟ ਦਾ ਸਮਾਂ ਹੋਵੇਗਾ। 24ਉਹ ਤਲਵਾਰ ਨਾਲ ਮਾਰੇ ਜਾਣਗੇ, ਹੋਰ ਕੌਮਾਂ ਉਹਨਾਂ ਨੂੰ ਗ਼ੁਲਾਮ ਬਣਾ ਲੈਣਗੀਆਂ। ਇਹ ਗ਼ੈਰ-ਯਹੂਦੀਆਂ ਦੁਆਰਾ ਯੇਰੂਸ਼ਲੇਮ ਦਾ ਸ਼ਹਿਰ ਮਿੱਧਿਆ ਜਾਵੇਗਾ ਜਦੋਂ ਤੱਕ ਗ਼ੈਰ-ਯਹੂਦੀਆਂ ਦਾ ਸਮਾਂ ਪੂਰਾ ਨਹੀਂ ਹੁੰਦਾ।
25“ਸੂਰਜ, ਚੰਦ ਅਤੇ ਤਾਰਿਆਂ ਵਿੱਚ ਚਿੰਨ੍ਹ ਦਿਖਾਈ ਦੇਣਗੇ। ਧਰਤੀ ਉੱਤੇ ਲੋਕਾਂ ਵਿੱਚ ਦਹਿਸ਼ਤ ਪੈਦਾ ਹੋਵੇਗੀ। ਗਰਜਦੇ ਸਮੁੰਦਰ ਦੀਆਂ ਲਹਿਰਾਂ ਕਾਰਨ ਲੋਕ ਘਬਰਾ ਜਾਣਗੇ। 26ਲੋਕ ਡਰ ਜਾਣਗੇ ਅਤੇ ਦਹਿਸ਼ਤ ਦੇ ਕਾਰਣ ਬੇਹੋਸ਼ ਹੋ ਜਾਣਗੇ ਕਿ ਹੁਣ ਦੁਨੀਆਂ ਦਾ ਕੀ ਬਣੇਗਾ ਕਿਉਂਕਿ ਅਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ। 27ਉਸ ਵੇਲੇ ਉਹ ਮਨੁੱਖ ਦੇ ਪੁੱਤਰ ਨੂੰ ਸ਼ਕਤੀ ਅਤੇ ਮਹਾਨ ਮਹਿਮਾ ਨਾਲ ਬੱਦਲਾਂ ਉੱਤੇ ਆਉਂਦੀਆਂ ਵੇਖਣਗੇ। 28ਜਦੋਂ ਇਹ ਚੀਜ਼ਾਂ ਹੋਣ ਲੱਗਣ ਤਾਂ ਉੱਠੋ ਅਤੇ ਆਪਣੇ ਸਿਰ ਉੱਚਾ ਕਰੋ, ਕਿਉਂਕਿ ਤੁਹਾਡੀ ਮੁਕਤੀ ਨੇੜੇ ਆ ਰਹੀ ਹੈ।”
29ਯਿਸ਼ੂ ਨੇ ਉਹਨਾਂ ਨੂੰ ਇਹ ਦ੍ਰਿਸ਼ਟਾਂਤ ਦੱਸਿਆ: “ਹੰਜ਼ੀਰ ਦੇ ਰੁੱਖ ਅਤੇ ਹੋਰ ਦਰੱਖਤਾਂ ਨੂੰ ਵੇਖੋ। 30ਜਦੋਂ ਉਹਨਾਂ ਉੱਤੇ ਪੱਤੇ ਉੱਗਦੇ ਹਨ, ਤੁਸੀਂ ਆਪਣੇ ਆਪ ਵਿੱਚ ਜਾਣ ਲੈਦੇ ਹੋ ਕਿ ਗਰਮੀ ਨੇੜੇ ਹੈ। 31ਇਸੇ ਤਰ੍ਹਾਂ, ਜਦੋਂ ਤੁਸੀਂ ਇਹ ਸਭ ਵਾਪਰਦਾ ਵੇਖਦੇ ਹੋ ਤਾਂ ਤੁਸੀਂ ਜਾਣ ਜਾਓਗੇ ਹੋ ਕਿ ਪਰਮੇਸ਼ਵਰ ਦਾ ਰਾਜ ਨੇੜੇ ਹੈ।
32“ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਕਿ ਇਨ੍ਹਾਂ ਘਟਨਾਵਾਂ ਤੋਂ ਬਿਨਾਂ ਇਹ ਯੁੱਗ ਖ਼ਤਮ ਨਹੀਂ ਹੋਵੇਗਾ। 33ਸਵਰਗ ਅਤੇ ਧਰਤੀ ਮਿਟ ਜਾਣਗੇ, ਪਰ ਮੇਰੇ ਸ਼ਬਦ ਕਦੇ ਨਹੀਂ ਮਿਟਣਗੇ।
34“ਸਾਵਧਾਨ ਰਹੋ ਜ਼ਿੰਦਗੀ ਨਾਲ ਜੁੜੀਆਂ ਚਿੰਤਾਵਾਂ, ਦੁਰਘਟਨਾਵਾਂ ਅਤੇ ਸ਼ਰਾਬੀ ਹੋਣ ਕਾਰਨ ਤੁਹਾਡਾ ਦਿਲ ਆਲਸੀ ਨਾ ਹੋ ਜਾਵੇ ਅਤੇ ਉਹ ਦਿਨ ਅਚਾਨਕ ਤੁਹਾਡੇ ਉੱਤੇ ਫਾਹੀ ਵਾਂਗ ਆ ਜਾਵੇ। 35ਕਿਉਂਕਿ ਉਹ ਦਿਨ ਧਰਤੀ ਦੇ ਹਰ ਮਨੁੱਖ ਨੂੰ ਪ੍ਰਭਾਵਿਤ ਕਰੇਗਾ। 36ਹਮੇਸ਼ਾ ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਕਿ ਤੁਸੀਂ ਜੋ ਕੁਝ ਵਾਪਰ ਰਿਹਾ ਹੈ ਉਸ ਵਿੱਚੋਂ ਬੱਚ ਕੇ ਨਿਕਲ ਸਕੋਂ ਅਤੇ ਮਨੁੱਖ ਦੇ ਪੁੱਤਰ ਦੇ ਸਾਹਮਣੇ ਖੜ੍ਹ ਸਕੋ।”
37ਹਰ ਦਿਨ ਯਿਸ਼ੂ ਹੈਕਲ ਵਿੱਚ ਸਿੱਖਿਆ ਦਿੰਦੇ ਸੀ ਅਤੇ ਹਰ ਸ਼ਾਮ ਨੂੰ ਉਹ ਜ਼ੈਤੂਨ ਦੇ ਪਹਾੜ ਉੱਤੇ ਜਾ ਕੇ ਪ੍ਰਾਰਥਨਾ ਕਰਦੇ ਹੋਏ ਰਾਤ ਕੱਟਦੇ ਸੀ। 38ਸਵੇਰੇ ਸਾਰੇ ਲੋਕ ਉਹਨਾਂ ਕੋਲੋ ਸੁਣਨ ਲਈ ਹੈਕਲ ਵਿੱਚ ਆਉਂਦੇ ਸਨ।