4
ਜੰਗਲ ਵਿੱਚ ਯਿਸ਼ੂ ਦੀ ਪਰਿਖਿਆ
1ਯਿਸ਼ੂ, ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ, ਯਰਦਨ ਨਦੀ ਤੋਂ ਵਾਪਸ ਆਇਆ ਅਤੇ ਆਤਮਾ ਦੀ ਅਗਵਾਈ ਨਾਲ ਉਜਾੜ ਵਿੱਚ ਚੱਲਿਆ ਗਿਆ, 2ਜਿੱਥੇ ਉਹ ਚਾਲ੍ਹੀ ਦਿਨਾਂ ਤੱਕ ਦੁਸ਼ਟ ਦੇ ਦੁਆਰਾ ਪਰਤਾਇਆ ਗਿਆ। ਉਸ ਨੇ ਉਨ੍ਹਾਂ ਦਿਨਾਂ ਵਿੱਚ ਕੁਝ ਨਾ ਖਾਧਾ, ਅਤੇ ਇਸ ਦੇ ਅੰਤ ਵਿੱਚ ਉਸ ਨੂੰ ਭੁੱਖ ਲੱਗੀ।
3ਦੁਸ਼ਟ ਨੇ ਉਸ ਨੂੰ ਕਿਹਾ, “ਅਗਰ ਤੂੰ ਪਰਮੇਸ਼ਵਰ ਦਾ ਪੁੱਤਰ ਹੈ, ਤਾਂ ਇਹ ਪੱਥਰ ਨੂੰ ਹੁਕਮ ਦੇ ਤਾਂ ਜੋ ਇਹ ਰੋਟੀਆਂ ਬਣ ਜਾਣ।”
4ਯਿਸ਼ੂ ਨੇ ਉੱਤਰ ਦਿੱਤਾ, “ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: ‘ਇਨਸਾਨ ਸਿਰਫ ਰੋਟੀ ਨਾਲ ਜਿਉਂਦਾ ਨਹੀਂ ਰਹੇਗਾ।’#4:4 ਵਿਵ 8:3”
5ਦੁਸ਼ਟ ਉਸ ਨੂੰ ਉੱਚੇ ਜਗ੍ਹਾ ਉੱਤੇ ਲੈ ਗਿਆ ਅਤੇ ਉਸ ਨੂੰ ਇੱਕ ਪਲ ਵਿੱਚ ਸੰਸਾਰ ਦੀਆਂ ਸਾਰੀਆਂ ਪਾਤਸ਼ਾਹੀਆਂ ਅਤੇ ਉਨ੍ਹਾਂ ਦੀ ਸ਼ਾਨ ਵਿਖਾਈ। 6ਅਤੇ ਦੁਸ਼ਟ ਨੇ ਉਹ ਨੂੰ ਕਿਹਾ, “ਮੈਂ ਤੈਨੂੰ ਇਹ ਸਾਰਾ ਅਧਿਕਾਰ ਅਤੇ ਉਨ੍ਹਾਂ ਦੀ ਸ਼ਾਨ ਦੇਵਾਂਗਾ, ਕਿਉਂਕਿ ਇਹ ਮੈਨੂੰ ਦਿੱਤਾ ਗਿਆ ਹੈ, ਅਤੇ ਇਸ ਲਈ ਮੈਂ ਆਪਣੀ ਮਰਜ਼ੀ ਨਾਲ ਜਿਸ ਨੂੰ ਚਾਹਾ ਉਸ ਨੂੰ ਦੇ ਸਕਦਾ ਹਾਂ। 7ਅਗਰ ਤੂੰ ਮੇਰੀ ਅਰਾਧਨਾ ਕਰੇ, ਤਾਂ ਇਹ ਸਭ ਕੁਝ ਤੇਰਾ ਹੋ ਜਾਵੇਗਾ।”
8ਯਿਸ਼ੂ ਨੇ ਉੱਤਰ ਦਿੱਤਾ, “ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: ‘ਤੂੰ ਕੇਵਲ ਆਪਣੇ ਪ੍ਰਭੂ ਪਰਮੇਸ਼ਵਰ ਦੀ ਅਰਾਧਨਾ ਕਰ ਅਤੇ ਉਸੇ ਦੀ ਹੀ ਸੇਵਾ ਕਰ।’ ”#4:8 ਵਿਵ 6:13
9ਸ਼ੈਤਾਨ ਉਸ ਨੂੰ ਯੇਰੂਸ਼ਲੇਮ ਵਿੱਚ ਲੈ ਗਿਆ ਅਤੇ ਹੈਕਲ ਦੀ ਚੋਟੀ ਉੱਤੇ ਖੜ੍ਹਾ ਕਰ ਦਿੱਤਾ। ਅਤੇ ਉਹ ਨੇ ਕਿਹਾ, “ਅਗਰ ਤੂੰ ਪਰਮੇਸ਼ਵਰ ਦਾ ਪੁੱਤਰ ਹੈ, ਤਾਂ ਆਪਣੇ ਆਪ ਨੂੰ ਇੱਥੋ ਹੇਠਾਂ ਸੁੱਟ ਦੇ। 10ਕਿਉਂਕਿ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ:
“ ‘ਪਰਮੇਸ਼ਵਰ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ
ਕਿ ਉਹ ਤੇਰੀ ਧਿਆਨ ਨਾਲ ਰਾਖੀ ਕਰਨ;
11ਉਹ ਤੈਨੂੰ ਆਪਣੇ ਹੱਥਾਂ ਉੱਤੇ ਚੁੱਕ ਲੈਣਗੇ,
ਤਾਂ ਅਜਿਹਾ ਨਾ ਹੋਵੇ ਕਿ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ।’ ”#4:11 ਜ਼ਬੂ 91:11,12
12ਯਿਸ਼ੂ ਨੇ ਉੱਤਰ ਦਿੱਤਾ, “ਇਹ ਵੀ ਆਖਿਆ ਗਿਆ ਹੈ: ‘ਜੋ ਤੂੰ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਨਾ ਪਰਖ।’ ”#4:12 ਵਿਵ 6:16
13ਜਦੋਂ ਦੁਸ਼ਟ ਇਹ ਸਾਰੀ ਪਰੀਖਿਆ ਖ਼ਤਮ ਕਰ ਚੁੱਕਿਆ, ਤਾਂ ਉਹ ਕੁਝ ਸਮੇਂ ਤੱਕ ਉਸ ਨੂੰ ਛੱਡ ਕੇ ਚਲਾ ਗਿਆ।
ਪ੍ਰਚਾਰ ਦੀ ਸ਼ੁਰੂਆਤ ਗਲੀਲ ਪ੍ਰਦੇਸ਼ ਤੋਂ
14ਯਿਸ਼ੂ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਭਰ ਕੇ, ਗਲੀਲ ਪ੍ਰਦੇਸ਼ ਨੂੰ ਮੁੜਿਆ ਅਤੇ ਆਸ-ਪਾਸ ਦੇ ਸਾਰੇ ਸ਼ਹਿਰਾਂ ਵਿੱਚ ਉਸ ਬਾਰੇ ਖ਼ਬਰ ਫੈਲ ਗਈ। 15ਉਹ ਉਹਨਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਸਿੱਖਿਆ ਦੇ ਰਿਹਾ ਸੀ ਅਤੇ ਸਭ ਨੇ ਉਸ ਦੀ ਵਡਿਆਈ ਕੀਤੀ।
16ਯਿਸ਼ੂ ਨਾਜ਼ਰੇਥ ਸ਼ਹਿਰ ਵੱਲ ਚੱਲ ਪਿਆ, ਜਿੱਥੇ ਉਸ ਦਾ ਪਾਲਣ ਪੋਸ਼ਣ ਹੋਇਆ ਸੀ। ਸਬਤ ਦੇ ਦਿਨ ਆਪਣੇ ਰਿਵਾਜ ਅਨੁਸਾਰ, ਉਹ ਪ੍ਰਾਰਥਨਾ ਸਥਾਨ ਵਿੱਚ ਗਿਆ ਅਤੇ ਪਵਿੱਤਰ ਸ਼ਾਸਤਰ ਵਿੱਚੋਂ ਪੜ੍ਹਨ ਲਈ ਖੜਾ ਹੋ ਗਿਆ। 17ਯਸ਼ਾਯਾਹ ਨਬੀ ਦੀ ਪੋਥੀ ਉਹਨਾਂ ਨੂੰ ਸੌਂਪੀ ਗਈ। ਉਸ ਨੂੰ ਖੋਲ੍ਹਦਿਆਂ ਹੀ, ਉਹਨਾਂ ਨੂੰ ਉਹ ਜਗ੍ਹਾ ਲੱਭੀ, ਜਿੱਥੇ ਇਹ ਲਿਖਿਆ ਹੋਇਆ ਹੈ:
18“ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ,
ਕਿਉਂਕਿ ਉਹਨਾਂ ਨੇ ਮੈਨੂੰ ਮਸਹ ਕੀਤਾ ਹੈ,
ਗ਼ਰੀਬਾਂ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਲਈ,
ਉਸਨੇ ਮੈਨੂੰ ਕੈਦੀਆਂ ਦੀ ਮੁਕਤੀ ਦਾ ਐਲਾਨ ਕਰਨ ਲਈ ਭੇਜਿਆ ਹੈ
ਅਤੇ ਅੰਨ੍ਹੀਆਂ ਨੂੰ ਰੋਸ਼ਨੀ,
ਕੁਚਲਿਆਂ ਨੂੰ ਮੁਸੀਬਤ ਤੋਂ ਛਡੋਣ ਲਈ,
19ਅਤੇ ਪ੍ਰਭੂ ਦੀ ਕਿਰਪਾ ਦੇ ਸਾਲ ਦਾ ਪ੍ਰਚਾਰ ਕਰਨ ਲਈ ਭੇਜਿਆ ਹੈ।”#4:19 ਯਸ਼ਾ 61:1,2; 58:6 (ਸੈਪਟੁਜਿੰਟ ਦੇਖੋ)
20ਫੇਰ ਉਹਨਾਂ ਨੇ ਪੋਥੀ ਨੂੰ ਬੰਦ ਕਰਕੇ ਸੇਵਕ ਦੇ ਹੱਥ ਵਿੱਚ ਦੇ ਦਿੱਤਾ ਅਤੇ ਬੈਠ ਗਏ। ਪ੍ਰਾਰਥਨਾ ਸਥਾਨ ਵਿੱਚ ਬੈਠੇ ਹਰ ਵਿਅਕਤੀ ਦੀਆਂ ਅੱਖਾਂ ਉਹਨਾਂ ਉੱਪਰ ਟਿਕੀਆਂ ਹੋਈਆਂ ਸਨ। 21ਯਿਸ਼ੂ ਉਹਨਾਂ ਨੂੰ ਕਹਿਣ ਲੱਗੇ, “ਅੱਜ ਇਹ ਬਚਨ ਤੁਹਾਡੀ ਸੁਣਵਾਈ ਵਿੱਚ ਪੂਰਾ ਹੋਇਆ ਹੈ।”
22ਸਾਰੇ ਯਿਸ਼ੂ ਦੀ ਵਡਿਆਈ ਕਰ ਰਹੇ ਸਨ ਅਤੇ ਉਸਦੇ ਮੂੰਹੋਂ ਨਿਕਲਣ ਵਾਲਿਆਂ ਕਿਰਪਾ ਦੀਆਂ ਗੱਲਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਹ ਇੱਕ-ਦੂਜੇ ਨੂੰ ਪੁੱਛਣ ਲੱਗੇ, “ਕੀ ਇਹ ਯੋਸੇਫ਼ ਦਾ ਪੁੱਤਰ ਨਹੀਂ ਹੈ?”
23ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੈਂ ਜਾਣਦਾ ਹਾਂ ਕਿ ਤੁਸੀਂ ਜ਼ਰੂਰ ਇਹ ਕਹਾਵਤ ਮੈਨੂੰ ਕਹੋਗੇ, ‘ਹੇ ਡਾਕਟਰ! ਪਹਿਲਾਂ ਆਪਣੇ ਆਪ ਨੂੰ ਚੰਗਾ ਕਰੋ!’ ਅਤੇ ਤੁਸੀਂ ਮੈਨੂੰ ਕਹੋਗੇ, ‘ਜੋ ਅਸੀਂ ਤੁਹਾਨੂੰ ਕਫ਼ਰਨਹੂਮ ਵਿੱਚ ਕਰਦੇ ਸੁਣਿਆ, ਉਹ ਇੱਥੇ ਆਪਣੇ ਦੇਸ਼ ਵਿੱਚ ਵੀ ਕਰੋ।’ ”
24ਯਿਸ਼ੂ ਨੇ ਅੱਗੇ ਕਿਹਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਕਿਸੇ ਵੀ ਨਬੀ ਦਾ ਉਸ ਦੇ ਸ਼ਹਿਰ ਵਿੱਚ ਸਤਿਕਾਰ ਨਹੀਂ ਹੁੰਦਾ। 25ਮੈਂ ਤੁਹਾਨੂੰ ਯਕੀਨ ਦਵਾਉਂਦਾ ਹਾਂ ਕਿ ਏਲੀਯਾਹ ਦੇ ਸਮੇਂ ਜਦੋਂ ਸਾਢੇ ਤਿੰਨ ਸਾਲਾਂ ਤੱਕ ਮੀਂਹ ਨਹੀਂ ਸੀ ਪਿਆ, ਇਸਰਾਏਲ ਦੇਸ਼ ਵਿੱਚ ਬਹੁਤ ਸਾਰੀਆਂ ਵਿਧਵਾਵਾਂ ਸਨ ਅਤੇ ਸਾਰੀ ਧਰਤੀ ਉੱਤੇ ਇੱਕ ਬਹੁਤ ਵੱਡਾ ਅਕਾਲ ਸੀ; 26ਏਲੀਯਾਹ ਨੂੰ ਉਹਨਾਂ ਵਿੱਚੋਂ ਕਿਸੇ ਕੋਲ ਨਹੀਂ ਭੇਜਿਆ ਗਿਆ ਸੀ, ਪਰ ਉਸ ਵਿਧਵਾ ਕੋਲ ਜੋ ਸਿਦੋਨ ਪ੍ਰਦੇਸ਼ ਦੇ ਸਾਰਪਥ ਸ਼ਹਿਰ ਵਿੱਚ ਸੀ।#4:26 1 ਰਾਜਾ 17:7-19 27ਇਸੇ ਤਰ੍ਹਾਂ ਅਲੀਸ਼ਾ ਨਬੀ ਦੇ ਸਮੇਂ ਇਸਰਾਏਲ ਦੇਸ਼ ਵਿੱਚ ਬਹੁਤ ਸਾਰੇ ਕੋੜ੍ਹੀ ਸਨ, ਪਰ ਸੀਰੀਆ ਵਾਸੀ ਨਾਮਾਨ ਤੋਂ ਇਲਾਵਾ ਕਿਸੇ ਨੂੰ ਵੀ ਸ਼ੁੱਧ ਨਹੀਂ ਕੀਤਾ ਗਿਆ।#4:27 2 ਰਾਜਾ 5:1-14”
28ਇਹ ਸੁਣਦਿਆਂ ਹੀ ਪ੍ਰਾਰਥਨਾ ਸਥਾਨ ਵਿੱਚ ਇਕੱਠੇ ਹੋਏ ਸਾਰੇ ਲੋਕ ਬਹੁਤ ਗੁੱਸੇ ਵਿੱਚ ਆ ਗਏ। 29ਉਹ ਖੜ੍ਹੇ ਹੋ ਗਏ ਅਤੇ ਯਿਸ਼ੂ ਨੂੰ ਨਗਰ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਉਹਨਾਂ ਨੂੰ ਉਸ ਪਹਾੜ ਦੀ ਟੀਸੀ ਤੇ ਲੈ ਗਏ ਜਿੱਥੇ ਉਹ ਨਗਰ ਬਣਿਆ ਹੋਇਆ ਸੀ, ਤਾਂ ਜੋ ਉਹਨਾਂ ਨੂੰ ਉੱਥੋਂ ਸੁੱਟ ਦਿੱਤਾ ਜਾਵੇ। 30ਪਰ ਯਿਸ਼ੂ ਭੀੜ ਵਿੱਚੋਂ ਦੀ ਲੰਘ ਕੇ ਆਪਣੇ ਰਾਹ ਚਲੇ ਗਏ।
ਯਿਸ਼ੂ ਨੇ ਇੱਕ ਅਪਵਿੱਤਰ ਆਤਮਾ ਨੂੰ ਬਾਹਰ ਕੱਢਿਆ
31ਫਿਰ ਉਹ ਗਲੀਲ ਦੇ ਨਗਰ ਕਫ਼ਰਨਹੂਮ ਸ਼ਹਿਰ ਵਿੱਚ ਗਏ ਅਤੇ ਸਬਤ ਦੇ ਦਿਨ ਉਹ ਲੋਕਾਂ ਨੂੰ ਸਿੱਖੋਣ ਲੱਗਾ। 32ਉਹ ਯਿਸ਼ੂ ਦੀਆਂ ਸਿੱਖਿਆ ਤੋਂ ਹੈਰਾਨ ਹੋਏ ਕਿਉਂਕਿ ਉਹਨਾਂ ਦੇ ਸ਼ਬਦਾਂ ਵਿੱਚ ਅਧਿਕਾਰ ਸੀ।
33ਪ੍ਰਾਰਥਨਾ ਸਥਾਨ ਵਿੱਚ ਇੱਕ ਆਦਮੀ ਸੀ ਜਿਸ ਵਿੱਚ ਭੂਤ, ਜੋ ਅਸ਼ੁੱਧ ਆਤਮਾ ਨਾਲ ਪੀੜਤ ਸੀ। ਉਹ ਉੱਚੀ ਆਵਾਜ਼ ਨਾਲ ਚੀਖਕੇ ਬੋਲਿਆ, “ਇੱਥੋਂ ਚਲੇ ਜਾਓ! 34ਨਾਜ਼ਰੇਥ ਵਾਸੀ ਯਿਸ਼ੂ! ਤੁਸੀਂ ਸਾਡੇ ਨਾਲ ਕੀ ਕਰਨਾ ਚਾਹੁੰਦੇ ਹੋ? ਕੀ ਤੁਸੀਂ ਸਾਨੂੰ ਨਾਸ਼ ਕਰਨ ਆਏ ਹੋ? ਮੈਂ ਜਾਣਦਾ ਹਾਂ ਤੁਸੀਂ ਕੌਣ ਹੋ; ਪਰਮੇਸ਼ਵਰ ਦੇ ਪਵਿੱਤਰ ਪੁੱਤਰ!”
35“ਚੁੱਪ!” ਯਿਸ਼ੂ ਨੇ ਸਖਤੀ ਨਾਲ ਕਿਹਾ, “ਇਸ ਵਿੱਚੋਂ ਨਿਕਲ ਜਾਓ!” ਤਦ ਦੁਸ਼ਟ ਆਤਮਾ ਨੇ ਸਾਰਿਆਂ ਸਾਹਮਣੇ ਉਸ ਆਦਮੀ ਨੂੰ ਹੇਠਾਂ ਸੁੱਟ ਦਿੱਤਾ ਅਤੇ ਉਸ ਨੂੰ ਜ਼ਖਮੀ ਕੀਤੇ ਬਿਨਾਂ ਉਸ ਵਿੱਚੋਂ ਬਾਹਰ ਨਿਕਲ ਗਿਆ।
36ਇਹ ਵੇਖ ਕੇ ਸਾਰੇ ਲੋਕ ਹੈਰਾਨ ਹੋ ਗਏ ਅਤੇ ਆਪਸ ਵਿੱਚ ਕਹਿਣ ਲੱਗੇ, “ਇਹ ਕੀ ਸ਼ਬਦ ਹਨ! ਇਹ ਦੁਸ਼ਟ ਆਤਮਾਵਾਂ ਨੂੰ ਵੱਡੇ ਅਧਿਕਾਰ ਅਤੇ ਸ਼ਕਤੀ ਨਾਲ ਆਗਿਆ ਦਿੰਦਾ ਹੈ ਅਤੇ ਉਹ ਮਨੁੱਖਾਂ ਵਿੱਚੋਂ ਬਾਹਰ ਆ ਜਾਂਦਿਆਂ ਹਨ!” 37ਅਤੇ ਉਹਨਾਂ ਬਾਰੇ ਆਲੇ-ਦੁਆਲੇ ਦੇ ਸਾਰੇ ਇਲਾਕਿਆਂ ਵਿੱਚ ਖ਼ਬਰ ਫੈਲ ਗਈ।
ਯਿਸ਼ੂ ਨੇ ਕਈਆਂ ਨੂੰ ਚੰਗਾ ਕੀਤਾ
38ਪ੍ਰਾਰਥਨਾ ਸਥਾਨ ਛੱਡ ਕੇ ਯਿਸ਼ੂ ਸ਼ਿਮਓਨ ਦੇ ਘਰ ਚਲੇ ਗਏ। ਉੱਥੇ ਸ਼ਿਮਓਨ ਦੀ ਸੱਸ ਤੇਜ਼ ਬੁਖਾਰ ਤੋਂ ਦੁੱਖੀ ਸੀ ਅਤੇ ਉਹਨਾਂ ਨੇ ਯਿਸ਼ੂ ਨੂੰ ਉਸ ਨੂੰ ਚੰਗਾ ਕਰਨ ਲਈ ਬੇਨਤੀ ਕੀਤੀ। 39ਯਿਸ਼ੂ ਉਸ ਕੋਲ ਗਏ ਅਤੇ ਬੁਖਾਰ ਨੂੰ ਝਿੜਕਿਆ, ਅਤੇ ਬੁਖਾਰ ਉਸ ਨੂੰ ਛੱਡ ਕੇ ਚੱਲਿਆ ਗਿਆ। ਉਹ ਝੱਟ ਖੜ੍ਹੀ ਹੋ ਗਈ ਅਤੇ ਉਹਨਾਂ ਦੀ ਸੇਵਾ ਕਰਨ ਲੱਗੀ।
40ਸੂਰਜ ਡੁੱਬਣ ਵੇਲੇ, ਲੋਕ ਸਾਰੇ ਰੋਗੀਆਂ ਦੇ ਪੀੜਤਾਂ ਨੂੰ ਉਹ ਦੇ ਕੋਲ ਲਿਆਏ। ਯਿਸ਼ੂ ਨੇ ਹਰੇਕ ਉੱਤੇ ਹੱਥ ਰੱਖਿਆ ਅਤੇ ਉਹਨਾਂ ਨੂੰ ਚੰਗਾ ਕੀਤਾ। 41ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਵਿੱਚੋਂ ਦੁਸ਼ਟ ਆਤਮਾ ਉੱਚੀ ਆਵਾਜ਼ ਨਾਲ ਚੀਕਾਂ ਮਾਰਦੇ ਇਹ ਆਖਦੇ ਬਾਹਰ ਨਿੱਕਲੀ ਕਿ, “ਤੁਸੀਂ ਪਰਮੇਸ਼ਵਰ ਦੇ ਪੁੱਤਰ ਹੋ!” ਪਰ ਯਿਸ਼ੂ ਨੇ ਉਹਨਾਂ ਨੂੰ ਝਿੜਕਿਆ ਅਤੇ ਉਹਨਾਂ ਨੂੰ ਬੋਲਣ ਦਾ ਹੁਕਮ ਨਾ ਦਿੱਤਾ ਕਿਉਂਕਿ ਦੁਸ਼ਟ ਆਤਮਾ ਉਹ ਯਿਸ਼ੂ ਨੂੰ ਪਛਾਣਦੀਆਂ ਸਨ ਕਿ ਉਹ ਮਸੀਹਾ ਸੀ।
42ਸਵੇਰ ਹੁੰਦੇ ਹੀ ਯਿਸ਼ੂ ਇੱਕ ਇਕਾਂਤ ਜਗ੍ਹਾ ਤੇ ਚਲੇ ਗਏ। ਲੋਕ ਉਹਨਾਂ ਦੀ ਭਾਲ ਕਰਦੇ ਹੋਏ ਉੱਥੇ ਪਹੁੰਚ ਗਏ। ਉਹ ਕੋਸ਼ਿਸ਼ ਕਰ ਰਹੇ ਸਨ ਕਿ ਯਿਸ਼ੂ ਉਹਨਾਂ ਨੂੰ ਛੱਡ ਕੇ ਨਾ ਜਾਣ। 43ਯਿਸ਼ੂ ਨੇ ਆਖਿਆ, “ਇਹ ਜ਼ਰੂਰੀ ਹੈ ਕਿ ਮੈਂ ਦੂਜੇ ਨਗਰਾਂ ਵਿੱਚ ਜਾਵਾਂ ਅਤੇ ਪਰਮੇਸ਼ਵਰ ਦੇ ਰਾਜ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਾ ਕਿਉਂਕਿ ਇਸ ਕਰਕੇ ਹੀ ਮੈ ਭੇਜਿਆ ਗਿਆ ਹਾਂ।” 44ਅਤੇ ਉਹ ਲਗਾਤਾਰ ਯਹੂਦਿਯਾ ਪ੍ਰਦੇਸ਼ ਦੇ ਪ੍ਰਾਰਥਨਾ ਸਥਾਨਾਂ ਵਿੱਚ ਖੁਸ਼ਖ਼ਬਰੀ ਦਾ ਪ੍ਰਚਾਰ ਕਰਦਾ ਰਿਹਾ।