7
ਰੋਮੀ ਅਧਿਕਾਰੀ ਦਾ ਵਿਸ਼ਵਾਸ
1ਲੋਕਾਂ ਨੂੰ ਇਹ ਗੱਲਾਂ ਸਿੱਖੋਣ ਤੋਂ ਬਾਅਦ, ਯਿਸ਼ੂ ਕਫ਼ਰਨਹੂਮ ਸ਼ਹਿਰ ਨੂੰ ਵਾਪਸ ਚਲੇ ਗਏ। 2ਉੱਥੇ ਇੱਕ ਸੂਬੇਦਾਰ ਦਾ ਨੌਕਰ ਸੀ, ਜੋ ਉਸਦੇ ਮਾਲਕ ਨੂੰ ਬਹੁਤ ਪਿਆਰਾ ਸੀ, ਉਹ ਬਿਮਾਰ ਸੀ ਅਤੇ ਮਰਨ ਵਾਲਾ ਸੀ। 3ਜਦੋਂ ਸੈਨਾ ਅਧਿਕਾਰੀ ਨੇ ਯਿਸ਼ੂ ਬਾਰੇ ਸੁਣਿਆ ਤਾਂ ਉਸ ਨੇ ਕੁਝ ਯਹੂਦੀ ਬਜ਼ੁਰਗਾਂ ਨੂੰ ਯਿਸ਼ੂ ਕੋਲ ਭੇਜਿਆ ਅਤੇ ਉਹਨਾਂ ਅੱਗੇ ਬੇਨਤੀ ਕੀਤੀ ਕਿ ਉਹ ਆ ਕੇ ਉਸ ਦੇ ਨੌਕਰ ਨੂੰ ਚੰਗਾ ਕਰਨ। 4ਉਹਨਾਂ ਨੇ ਯਿਸ਼ੂ ਕੋਲ ਆ ਕੇ ਬੇਨਤੀ ਕੀਤੀ, “ਇਹ ਆਦਮੀ ਤੁਹਾਡੇ ਰਹਿਮ ਦਾ ਹੱਕਦਾਰ ਹੈ 5ਕਿਉਂਕਿ ਉਹ ਸਾਡੇ ਦੇਸ਼ ਨੂੰ ਪਿਆਰ ਕਰਦਾ ਹੈ ਅਤੇ ਉਸਨੇ ਸਾਡੇ ਲਈ ਪ੍ਰਾਰਥਨਾ ਸਥਾਨ ਵੀ ਬਣਾਇਆ ਹੈ।” 6ਤਾਂ ਯਿਸ਼ੂ ਉਹਨਾਂ ਦੇ ਨਾਲ ਚਲੇ ਗਏ।
ਯਿਸ਼ੂ ਉਸ ਦੇ ਘਰ ਦੇ ਨੇੜੇ ਪਹੁੰਚੇ ਹੀ ਸੀ ਕਿ ਸੂਬੇਦਾਰ ਨੇ ਆਪਣੇ ਦੋਸਤਾਂ ਰਾਹੀਂ ਉਸ ਨੂੰ ਸੁਨੇਹਾ ਭੇਜਿਆ, “ਹੇ ਪ੍ਰਭੂ ਜੀ! ਖੇਚਲ ਨਾ ਕਰੋ। ਮੈਂ ਇਸ ਯੋਗ ਤਾਂ ਨਹੀਂ ਜੋ ਤੁਸੀਂ ਮੇਰੀ ਛੱਤ ਹੇਠਾਂ ਆਓ। 7ਇਸ ਲਈ ਮੈਂ ਆਪਣੇ ਆਪ ਨੂੰ ਤੁਹਾਡੇ ਕੋਲ ਆਉਣ ਦੇ ਯੋਗ ਨਹੀਂ ਸਮਝਿਆ। ਪਰ ਇਕੱਲਾ ਬਚਨ ਹੀ ਕਰ ਦੇਵੋ ਅਤੇ ਮੇਰਾ ਨੌਕਰ ਚੰਗਾ ਹੋ ਜਾਵੇਗਾ। 8ਮੈਂ ਵੀ ਇੱਕ ਅਜਿਹਾ ਆਦਮੀ ਹਾਂ ਜੋ ਵੱਡੇ ਅਧਿਕਾਰੀਆਂ ਦੇ ਅਧਿਕਾਰ ਹੇਠਾਂ ਹਾਂ ਅਤੇ ਸਿਪਾਹੀ ਮੇਰੇ ਅਧੀਨ ਹਨ। ਮੈਂ ਕਿਸੇ ਨੂੰ ਹੁਕਮ ਦਿੰਦਾ ਹਾਂ, ‘ਜਾਓ!’ ਅਤੇ ਉਹ ਚਲਾ ਜਾਂਦਾ ਹੈ। ਮੈਂ ਕਿਸੇ ਨੂੰ ਹੁਕਮ ਦਿੰਦਾ ਹਾਂ, ‘ਇਧਰ ਆਓ!’ ਅਤੇ ਉਹ ਆ ਜਾਂਦਾ ਹੈ, ਅਤੇ ਮੈਂ ਆਪਣੇ ਨੌਕਰ ਨੂੰ ਕਹਿੰਦਾ ਹਾਂ, ‘ਇਹ ਕਰੋ!’ ਤਾਂ ਉਹ ਉਹੀ ਕਰਦਾ ਹੈ।”
9ਤਦ ਯਿਸ਼ੂ ਇਹ ਸੁਣ ਕੇ ਹੈਰਾਨ ਹੋ ਗਏ ਅਤੇ ਉਹਨਾਂ ਨੇ ਮੁੜ ਕੇ ਪਿੱਛੇ ਆਉਂਦੀ ਭੀੜ ਨੂੰ ਕਿਹਾ, “ਮੈਂ ਤੁਹਾਨੂੰ ਕਹਿੰਦਾ ਹਾਂ, ਮੈਂ ਇਸਰਾਏਲ ਵਿੱਚ ਵੀ ਅਜਿਹਾ ਪੱਕਾ ਵਿਸ਼ਵਾਸ ਨਹੀਂ ਵੇਖਿਆ!” 10ਜਿਨ੍ਹਾਂ ਨੂੰ ਸੈਨਾ ਅਧਿਕਾਰੀ ਨੇ ਯਿਸ਼ੂ ਕੋਲ ਭੇਜਿਆ ਸੀ, ਜਦੋਂ ਉਹ ਵਾਪਿਸ ਘਰ ਗਏ ਤਾਂ ਉਹਨਾਂ ਨੇ ਵੇਖਿਆ ਕਿ ਨੌਕਰ ਪੂਰੀ ਤਰ੍ਹਾਂ ਚੰਗਾ ਹੋ ਗਿਆ ਸੀ।
ਵਿਧਵਾ ਦੇ ਪੁੱਤਰ ਦਾ ਜਿਓ ਉੱਠਣਾ
11ਇਸ ਤੋਂ ਤੁਰੰਤ ਬਾਅਦ ਯਿਸ਼ੂ ਆਪਣੇ ਚੇਲਿਆਂ ਨਾਲ ਨਾਇਨ ਨਾਮ ਦੇ ਇੱਕ ਪਿੰਡ ਵਿੱਚ ਗਏ ਅਤੇ ਇੱਕ ਵੱਡੀ ਭੀੜ ਉਹਨਾਂ ਦੇ ਨਾਲ ਗਈ। 12ਜਿਵੇਂ ਹੀ ਉਹ ਉਸ ਪਿੰਡ ਦੇ ਗੇਟ ਤੇ ਪਹੁੰਚੇ, ਤਾਂ ਇੱਕ ਮੁਰਦਾ ਆਦਮੀ ਨੂੰ ਲਜਾਇਆ ਜਾ ਰਿਹਾ ਸੀ। ਉਹ ਜਵਾਨ ਜਿਹੜਾ ਮਰ ਗਿਆ ਸੀ, ਇੱਕ ਵਿਧਵਾ ਦਾ ਇੱਕਲੌਤਾ ਪੁੱਤਰ ਸੀ ਅਤੇ ਪਿੰਡ ਦੀ ਇੱਕ ਵੱਡੀ ਭੀੜ ਉਸ ਦੇ ਨਾਲ ਸੀ। 13ਉਸ ਨੂੰ ਵੇਖ ਕੇ ਯਿਸ਼ੂ ਦਾ ਦਿਲ ਤਰਸ ਨਾਲ ਭਰ ਗਿਆ। ਉਹਨਾਂ ਨੇ ਉਸ ਨੂੰ ਕਿਹਾ, “ਰੋ ਨਾ!”
14ਫਿਰ ਉਹਨਾਂ ਨੇ ਜਾ ਕੇ ਅਰਥੀ ਨੂੰ ਛੋਹਿਆ। ਇਹ ਦੇਖ ਕੇ, ਜਿਨ੍ਹਾਂ ਆਦਮੀਆਂ ਨੇ ਉਸ ਨੂੰ ਚੁੱਕਿਆ ਸੀ ਉਹ ਰੁਕ ਗਏ। ਤਦ ਯਿਸ਼ੂ ਨੇ ਕਿਹਾ, “ਨੌਜਵਾਨ! ਮੈਂ ਤੈਨੂੰ ਕਹਿੰਦਾ ਹਾਂ, ਉੱਠ ਖੜ੍ਹਾ ਹੋ!” 15ਉਹ ਮੁਰਦਾ ਆਦਮੀ ਉੱਠ ਕੇ ਬੈਠ ਗਿਆ ਅਤੇ ਗੱਲਾਂ ਕਰਨ ਲੱਗ ਪਿਆ। ਯਿਸ਼ੂ ਨੇ ਉਸ ਨੌਜਵਾਨ ਨੂੰ ਉਸ ਦੀ ਮਾਂ ਦੇ ਹਵਾਲੇ ਕਰ ਦਿੱਤਾ।
16ਉਹ ਸਾਰੇ ਡਰ ਗਏ ਅਤੇ ਪਰਮੇਸ਼ਵਰ ਦੀ ਵਡਿਆਈ ਕਰਨ ਲੱਗੇ। ਉਹ ਕਹਿਣ ਲੱਗੇ, “ਸਾਡੇ ਵਿੱਚਕਾਰ ਇੱਕ ਮਹਾਨ ਨਬੀ ਪ੍ਰਗਟ ਹੋਇਆ ਹੈ। ਪਰਮੇਸ਼ਵਰ ਆਪਣੇ ਲੋਕਾਂ ਨੂੰ ਬਚਾਉਣ ਆਏ ਹਨ।” 17ਯਿਸ਼ੂ ਬਾਰੇ ਇਹ ਖ਼ਬਰ ਸਾਰੇ ਯਹੂਦਿਯਾ ਦੇਸ਼ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਫੈਲ ਗਈ।
ਯਿਸ਼ੂ ਅਤੇ ਯੋਹਨ ਬਪਤਿਸਮਾ ਦੇਣ ਵਾਲੇ ਦੇ ਚੇਲੇ
18ਯੋਹਨ ਦੇ ਚੇਲਿਆਂ ਨੇ ਉਸ ਨੂੰ ਉਹ ਸਾਰਿਆਂ ਚੀਜ਼ਾਂ ਬਾਰੇ ਦੱਸਿਆ ਜੋ ਯਿਸ਼ੂ ਕਰ ਰਹੇ ਸਨ। ਇਸ ਲਈ ਯੋਹਨ ਨੇ ਆਪਣੇ ਦੋ ਚੇਲਿਆਂ ਨੂੰ ਬੁਲਾਇਆ, 19ਉਸ ਨੇ ਉਹਨਾਂ ਨੂੰ ਪ੍ਰਭੂ ਕੋਲ ਇਹ ਪੁੱਛਣ ਲਈ ਭੇਜਿਆ, “ਕਿ ਤੁਸੀਂ ਉਹ ਹੀ ਹੋ ਜਿਹੜਾ ਆਉਣ ਵਾਲਾ ਸੀ, ਜਾਂ ਅਸੀਂ ਕਿਸੇ ਹੋਰ ਦੀ ਉਡੀਕ ਕਰੀਏ?”
20ਯੋਹਨ ਦੇ ਦੋ ਚੇਲਿਆਂ ਨੇ ਯਿਸ਼ੂ ਕੋਲ ਜਾ ਕੇ ਕਿਹਾ, “ਯੋਹਨ ਬਪਤਿਸਮਾ ਦੇਣ ਵਾਲੇ ਨੇ ਸਾਨੂੰ ਇਹ ਪੁੱਛਣ ਲਈ ਭੇਜਿਆ ਹੈ, ‘ਕਿ ਤੁਸੀਂ ਉਹ ਹੀ ਹੋ ਜਿਹੜਾ ਆਉਣ ਵਾਲਾ ਸੀ, ਜਾਂ ਅਸੀਂ ਕਿਸੇ ਹੋਰ ਦੀ ਉਡੀਕ ਕਰੀਏ?’ ”
21ਉਸੇ ਵੇਲੇ ਯਿਸ਼ੂ ਬਹੁਤ ਸਾਰੇ ਲੋਕਾਂ ਨੂੰ ਚੰਗਾ ਕਰ ਰਹੇ ਸਨ, ਜਿਹੜੇ ਬਿਮਾਰ, ਰੋਗੀ ਅਤੇ ਦੁਸ਼ਟ ਆਤਮਾ ਦੇ ਸਤਾਏ ਹੋਏ ਸਨ। ਉਹਨਾਂ ਨੇ ਬਹੁਤ ਸਾਰੇ ਅੰਨ੍ਹੇ ਲੋਕਾਂ ਨੂੰ ਵੀ ਅੱਖਾਂ ਦੀ ਰੋਸ਼ਨੀ ਵਾਪਸ ਦਿੱਤੀ। 22ਫਿਰ ਯਿਸ਼ੂ ਨੇ ਯੋਹਨ ਦੇ ਚੇਲਿਆਂ ਨੂੰ ਕਿਹਾ, “ਵਾਪਸ ਜਾਓ ਅਤੇ ਜੋ ਕੁਝ ਤੁਸੀਂ ਸੁਣਦੇ ਅਤੇ ਵੇਖਦੇ ਹੋ ਜਾ ਕੇ ਯੋਹਨ ਨੂੰ ਇਹ ਸਭ ਦੀ ਖ਼ਬਰ ਦਿਓ: ਅੰਨ੍ਹੇ ਸੁਜਾਖੇ ਹੁੰਦੇ ਹਨ, ਲੰਗੜੇ ਤੁਰਦੇ ਹਨ, ਕੋੜ੍ਹੀ ਸ਼ੁੱਧ ਕੀਤੇ ਜਾਂਦੇ ਹਨ, ਬੋਲ਼ੇ ਸੁਣਦੇ ਹਨ, ਮੁਰਦੇ ਜਿਵਾਲੇ ਜਾਂਦੇ ਹਨ, ਅਤੇ ਗਰੀਬਾਂ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਸੁਣਾਇਆ ਜਾ ਰਿਹਾ ਹੈ।#7:22 ਯਸ਼ਾ 35:5-6; 61:1 23ਮੁਬਾਰਕ ਹੈ ਉਹ ਮਨੁੱਖ ਜਿਹੜਾ ਮੇਰੇ ਕਾਰਨ ਠੋਕਰ ਨਹੀਂ ਖਾਂਦਾ।”
24ਯੋਹਨ ਦੇ ਚੇਲਿਆਂ ਦੇ ਚਲੇ ਜਾਣ ਤੋਂ ਬਾਅਦ, ਯਿਸ਼ੂ ਯੋਹਨ ਦੇ ਬਾਰੇ ਲੋਕਾਂ ਨੂੰ ਕਹਿਣ ਲੱਗਾ, “ਤੁਸੀਂ ਉਜਾੜ ਵਿੱਚ ਕੀ ਦੇਖਣ ਲਈ ਗਏ ਸੀ? ਕੀ ਇੱਕ ਕਾਨੇ ਨੂੰ ਜਿਹੜਾ ਹਵਾ ਨਾਲ ਹਿੱਲਦਾ ਹੈ? 25ਜੇ ਨਹੀਂ, ਤਾਂ ਤੁਸੀਂ ਕੀ ਦੇਖਣ ਗਏ ਸੀ? ਕੀ ਇੱਕ ਮਨੁੱਖ ਨੂੰ ਜਿਸ ਨੇ ਮਖ਼ਮਲੀ ਕੱਪੜੇ ਪਹਿਨੇ ਹੋਏ ਸੀ? ਨਹੀਂ, ਜਿਹੜੇ ਸੋਹਣੇ ਕੱਪੜੇ ਪਹਿਨਦੇ ਅਤੇ ਐਸ਼ ਕਰਦੇ ਹਨ ਸੋ ਉਹ ਰਾਜਿਆਂ ਦੇ ਮਹਿਲਾਂ ਵਿੱਚ ਰਹਿੰਦੇ ਹਨ। 26ਪਰ ਤੁਸੀਂ ਬਾਹਰ ਕੀ ਦੇਖਣ ਗਏ ਸੀ? ਕੀ ਇੱਕ ਨਬੀ ਨੂੰ? ਹਾਂ, ਮੈਂ ਤੁਹਾਨੂੰ ਦੱਸਦਾ ਹਾਂ ਇਹ ਉਹ ਹੈ ਜੋ ਨਬੀ ਨਾਲੋਂ ਵੀ ਵੱਡਾ ਹੈ। 27ਇਹ ਉਹੀ ਹੈ, ਜਿਸਦੇ ਬਾਰੇ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ:
“ ‘ਮੈਂ ਆਪਣਾ ਦੂਤ ਤੇਰੇ ਅੱਗੇ ਭੇਜਦਾ ਹਾਂ,
ਜੋ ਤੇਰੇ ਲਈ ਰਸਤਾ ਤਿਆਰ ਕਰੇਗਾ।’
28ਸੱਚਾਈ ਇਹ ਹੈ ਕਿ ਹੁਣ ਤੱਕ ਜਿੰਨ੍ਹੇ ਵੀ ਮਨੁੱਖ ਆਏ ਉਹਨਾਂ ਵਿੱਚੋਂ ਕੋਈ ਵੀ ਯੋਹਨ ਤੋਂ ਵੱਡਾ ਨਹੀਂ ਹੈ। ਫਿਰ ਵੀ, ਜਿਹੜਾ ਪਰਮੇਸ਼ਵਰ ਦੇ ਰਾਜ ਵਿੱਚ ਸਭ ਤੋਂ ਛੋਟਾ ਹੈ ਉਹ ਯੋਹਨ ਨਾਲੋਂ ਵੱਡਾ ਹੈ।”
29ਜਦੋਂ ਉਹਨਾਂ ਲੋਕਾਂ ਨੇ, ਇੱਥੋ ਤੱਕ ਕਿ ਚੁੰਗੀ ਲੈਣ ਵਾਲਿਆਂ ਨੇ ਵੀ ਯਿਸ਼ੂ ਦੇ ਬਚਨਾਂ ਨੂੰ ਸੁਣਿਆ, ਤਾਂ ਉਹਨਾਂ ਨੇ ਸਵੀਕਾਰ ਕੀਤਾ ਕਿ ਪਰਮੇਸ਼ਵਰ ਦਾ ਰਾਹ ਸਹੀ ਹੈ, ਕਿਉਂਕਿ ਉਹਨਾਂ ਨੇ ਯੋਹਨ ਦੁਆਰਾ ਬਪਤਿਸਮਾ ਲਿਆ ਸੀ। 30ਪਰ ਫ਼ਰੀਸੀਆਂ ਅਤੇ ਸ਼ਾਸਤਰੀਆਂ ਨੇ ਯੋਹਨ ਤੋਂ ਬਪਤਿਸਮਾ ਨਾ ਲੈ ਕੇ ਆਪਣੇ ਲਈ ਪਰਮੇਸ਼ਵਰ ਦੀ ਯੋਜਨਾ ਨੂੰ ਰੱਦ ਕਰ ਦਿੱਤਾ।
31ਯਿਸ਼ੂ ਨੇ ਅੱਗੇ ਕਿਹਾ, “ਮੈਂ ਇਸ ਪੀੜ੍ਹੀ ਦੇ ਲੋਕਾਂ ਦੀ ਤੁਲਨਾ ਕਿਸ ਨਾਲ ਕਰਾ? ਮੈਂ ਕਿਵੇਂ ਉਹਨਾਂ ਦਾ ਵਰਣਨ ਕਰਾ? 32ਇਹ ਬਜ਼ਾਰ ਵਿੱਚ ਬੈਠੇ ਉਹਨਾਂ ਬੱਚਿਆਂ ਵਰਗੇ ਹਨ, ਜੋ ਇੱਕ-ਦੂਜੇ ਨੂੰ ਆਵਾਜ਼ ਮਾਰ ਕੇ ਬੁਲਾਉਦੇ ਹਨ:
“ ‘ਅਸੀਂ ਤੁਹਾਡੇ ਲਈ ਬੰਸਰੀ ਵਜਾਈ,
ਪਰ ਤੁਸੀਂ ਨਹੀਂ ਨੱਚੇ,
ਅਸੀਂ ਤੁਹਾਡੇ ਲਈ ਦੁੱਖ ਦੇ ਗੀਤ ਗਾਏ,
ਪਰ ਤੁਸੀਂ ਰੋਏ ਨਹੀਂ।’
33ਯੋਹਨ ਬਪਤਿਸਮਾ ਦੇਣ ਵਾਲਾ ਨਾ ਤਾਂ ਰੋਟੀ ਖਾਂਦਾ ਸੀ ਅਤੇ ਨਾ ਹੀ ਦਾਖਰਸ ਪੀਂਦਾ ਸੀ, ਅਤੇ ਇਸੇ ਲਈ ਤੁਸੀਂ ਐਲਾਨ ਕੀਤਾ ਕੀ, ‘ਉਸਨੂੰ ਦੁਸ਼ਟ ਆਤਮਾ ਚਿੰਬੜਿਆ ਹੋਇਆ ਹਨ।’ 34ਮਨੁੱਖ ਦਾ ਪੁੱਤਰ ਖਾਂਦਾ-ਪੀਂਦਾ ਆਇਆ ਅਤੇ ਤੁਸੀਂ ਕਹਿੰਦੇ ਹੋ, ‘ਉਹ ਤਾਂ ਖਾਣ-ਪੀਣ ਵਾਲਾ ਅਤੇ ਸ਼ਰਾਬੀ ਹੈ, ਉਹ ਚੁੰਗੀ ਲੈਣ ਵਾਲਿਆਂ ਅਤੇ ਪਾਪੀਆਂ ਦਾ ਦੋਸਤ ਹੈ।’ 35ਪਰ ਗਿਆਨ ਉਹਨਾਂ ਲੋਕਾਂ ਦੀਆਂ ਜ਼ਿੰਦਗੀਆਂ ਦੁਆਰਾ ਸਹੀ ਸਾਬਤ ਹੁੰਦਾ ਹੈ ਜੋ ਉਸ ਦੇ ਅਨੁਸਾਰ ਚੱਲਦੇ ਹਨ।”
ਇੱਕ ਪਾਪੀ ਔਰਤ ਦੁਆਰਾ ਯਿਸ਼ੂ ਦੇ ਚਰਨਾਂ ਦਾ ਧੋਤਾ ਜਾਣਾ
36ਇੱਕ ਫ਼ਰੀਸੀ ਨੇ ਯਿਸ਼ੂ ਨੂੰ ਆਪਣੇ ਨਾਲ ਖਾਣੇ ਤੇ ਬੁਲਾਇਆ, ਯਿਸ਼ੂ ਨੇ ਸੱਦਾ ਸਵੀਕਾਰ ਕੀਤਾ ਅਤੇ ਉਸਦੇ ਘਰ ਗਏ ਅਤੇ ਖਾਣਾ ਖਾਣ ਬੈਠ ਗਏ। 37ਉਸ ਨਗਰ ਵਿੱਚ ਇੱਕ ਔਰਤ ਸੀ ਜੋ ਪਾਪ ਭਰੀ ਜ਼ਿੰਦਗੀ ਜਿਓ ਰਹੀ ਸੀ। ਜਦੋਂ ਉਸਨੇ ਸੁਣਿਆ ਕਿ ਯਿਸ਼ੂ ਫ਼ਰੀਸੀ ਦੇ ਘਰ ਖਾਣਾ ਖਾ ਰਹੇ ਹਨ, ਤਾਂ ਉਹ ਸੰਗਮਰਮਰ ਦੀ ਸ਼ੀਸ਼ੀ ਵਿੱਚ ਅਤਰ ਲੈ ਕੇ ਉੱਥੇ ਆਈ। 38ਫਿਰ ਉਹ ਯਿਸ਼ੂ ਦੇ ਚਰਨਾਂ ਕੋਲ ਗੋਡੇ ਟੇਕ ਕੇ ਰੋਣ ਲੱਗੀ। ਉਸ ਦੇ ਹੰਝੂਆਂ ਨਾਲ ਪ੍ਰਭੂ ਦੇ ਪੈਰ ਗਿੱਲੇ ਹੋ ਗਏ। ਫਿਰ ਉਸ ਨੇ ਆਪਣੇ ਵਾਲਾਂ ਨਾਲ ਪ੍ਰਭੂ ਦੇ ਪੈਰ ਪੂੰਝੇ, ਉਸ ਦੇ ਪੈਰਾਂ ਨੂੰ ਚੁੰਮਿਆ ਅਤੇ ਅਤਰ ਉਸ ਦੇ ਪੈਰਾਂ ਉੱਤੇ ਡੋਲ੍ਹਿਆ।
39ਜਦੋਂ ਉਸ ਫ਼ਰੀਸੀ ਨੇ, ਜਿਸ ਨੇ ਯਿਸ਼ੂ ਨੂੰ ਬੁਲਾਇਆ ਸੀ, ਇਹ ਦੇਖਿਆ ਤਾਂ ਉਹ ਆਪਣੇ ਮਨ ਵਿੱਚ ਸੋਚਣ ਲੱਗਿਆ, “ਜੇ ਇਹ ਮਨੁੱਖ ਸੱਚ-ਮੁੱਚ ਇੱਕ ਨਬੀ ਹੁੰਦਾ, ਤਾਂ ਉਹ ਜਾਣ ਜਾਂਦਾ ਕਿ ਇਹ ਔਰਤ ਕੌਣ ਹੈ ਜੋ ਉਸਨੂੰ ਛੋਹ ਰਹੀ ਹੈ; ਉਹ ਇੱਕ ਪਾਪੀ ਔਰਤ ਹੈ!”
40ਯਿਸ਼ੂ ਨੇ ਉਸ ਫ਼ਰੀਸੀ ਨੂੰ ਕਿਹਾ, “ਸ਼ਿਮਓਨ, ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹਾਂ।”
“ਮੈਨੂੰ ਦੱਸੋ, ਗੁਰੂ ਜੀ,” ਉਸਨੇ ਕਿਹਾ।
41ਫਿਰ ਯਿਸ਼ੂ ਨੇ ਉਸ ਨੂੰ ਇਹ ਦ੍ਰਿਸ਼ਟਾਂਤ ਸੁਣਾਈ: “ਇੱਕ ਸ਼ਾਹੂਕਾਰ ਦੇ ਦੋ ਕਰਜ਼ਾਈ ਸਨ, ਇੱਕ ਪੰਜ ਸੌ ਦੀਨਾਰ ਦਾ ਅਤੇ ਦੂਸਰਾ ਪੰਜਾਹ ਦੀਨਾਰ ਦਾ।#7:41 ਇੱਕ ਦੀਨਾਰ ਮਤਲਬ ਲਗਭਗ ਇੱਕ ਦਿਨ ਦੀ ਤਨਖਾਹ 42ਪਰ ਉਹ ਦੋਨੇ ਹੀ ਕਰਜ਼ਾ ਮੋੜਨ ਵਿੱਚ ਅਸਮਰਥ ਸਨ, ਇਸ ਲਈ ਸ਼ਾਹੂਕਾਰ ਦੇ ਕਰਜ਼ ਨੂੰ ਮਾਫ਼ ਕਰ ਦਿੱਤਾ। ਮੈਨੂੰ ਦੱਸੋ, ਦੋਹਾਂ ਵਿੱਚੋਂ ਕੌਣ ਉਸ ਸ਼ਾਹੂਕਾਰ ਨੂੰ ਜ਼ਿਆਦਾ ਪਿਆਰ ਕਰੇਗਾ?”
43ਸ਼ਿਮਓਨ ਨੇ ਉੱਤਰ ਦਿੱਤਾ, “ਮੇਰੇ ਵਿਚਾਰ ਵਿੱਚ, ਉਹ ਜਿਸ ਦੀ ਵੱਡੀ ਰਕਮ ਮਾਫ਼ ਕੀਤੀ ਗਈ ਹੈ।”
“ਤੁਸੀਂ ਠੀਕ ਕਿਹਾ ਹੈ,” ਯਿਸ਼ੂ ਨੇ ਕਿਹਾ।
44ਤਦ ਉਹ ਔਰਤ ਵੱਲ ਮੁੜੇ ਅਤੇ ਸ਼ਿਮਓਨ ਨੂੰ ਕਿਹਾ, “ਕੀ ਤੁਸੀਂ ਇਸ ਔਰਤ ਨੂੰ ਵੇਖ ਰਹੇ ਹੋ? ਮੈਂ ਤੁਹਾਡੇ ਘਰ ਆਇਆ। ਤੁਸੀਂ ਮੈਨੂੰ ਮੇਰੇ ਪੈਰ ਧੋਣ ਲਈ ਕੋਈ ਪਾਣੀ ਨਹੀਂ ਦਿੱਤਾ ਪਰ ਇਸ ਨੇ ਆਪਣੇ ਹੰਝੂਆਂ ਨਾਲ ਮੇਰੇ ਪੈਰ ਧੋਤੇ ਅਤੇ ਆਪਣੇ ਵਾਲਾਂ ਨਾਲ ਉਹਨਾਂ ਨੂੰ ਪੂੰਝਿਆ। 45ਤੁਸੀਂ ਮੈਨੂੰ ਚੁੰਮਕੇ ਮੇਰਾ ਸਵਾਗਤ ਨਹੀਂ ਕੀਤਾ ਪਰ ਜਦੋਂ ਦਾ ਮੈਂ ਆਇਆ ਹਾਂ ਇਸ ਔਰਤ ਨੇ ਮੇਰੇ ਪੈਰਾਂ ਨੂੰ ਚੁੰਮਣਾ ਬੰਦ ਨਹੀਂ ਕੀਤਾ। 46ਤੁਸੀਂ ਮੇਰੇ ਸਿਰ ਤੇ ਤੇਲ ਨਹੀਂ ਮਲਿਆ ਪਰ ਉਸਨੇ ਮੇਰੇ ਪੈਰਾਂ ਤੇ ਅਤਰ ਡੋਲ ਦਿੱਤਾ ਹੈ। 47ਮੈਂ ਤੁਹਾਨੂੰ ਦੱਸਦਾ ਹਾਂ ਕੀ ਉਸਨੇ ਇਹ ਵੱਡਾ ਪਿਆਰ ਦਿਖਾ ਕੇ ਸਾਬਤ ਕੀਤਾ ਕਿ ਉਸਦੇ ਬਹੁਤ ਸਾਰੇ ਪਾਪ ਮਾਫ਼ ਹੋ ਗਏ ਹਨ। ਪਰ ਜਿਸ ਦਾ ਥੋੜ੍ਹਾ ਮਾਫ਼ ਹੁੰਦਾ ਹੈ ਉਹ ਥੋੜ੍ਹਾ ਜਿਹਾ ਪਿਆਰ ਦਿਖਾਉਂਦਾ ਹੈ।”
48ਤਦ ਯਿਸ਼ੂ ਨੇ ਉਸ ਔਰਤ ਨੂੰ ਕਿਹਾ, “ਤੇਰੇ ਪਾਪ ਮਾਫ਼ ਕਰ ਦਿੱਤੇ ਗਏ ਹਨ।”
49ਦੂਸਰੇ ਮਹਿਮਾਨ ਆਪਸ ਵਿੱਚ ਕਹਿਣ ਲੱਗੇ, “ਇਹ ਕੌਣ ਹੈ, ਜੋ ਪਾਪਾਂ ਨੂੰ ਵੀ ਮਾਫ਼ ਕਰਦਾ ਹੈ?”
50ਯਿਸ਼ੂ ਨੇ ਔਰਤ ਨੂੰ ਕਿਹਾ, “ਤੇਰਾ ਵਿਸ਼ਵਾਸ ਹੀ ਤੇਰੀ ਮੁਕਤੀ ਦਾ ਕਾਰਣ ਹੈ। ਸ਼ਾਂਤੀ ਵਿੱਚ ਵਿਦਾ ਹੋਵੋ।”