8
ਬੀਜਣ ਵਾਲੇ ਕਿਸਾਨ ਦੀ ਦ੍ਰਿਸ਼ਟਾਂਤ
1ਇਸ ਤੋਂ ਥੋੜ੍ਹੀ ਦੇਰ ਬਾਅਦ ਯਿਸ਼ੂ ਪਰਮੇਸ਼ਵਰ ਦੇ ਰਾਜ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਵੱਖ-ਵੱਖ ਨਗਰਾਂ ਅਤੇ ਪਿੰਡਾਂ ਵਿੱਚ ਜਾਣ ਲੱਗੇ। ਬਾਰ੍ਹਾਂ ਚੇਲੇ ਉਹਨਾਂ ਦੇ ਨਾਲ ਸਨ। 2ਅਤੇ ਕੁਝ ਔਰਤਾਂ ਵੀ ਉਹਨਾਂ ਦੇ ਨਾਲ ਸਨ, ਜਿਹੜੀਆਂ ਦੁਸ਼ਟ ਆਤਮਾ ਅਤੇ ਬਿਮਾਰੀਆਂ ਤੋਂ ਚੰਗੀਆਂ ਹੋ ਚੁੱਕੀਆਂ ਸਨ: ਮਰਿਯਮ (ਜਿਸ ਨੂੰ ਮਗਦਲਾ ਵਾਸੀ ਕਿਹਾ ਜਾਂਦਾ ਸੀ) ਜਿਸ ਵਿੱਚੋਂ ਸੱਤ ਦੁਸ਼ਟ ਆਤਮਾ ਬਾਹਰ ਕੱਢੇ ਸਨ। 3ਹੇਰੋਦੇਸ ਦੇ ਭੰਡਾਰੀ ਕੁਜ਼ਾ ਦੀ ਪਤਨੀ ਯੋਆਨਾ, ਸੁਸੰਨਾ ਅਤੇ ਹੋਰ ਕਈ ਔਰਤਾਂ। ਇਹ ਉਹ ਔਰਤਾਂ ਸਨ ਜੋ ਆਪਣੀ ਦੌਲਤ ਨਾਲ ਯਿਸ਼ੂ ਅਤੇ ਉਸਦੇ ਚੇਲਿਆਂ ਦੀ ਸੇਵਾ ਕਰ ਰਹੀਆਂ ਸਨ।
4ਜਦੋਂ ਵੱਖ-ਵੱਖ ਨਗਰਾਂ ਵਿੱਚੋਂ ਇੱਕ ਵੱਡੀ ਭੀੜ ਵਿੱਚ ਲੋਕ ਇਕੱਠੇ ਹੋ ਕੇ ਯਿਸ਼ੂ ਦੇ ਕੋਲ ਆ ਰਹੇ ਸਨ, ਤਾਂ ਯਿਸ਼ੂ ਨੇ ਇਸ ਦ੍ਰਿਸ਼ਟਾਂਤ ਰਾਹੀਂ ਉਹਨਾਂ ਨੂੰ ਸਿੱਖਿਆ ਦਿੱਤੀ: 5“ਇੱਕ ਬੀਜ ਬੀਜਣ ਵਾਲਾ ਬੀਜ ਬੀਜਣ ਨੂੰ ਨਿੱਕਲਿਆ। ਬੀਜਦੇ ਸਮੇਂ ਕੁਝ ਬੀਜ ਰਾਹ ਦੇ ਕੰਢੇ ਵੱਲ ਡਿੱਗਿਆ, ਉਹ ਪੈਰਾਂ ਹੇਠ ਮਿੱਧਿਆ ਗਿਆ, ਅਤੇ ਅਕਾਸ਼ ਦੇ ਪੰਛੀਆਂ ਨੇ ਆ ਕੇ ਉਸਨੂੰ ਚੁਗ ਲਿਆਂ। 6ਕੁਝ ਪਥਰੀਲੀ ਜ਼ਮੀਨ ਤੇ ਡਿੱਗ ਪਿਆ, ਅਤੇ ਜਦੋਂ ਉਹ ਉੱਗਿਆ ਤਾਂ ਨਮੀ ਨਾ ਹੋਣ ਦੇ ਕਾਰਨ ਸੁੱਕ ਗਿਆ। 7ਕੁਝ ਬੀਜ ਕੰਡਿਆਲੀ ਝਾੜੀਆਂ ਵਿੱਚ ਡਿੱਗ ਪਿਆ ਅਤੇ ਝਾੜੀਆਂ ਨੇ ਵੱਧ ਕੇ ਉਸ ਨੂੰ ਦੱਬ ਲਿਆ। 8ਅਤੇ ਕੁਝ ਬੀਜ ਚੰਗੀ ਧਰਤੀ ਉੱਤੇ ਡਿੱਗ ਪਿਆ, ਉਹ ਉੱਗਿਆ ਅਤੇ ਜੋ ਬੀਜਿਆ ਗਿਆ ਸੀ ਉਸ ਨਾਲੋਂ ਸੌ ਗੁਣਾ ਵੱਧ ਫਲ ਲਿਆਇਆ।”
ਜਦੋਂ ਯਿਸ਼ੂ ਇਹ ਦ੍ਰਿਸ਼ਟਾਂਤ ਸੁਣਾ ਚੁੱਕੇ ਤਾਂ ਉਹਨਾਂ ਨੇ ਉੱਚੀ ਆਵਾਜ਼ ਵਿੱਚ ਕਿਹਾ, “ਜਿਸ ਦੇ ਕੰਨ ਹੋਣ ਉਹ ਸੁਣੇ।”
9ਉਸ ਦੇ ਚੇਲਿਆਂ ਉਸ ਤੋਂ ਪੁੱਛਿਆ, “ਇਸ ਦ੍ਰਿਸ਼ਟਾਂਤ ਦਾ ਅਰਥ ਕੀ ਹੈ?” 10ਯਿਸ਼ੂ ਨੇ ਉੱਤਰ ਦਿੱਤਾ, “ਪਰਮੇਸ਼ਵਰ ਦੇ ਰਾਜ ਦੇ ਭੇਤਾਂ ਦਾ ਜਾਣਨ ਦਾ ਗਿਆਨ ਤੁਹਾਨੂੰ ਦਿੱਤਾ ਗਿਆ ਹੈ, ਪਰ ਮੈਂ ਹੋਰਾਂ ਲੋਕਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਗੱਲਾਂ ਕਰਦਾ ਹਾਂ, ਤਾਂ ਜੋ,
“ ‘ਉਹ ਦੇਖਦਿਆਂ ਹੋਇਆ ਵੀ ਨਾ ਦੇਖਣ;
ਅਤੇ ਸੁਣਦਿਆਂ ਹੋਇਆ ਵੀ ਨਾ ਸਮਝਣ।’#8:10 ਯਸ਼ਾ 6:9
11“ਇਸ ਦ੍ਰਿਸ਼ਟਾਂਤ ਦਾ ਅਰਥ ਇਹ ਹੈ: ਬੀਜ ਪਰਮੇਸ਼ਵਰ ਦਾ ਬਚਨ ਹੈ। 12ਸੜਕ ਦੇ ਕਿਨਾਰੇ ਦੀ ਜ਼ਮੀਨ ਉਹ ਲੋਕ ਹਨ, ਜੋ ਬਚਨ ਨੂੰ ਸੁਣਦੇ ਤਾਂ ਹਨ ਪਰ ਦੁਸ਼ਟ ਆਉਂਦਾ ਹੈ ਅਤੇ ਉਹਨਾਂ ਦੇ ਦਿਲ ਵਿੱਚੋਂ ਬਚਨ ਨੂੰ ਕੱਢ ਕੇ ਲੈ ਜਾਂਦਾ ਹੈ ਤਾਂ ਕਿ ਉਹ ਵਿਸ਼ਵਾਸ ਨਾ ਕਰਨ ਅਤੇ ਬਚਾਏ ਨਾ ਜਾਣ। 13ਪਥਰੀਲੀ ਜ਼ਮੀਨ ਦਾ ਬੀਜ ਉਹਨਾਂ ਲੋਕਾਂ ਨੂੰ ਦਰਸਾਉਂਦਾ ਹੈ, ਜੋ ਬਚਨ ਨੂੰ ਸੁਣਦੇ ਹਨ ਅਤੇ ਖੁਸ਼ੀ ਨਾਲ ਬਚਨ ਨੂੰ ਮੰਨਦੇ ਹਨ ਪਰ ਉਹਨਾਂ ਦੀਆਂ ਜੜ੍ਹਾਂ ਡੂੰਘੀਆਂ ਨਾ ਹੋਣ ਕਰਕੇ ਉਹ ਥੋੜ੍ਹੇ ਸਮੇਂ ਲਈ ਵਿਸ਼ਵਾਸ ਕਰਦੇ ਹਨ। ਪਰ ਜਦੋਂ ਉਹ ਪਰਖੇ ਜਾਂਦੇ ਹਨ ਤਾਂ ਉਹ ਉਸ ਵਿਸ਼ਵਾਸ ਤੋਂ ਦੂਰ ਹੋ ਜਾਂਦੇ ਹਨ। 14ਉਹ ਬੀਜ ਜਿਹੜਾ ਕੰਡਿਆਲੀ ਝਾੜੀਆਂ ਵਿੱਚ ਡਿੱਗਿਆ ਉਹ ਲੋਕ ਹਨ, ਜੋ ਬਚਨ ਸੁਣਦੇ ਹਨ ਪਰ ਸੰਸਾਰ ਦੀਆਂ ਚਿੰਤਾਵਾਂ, ਧਨ-ਦੌਲਤ ਅਤੇ ਖ਼ੁਸ਼ੀਆਂ ਬਚਨ ਨੂੰ ਦੱਬ ਲੈਦੀਆਂ ਹਨ ਅਤੇ ਉਹਨਾਂ ਦਾ ਫਲ ਕਦੇ ਨਹੀਂ ਪੱਕਦਾ ਹੈ। 15ਉਹ ਬੀਜ ਜੋ ਚੰਗੀ ਧਰਤੀ ਉੱਤੇ ਡਿੱਗਿਆ ਉਹਨਾਂ ਲੋਕਾਂ ਨੂੰ ਦਰਸਾਉਂਦਾ ਹੈ, ਜੋ ਚੰਗੇ ਅਤੇ ਨੇਕ ਦਿਲ ਨਾਲ ਬਚਨ ਨੂੰ ਸੁਣਦੇ ਹਨ ਅਤੇ ਉਸ ਵਿੱਚ ਬਣੇ ਰਹਿੰਦੇ ਹਨ ਅਤੇ ਲਗਾਤਾਰ ਫਲ ਲੈ ਕੇ ਆਉਂਦੇ ਹਨ।
ਦੀਵੇ ਦਾ ਦ੍ਰਿਸ਼ਟਾਂਤ
16“ਕੋਈ ਵੀ ਦੀਵੇ ਨੂੰ ਜਗਾਕੇ ਉਸ ਨੂੰ ਮਿੱਟੀ ਦੇ ਘੜੇ ਵਿੱਚ ਨਹੀਂ ਲੁਕਾਉਂਦਾ ਅਤੇ ਨਾ ਹੀ ਮੰਜੇ ਹੇਠ ਰੱਖਦਾ ਹੈ ਪਰ ਉਸ ਨੂੰ ਉੱਚੇ ਥਾਂ ਉੱਤੇ ਰੱਖਦਾ ਹੈ ਤਾਂ ਜੋ ਅੰਦਰ ਆਉਣ ਵਾਲੇ ਵਿਅਕਤੀ ਚਾਨਣ ਵੇਖ ਸਕਣ। 17ਅਜਿਹਾ ਕੁਝ ਵੀ ਲੁਕਿਆ ਹੋਇਆ ਨਹੀਂ ਹੈ ਜੋ ਪ੍ਰਗਟ ਨਹੀਂ ਕੀਤਾ ਜਾਵੇਗਾ ਅਤੇ ਅਜਿਹਾ ਕੋਈ ਭੇਤ ਨਹੀਂ ਜੋ ਖੋਲ੍ਹਿਆਂ ਨਹੀਂ ਜਾਵੇਗਾ ਅਤੇ ਸਭ ਦੇ ਸਾਹਮਣੇ ਨਹੀਂ ਲਿਆਂਦਾ ਜਾਵੇਗਾ। 18ਇਸ ਲਈ ਧਿਆਨ ਨਾਲ ਸੋਚੋ ਕਿ ਤੁਸੀਂ ਕਿਵੇਂ ਸੁਣਦੇ ਹੋ। ਜਿਸ ਕੋਲ ਹੈ ਉਸ ਨੂੰ ਹੋਰ ਵੀ ਦਿੱਤਾ ਜਾਵੇਗਾ ਜਿਸ ਕੋਲ ਨਹੀਂ ਹੈ ਉਸ ਕੋਲੋ ਉਹ ਜੋ ਉਸ ਕੋਲ ਹੈ ਉਹ ਵੀ ਲੈ ਲਿਆ ਜਾਵੇਗਾ।”
ਯਿਸ਼ੂ ਦਾ ਸੱਚਾ ਪਰਿਵਾਰ
19ਤਦ ਯਿਸ਼ੂ ਦੀ ਮਾਤਾ ਅਤੇ ਭਰਾ ਉਹਨਾਂ ਨੂੰ ਮਿਲਣ ਲਈ ਉੱਥੇ ਆਏ ਪਰ ਲੋਕਾਂ ਦੀ ਭੀੜ ਕਾਰਣ ਉਹ ਉਹਨਾਂ ਤੱਕ ਨਾ ਪਹੁੰਚ ਸਕੇ। 20ਕਿਸੇ ਨੇ ਯਿਸ਼ੂ ਨੂੰ ਕਿਹਾ, “ਤੁਹਾਡੀ ਮਾਂ ਅਤੇ ਭਰਾ ਬਾਹਰ ਖੜ੍ਹੇ ਹਨ ਅਤੇ ਉਹ ਤੁਹਾਨੂੰ ਮਿਲਣਾ ਚਾਹੁੰਦੇ ਹਨ।”
21ਯਿਸ਼ੂ ਨੇ ਕਿਹਾ, “ਮੇਰੀ ਮਾਂ ਅਤੇ ਭਰਾ ਉਹ ਹਨ ਜੋ ਪਰਮੇਸ਼ਵਰ ਦਾ ਬਚਨ ਸੁਣਦੇ ਅਤੇ ਉਸ ਦੇ ਅਨੁਸਾਰ ਚੱਲਦੇ ਹਨ।”
ਯਿਸ਼ੂ ਨੇ ਤੂਫਾਨ ਨੂੰ ਸ਼ਾਂਤ ਕੀਤਾ
22ਇੱਕ ਦਿਨ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਆਓ ਅਸੀਂ ਝੀਲ ਦੇ ਦੂਸਰੇ ਪਾਸੇ ਚੱਲੀਏ।” ਤਾਂ ਉਹ ਕਿਸ਼ਤੀ ਵਿੱਚ ਬੈਠ ਕੇ ਚਲੇ ਗਏ। 23ਜਦੋਂ ਉਹ ਕਿਸ਼ਤੀ ਤੇ ਜਾ ਰਹੇ ਸਨ ਤਾਂ ਯਿਸ਼ੂ ਸੌ ਗਏ। ਉਸੇ ਵੇਲੇ ਝੀਲ ਵਿੱਚ ਇੱਕ ਤੂਫਾਨ ਆਇਆ, ਇੱਥੋ ਤੱਕ ਕਿ ਕਿਸ਼ਤੀ ਵਿੱਚ ਵੀ ਪਾਣੀ ਭਰਨਾ ਸ਼ੁਰੂ ਹੋ ਗਿਆ ਅਤੇ ਉਹਨਾਂ ਦੀ ਜਾਨ ਨੂੰ ਖ਼ਤਰਾ ਸੀ।
24ਚੇਲਿਆਂ ਨੇ ਜਾ ਕੇ ਯਿਸ਼ੂ ਨੂੰ ਜਗਾਇਆ ਅਤੇ ਕਿਹਾ, “ਸਵਾਮੀ! ਸਵਾਮੀ! ਅਸੀਂ ਡੁੱਬ ਚੱਲੇ ਹਾਂ!”
ਯਿਸ਼ੂ ਨੇ ਉੱਠ ਕੇ ਤੂਫਾਨ ਅਤੇ ਜ਼ੋਰਦਾਰ ਲਹਿਰਾਂ ਨੂੰ ਝਿੜਕਿਆ; ਤੂਫਾਨ ਰੁਕ ਗਿਆ ਅਤੇ ਤੇਜ਼ ਲਹਿਰਾਂ ਸ਼ਾਂਤ ਹੋ ਗਈਆਂ। 25ਯਿਸ਼ੂ ਨੇ ਆਪਣੇ ਚੇਲਿਆਂ ਤੋਂ ਪੁੱਛਿਆ। “ਤੁਹਾਡਾ ਵਿਸ਼ਵਾਸ ਕਿੱਥੇ ਹੈ?”
ਚੇਲੇ ਡਰ ਕੇ ਅਤੇ ਹੈਰਾਨ ਹੋ ਕੇ, ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਇਹ ਕੌਣ ਹੈ, ਇਸ ਨੇ ਤੂਫਾਨ ਅਤੇ ਪਾਣੀ ਨੂੰ ਹੁਕਮ ਦਿੱਤਾ ਅਤੇ ਉਹ ਵੀ ਉਸ ਦੇ ਹੁਕਮ ਨੂੰ ਮੰਨਦੇ ਹਨ!”
ਦੁਸ਼ਟ ਆਤਮਾ ਨੂੰ ਸੂਰਾਂ ਦੇ ਝੁੰਡ ਵਿੱਚ ਭੇਜਣਾ
26ਇਸ ਤੋਂ ਬਾਅਦ ਉਹ ਗਿਰਾਸੇਨ ਦੇ ਸੂਬੇ ਵਿੱਚ ਆਏ, ਜੋ ਗਲੀਲ ਝੀਲ ਦੇ ਦੂਜੇ ਪਾਸੇ ਹੈ। 27ਜਦੋਂ ਯਿਸ਼ੂ ਕੰਢੇ ਤੇ ਉੱਤਰੇ, ਤਾਂ ਉਹਨਾਂ ਨੂੰ ਇੱਕ ਆਦਮੀ ਮਿਲਿਆ ਜਿਸ ਨੂੰ ਦੁਸ਼ਟ ਆਤਮਾ ਚਿੰਬੜੇ ਹੋਏ ਸਨ। ਲੰਬੇ ਸਮੇਂ ਤੋਂ ਇਹ ਆਦਮੀ ਬਿਨ੍ਹਾਂ ਕੱਪੜੇ ਤੋਂ ਰਹਿੰਦਾ ਸੀ। ਅਤੇ ਉਹ ਘਰ ਵਿੱਚ ਨਹੀਂ ਪਰ ਕਬਰਸਤਾਨ ਵਿੱਚ ਰਹਿੰਦਾ ਸੀ। 28ਜਦੋਂ ਉਸਨੇ ਯਿਸ਼ੂ ਨੂੰ ਵੇਖਿਆ ਤਾਂ ਉਹ ਰੋਂਦਾ ਹੋਇਆ ਯਿਸ਼ੂ ਦੇ ਪੈਰਾਂ ਤੇ ਡਿੱਗ ਪਿਆ ਅਤੇ ਉੱਚੇ ਸ਼ਬਦਾਂ ਵਿੱਚ ਚੀਕ ਕੇ ਕਹਿਣ ਲੱਗਾ, “ਹੇ ਯਿਸ਼ੂ, ਅੱਤ ਮਹਾਨ ਪਰਮੇਸ਼ਵਰ ਦੇ ਪੁੱਤਰ, ਤੁਸੀਂ ਮੇਰੇ ਤੋਂ ਕੀ ਚਾਹੁੰਦੇ ਹੋ? ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਮੈਨੂੰ ਦੁੱਖ ਨਾ ਦਿਓ।” 29ਕਿਉਂਕਿ ਯਿਸ਼ੂ ਨੇ ਅਸ਼ੁੱਧ ਆਤਮਾ ਨੂੰ ਹੁਕਮ ਦਿੱਤਾ ਸੀ ਕਿ ਉਹ ਉਸ ਆਦਮੀ ਨੂੰ ਛੱਡ ਦੇਵੇ। ਵਾਰ-ਵਾਰ ਦੁਸ਼ਟ ਆਤਮਾ ਉਸ ਆਦਮੀ ਉੱਤੇ ਕਾਬੂ ਪਾਉਂਦਾ ਸੀ ਅਤੇ ਲੋਕਾਂ ਨੇ ਉਸ ਤੇ ਪਹਿਰਾ ਰੱਖਿਆ ਅਤੇ ਉਸ ਨੂੰ ਸੰਗਲਾਂ ਨਾਲ ਬੰਨ੍ਹਿਆ, ਫਿਰ ਵੀ ਉਹ ਦੁਸ਼ਟ ਆਤਮਾ ਸੰਗਲਾਂ ਨੂੰ ਤੋੜ ਕੇ ਉਸ ਨੂੰ ਸੁੰਨਸਾਨ ਥਾਂ ਤੇ ਲੈ ਜਾਂਦਾ ਸੀ।
30ਯਿਸ਼ੂ ਨੇ ਉਸ ਨੂੰ ਪੁੱਛਿਆ, “ਤੇਰਾ ਨਾਮ ਕੀ ਹੈ?”
“ਵੱਡੀ ਫੌਜ,” ਉਸਨੇ ਜਵਾਬ ਦਿੱਤਾ ਕਿਉਂਕਿ ਬਹੁਤ ਸਾਰੀਆਂ ਦੁਸ਼ਟ ਆਤਮਾ ਉਸ ਨੂੰ ਚਿੰਬੜਿਆ ਹੋਈਆਂ ਸਨ। 31ਦੁਸ਼ਟ ਆਤਮਾ ਦਾ ਝੁੰਡ ਯਿਸ਼ੂ ਨੂੰ ਲਗਾਤਾਰ ਬੇਨਤੀ ਕਰ ਰਿਹਾ ਸੀ ਕਿ ਉਹ ਉਹਨਾਂ ਨੂੰ ਪਤਾਲ ਵਿੱਚ ਨਾ ਭੇਜਣ।
32ਉੱਥੇ ਸੂਰਾਂ ਦਾ ਇੱਕ ਵੱਡਾ ਝੁੰਡ ਪਹਾੜੀ ਤੇ ਚੁੱਗਦਾ ਸੀ। ਦੁਸ਼ਟ ਆਤਮਾਵਾਂ ਨੇ ਯਿਸ਼ੂ ਅੱਗੇ ਮਿੰਨਤਾਂ ਕੀਤੀਆਂ ਕਿ ਉਹ ਉਹਨਾਂ ਨੂੰ ਸੂਰਾਂ ਵਿੱਚ ਜਾਣ ਦੇਵੇ। ਯਿਸ਼ੂ ਨੇ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ। 33ਜਦੋਂ ਦੁਸ਼ਟ ਆਤਮਾਵਾਂ ਵਿਅਕਤੀ ਤੋਂ ਬਾਹਰ ਆਇਆ, ਤਾਂ ਉਹ ਨਿਕਲ ਕੇ ਸੂਰਾਂ ਵਿੱਚ ਵੜ ਗਈਆ, ਉਹ ਤੁਰੰਤ ਸੂਰਾਂ ਦਾ ਝੁੰਡ ਭੱਜ ਕੇ ਝੀਲ ਵਿੱਚ ਡਿੱਗ ਗਿਆ ਅਤੇ ਪਾਣੀ ਵਿੱਚ ਡੁੱਬ ਕੇ ਮਰ ਗਿਆ।
34ਇਨ੍ਹਾਂ ਸੂਰਾਂ ਦੇ ਚਰਵਾਹੇ ਇਹ ਵੇਖ ਕੇ ਭੱਜ ਗਏ ਅਤੇ ਸ਼ਹਿਰ ਅਤੇ ਉਸ ਖੇਤਰ ਵਿੱਚ ਹਰ ਜਗ੍ਹਾ ਵਾਪਰੀ ਘਟਨਾ ਬਾਰੇ ਦੱਸਿਆ। 35ਲੋਕ ਉੱਥੇ ਇਹ ਵੇਖਣ ਲਈ ਆਉਣ ਲੱਗੇ ਕਿ ਕੀ ਹੋਇਆ ਹੈ। ਫੇਰ ਉਹ ਯਿਸ਼ੂ ਕੋਲ ਆਏ। ਉੱਥੇ ਉਹਨਾਂ ਨੇ ਵੇਖਿਆ ਕਿ ਉਹ ਵਿਅਕਤੀ, ਜੋ ਪਹਿਲਾਂ ਦੁਸ਼ਟ ਆਤਮਾ ਤੋਂ ਦੁੱਖੀ ਸੀ, ਉਹ ਵਧੀਆ ਕੱਪੜੇ ਪਾ ਕੇ ਅਤੇ ਪੂਰੀ ਤਰ੍ਹਾਂ ਤੰਦਰੁਸਤ ਯਿਸ਼ੂ ਦੇ ਚਰਨਾਂ ਤੇ ਬੈਠਾ ਹੋਇਆ ਹੈ, ਇਹ ਵੇਖ ਕੇ ਉਹ ਡਰ ਗਏ। 36ਜਿਨ੍ਹਾਂ ਲੋਕਾਂ ਨੇ ਇਹ ਵੇਖਿਆ ਸੀ ਉਹਨਾਂ ਨੇ ਲੋਕਾਂ ਨੂੰ ਦੱਸਿਆ ਕਿ ਦੁਸ਼ਟ ਆਤਮਾ ਚਿੰਬੜੇ ਹੋਏ ਆਦਮੀ ਨੂੰ ਕਿਵੇਂ ਮੁਕਤ ਕੀਤਾ ਗਿਆ ਸੀ। 37ਤਦ ਗਿਰਾਸੇਨ ਦੇ ਖੇਤਰ ਦੇ ਸਾਰੇ ਲੋਕਾਂ ਨੇ ਯਿਸ਼ੂ ਨੂੰ ਕਿਹਾ ਕਿ ਉਹ ਉਹਨਾਂ ਨੂੰ ਛੱਡ ਜਾਵੇ ਕਿਉਂਕਿ ਉਹ ਡਰ ਨਾਲ ਭਰ ਗਏ ਸਨ। ਤਦ ਯਿਸ਼ੂ ਕਿਸ਼ਤੀ ਵਿੱਚ ਚੜ੍ਹ ਗਏ ਅਤੇ ਚਲੇ ਗਏ।
38ਉਹ ਆਦਮੀ ਜਿਸ ਵਿੱਚੋਂ ਦੁਸ਼ਟ ਆਤਮਾਵਾਂ ਬਾਹਰ ਨਿੱਕਲੀਆ ਸੀ ਉਸਨੇ ਯਿਸ਼ੂ ਦੇ ਨਾਲ ਚੱਲਣ ਲਈ ਬੇਨਤੀ ਕੀਤੀ ਕਿ ਪਰ ਯਿਸ਼ੂ ਨੇ ਉਸਨੂੰ ਇਹ ਕਿਹ ਕੇ ਭੇਜ ਦਿੱਤਾ, 39“ਘਰ ਵਾਪਸ ਜਾ ਅਤੇ ਦੱਸ ਕਿ ਪਰਮੇਸ਼ਵਰ ਨੇ ਤੇਰੇ ਲਈ ਕੀ ਕੀਤਾ ਹੈ।” ਤਾਂ ਉਹ ਆਦਮੀ ਚਲਾ ਗਿਆ ਅਤੇ ਸਾਰੇ ਸ਼ਹਿਰ ਵਿੱਚ ਦੱਸਿਆ ਕਿ ਯਿਸ਼ੂ ਨੇ ਉਸ ਲਈ ਕੀ ਕੀਤਾ ਸੀ।
ਯਿਸ਼ੂ ਨੇ ਇੱਕ ਮਰੀ ਹੋਈ ਕੁੜੀ ਨੂੰ ਚੰਗਾ ਕੀਤਾ
40ਜਦੋਂ ਯਿਸ਼ੂ ਵਾਪਸ ਆਏ ਤਾਂ ਲੋਕਾਂ ਨੇ ਉਹਨਾਂ ਦਾ ਸਵਾਗਤ ਕੀਤਾ ਕਿਉਂਕਿ ਉਹ ਸਭ ਉਹਨਾਂ ਦੀ ਉਡੀਕ ਵਿੱਚ ਸਨ। 41ਤਦ ਜਾਇਰੂਸ ਨਾਮਕ ਦਾ ਇੱਕ ਪ੍ਰਾਰਥਨਾ ਸਥਾਨ ਦਾ ਆਗੂ ਆਇਆ, ਅਤੇ ਉਹ ਯਿਸ਼ੂ ਦੇ ਪੈਰੀ ਡਿੱਗ ਗਿਆ। ਅਤੇ ਉਹਨਾਂ ਨੂੰ ਉਸਦੇ ਘਰ ਆਉਣ ਦੀ ਬੇਨਤੀ ਕੀਤੀ। 42ਕਿਉਂਕਿ ਉਸਦੀ ਇੱਕਲੌਤੀ ਧੀ, ਲਗਭਗ ਬਾਰਾਂ ਸਾਲਾਂ ਦੀ ਇੱਕ ਕੁੜੀ, ਮਰ ਰਹੀ ਸੀ।
ਜਦੋਂ ਯਿਸ਼ੂ ਜਾ ਰਹੇ ਸੀ ਤਾਂ ਭੀੜ ਨੇ ਉਹਨਾਂ ਨੂੰ ਘੇਰ ਲਿਆ। 43ਉਹਨਾਂ ਵਿੱਚ ਇੱਕ ਔਰਤ ਵੀ ਸੀ ਜਿਸ ਨੂੰ ਬਾਰ੍ਹਾਂ ਸਾਲਾਂ ਤੋਂ ਲਹੂ ਵਗਣ ਦੀ ਬਿਮਾਰੀ ਸੀ। ਉਸ ਨੇ ਆਪਣੀ ਜੀਵਨ ਦੀ ਸਾਰੀ ਕਮਾਈ ਡਾਕਟਰਾਂ ਤੇ ਖਰਚ ਕਰ ਦਿੱਤੀ ਪਰ ਕੋਈ ਵੀ ਉਸ ਦਾ ਇਲਾਜ਼ ਨਾ ਕਰ ਸਕਿਆ। 44ਉਹ ਯਿਸ਼ੂ ਦੇ ਪਿੱਛੇ ਭੀੜ ਵਿੱਚ ਆਈ ਅਤੇ ਉਹਨਾਂ ਦੇ ਕੱਪੜੇ ਦੇ ਪੱਲੇ ਨੂੰ ਛੋਹਿਆ ਅਤੇ ਉਸੇ ਵੇਲੇ ਲਹੂ ਵਗਣਾ ਬੰਦ ਹੋ ਗਿਆ।
45ਯਿਸ਼ੂ ਨੇ ਪੁੱਛਿਆ, “ਮੈਨੂੰ ਕਿਸ ਨੇ ਛੂਹਿਆ?”
ਸਾਰਿਆਂ ਨੇ ਇਸ ਗੱਲ ਦਾ ਇਨਕਾਰ ਕੀਤਾ ਅਤੇ ਪਤਰਸ ਨੇ ਕਿਹਾ, “ਸਵਾਮੀ, ਲੋਕ ਤੁਹਾਡੇ ਆਲੇ-ਦੁਆਲੇ ਹਨ ਅਤੇ ਤੁਹਾਡੇ ਉੱਤੇ ਡਿੱਗ ਰਹੇ ਹਨ।”
46ਪਰ ਯਿਸ਼ੂ ਨੇ ਕਿਹਾ, “ਕਿਸੇ ਨੇ ਮੈਨੂੰ ਜਾਣ ਬੁੱਝ ਕੇ ਮੈਨੂੰ ਛੂਹਿਆ ਹੈ ਕਿਉਂਕਿ ਮੈਂ ਮਹਿਸੂਸ ਕੀਤਾ ਹੈ ਕਿ ਚੰਗਾ ਕਰਨ ਦੀ ਸ਼ਕਤੀ ਮੇਰੇ ਵਿੱਚੋਂ ਨਿੱਕਲੀ ਹੈ।”
47ਤਦ ਉਸ ਔਰਤ ਨੂੰ ਅਹਿਸਾਸ ਹੋਇਆ ਕਿ ਉਹ ਲੁਕੀ ਨਹੀਂ ਰਹਿ ਸਕਦੀ, ਤਾਂ ਉਹ ਕੰਬਣ ਲੱਗੀ ਅਤੇ ਯਿਸ਼ੂ ਦੇ ਪੈਰਾਂ ਤੇ ਡਿੱਗ ਪਈ ਉਸ ਔਰਤ ਨੇ ਭੀੜ ਦੇ ਸਾਹਮਣੇ ਮੰਨਿਆ ਕਿ ਉਸ ਨੇ ਯਿਸ਼ੂ ਨੂੰ ਕਿਉਂ ਛੋਹਿਆ ਅਤੇ ਉਹ ਤੁਰੰਤ ਚੰਗੀ ਹੋ ਗਈ। 48ਯਿਸ਼ੂ ਨੇ ਉਸ ਨੂੰ ਕਿਹਾ, “ਬੇਟੀ! ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ। ਸ਼ਾਂਤੀ ਨਾਲ ਵਾਪਸ ਚਲੀ ਜਾ।”
49ਜਦੋਂ ਯਿਸ਼ੂ ਅਜੇ ਬੋਲ ਹੀ ਰਿਹੇ ਸੀ, ਤਾਂ ਪ੍ਰਾਰਥਨਾ ਸਥਾਨ ਦੇ ਆਗੂ ਜਾਇਰੂਸ ਦੇ ਘਰੋਂ ਇੱਕ ਵਿਅਕਤੀ ਸੰਦੇਸ਼ ਲੈ ਕੇ ਆਇਆ ਕੀ, “ਤੁਹਾਡੀ ਧੀ ਮਰ ਗਈ ਹੈ, ਗੁਰੂ ਨੂੰ ਹੁਣ ਪਰੇਸ਼ਾਨ ਕਰਨ ਦੀ ਕੀ ਲੋੜ ਹੈ।”
50ਇਹ ਗੱਲ ਸੁਣ ਕੇ ਯਿਸ਼ੂ ਨੇ ਜੈਰੁਸ ਨੂੰ ਕਿਹਾ, “ਡਰੋ ਨਾ! ਕੇਵਲ ਵਿਸ਼ਵਾਸ ਕਰੋ ਅਤੇ ਉਹ ਚੰਗੀ ਹੋ ਜਾਵੇਗੀ।”
51ਜਦੋਂ ਉਹ ਜੈਰੁਸ ਦੇ ਘਰ ਪਹੁੰਚੇ, ਯਿਸ਼ੂ ਨੇ ਪਤਰਸ, ਯੋਹਨ ਅਤੇ ਯਾਕੋਬ ਅਤੇ ਕੁੜੀ ਦੇ ਪਿਤਾ ਅਤੇ ਮਾਤਾ ਨੂੰ ਛੱਡ ਕਿਸੇ ਨੂੰ ਵੀ ਆਪਣੇ ਨਾਲ ਅੰਦਰ ਨਹੀਂ ਆਉਣ ਦਿੱਤਾ। 52ਉੱਥੇ ਮੌਜੂਦ ਹਰ ਕੋਈ ਉਸ ਕੁੜੀ ਲਈ ਰੋ ਰਿਹਾ ਸੀ ਅਤੇ ਸੋਗ ਕਰ ਰਿਹਾ ਸੀ। ਯਿਸ਼ੂ ਨੇ ਕਿਹਾ, “ਰੋਵੋ ਨਾ ਕੁੜੀ ਮਰੀ ਨਹੀਂ, ਉਹ ਸਿਰਫ ਸੌ ਰਹੀ ਹੈ!”
53ਉਹ ਸਾਰੇ ਯਿਸ਼ੂ ਉੱਤੇ ਹੱਸਣ ਲੱਗੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਲੜਕੀ ਦੀ ਮੌਤ ਹੋ ਗਈ ਹੈ। 54ਯਿਸ਼ੂ ਨੇ ਲੜਕੀ ਦਾ ਹੱਥ ਫੜਿਆ ਅਤੇ ਕਿਹਾ, “ਬੇਟੀ! ਉੱਠ ਜਾ!” 55ਉਸ ਦੇ ਪ੍ਰਾਣ ਉਸ ਵਿੱਚ ਵਾਪਸ ਆ ਗਏ ਅਤੇ ਉਹ ਤੁਰੰਤ ਖੜ੍ਹੀ ਹੋ ਗਈ। ਯਿਸ਼ੂ ਨੇ ਉਹਨਾਂ ਨੂੰ ਕਿਹਾ ਕੁੜੀ ਨੂੰ ਕੁਝ ਖਾਣ ਲਈ ਦੇਵੋ। 56ਉਸ ਦੇ ਮਾਤਾ-ਪਿਤਾ ਹੈਰਾਨ ਹੋ ਗਏ ਪਰ ਯਿਸ਼ੂ ਨੇ ਉਹਨਾਂ ਨੂੰ ਹਿਦਾਇਤ ਦਿੱਤੀ ਕਿ ਜੋਂ ਕੁਝ ਹੋਇਆ ਇਸ ਬਾਰੇ ਕਿਸੇ ਨਾਲ ਗੱਲ ਨਾ ਕਰਨਾ।