6
ਸਬਤ ਦੇ ਦਿਨ ਬਾਰੇ ਗੱਲਬਾਤ
1ਇੱਕ ਸਬਤ ਦੇ ਦਿਨ ਜਦੋਂ ਯਿਸ਼ੂ ਖੇਤ ਵਿੱਚੋਂ ਦੀ ਲੰਘ ਰਹੇ ਸਨ ਅਤੇ ਉਹਨਾਂ ਦੇ ਚੇਲੇ ਸਿੱਟੇ ਤੋੜ ਕੇ, ਆਪਣੇ ਹੱਥਾਂ ਨਾਲ ਮਸਲ-ਮਸਲ ਕੇ ਖਾਣ ਲੱਗੇ। 2ਇਹ ਵੇਖ ਕੇ ਕੁਝ ਫ਼ਰੀਸੀਆਂ ਨੇ ਪੁੱਛਿਆ, “ਤੁਸੀਂ ਸਬਤ ਉੱਤੇ ਇਹ ਕੰਮ ਕਿਉਂ ਕਰ ਰਹੇ ਹੋ, ਜੋ ਬਿਵਸਥਾ ਅਨੁਸਾਰ ਮਨ੍ਹਾ ਹੈ?”
3ਯਿਸ਼ੂ ਨੇ ਉਹਨਾਂ ਨੂੰ ਜਵਾਬ ਦਿੱਤਾ, “ਕੀ ਤੁਸੀਂ ਪਵਿੱਤਰ ਸ਼ਾਸਤਰ ਵਿੱਚ ਕਦੇ ਨਹੀਂ ਪੜ੍ਹਿਆ ਕਿ ਦਾਵੀਦ ਨੇ ਕੀ ਕੀਤਾ ਸੀ ਜਦੋਂ ਉਹ ਅਤੇ ਉਸਦੇ ਸਾਥੀ ਭੁੱਖੇ ਸਨ? 4ਦਾਵੀਦ ਨੇ ਪਰਮੇਸ਼ਵਰ ਦੇ ਭਵਨ ਵਿੱਚ ਜਾ ਕੇ ਚੜ੍ਹਾਵੇ ਦੀ ਰੋਟੀ ਖਾਧੀ, ਜਿਸ ਦਾ ਖਾਣਾ ਜਾਜਕਾਂ ਦੇ ਇਲਾਵਾ ਕਿਸੇ ਹੋਰ ਲਈ ਨਿਯਮ ਵਿਰੁੱਧ ਸੀ? ਇਹੀ ਰੋਟੀ ਉਹਨਾਂ ਨੇ ਆਪਣੇ ਸਾਥੀਆਂ ਨੂੰ ਵੀ ਦਿੱਤੀ।”#6:4 ਲੇਵਿ 24:5-9; 1 ਸ਼ਮੁ 21:6 5ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮਨੁੱਖ ਦਾ ਪੁੱਤਰ ਸਬਤ ਦਾ ਪ੍ਰਭੂ ਹੈ।”
6ਇੱਕ ਹੋਰ ਸਬਤ ਦੇ ਦਿਨ, ਯਿਸ਼ੂ ਪ੍ਰਾਰਥਨਾ ਸਥਾਨ ਵਿੱਚ ਗਏ ਅਤੇ ਸਿੱਖਿਆ ਦੇਣ ਲੱਗੇ। ਉੱਥੇ ਇੱਕ ਵਿਅਕਤੀ ਸੀ ਜਿਸ ਦਾ ਸੱਜਾ ਹੱਥ ਸੁੱਕਿਆ ਹੋਇਆ ਸੀ। 7ਕੁਝ ਫ਼ਰੀਸੀ ਅਤੇ ਸ਼ਾਸਤਰੀ ਇਸ ਮੌਕੇ ਦੀ ਉਡੀਕ ਵਿੱਚ ਸੀ ਕਿ ਯਿਸ਼ੂ ਸਬਤ ਦੇ ਦਿਨ ਇਸ ਵਿਅਕਤੀ ਨੂੰ ਚੰਗਾ ਕਰਨ ਅਤੇ ਉਹ ਉਹਨਾਂ ਤੇ ਇਲਜ਼ਾਮ ਲਾ ਸਕਣ। 8ਯਿਸ਼ੂ ਜਾਣਦੇ ਸੀ ਕਿ ਉਹ ਕੀ ਸੋਚ ਰਹੇ ਹਨ। ਉਹਨਾਂ ਨੇ ਉਸ ਸੁੱਕੇ ਹੱਥ ਵਾਲੇ ਆਦਮੀ ਨੂੰ ਕਿਹਾ, “ਉੱਠ! ਸਾਰਿਆਂ ਦੇ ਸਾਹਮਣੇ ਖੜ੍ਹਾ ਹੋ ਜਾ।” ਉਹ ਉੱਠਿਆ ਅਤੇ ਉੱਥੇ ਖੜ੍ਹਾ ਹੋ ਗਿਆ।
9ਤਾਂ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੈਨੂੰ ਇਹ ਦੱਸੋ, ਸਬਤ ਦੇ ਦਿਨ ਕੀ ਕਰਨਾ ਸਹੀ ਹੈ? ਚੰਗਾ ਜਾਂ ਬੁਰਾ? ਜਾਨ ਬਚਾਉਣਾ ਜਾਂ ਨਾਸ ਕਰਨਾ?”
10ਉਹਨਾਂ ਸਾਰਿਆਂ ਵੱਲ ਵੇਖਦਿਆਂ, ਯਿਸ਼ੂ ਨੇ ਉਸ ਵਿਅਕਤੀ ਨੂੰ ਹੁਕਮ ਦਿੱਤਾ, “ਆਪਣਾ ਹੱਥ ਵਧਾ!” ਉਸ ਨੇ ਉਵੇਂ ਹੀ ਕੀਤਾ ਅਤੇ ਉਸਦਾ ਹੱਥ ਚੰਗਾ ਹੋ ਗਿਆ ਸੀ। 11ਇਹ ਵੇਖ ਕੇ ਫ਼ਰੀਸੀ ਅਤੇ ਸ਼ਾਸਤਰੀ ਗੁੱਸੇ ਨਾਲ ਭੜਕ ਗਏ। ਉਹ ਆਪਸ ਵਿੱਚ ਵਿਚਾਰ ਕਰਨ ਲੱਗੇ ਕਿ ਯਿਸ਼ੂ ਨਾਲ ਕੀ ਕਰਨਾ ਹੈ।
ਬਾਰ੍ਹਾਂ ਚੇਲਿਆਂ ਦਾ ਚੁਣਿਆਂ ਜਾਣਾ
12ਇੱਕ ਦਿਨ ਯਿਸ਼ੂ ਪ੍ਰਾਰਥਨਾ ਕਰਨ ਲਈ ਪਹਾੜ ਤੇ ਚਲੇ ਗਏ ਅਤੇ ਸਾਰੀ ਰਾਤ ਪਰਮੇਸ਼ਵਰ ਅੱਗੇ ਉਹ ਪ੍ਰਾਰਥਨਾ ਕਰਦੇ ਰਹੇ। 13ਜਦੋਂ ਸਵੇਰ ਹੋਈ ਉਹਨਾਂ ਨੇ ਆਪਣੇ ਚੇਲਿਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਉਹਨਾਂ ਵਿੱਚੋਂ ਬਾਰ੍ਹਾਂ ਨੂੰ ਚੁਣਿਆ ਅਤੇ ਉਹਨਾਂ ਨੂੰ ਰਸੂਲ ਨਿਯੁਕਤ ਕੀਤਾ:
14ਸ਼ਿਮਓਨ, (ਜਿਸ ਨੂੰ ਯਿਸ਼ੂ ਨੇ ਪਤਰਸ ਨਾਮ ਦਿੱਤਾ) ਅਤੇ ਉਸ ਦਾ ਭਰਾ ਆਂਦਰੇਯਾਸ,
ਯਾਕੋਬ,
ਯੋਹਨ,
ਫਿਲਿੱਪਾਸ,
ਬਾਰਥੋਲੋਮੇਯਾਸ,
15ਮੱਤੀਯਾਹ,
ਥੋਮਸ,
ਯਾਕੋਬ, ਹਲਫੇਯਾਸ ਦਾ ਪੁੱਤਰ,
ਰਾਸ਼ਟਰਵਾਦੀ ਸ਼ਿਮਓਨ,
16ਯਹੂਦਾਹ, ਯਾਕੋਬ ਦਾ ਪੁੱਤਰ,
ਅਤੇ ਕਾਰਿਯੋਤ ਵਾਸੀ ਯਹੂਦਾਹ, ਜਿਸ ਨੇ ਯਿਸ਼ੂ ਨੂੰ ਧੋਖਾ ਦਿੱਤਾ ਸੀ।
ਅਸੀਸਾਂ ਅਤੇ ਮੁਸੀਬਤਾਂ
17ਯਿਸ਼ੂ ਉਹਨਾਂ ਦੇ ਨਾਲ ਪਹਾੜ ਤੋਂ ਹੇਠਾਂ ਉੱਤਰੇ ਅਤੇ ਇੱਕ ਸਮਤਲ ਜਗ੍ਹਾ ਤੇ ਖੜ੍ਹੇ ਹੋ ਗਏ। ਉਹਨਾਂ ਦੇ ਚੇਲਿਆਂ ਦੀ ਇੱਕ ਵੱਡੀ ਭੀੜ ਉੱਥੇ ਸੀ ਅਤੇ ਵੱਡੀ ਗਿਣਤੀ ਵਿੱਚ ਲੋਕ ਯਹੂਦਿਯਾ ਪ੍ਰਦੇਸ਼, ਯੇਰੂਸ਼ਲੇਮ ਸ਼ਹਿਰ ਅਤੇ ਸੋਰ ਅਤੇ ਸਿਦੋਨ ਸ਼ਹਿਰ ਦੇ ਸਮੁੰਦਰੀ ਕੰਡੇ ਤੋਂ, 18ਉਹਨਾਂ ਦਾ ਉਪਦੇਸ਼ ਸੁਣਨ ਅਤੇ ਆਪਣੀਆਂ ਬਿਮਾਰੀਆਂ ਤੋਂ ਚੰਗਾ ਹੋਣ ਲਈ ਉੱਥੇ ਆਏ ਸਨ। ਜਿਨ੍ਹਾਂ ਨੂੰ ਦੁਸ਼ਟ ਆਤਮਾ ਚਿੰਭੜੀ ਸੀ ਉਹਨਾਂ ਨੂੰ ਯਿਸ਼ੂ ਨੇ ਅਜ਼ਾਦ ਕੀਤਾ। 19ਹਰ ਕੋਈ ਉਹਨਾਂ ਨੂੰ ਛੂਹਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਉਹਨਾਂ ਵਿੱਚੋਂ ਨਿਕਲ ਰਹੀ ਸ਼ਕਤੀ ਉਹਨਾਂ ਸਾਰਿਆਂ ਨੂੰ ਚੰਗਾ ਕਰ ਰਹੀ ਸੀ।
20ਆਪਣੇ ਚੇਲਿਆਂ ਵੱਲ ਵੇਖਦਿਆਂ, ਯਿਸ਼ੂ ਨੇ ਕਿਹਾ:
“ਮੁਬਾਰਕ ਹਨ ਉਹ ਜਿਹੜੇ ਦਿਲਾਂ ਦੇ ਗ਼ਰੀਬ ਹਨ,
ਕਿਉਂਕਿ ਪਰਮੇਸ਼ਵਰ ਦਾ ਰਾਜ ਉਹਨਾਂ ਦਾ ਹੈ।
21ਮੁਬਾਰਕ ਹਨ ਉਹ ਜੋ ਭੁੱਖੇ ਹਨ,
ਕਿਉਂਕਿ ਤੁਸੀਂ ਸੰਤੁਸ਼ਟ ਕੀਤੇ ਜਾਵੋਗੇ।
ਮੁਬਾਰਕ ਹੋ ਤੁਸੀਂ ਜੋ ਹੁਣ ਰੋ ਰਹੇ ਹੋ,
ਕਿਉਂਕਿ ਤੁਸੀਂ ਹੱਸੋਗੇ।
22ਮੁਬਾਰਕ ਹੋ ਤੁਸੀਂ, ਜਦੋਂ ਲੋਕ ਮੇਰੇ ਨਾਮ ਦੇ ਕਾਰਨ ਤੁਹਾਨੂੰ ਨਫ਼ਰਤ ਕਰਦੇ ਹਨ,
ਤੁਹਾਨੂੰ ਬਾਹਰ ਕੱਢਦੇ ਅਤੇ ਤੁਹਾਨੂੰ ਬੇਇੱਜ਼ਤ ਕਰਨ,
ਤੁਹਾਡੇ ਨਾਮ ਨੂੰ ਮਨੁੱਖ ਦੇ ਪੁੱਤਰ ਦੇ
ਕਾਰਨ ਬੁਰਾ ਕਰਾਰ ਕਰਦੇ ਹਨ।
23“ਉਸ ਦਿਨ ਜਦੋਂ ਇਹ ਹੋਵੇ ਜਸ਼ਨ ਮਨਾਉ ਅਤੇ ਖੁਸ਼ੀ ਵਿੱਚ ਕੁੱਦੋ ਕਿਉਂਕਿ ਸਵਰਗ ਵਿੱਚ ਤੁਹਾਡੇ ਲਈ ਬਹੁਤ ਵੱਡਾ ਇਨਾਮ ਹੋਵੇਗਾ। ਉਹਨਾਂ ਦੇ ਪੁਰਖਿਆਂ ਨੇ ਵੀ ਨਬੀਆਂ ਨੂੰ ਇਸੇ ਤਰ੍ਹਾਂ ਸਤਾਇਆ ਸੀ।
24“ਲਾਹਨਤ ਹੈ ਤੁਹਾਡੇ ਤੇ ਜੇ ਤੁਸੀਂ ਅਮੀਰ ਹੋ,
ਤੁਸੀਂ ਆਪਣੀ ਸਾਰੇ ਸੁੱਖ ਭੋਗ ਚੁੱਕੇ।
25ਲਾਹਨਤ ਹੈ ਤੁਹਾਡੇ ਤੇ ਜੋ ਰਜਾਏ ਗਏ ਹੋ,
ਕਿਉਂਕਿ ਤੁਸੀਂ ਭੁੱਖੇ ਰਹੋਗੇ।
ਲਾਹਨਤ ਹੈ ਤੁਹਾਡੇ ਤੇ ਜੋ ਤੁਸੀਂ ਇਸ ਸਮੇਂ ਹੱਸ ਰਹੇ ਹੋ,
ਕਿਉਂਕਿ ਤੁਸੀਂ ਸੋਗ ਕਰੋਗੇ ਅਤੇ ਰੋਵੋਗੇ।
26ਲਾਹਨਤ ਹੈ ਤੁਹਾਡੇ ਤੇ ਜਦੋਂ ਸਾਰੇ ਲੋਕ ਤੁਹਾਡੀ ਪ੍ਰਸ਼ੰਸਾ ਕਰਦੇ ਹਨ,
ਕਿਉਂਕਿ ਉਹਨਾਂ ਦੇ ਪੁਰਖੇ ਝੂਠੇ ਨਬੀਆਂ ਨਾਲ ਇਸੇ ਤਰ੍ਹਾਂ ਕਰਦੇ ਸਨ।
ਦੁਸ਼ਮਣਾਂ ਨਾਲ ਪਿਆਰ ਕਰਨ ਦੀ ਸਿੱਖਿਆ
27“ਪਰ ਤੁਸੀਂ ਜਿਹੜੇ ਸੁਣਦੇ ਹੋ ਉਹਨਾਂ ਨੂੰ ਮੈਂ ਆਖਦਾ ਹਾਂ, ਆਪਣੇ ਦੁਸ਼ਮਣਾਂ ਨਾਲ ਪਿਆਰ ਕਰੋ ਅਤੇ ਉਹਨਾਂ ਨਾਲ ਭਲਾ ਕਰੋ ਜਿਹੜੇ ਤੁਹਾਡੇ ਤੋਂ ਨਫ਼ਰਤ ਕਰਦੇ ਹਨ। 28ਉਹਨਾਂ ਨੂੰ ਅਸੀਸ ਦਿਓ ਜੋ ਤੁਹਾਨੂੰ ਸਰਾਪ ਦਿੰਦੇ ਹਨ, ਜੋ ਤੁਹਾਨੂੰ ਗਾਲਾਂ ਕੱਢਦੇ ਹਨ ਉਹਨਾਂ ਲਈ ਪ੍ਰਾਰਥਨਾ ਕਰੋ। 29ਜੇ ਕੋਈ ਤੁਹਾਡੀ ਇੱਕ ਗੱਲ੍ਹ ਉੱਤੇ ਚਪੇੜ ਮਾਰੇ, ਤਾਂ ਉਸ ਵੱਲ ਦੂਸਰੀ ਗੱਲ੍ਹ ਵੀ ਕਰ ਦਿਓ। ਜੇ ਕੋਈ ਤੁਹਾਡੀ ਚੋਗਾ ਲੈਣਾ ਚਾਹੁੰਦਾ ਹੈ, ਤਾਂ ਉਸ ਨੂੰ ਆਪਣੀ ਕਮੀਜ਼ ਦੇਣ ਤੋਂ ਵੀ ਨਾ ਝਿਜਕੋ। 30ਜਦੋਂ ਵੀ ਕੋਈ ਤੁਹਾਡੇ ਤੋਂ ਕੁਝ ਮੰਗੇ ਤਾਂ ਉਸ ਨੂੰ ਦੇ ਦਿਓ ਅਤੇ ਜੇ ਕੋਈ ਤੁਹਾਡੀ ਚੀਜ਼ ਲੈ ਲਵੇ ਤਾਂ ਵਾਪਸ ਨਾ ਮੰਗੋ। 31ਜਿਵੇਂ ਤੁਸੀਂ ਚਾਹੁੰਦੇ ਹੋ ਜੋ ਦੂਸਰੇ ਲੋਕ ਤੁਹਾਡੇ ਨਾਲ ਕਰਨ ਤੁਸੀਂ ਵੀ ਦੂਜਿਆਂ ਨਾਲ ਉਵੇਂ ਦਾ ਹੀ ਵਰਤਾਓ ਕਰੋ।
32“ਜੇ ਤੁਸੀਂ ਸਿਰਫ ਉਹਨਾਂ ਨੂੰ ਪਿਆਰ ਕਰਦੇ ਹੋ ਜੋ ਤੁਹਾਨੂੰ ਪਿਆਰ ਕਰਦੇ ਹਨ, ਤਾਂ ਇਸ ਦਾ ਕੀ ਫ਼ਾਇਦਾ? ਕਿਉਂਕਿ ਪਾਪੀ ਲੋਕ ਵੀ ਆਪਣੇ ਪਿਆਰ ਕਰਨ ਵਾਲਿਆਂ ਨਾਲ ਪਿਆਰ ਕਰਦੇ ਹਨ। 33ਇਸੇ ਤਰ੍ਹਾਂ, ਜੇ ਤੁਸੀਂ ਉਹਨਾਂ ਦਾ ਭਲਾ ਕਰਦੇ ਹੋ ਜਿਨ੍ਹਾਂ ਨੇ ਤੁਹਾਡੇ ਨਾਲ ਭਲਾ ਕੀਤਾ ਹੈ, ਤਾਂ ਤੁਸੀਂ ਕੀ ਵੱਖਰਾ ਕਰਦੇ ਹੋ? ਕਿਉਂਕਿ ਪਾਪੀ ਵੀ ਇਹੀ ਕਰਦੇ ਹਨ। 34ਅਤੇ ਜੇ ਤੁਸੀਂ ਉਹਨਾਂ ਨੂੰ ਹੀ ਉਧਾਰ ਦਿੰਦੇ ਹੋ ਜਿਨ੍ਹਾਂ ਤੋਂ ਪੈਸੇ ਵਾਪਸ ਮਿਲਣ ਦੀ ਉਮੀਦ ਹੋਵੇ, ਤਾਂ ਤੁਸੀਂ ਕੀ ਵੱਖਰਾ ਕਰਦੇ ਹੋ? ਪਾਪੀ ਵੀ ਇਸੇ ਤਰ੍ਹਾਂ ਕਰਦੇ ਹਨ, ਇਸ ਉਮੀਦ ਵਿੱਚ ਕਿ ਉਹਨਾਂ ਦੇ ਸਾਰੇ ਪੈਸੇ ਉਹਨਾਂ ਨੂੰ ਵਾਪਸ ਮਿਲ ਜਾਣਗੇ। 35ਪਰ ਤੁਸੀਂ ਆਪਣੇ ਦੁਸ਼ਮਣਾਂ ਨਾਲ ਪਿਆਰ ਕਰੋ, ਉਹਨਾਂ ਨਾਲ ਭਲਾ ਕਰੋ ਅਤੇ ਉਹਨਾਂ ਤੋਂ ਵਾਪਸ ਲੈਣ ਦੀ ਉਮੀਦ ਬਿਨਾਂ ਉਹਨਾਂ ਨੂੰ ਉਧਾਰ ਦੇਓ। ਫੇਰ ਤੁਹਾਡਾ ਇਨਾਮ ਬਹੁਤ ਵੱਡਾ ਹੋਵੇਗਾ ਅਤੇ ਤੁਸੀਂ ਉਸ ਅੱਤ ਮਹਾਨ ਪਰਮੇਸ਼ਵਰ ਦੀ ਸੰਤਾਨ ਠਹਿਰਾਈ ਜਾਓ ਕਿਉਂਕਿ ਉਹ ਉਹਨਾਂ ਲਈ ਵੀ ਦਿਆਲੂ ਹੈ, ਜੋ ਨਾਸ਼ੁਕਰੇ ਅਤੇ ਬੁਰੇ ਹਨ। 36ਦਿਆਲੂ ਬਣੋ, ਜਿਵੇਂ ਤੁਹਾਡਾ ਪਿਤਾ ਪਰਮੇਸ਼ਵਰ ਦਿਆਲੂ ਹੈ।
ਦੂਜਿਆਂ ਤੇ ਦੋਸ਼ ਨਾ ਲਾਓਣ ਬਾਰੇ ਸਿੱਖਿਆ
37“ਕਿਸੇ ਦਾ ਨਿਆਂ ਨਾ ਕਰੋ ਅਤੇ ਤੁਹਾਡਾ ਵੀ ਨਿਆਂ ਨਾ ਕੀਤਾ ਜਾਵੇਗਾ। ਕਿਸੇ ਤੇ ਦੋਸ਼ ਨਾ ਲਾਓ, ਤੁਹਾਡੇ ਤੇ ਵੀ ਦੋਸ਼ ਨਹੀਂ ਲਾਇਆ ਜਾਵੇਗਾ। ਮਾਫ ਕਰੋ ਤਾਂ ਤੁਹਾਨੂੰ ਵੀ ਮਾਫ਼ ਕੀਤਾ ਜਾਵੇਗਾ। 38ਦਿਓ ਤਾਂ ਫੇਰ ਤੁਹਾਨੂੰ ਵੀ ਦਿੱਤਾ ਜਾਵੇਗਾ, ਪੂਰਾ ਮਾਪ ਦੱਬ-ਦੱਬ ਕੇ ਅਤੇ ਹਿਲਾ-ਹਿਲਾ ਕੇ ਬਾਹਰ ਡੁੱਲਦਾ ਹੋਇਆ ਤੁਹਾਡੀ ਚੋਲੀ ਵਿੱਚ ਦਿੱਤਾ ਜਾਵੇਗਾ। ਕਿਉਂਕਿ ਜਿਸ ਮਾਪ ਨਾਲ ਤੁਸੀਂ ਮਾਪਦੇ ਹੋ, ਉਸੇ ਨਾਲ ਤੁਹਾਡੇ ਲਈ ਵੀ ਮਾਪਿਆ ਜਾਵੇਗਾ।”
39ਯਿਸ਼ੂ ਨੇ ਉਹਨਾਂ ਨੂੰ ਇਹ ਦ੍ਰਿਸ਼ਟਾਂਤ ਦੱਸਿਆ, “ਕਿ ਇੱਕ ਅੰਨ੍ਹਾ ਦੂਸਰੇ ਅੰਨ੍ਹੇ ਨੂੰ ਰਸਤਾ ਦਿੱਖਾ ਸਕਦਾ ਹੈ? ਕੀ ਉਹ ਦੋਵੇਂ ਟੋਏ ਵਿੱਚ ਨਹੀਂ ਡਿੱਗ ਪੈਣਗੇ? 40ਚੇਲਾ ਆਪਣੇ ਗੁਰੂ ਨਾਲੋਂ ਵੱਡਾ ਨਹੀਂ ਹੈ ਪਰ ਹਰ ਕੋਈ ਜਿਸ ਨੇ ਸਿੱਖਿਆ ਪੂਰੀ ਕਰ ਲਈ ਹੈ ਉਹ ਉਸ ਦੇ ਅਧਿਆਪਕ ਵਰਗਾ ਹੋਵੇਗਾ।
41“ਤੂੰ ਕਿਉਂ ਆਪਣੇ ਭਰਾ ਦੀ ਅੱਖ ਦੇ ਕਣ ਵੱਲ ਤਾਂ ਵੇਖਦਾ ਹੈ ਪਰ ਆਪਣੀ ਅੱਖ ਵਿੱਚਲੇ ਸ਼ਤੀਰ ਵੱਲ ਤਾਂ ਧਿਆਨ ਨਹੀਂ ਦਿੰਦਾ? 42ਤੂੰ ਆਪਣੇ ਭਰਾ ਨੂੰ ਇਹ ਕਿਵੇਂ ਆਖ ਸਕਦਾ ਹੈ, ‘ਕਿ ਲਿਆ ਤੇਰੀ ਅੱਖ ਵਿੱਚੋਂ ਕੱਖ ਕੱਢ ਦਿਆਂ,’ ਜਦਕਿ ਤੇਰੀ ਆਪਣੀ ਅੱਖ ਵਿੱਚ ਸ਼ਤੀਰ ਹੈ ਤੂੰ ਦੇਖ ਨਹੀਂ ਪਾਉਂਦਾ? ਹੇ ਪਖੰਡੀ, ਪਹਿਲਾਂ ਉਸ ਸ਼ਤੀਰ ਨੂੰ ਆਪਣੀ ਅੱਖ ਵਿੱਚੋਂ ਕੱਢ ਤਾਂ ਫਿਰ ਤੂੰ ਸਾਫ਼ ਤਰੀਕੇ ਨਾਲ ਦੇਖ ਕੇ ਉਸ ਕੱਖ ਨੂੰ ਜਿਹੜਾ ਤੇਰੇ ਭਰਾ ਦੀ ਅੱਖ ਵਿੱਚ ਹੈ ਕੱਢ ਸਕੇਂਗਾ।
ਫਲਦਾਇਕ ਜੀਵਨ ਬਾਰੇ ਸਿੱਖਿਆ
43“ਕੋਈ ਵੀ ਚੰਗਾ ਰੁੱਖ ਮਾੜਾ ਫਲ ਨਹੀਂ ਦਿੰਦਾ ਅਤੇ ਨਾ ਹੀ ਮਾੜਾ ਰੁੱਖ ਚੰਗਾ ਫਲ ਦਿੰਦਾ ਹੈ। 44ਹਰ ਰੁੱਖ ਆਪਣੇ ਫਲਾਂ ਦੁਆਰਾ ਪਛਾਣਿਆ ਜਾਂਦਾ ਹੈ। ਲੋਕ ਕੰਡਿਆਂ ਦੇ ਰੁੱਖਾਂ ਤੋਂ ਹੰਜ਼ੀਰ ਜਾਂ ਕੰਡਿਆਲੀਆਂ ਝਾੜੀਆਂ ਤੋਂ ਅੰਗੂਰ ਇਕੱਠਾ ਨਹੀਂ ਕਰਦੇ। 45ਅਤੇ ਇੱਕ ਚੰਗਾ ਵਿਅਕਤੀ ਆਪਣੇ ਮਨ ਦੇ ਖ਼ਜ਼ਾਨੇ ਵਿੱਚੋਂ ਚੰਗੀਆ ਗੱਲਾਂ ਕੱਢਦਾ ਹੈ, ਅਤੇ ਇੱਕ ਬੁਰਾ ਵਿਅਕਤੀ ਆਪਣੇ ਮਨ ਦੇ ਬੁਰੇ ਖ਼ਜ਼ਾਨੇ ਵਿੱਚੋਂ ਬੁਰੀਆ ਗੱਲਾਂ ਕੱਢਦਾ ਹੈ; ਕਿਉਂਕਿ ਜੋ ਮਨ ਵਿੱਚ ਭਰਿਆ ਹੁੰਦਾ ਹੈ ਉਹ ਹੀ ਮੂੰਹ ਵਿੱਚੋਂ ਬਾਹਰ ਨਿਕਲਦਾ ਹੈ।
ਪੱਕੀ ਨੀਂਹ ਉੱਤੇ ਇਮਾਰਤ
46“ਜਦੋਂ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਤੁਸੀਂ ਮੈਨੂੰ, ‘ਪ੍ਰਭੂ, ਪ੍ਰਭੂ,’ ਕਿਉਂ ਕਹਿੰਦੇ ਹੋ? 47ਜਿਵੇਂ ਕਿ ਹਰ ਕੋਈ ਜੋ ਮੇਰੇ ਕੋਲ ਆਉਂਦਾ ਹੈ ਅਤੇ ਮੇਰੇ ਸ਼ਬਦਾਂ ਨੂੰ ਸੁਣਦਾ ਹੈ ਅਤੇ ਉਹਨਾਂ ਤੇ ਅਮਲ ਕਰਦਾ ਹੈ, ਮੈਂ ਤੁਹਾਨੂੰ ਦਿਖਾਵਾਂਗਾ ਕਿ ਉਹ ਕਿਸ ਤਰ੍ਹਾਂ ਦੇ ਹਨ: 48ਉਹ ਉਸ ਆਦਮੀ ਦੀ ਤਰ੍ਹਾਂ ਹਨ ਜੋ ਘਰ ਬਣਾ ਰਿਹਾ ਹੈ, ਜਿਸਨੇ ਡੂੰਘੀ ਖੁਦਾਈ ਕੀਤੀ ਅਤੇ ਚੱਟਾਨ ਤੇ ਨੀਂਹ ਰੱਖੀ। ਜਦੋਂ ਹੜ੍ਹ ਆਇਆ ਤਾਂ ਉਸ ਘਰ ਨੂੰ ਟੱਕਰ ਮਾਰੀ ਪਰ ਉਸ ਨੂੰ ਹਿਲਾ ਨਾ ਸਕਿਆ ਕਿਉਂਕਿ ਉਹ ਘਰ ਮਜ਼ਬੂਤ ਸੀ। 49ਪਰ ਉਹ ਵਿਅਕਤੀ ਜੋ ਮੇਰਾ ਬਚਨ ਸੁਣਦਾ ਹੈ ਅਤੇ ਇਸ ਦੀ ਪਾਲਣਾ ਨਹੀਂ ਕਰਦਾ ਉਹ ਉਸ ਵਿਅਕਤੀ ਵਰਗਾ ਹੈ ਜਿਸਨੇ ਜ਼ਮੀਨ ਉੱਤੇ ਬਿਨਾਂ ਨੀਂਹ ਤੋਂ ਘਰ ਬਣਾਇਆ ਅਤੇ ਜਦੋਂ ਹੜ੍ਹ ਆਇਆ, ਉਹ ਘਰ ਡਿੱਗ ਗਿਆ ਅਤੇ ਨਾਸ ਹੋ ਗਿਆ।”