YouVersion Logo
Search Icon

ਮਾਰਕਸ 10

10
ਤਲਾਕ
1ਫਿਰ ਯਿਸ਼ੂ ਕਫ਼ਰਨਹੂਮ ਜਗ੍ਹਾ ਨੂੰ ਛੱਡ ਕੇ ਯਹੂਦਿਯਾ ਪ੍ਰਦੇਸ਼ ਅਤੇ ਯਰਦਨ ਨਦੀ ਦੇ ਪਾਰ ਚਲਾ ਗਏ। ਫਿਰ ਲੋਕਾਂ ਦੀ ਇੱਕ ਭੀੜ ਉਸ ਕੋਲ ਆਈ ਅਤੇ ਜਿਵੇਂ ਉਹਨਾਂ ਦਾ ਰਿਵਾਜ ਸੀ, ਉਹਨਾਂ ਨੇ ਲੋਕਾਂ ਨੂੰ ਉਪਦੇਸ਼ ਦਿੱਤਾ।
2ਕੁਝ ਫ਼ਰੀਸੀ ਆਏ ਅਤੇ ਉਸਨੂੰ ਇਹ ਪੁੱਛ ਕੇ ਪਰਖਿਆ, “ਕੀ ਬਿਵਸਥਾ ਅਨੁਸਾਰ ਮਨੁੱਖ ਲਈ ਆਪਣੀ ਪਤਨੀ ਨੂੰ ਤਲਾਕ ਦੇਣਾ ਜਾਇਜ਼ ਹੈ?”
3ਯਿਸ਼ੂ ਨੇ ਜਵਾਬ ਦਿੱਤਾ, “ਮੋਸ਼ੇਹ ਨੇ ਤੁਹਾਨੂੰ ਕੀ ਆਦੇਸ਼ ਦਿੱਤਾ ਹੈ?”
4ਉਹਨਾਂ ਨੇ ਕਿਹਾ, “ਮੋਸ਼ੇਹ ਨੇ ਇੱਕ ਆਦਮੀ ਨੂੰ ਤਲਾਕ-ਨਾਮਾ ਲਿਖਣ ਅਤੇ ਆਪਣੀ ਪਤਨੀ ਨੂੰ ਤਿਆਗ ਦੇਣ ਦੀ ਆਗਿਆ ਦਿੱਤੀ।”#10:4 ਵਿਵ 24:1
5ਯਿਸ਼ੂ ਨੇ ਜਵਾਬ ਦਿੱਤਾ, “ਕਿਉਂਕਿ ਮੋਸ਼ੇਹ ਨੇ ਤੁਹਾਡੇ ਦਿਲ ਕਠੋਰ ਹੋਣ ਕਰਕੇ ਤੁਹਾਨੂੰ ਇਹ ਹੁਕਮ ਲਿਖੇ ਸਨ। 6ਪਰ ਸ੍ਰਿਸ਼ਟੀ ਦੀ ਸ਼ੁਰੂਆਤ ਵਿੱਚ ਪਰਮੇਸ਼ਵਰ ਨੇ ਉਹਨਾਂ ਨੂੰ ‘ਨਰ ਅਤੇ ਨਾਰੀ,’#10:6 ਉਤ 1:27; ਉਤ 5:2 ਕਰਕੇ ਬਣਾਇਆ। 7‘ਇਸ ਲਈ ਆਦਮੀ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾਂ, 8ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ। ਇਸ ਲਈ ਹੁਣ ਉਹ ਦੋ ਨਹੀਂ, ਪਰ ਇੱਕ ਸਰੀਰ ਹਨ।’#10:8 ਉਤ 2:24 9ਇਸ ਲਈ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਜੋੜਿਆ ਹੈ, ਮਨੁੱਖ ਉਹਨਾਂ ਨੂੰ ਅਲੱਗ ਨਾ ਕਰੇ।”
10ਜਦੋਂ ਉਹ ਦੁਬਾਰਾ ਘਰ ਵਿੱਚ ਸਨ, ਤਾਂ ਚੇਲਿਆਂ ਨੇ ਯਿਸ਼ੂ ਨੂੰ ਉਸ ਬਾਰੇ ਪੁੱਛਿਆ। 11ਯਿਸ਼ੂ ਨੇ ਜਵਾਬ ਦਿੱਤਾ, “ਜਿਹੜਾ ਵੀ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਅਤੇ ਕਿਸੇ ਹੋਰ ਔਰਤ ਨਾਲ ਵਿਆਹ ਕਰਵਾਉਂਦਾ ਹੈ, ਉਹ ਉਸਦੇ ਵਿਰੁੱਧ ਵਿਭਚਾਰ ਕਰਦਾ ਹੈ। 12ਅਤੇ ਜੇ ਔਰਤ ਆਪਣੇ ਪਤੀ ਨੂੰ ਤਲਾਕ ਦਿੰਦੀ ਹੈ ਅਤੇ ਕਿਸੇ ਹੋਰ ਆਦਮੀ ਨਾਲ ਵਿਆਹ ਕਰਵਾਉਂਦੀ ਹੈ, ਤਾਂ ਉਹ ਵੀ ਵਿਭਚਾਰ ਕਰਦੀ ਹੈ।”
ਛੋਟੇ ਬੱਚੇ ਅਤੇ ਯਿਸ਼ੂ
13ਇੱਕ ਦਿਨ ਕੁੱਝ ਲੋਕ ਛੋਟੇ ਬੱਚਿਆਂ ਨੂੰ ਯਿਸ਼ੂ ਕੋਲ ਲਿਆ ਰਹੇ ਸਨ ਤਾਂ ਜੋ ਉਹ ਉਹਨਾਂ ਤੇ ਆਪਣਾ ਹੱਥ ਰੱਖ ਕੇ ਉਹਨਾਂ ਨੂੰ ਅਸੀਸ ਦੇਣ, ਪਰ ਚੇਲਿਆਂ ਨੇ ਉਹਨਾਂ ਨੂੰ ਝਿੜਕਿਆ। 14ਜਦੋਂ ਯਿਸ਼ੂ ਨੇ ਇਹ ਵੇਖਿਆ ਤਾਂ ਉਹ ਗੁੱਸੇ ਵਿੱਚ ਆ ਗਏ। ਉਹਨਾਂ ਨੇ ਚੇਲਿਆਂ ਨੂੰ ਕਿਹਾ, “ਛੋਟੇ ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ, ਅਤੇ ਉਹਨਾਂ ਨੂੰ ਨਾ ਰੋਕੋ ਕਿਉਂਕਿ ਪਰਮੇਸ਼ਵਰ ਦਾ ਰਾਜ ਇਹੋ ਜਿਹਿਆਂ ਦਾ ਹੈ। 15ਮੈਂ ਤੁਹਾਨੂੰ ਸੱਚ ਆਖਦਾ ਹਾਂ, ਜਿਹੜਾ ਮਨੁੱਖ ਇੱਕ ਛੋਟੇ ਬੱਚੇ ਵਾਂਗ ਪਰਮੇਸ਼ਵਰ ਦੇ ਰਾਜ ਨੂੰ ਕਬੂਲ ਨਹੀਂ ਕਰੇਗਾ ਉਹ ਕਦੇ ਵੀ ਉਸ ਵਿੱਚ ਪ੍ਰਵੇਸ਼ ਨਹੀਂ ਕਰੇਗਾ।” 16ਅਤੇ ਉਸਨੇ ਬੱਚਿਆਂ ਨੂੰ ਆਪਣੀ ਬਾਹਾਂ ਵਿੱਚ ਫੜ ਲਿਆ, ਉਹਨਾਂ ਉੱਤੇ ਆਪਣੇ ਹੱਥ ਰੱਖੇ ਅਤੇ ਉਹਨਾਂ ਨੂੰ ਅਸੀਸ ਦਿੱਤੀ।
ਅਮੀਰ ਅਤੇ ਪਰਮੇਸ਼ਵਰ ਦਾ ਰਾਜ
17ਜਦੋਂ ਯਿਸ਼ੂ ਆਪਣੀ ਯਾਤਰਾ ਲਈ ਨਿਕਲ ਪਏ, ਤਾਂ ਇੱਕ ਆਦਮੀ ਉਹਨਾਂ ਵੱਲ ਭੱਜਾ ਅਤੇ ਉਸ ਦੇ ਅੱਗੇ ਗੋਡੇ ਟਿਕਾਏ। ਅਤੇ ਉਸਨੇ ਪੁੱਛਿਆ, “ਚੰਗੇ ਗੁਰੂ ਜੀ, ਸਦੀਪਕ ਜੀਵਨ ਪਾਉਣ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ?”
18ਯਿਸ਼ੂ ਨੇ ਜਵਾਬ ਦਿੱਤਾ, “ਤੁਸੀਂ ਮੈਨੂੰ ਚੰਗਾ ਕਿਉਂ ਕਹਿੰਦੇ ਹੋ? ਇਕੱਲੇ ਪਰਮੇਸ਼ਵਰ ਨੂੰ ਛੱਡ ਕੇ ਕੋਈ ਵੀ ਚੰਗਾ ਨਹੀਂ ਹੈ। 19ਤੁਸੀਂ ਇਨ੍ਹਾਂ ਹੁਕਮਾਂ ਨੂੰ ਜਾਣਦੇ ਹੋ: ‘ਤੁਸੀਂ ਕਤਲ ਨਾ ਕਰਨਾ, ਵਿਭਚਾਰ ਨਾ ਕਰਨਾ, ਚੋਰੀ ਨਾ ਕਰਨਾ, ਝੂਠੀ ਗਵਾਹੀ ਨਾ ਦੇਣਾ, ਧੋਖਾ ਨਾ ਦੇਣਾ, ਆਪਣੇ ਪਿਤਾ ਅਤੇ ਮਾਤਾ ਦਾ ਆਦਰ ਕਰਨਾ।’ ”#10:19 ਕੂਚ 20:12-16; ਵਿਵ 5:16-20
20ਉਸਨੇ ਕਿਹਾ, “ਗੁਰੂ ਜੀ, ਇਹ ਸਭ ਕੁਝ ਮੈਂ ਬਚਪਨ ਤੋਂ ਹੀ ਕਰਦਾ ਆ ਰਿਹਾ ਹਾਂ।”
21ਯਿਸ਼ੂ ਨੇ ਉਸ ਵੱਲ ਵੇਖਿਆ ਅਤੇ ਯਿਸ਼ੂ ਦਾ ਦਿਲ ਪਿਆਰ ਨਾਲ ਭਰ ਗਿਆ। ਯਿਸ਼ੂ ਨੇ ਕਿਹਾ, “ਇੱਕ ਚੀਜ਼ ਦੀ ਤੇਰੇ ਵਿੱਚ ਘਾਟ ਹੈ, ਜਾ ਆਪਣਾ ਸਭ ਕੁਝ ਵੇਚ ਅਤੇ ਗਰੀਬਾਂ ਨੂੰ ਵੰਡ ਦੇ, ਅਤੇ ਤੇਰੇ ਕੋਲ ਸਵਰਗ ਵਿੱਚ ਖ਼ਜ਼ਾਨਾ ਹੋਵੇਗਾ। ਫੇਰ ਆਣ, ਮੇਰੇ ਪਿੱਛੇ ਹੋ ਲਈ।”
22ਇਹ ਸੁਣ ਕੇ ਉਸ ਆਦਮੀ ਦਾ ਮੂੰਹ ਢਿੱਲਾ ਹੋ ਗਿਆ। ਉਹ ਉਦਾਸ ਹੋ ਕੇ ਚਲਿਆ ਗਿਆ, ਕਿਉਂਕਿ ਉਹ ਵੱਡਾ ਧਨਵਾਨ ਸੀ।
23ਯਿਸ਼ੂ ਨੇ ਆਸੇ-ਪਾਸੇ ਵੇਖਿਆ ਅਤੇ ਆਪਣੇ ਚੇਲਿਆਂ ਨੂੰ ਕਿਹਾ, “ਅਮੀਰ ਲੋਕਾਂ ਲਈ ਪਰਮੇਸ਼ਵਰ ਦੇ ਰਾਜ ਵਿੱਚ ਦਾਖਲ ਹੋਣਾ ਕਿੰਨਾ ਔਖਾ ਹੈ!”
24ਯਿਸ਼ੂ ਦੇ ਸ਼ਬਦ ਸੁਣ ਕੇ ਚੇਲੇ ਹੈਰਾਨ ਰਹਿ ਗਏ। ਪਰ ਯਿਸ਼ੂ ਨੇ ਫੇਰ ਕਿਹਾ, “ਬੱਚਿਓ, ਪਰਮੇਸ਼ਵਰ ਦੇ ਰਾਜ ਵਿੱਚ ਦਾਖਲ ਹੋਣਾ ਕਿੰਨਾ ਔਖਾ ਹੈ! 25ਊਠ ਦਾ ਸੂਈ ਦੀ ਮੋਰੀ ਵਿੱਚੋਂ ਲੰਘਣਾ ਇਸ ਨਾਲੋਂ ਸੌਖਾ ਹੈ ਕਿ ਇੱਕ ਧਨੀ ਵਿਅਕਤੀ ਪਰਮੇਸ਼ਵਰ ਦੇ ਰਾਜ ਵਿੱਚ ਦਾਖਲ ਹੋ ਸਕੇ।”
26ਚੇਲੇ ਹੋਰ ਵੀ ਹੈਰਾਨ ਹੋਏ ਅਤੇ ਇੱਕ ਦੂਸਰੇ ਨੂੰ ਕਹਿਣ ਲੱਗੇ, “ਤਾਂ ਕੌਣ ਬਚਾਇਆ ਜਾ ਸਕਦਾ ਹੈ?”
27ਯਿਸ਼ੂ ਨੇ ਉਹਨਾਂ ਵੱਲ ਵੇਖਿਆ ਅਤੇ ਕਿਹਾ, “ਮਨੁੱਖ ਲਈ ਇਹ ਅਸੰਭਵ ਹੈ, ਪਰ ਪਰਮੇਸ਼ਵਰ ਨਾਲ ਨਹੀਂ; ਪਰਮੇਸ਼ਵਰ ਨਾਲ ਸਭ ਕੁਝ ਸੰਭਵ ਹੈ।”
28ਤਦ ਪਤਰਸ ਬੋਲਿਆ, “ਅਸੀਂ ਤੁਹਾਡੇ ਮਗਰ ਲੱਗਣ ਲਈ ਸਭ ਕੁਝ ਛੱਡ ਦਿੱਤਾ ਹੈ!”
29ਯਿਸ਼ੂ ਨੇ ਜਵਾਬ ਦਿੱਤਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਅਜਿਹਾ ਕੋਈ ਵੀ ਨਹੀਂ ਜਿਸਨੇ ਆਪਣੇ ਘਰ ਅਤੇ ਭਰਾਵਾਂ, ਭੈਣਾਂ, ਮਾਤਾ-ਪਿਤਾ, ਬੱਚਿਆਂ ਜਾਂ ਖੇਤਾਂ ਨੂੰ ਮੇਰੇ ਅਤੇ ਸੁਭਸਮਾਚਾਰ ਲਈ ਛੱਡਿਆ ਹੋਵੇ 30ਜਿਹੜਾ ਹੁਣ ਇਸ ਯੁੱਗ ਵਿੱਚ ਸੌ ਗੁਣਾ ਪ੍ਰਾਪਤ ਨਾ ਕਰੇ ਭਾਵੇਂ: ਘਰ, ਭਰਾ, ਭੈਣਾਂ, ਮਾਵਾਂ, ਬੱਚੇ ਅਤੇ ਖੇਤ; ਸਤਾਏ ਜਾਣ ਦੇ ਨਾਲ ਅਤੇ ਆਉਣ ਵਾਲੇ ਯੁੱਗ ਵਿੱਚ ਸਦੀਪਕ ਜੀਵਨ। 31ਪਰ ਬਹੁਤ ਸਾਰੇ ਜਿਹੜੇ ਪਹਿਲੇ ਹਨ ਉਹ ਆਖਰੀ ਹੋਣਗੇ ਅਤੇ ਆਖਰੀ ਪਹਿਲੇ ਹੋਣਗੇ।”
ਯਿਸ਼ੂ ਨੇ ਤੀਜੀ ਵਾਰ ਆਪਣੀ ਮੌਤ ਦੀ ਭਵਿੱਖਬਾਣੀ ਕੀਤੀ
32ਉਹ ਯੇਰੂਸ਼ਲੇਮ ਵੱਲ ਨੂੰ ਜਾ ਰਹੇ ਸਨ ਅਤੇ ਯਿਸ਼ੂ ਉਹਨਾਂ ਸਭਨਾਂ ਤੋਂ ਅੱਗੇ ਤੁਰੇ ਜਾ ਰਹੇ ਸਨ, ਅਤੇ ਚੇਲੇ ਹੈਰਾਨ ਸਨ, ਅਤੇ ਉਸਦੇ ਮਗਰ ਚੱਲ ਰਹੇ ਲੋਕ ਡਰੇ ਹੋਏ ਸਨ। ਫਿਰ ਯਿਸ਼ੂ ਨੇ ਬਾਰ੍ਹਾਂ ਚੇਲਿਆਂ ਨੂੰ ਇੱਕ ਪਾਸੇ ਕੀਤਾ ਅਤੇ ਉਹਨਾਂ ਨੂੰ ਦੱਸਿਆ ਕਿ ਉਸ ਨਾਲ ਕੀ ਵਾਪਰੇਗਾ। 33“ਵੇਖੋ ਅਸੀਂ ਯੇਰੂਸ਼ਲੇਮ ਨੂੰ ਜਾ ਰਹੇ ਹਾਂ,” ਉਸਨੇ ਕਿਹਾ, “ਅਤੇ ਮਨੁੱਖ ਦਾ ਪੁੱਤਰ ਮੁੱਖ ਜਾਜਕਾਂ ਅਤੇ ਬਿਵਸਥਾ ਦੇ ਉਪਦੇਸ਼ਕਾਂ ਦੇ ਹੱਥੀ ਫੜਵਾਇਆ ਜਾਵੇਗਾ। ਉਹ ਉਸਨੂੰ ਮੌਤ ਦੀ ਸਜ਼ਾ ਦਾ ਹੁਕਮ ਦੇਣਗੇ। ਅਤੇ ਉਹ ਉਸਨੂੰ ਗ਼ੈਰ-ਯਹੂਦੀਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ, 34ਜੋ ਉਹ ਉਸਦਾ ਮਜ਼ਾਕ ਉਡਾਉਣਗੇ ਅਤੇ ਉਹ ਉਸ ਉੱਤੇ ਥੁੱਕਣਗੇ, ਉਹ ਉਸਨੂੰ ਕੋੜੇ ਮਾਰਨਗੇ ਅਤੇ ਨਾਲੇ ਉਸ ਨੂੰ ਮਾਰ ਦੇਣਗੇ। ਤਿੰਨ ਦਿਨਾਂ ਬਾਅਦ ਉਹ ਜੀ ਉੱਠੇਗਾ।”
ਯਾਕੋਬ ਅਤੇ ਯੋਹਨ ਦੀ ਬੇਨਤੀ
35ਤਦ ਜ਼ਬਦੀ ਦੇ ਪੁੱਤਰ ਯਾਕੋਬ ਅਤੇ ਯੋਹਨ ਉਸ ਕੋਲ ਆਏ। ਉਹਨਾਂ ਨੇ ਕਿਹਾ, “ਗੁਰੂ ਜੀ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਲਈ ਜੋ ਕੁਝ ਅਸੀਂ ਮੰਗਦੇ ਹਾਂ ਓਹ ਕਰੋ।”
36ਯਿਸ਼ੂ ਨੇ ਪੁੱਛਿਆ, “ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਕਰਾ?”
37ਉਹਨਾਂ ਨੇ ਉੱਤਰ ਦਿੱਤਾ, “ਸਾਡੇ ਵਿੱਚੋਂ ਇੱਕ ਤੁਹਾਡੇ ਸੱਜੇ ਪਾਸੇ ਅਤੇ ਦੂਜਾ ਤੁਹਾਡੀ ਮਹਿਮਾ ਵਿੱਚ ਦੂਸਰਾ ਤੁਹਾਡੇ ਖੱਬੇ ਪਾਸੇ ਬੈਠੇ।”
38ਯਿਸ਼ੂ ਨੇ ਕਿਹਾ, “ਤੁਸੀਂ ਨਹੀਂ ਜਾਣਦੇ ਜੋ ਕੀ ਮੰਗਦੇ ਹੋ। ਕੀ ਤੁਸੀਂ ਉਹ ਪਿਆਲਾ ਜਿਹੜਾ ਮੈਂ ਪੀਣ ਜਾ ਰਿਹਾ ਹਾਂ ਪੀ ਸਕਦੇ ਹੋ ਜਾਂ ਉਹ ਬਪਤਿਸਮਾ ਜਿਹੜਾ ਮੈਂ ਲੈਣਾ ਹੈ ਤੁਸੀਂ ਲੈ ਸਕਦੇ ਹੋ?”
39ਉਹਨਾਂ ਨੇ ਜਵਾਬ ਦਿੱਤਾ, “ਅਸੀਂ ਕਰ ਸਕਦੇ ਹਾਂ।”
ਯਿਸ਼ੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਉਹ ਪਿਆਲਾ ਪੀਓਗੇ ਜੋ ਮੈਂ ਪੀਣਾ ਹੈ ਅਤੇ ਉਹ ਬਪਤਿਸਮਾ ਜਿਹੜਾ ਮੈਂ ਲੈਣਾ ਹੈ ਤੁਸੀਂ ਲਵੋਂਗੇ। 40ਪਰ ਮੇਰੇ ਸੱਜੇ ਜਾਂ ਖੱਬੇ ਬਿਠਾਉਣਾ ਇਹ ਮੇਰਾ ਕੰਮ ਨਹੀਂ ਹੈ। ਇਹ ਜਗ੍ਹਾਵਾਂ ਉਹਨਾਂ ਲਈ ਹਨ ਜਿਨ੍ਹਾਂ ਲਈ ਉਹ ਤਿਆਰ ਕੀਤੀ ਗਈ ਹੈ।”
41ਜਦੋਂ ਉਹਨਾਂ ਦਸਾਂ ਚੇਲਿਆਂ ਨੇ ਇਹ ਸੁਣਿਆ ਤਾਂ ਉਹ ਯਾਕੋਬ ਅਤੇ ਯੋਹਨ ਉੱਤੇ ਗੁੱਸੇ ਹੋਏ। 42ਯਿਸ਼ੂ ਨੇ ਉਹਨਾਂ ਸਾਰਿਆ ਨੂੰ ਕੋਲ ਸੱਦ ਕੇ ਆਖਿਆ, “ਤੁਸੀਂ ਜਾਣਦੇ ਹੋ ਜਿਹਨਾਂ ਨੂੰ ਗ਼ੈਰ-ਯਹੂਦੀਆਂ ਦੇ ਅਧਿਕਾਰੀ ਸਮਝਿਆ ਜਾਂਦਾ ਹੈ ਜੋ ਉਹਨਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਉਹਨਾਂ ਦੇ ਉੱਚ ਅਧਿਕਾਰੀ ਉਹਨਾਂ ਉੱਤੇ ਅਧਿਕਾਰ ਰੱਖਦੇ ਹਨ। 43ਤੁਹਾਡੇ ਵਿੱਚ ਅਜਿਹਾ ਨਾ ਹੋਵੇ। ਪਰ ਜੋ ਕੋਈ ਤੁਹਾਡੇ ਵਿੱਚੋਂ ਕੋਈ ਵੱਡਾ ਹੋਣਾ ਚਾਹੇ ਸੋ ਸੇਵਾਦਾਰ ਹੋਵੇ, 44ਅਤੇ ਜੋ ਕੋਈ ਤੁਹਾਡੇ ਵਿੱਚੋਂ ਅਧਿਕਾਰੀ ਬਣਨਾ ਚਾਹੁੰਦਾ ਹੋਵੇ ਉਹ ਤੁਹਾਡਾ ਨੌਕਰ ਹੋਵੇ। 45ਕਿਉਂਕਿ ਮਨੁੱਖ ਦਾ ਪੁੱਤਰ ਵੀ ਸੇਵਾ ਕਰਾਉਣ ਨਹੀਂ ਪਰ ਸੇਵਾ ਕਰਨ ਲਈ ਆਇਆ ਅਤੇ ਬਹੁਤਿਆਂ ਲਈ ਆਪਣੀ ਜਾਨ ਕੁਰਬਾਨ ਕਰਨ ਲਈ।”
ਅੰਨ੍ਹੇ ਬਾਰਤੀਮੇਸ ਨੇ ਆਪਣੀ ਨਜ਼ਰ ਪਾਈ
46ਫੇਰ ਉਹ ਯੇਰੀਖ਼ੋ ਸ਼ਹਿਰ ਆਏ। ਜਦੋਂ ਯਿਸ਼ੂ ਅਤੇ ਉਹਨਾਂ ਦੇ ਚੇਲੇ ਇੱਕ ਵੱਡੀ ਭੀੜ ਦੇ ਨਾਲ ਸ਼ਹਿਰ ਵਿੱਚੋਂ ਬਾਹਰ ਆ ਰਹੇ ਸਨ ਤਾਂ ਇੱਕ ਅੰਨ੍ਹਾ ਆਦਮੀ ਬਾਰਤਿਮਈ, ਜਿਸਦਾ ਅਰਥ ਹੈ, “ਤਿਮਾਉ ਦਾ ਪੁੱਤਰ,” ਸੜਕ ਦੇ ਕਿਨਾਰੇ ਭੀਖ ਮੰਗ ਰਿਹਾ ਸੀ। 47ਜਦੋਂ ਉਸਨੇ ਸੁਣਿਆ ਕਿ ਇਹ ਯਿਸ਼ੂ ਨਾਜ਼ਰੇਥ ਦਾ ਹੈ, ਤਾਂ ਉਸਨੇ ਚੀਕਣਾ ਸ਼ੁਰੂ ਕਰ ਦਿੱਤਾ, “ਯਿਸ਼ੂ, ਦਾਵੀਦ ਦੇ ਪੁੱਤਰ, ਮੇਰੇ ਤੇ ਕਿਰਪਾ ਕਰੋ!”
48ਕਈਆਂ ਨੇ ਉਸ ਨੂੰ ਝਿੜਕਿਆ ਅਤੇ ਚੁੱਪ ਰਹਿਣ ਲਈ ਕਿਹਾ, ਪਰ ਉਸਨੇ ਹੋਰ ਵੀ ਉੱਚੀ ਆਵਾਜ਼ ਵਿੱਚ ਕਿਹਾ, “ਦਾਵੀਦ ਦੇ ਪੁੱਤਰ ਮੇਰੇ ਤੇ ਕਿਰਪਾ ਕਰ!”
49ਯਿਸ਼ੂ ਨੇ ਰੁਕ ਕੇ ਕਿਹਾ, “ਉਸਨੂੰ ਲਿਆਓ।”
ਤਾਂ ਉਹਨਾਂ ਨੇ ਉਸ ਅੰਨ੍ਹੇ ਆਦਮੀ ਨੂੰ ਕਿਹਾ, “ਹੌਸਲਾ ਰੱਖ! ਉੱਠ! ਉਹ ਤੈਨੂੰ ਬੁਲਾ ਰਿਹਾ ਹੈ।” 50ਤਾਂ ਉਹ ਆਪਣਾ ਚੋਲਾ ਇੱਕ ਪਾਸੇ ਸੁੱਟਦਿਆਂ ਆਪਣੇ ਪੈਰਾਂ ਤੇ ਛਾਲ ਮਾਰ ਕੇ ਯਿਸ਼ੂ ਕੋਲ ਆਇਆ।
51ਯਿਸ਼ੂ ਨੇ ਉਸ ਨੂੰ ਪੁੱਛਿਆ, “ਤੂੰ ਕੀ ਚਾਹੁੰਦਾ ਹੈ ਜੋ ਮੈਂ ਤੇਰੇ ਲਈ ਕਰਾ?”
ਅੰਨ੍ਹੇ ਆਦਮੀ ਨੇ ਜਵਾਬ ਦਿੱਤਾ, “ਰੱਬੀ, ਮੈਂ ਵੇਖਣਾ ਚਾਹੁੰਦਾ ਹਾਂ।”
52ਯਿਸ਼ੂ ਨੇ ਕਿਹਾ, “ਜਾ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ।” ਤੁਰੰਤ ਹੀ ਉਹ ਵੇਖਣ ਲੱਗਾ ਅਤੇ ਰਾਹ ਵਿੱਚ ਯਿਸ਼ੂ ਦੇ ਮਗਰ ਤੁਰ ਪਿਆ।

Currently Selected:

ਮਾਰਕਸ 10: PMT

Highlight

Share

Copy

None

Want to have your highlights saved across all your devices? Sign up or sign in