ਲੂਕਾ 17
17
ਪਾਪ ਅਤੇ ਮਾਫ਼ੀ
1ਫਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ,“ਠੋਕਰਾਂ ਦਾ ਨਾ ਲੱਗਣਾ ਤਾਂ ਅਣਹੋਣਾ ਹੈ, ਪਰ ਹਾਏ ਉਸ ਮਨੁੱਖ ਉੱਤੇ ਜਿਸ ਦੇ ਕਾਰਨ ਇਹ ਲੱਗਦੀਆਂ ਹਨ! 2ਜਿਹੜਾ ਇਨ੍ਹਾਂ ਛੋਟਿਆਂ ਵਿੱਚੋਂ ਇੱਕ ਦੇ ਲਈ ਵੀ ਠੋਕਰ ਦਾ ਕਾਰਨ ਬਣਦਾ ਹੈ, ਉਸ ਦੇ ਲਈ ਚੰਗਾ ਹੁੰਦਾ ਜੋ ਉਸ ਦੇ ਗਲ਼ ਦੁਆਲੇ ਚੱਕੀ ਦਾ ਪੁੜ ਬੰਨ੍ਹ ਕੇ ਉਸ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਜਾਂਦਾ। 3ਤੁਸੀਂ ਆਪਣੇ ਵਿਖੇ ਖ਼ਬਰਦਾਰ ਰਹੋ! ਜੇ ਤੇਰਾ ਭਰਾ ਪਾਪ ਕਰੇ ਤਾਂ ਉਸ ਨੂੰ ਝਿੜਕ ਅਤੇ ਜੇ ਉਹ ਪਛਤਾਵੇ ਤਾਂ ਉਸ ਨੂੰ ਮਾਫ਼ ਕਰ ਦੇ। 4ਜੇ ਉਹ ਦਿਨ ਵਿੱਚ ਸੱਤ ਵਾਰ ਤੇਰੇ ਵਿਰੁੱਧ ਪਾਪ ਕਰੇ ਅਤੇ ਸੱਤ ਵਾਰ ਤੇਰੇ ਕੋਲ ਆ ਕੇ ਕਹੇ, ‘ਮੈਂ ਪਛਤਾਉਂਦਾ ਹਾਂ’ ਤਾਂ ਉਸ ਨੂੰ ਮਾਫ਼ ਕਰ ਦੇ।”
ਵਿਸ਼ਵਾਸ ਅਤੇ ਜ਼ਿੰਮੇਵਾਰੀ
5ਤਦ ਰਸੂਲਾਂ ਨੇ ਪ੍ਰਭੂ ਨੂੰ ਕਿਹਾ, “ਸਾਡਾ ਵਿਸ਼ਵਾਸ ਵਧਾ।” 6ਪ੍ਰਭੂ ਨੇ ਕਿਹਾ,“ਜੇ ਤੁਹਾਡੇ ਵਿੱਚ ਰਾਈ ਦੇ ਦਾਣੇ ਜਿੰਨਾ ਵੀ ਵਿਸ਼ਵਾਸ ਹੁੰਦਾ ਅਤੇ ਤੁਸੀਂ ਇਸ ਸ਼ਹਿਤੂਤ ਦੇ ਦਰਖ਼ਤ ਨੂੰ ਕਹਿੰਦੇ, ‘ਉੱਖੜ ਜਾ ਅਤੇ ਸਮੁੰਦਰ ਵਿੱਚ ਜਾ ਲੱਗ’ ਤਾਂ ਇਹ ਤੁਹਾਡੀ ਮੰਨ ਲੈਂਦਾ। 7ਤੁਹਾਡੇ ਵਿੱਚੋਂ ਕਿਹੜਾ ਹੈ ਜਿਸ ਦਾ ਸੇਵਕ ਹਲ ਵਾਹੁੰਦਾ ਜਾਂ ਭੇਡਾਂ ਚਰਾਉਂਦਾ ਹੋਵੇ ਅਤੇ ਜਦੋਂ ਉਹ ਖੇਤ ਵਿੱਚੋਂ ਆਵੇ ਤਾਂ ਉਸ ਨੂੰ ਕਹੇ, ‘ਛੇਤੀ ਨਾਲ ਆ ਕੇ ਭੋਜਨ ਕਰਨ ਲਈ ਬੈਠ’? 8ਬਲਕਿ ਉਹ ਸੇਵਕ ਨੂੰ ਇਹ ਨਾ ਕਹੇਗਾ, ‘ਮੇਰੇ ਖਾਣ ਲਈ ਕੁਝ ਤਿਆਰ ਕਰ ਅਤੇ ਜਦੋਂ ਤੱਕ ਮੈਂ ਖਾ-ਪੀ ਨਾ ਲਵਾਂ ਲੱਕ ਬੰਨ੍ਹ ਕੇ ਮੇਰੀ ਸੇਵਾ ਕਰ; ਇਸ ਤੋਂ ਬਾਅਦ ਤੂੰ ਵੀ ਖਾ-ਪੀ ਲਵੀਂ’? 9ਕੀ ਉਹ ਉਸ ਸੇਵਕ ਦਾ ਅਹਿਸਾਨ ਮੰਨੇਗਾ ਕਿਉਂਕਿ ਉਸ ਨੇ ਆਗਿਆ ਅਨੁਸਾਰ ਕੰਮ ਕੀਤਾ?#17:9 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਮੈਂ ਸੋਚਦਾ ਹਾਂ, ਨਹੀਂ।” ਲਿਖਿਆ ਹੈ। 10ਇਸੇ ਤਰ੍ਹਾਂ ਤੁਸੀਂ ਵੀ ਜਦੋਂ ਉਹ ਸਾਰੇ ਕੰਮ ਕਰ ਲਵੋ ਜੋ ਤੁਹਾਨੂੰ ਕਰਨ ਦੀ ਆਗਿਆ ਦਿੱਤੀ ਗਈ ਤਾਂ ਕਹੋ, ‘ਅਸੀਂ ਨਿਕੰਮੇ ਸੇਵਕ ਹਾਂ, ਅਸੀਂ ਤਾਂ ਉਹੋ ਕੀਤਾ ਜੋ ਕਰਨਾ ਚਾਹੀਦਾ ਸੀ’।”
ਦਸ ਕੋੜ੍ਹੀਆਂ ਨੂੰ ਸ਼ੁੱਧ ਕਰਨਾ
11ਫਿਰ ਇਸ ਤਰ੍ਹਾਂ ਹੋਇਆ ਕਿ ਯਿਸੂ ਸਾਮਰਿਯਾ ਅਤੇ ਗਲੀਲ ਦੇ ਵਿੱਚੋਂ ਦੀ ਲੰਘ ਕੇ ਯਰੂਸ਼ਲਮ ਨੂੰ ਜਾ ਰਿਹਾ ਸੀ 12ਅਤੇ ਉਸ ਦੇ ਇੱਕ ਪਿੰਡ ਵਿੱਚ ਪ੍ਰਵੇਸ਼ ਕਰਦਿਆਂ ਦਸ ਕੋੜ੍ਹੀ ਉਸ ਨੂੰ ਮਿਲੇ ਜਿਹੜੇ ਦੂਰ ਖੜ੍ਹੇ ਰਹੇ। 13ਉਨ੍ਹਾਂ ਨੇ ਉੱਚੀ ਅਵਾਜ਼ ਵਿੱਚ ਕਿਹਾ, “ਹੇ ਯਿਸੂ ਸੁਆਮੀ, ਸਾਡੇ ਉੱਤੇ ਦਇਆ ਕਰ।” 14ਇਹ ਵੇਖ ਕੇ ਯਿਸੂ ਨੇ ਉਨ੍ਹਾਂ ਨੂੰ ਕਿਹਾ,“ਜਾ ਕੇ ਆਪਣੇ ਆਪ ਨੂੰ ਯਾਜਕਾਂ ਨੂੰ ਵਿਖਾਓ।” ਤਦ ਇਸ ਤਰ੍ਹਾਂ ਹੋਇਆ ਕਿ ਉਹ ਜਾਂਦੇ-ਜਾਂਦੇ ਸ਼ੁੱਧ ਹੋ ਗਏ। 15ਜਦੋਂ ਉਨ੍ਹਾਂ ਵਿੱਚੋਂ ਇੱਕ ਨੇ ਇਹ ਵੇਖਿਆ ਕਿ ਉਹ ਚੰਗਾ ਹੋ ਗਿਆ ਹੈ ਤਾਂ ਉਹ ਉੱਚੀ ਅਵਾਜ਼ ਵਿੱਚ ਪਰਮੇਸ਼ਰ ਦੀ ਵਡਿਆਈ ਕਰਦਾ ਹੋਇਆ ਵਾਪਸ ਆਇਆ 16ਅਤੇ ਮੂੰਹ ਭਾਰ ਯਿਸੂ ਦੇ ਚਰਨਾਂ 'ਤੇ ਡਿੱਗ ਕੇ ਉਸ ਦਾ ਧੰਨਵਾਦ ਕੀਤਾ। ਉਹ ਇੱਕ ਸਾਮਰੀ ਸੀ। 17ਯਿਸੂ ਨੇ ਉਸ ਨੂੰ ਕਿਹਾ,“ਕੀ ਦਸੇ ਸ਼ੁੱਧ ਨਹੀਂ ਹੋਏ? ਤਾਂ ਉਹ ਨੌਂ ਕਿੱਥੇ ਹਨ? 18ਕੀ ਇਸ ਓਪਰੇ ਤੋਂ ਇਲਾਵਾ ਕੋਈ ਹੋਰ ਨਾ ਮਿਲਿਆ ਜੋ ਵਾਪਸ ਆ ਕੇ ਪਰਮੇਸ਼ਰ ਦੀ ਵਡਿਆਈ ਕਰਦਾ?” 19ਫਿਰ ਯਿਸੂ ਨੇ ਉਸ ਨੂੰ ਕਿਹਾ,“ਉੱਠ ਅਤੇ ਜਾ; ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ।”
ਪਰਮੇਸ਼ਰ ਦਾ ਰਾਜ
20ਜਦੋਂ ਫ਼ਰੀਸੀਆਂ ਵੱਲੋਂ ਉਸ ਨੂੰ ਇਹ ਪੁੱਛਿਆ ਗਿਆ ਕਿ ਪਰਮੇਸ਼ਰ ਦਾ ਰਾਜ ਕਦੋਂ ਆਵੇਗਾ ਤਾਂ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ,“ਪਰਮੇਸ਼ਰ ਦਾ ਰਾਜ ਪਰਤੱਖ ਰੂਪ ਵਿੱਚ ਨਹੀਂ ਆਉਂਦਾ 21ਅਤੇ ਨਾ ਹੀ ਲੋਕ ਇਹ ਕਹਿਣਗੇ, ‘ਵੇਖੋ, ਇੱਥੇ ਜਾਂ ਉੱਥੇ ਹੈ’। ਕਿਉਂਕਿ ਵੇਖੋ, ਪਰਮੇਸ਼ਰ ਦਾ ਰਾਜ ਤੁਹਾਡੇ ਅੰਦਰ ਹੈ।”
22ਫਿਰ ਯਿਸੂ ਨੇ ਚੇਲਿਆਂ ਨੂੰ ਕਿਹਾ,“ਉਹ ਦਿਨ ਆਉਣਗੇ ਜਦੋਂ ਤੁਸੀਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚੋਂ ਇੱਕ ਦਿਨ ਨੂੰ ਵੇਖਣ ਲਈ ਤਰਸੋਗੇ, ਪਰ ਵੇਖ ਨਾ ਸਕੋਗੇ। 23ਉਹ ਤੁਹਾਨੂੰ ਕਹਿਣਗੇ, ‘ਵੇਖੋ, ਉੱਥੇ ਹੈ’! ਜਾਂ ‘ਵੇਖੋ, ਇੱਥੇ ਹੈ’! ਪਰ ਤੁਸੀਂ ਨਾ ਜਾਣਾ ਅਤੇ ਨਾ ਹੀ ਉਨ੍ਹਾਂ ਦੇ ਪਿੱਛੇ ਲੱਗਣਾ। 24ਕਿਉਂਕਿ ਜਿਸ ਤਰ੍ਹਾਂ ਬਿਜਲੀ ਲਿਸ਼ਕਦੀ ਹੋਈ ਅਕਾਸ਼ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਵੱਲ ਚਮਕਦੀ ਹੈ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਆਪਣੇ ਦਿਨ ਵਿੱਚ ਪਰਗਟ ਹੋਵੇਗਾ। 25ਪਰ ਪਹਿਲਾਂ ਜ਼ਰੂਰੀ ਹੈ ਕਿ ਉਹ ਬਹੁਤ ਦੁੱਖ ਝੱਲੇ ਅਤੇ ਇਸ ਪੀੜ੍ਹੀ ਦੇ ਦੁਆਰਾ ਰੱਦਿਆ ਜਾਵੇ। 26ਜਿਸ ਤਰ੍ਹਾਂ ਨੂਹ ਦੇ ਦਿਨਾਂ ਵਿੱਚ ਹੋਇਆ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚ ਵੀ ਹੋਵੇਗਾ। 27ਨੂਹ ਦੇ ਕਿਸ਼ਤੀ ਵਿੱਚ ਪ੍ਰਵੇਸ਼ ਕਰਨ ਦੇ ਦਿਨ ਤੱਕ ਲੋਕ ਖਾਂਦੇ-ਪੀਂਦੇ, ਵਿਆਹ ਕਰਦੇ ਅਤੇ ਵਿਆਹੇ ਜਾਂਦੇ ਸਨ; ਤਦ ਜਲ-ਪਰਲੋ ਆਈ ਅਤੇ ਸਭਨਾਂ ਦਾ ਨਾਸ ਕਰ ਦਿੱਤਾ। 28ਇਸੇ ਤਰ੍ਹਾਂ ਲੂਤ ਦੇ ਦਿਨਾਂ ਵਿੱਚ ਹੋਇਆ; ਲੋਕ ਖਾਂਦੇ-ਪੀਂਦੇ, ਖਰੀਦਦੇ-ਵੇਚਦੇ, ਬੀਜਦੇ ਅਤੇ ਘਰ ਬਣਾਉਂਦੇ ਸਨ। 29ਪਰ ਜਿਸ ਦਿਨ ਲੂਤ ਸਦੂਮ ਵਿੱਚੋਂ ਬਾਹਰ ਨਿੱਕਲਿਆ ਤਾਂ ਅਕਾਸ਼ ਤੋਂ ਅੱਗ ਅਤੇ ਗੰਧਕ ਵਰ੍ਹੀ ਅਤੇ ਸਭਨਾਂ ਦਾ ਨਾਸ ਕਰ ਦਿੱਤਾ। 30ਇਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੇ ਪਰਗਟ ਹੋਣ ਦੇ ਦਿਨ ਵੀ ਹੋਵੇਗਾ।
31 “ਉਸ ਦਿਨ ਜਿਹੜਾ ਛੱਤ 'ਤੇ ਹੋਵੇ ਅਤੇ ਉਸ ਦਾ ਸਮਾਨ ਘਰ ਵਿੱਚ ਹੋਵੇ, ਉਹ ਉਸ ਨੂੰ ਲੈਣ ਲਈ ਹੇਠਾਂ ਨਾ ਉੱਤਰੇ; ਇਸੇ ਤਰ੍ਹਾਂ ਜਿਹੜਾ ਖੇਤ ਵਿੱਚ ਹੋਵੇ ਉਹ ਪਿੱਛੇ ਨਾ ਮੁੜੇ। 32ਲੂਤ ਦੀ ਪਤਨੀ ਨੂੰ ਯਾਦ ਰੱਖੋ! 33ਜਿਹੜਾ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ ਉਹ ਇਸ ਨੂੰ ਗੁਆਵੇਗਾ, ਪਰ ਜਿਹੜਾ ਇਸ ਨੂੰ ਗੁਆਉਂਦਾ ਹੈ ਉਹ ਇਸ ਨੂੰ ਬਚਾਵੇਗਾ। 34ਮੈਂ ਤੁਹਾਨੂੰ ਕਹਿੰਦਾ ਹਾਂ ਕਿ ਉਸ ਰਾਤ ਦੋ ਜਣੇ ਇੱਕ ਮੰਜੀ ਉੱਤੇ ਹੋਣਗੇ; ਇੱਕ ਲੈ ਲਿਆ ਜਾਵੇਗਾ ਅਤੇ ਦੂਜਾ ਛੱਡ ਦਿੱਤਾ ਜਾਵੇਗਾ। 35ਦੋ ਜਣੀਆਂ ਇੱਕੋ ਥਾਂ ਪੀਂਹਦੀਆਂ ਹੋਣਗੀਆਂ; ਇੱਕ ਲੈ ਲਈ ਜਾਵੇਗੀ ਅਤੇ ਦੂਜੀ ਛੱਡ ਦਿੱਤੀ ਜਾਵੇਗੀ। 36[ਦੋ ਮਨੁੱਖ ਖੇਤ ਵਿੱਚ ਹੋਣਗੇ; ਇੱਕ ਲੈ ਲਿਆ ਜਾਵੇਗਾ ਅਤੇ ਦੂਜਾ ਛੱਡ ਦਿੱਤਾ ਜਾਵੇਗਾ।”]#17:36 ਕੁਝ ਹਸਤਲੇਖਾਂ ਵਿੱਚ ਇਹ ਆਇਤ ਵੀ ਪਾਈ ਜਾਂਦੀ ਹੈ। 37ਉਨ੍ਹਾਂ ਯਿਸੂ ਨੂੰ ਕਿਹਾ, “ਪ੍ਰਭੂ ਜੀ, ਇਹ ਕਿੱਥੇ ਹੋਵੇਗਾ?” ਉਸ ਨੇ ਉਨ੍ਹਾਂ ਨੂੰ ਕਿਹਾ,“ਜਿੱਥੇ ਲਾਸ਼ ਹੈ, ਉੱਥੇ ਹੀ ਗਿਰਝਾਂ ਇਕੱਠੀਆਂ ਹੋਣਗੀਆਂ।”
Currently Selected:
ਲੂਕਾ 17: PSB
Highlight
Share
Copy
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative