ਉਤਪਤ 27
27
ਵਿਰਸੇ ਦੀਆਂ ਸਮੱਸਿਆਵਾਂ
1ਇਸਹਾਕ ਬਿਰਧ ਹੋ ਗਿਆ ਅਤੇ ਉਸ ਦੀ ਨਜ਼ਰ ਕਮਜ਼ੋਰ ਹੋ ਗਈ। ਇੱਕ ਦਿਨ ਉਸ ਨੇ ਆਪਣੇ ਵੱਡੇ ਪੁੱਤਰ ਏਸਾਓ ਨੂੰ ਆਪਣੇ ਕੋਲ ਬੁਲਾਇਆ। ਇਸਹਾਕ ਨੇ ਆਖਿਆ, “ਪੁੱਤਰ!”
ਏਸਾਓ ਨੇ ਜਵਾਬ ਦਿੱਤਾ “ਹਾਂ ਜੀ ਮੈਂ ਇੱਥੇ ਹੀ ਹਾਂ।”
2ਇਸਹਾਕ ਨੇ ਆਖਿਆ, “ਮੈਂ ਬਿਰਧ ਹੋ ਗਿਆ ਹਾਂ। ਸ਼ਾਇਦ ਮੇਰਾ ਛੇਤੀ ਹੀ ਦੇਹਾਂਤ ਹੋ ਜਾਵੇ! 3ਇਸ ਲਈ ਆਪਣਾ ਤੀਰ ਕਮਾਨ ਚੁੱਕ ਅਤੇ ਸ਼ਿਕਾਰ ਨੂੰ ਜਾਹ। ਮੇਰੇ ਖਾਣ ਲਈ ਇੱਕ ਜਾਨਵਰ ਮਾਰ ਕੇ ਲਿਆ। 4ਮੇਰੀ ਪਸੰਦ ਦਾ ਭੋਜਨ ਤਿਆਰ ਕਰ। ਇਸ ਨੂੰ ਮੇਰੇ ਕੋਲ ਲਿਆ ਮੈਂ ਇਸ ਨੂੰ ਖਾਵਾਂਗਾ। ਫ਼ੇਰ ਮੈਂ ਮਰਨ ਤੋਂ ਪਹਿਲਾਂ ਤੈਨੂੰ ਅਸੀਸ ਦੇਵਾਂਗਾ।” 5ਇਸ ਲਈ ਏਸਾਓ ਸ਼ਿਕਾਰ ਤੇ ਚੱਲਾ ਗਿਆ।
ਜਦੋਂ ਇਸਹਾਕ ਨੇ ਇਹ ਗੱਲਾਂ ਆਪਣੇ ਪੁੱਤਰ ਨੂੰ ਆਖੀਆਂ ਤਾਂ ਰਿਬਕਾਹ ਸੁਣ ਰਹੀ ਸੀ। 6ਰਿਬਕਾਹ ਨੇ ਆਪਣੇ ਪੁੱਤਰ ਯਾਕੂਬ ਨੂੰ ਆਖਿਆ, “ਸੁਣ, ਮੈਂ ਤੇਰੇ ਪਿਤਾ ਨੂੰ ਤੇਰੇ ਭਰਾ ਏਸਾਓ ਨਾਲ ਗੱਲਾਂ ਕਰਦੇ ਸੁਣਿਆ ਹੈ। 7ਤੇਰੇ ਪਿਤਾ ਨੇ ਆਖਿਆ, ‘ਇੱਕ ਜਾਨਵਰ ਨੂੰ ਮਾਰ ਕੇ ਮੇਰੇ ਲਈ ਲਿਆ। ਮੇਰੇ ਲਈ ਭੋਜਨ ਤਿਆਰ ਕਰ ਅਤੇ ਮੈਂ ਖਾਵਾਂਗਾ। ਫ਼ੇਰ ਮੈਂ ਮਰਨ ਤੋਂ ਪਹਿਲਾਂ ਤੈਨੂੰ ਯਹੋਵਾਹ ਦੀ ਹਾਜ਼ਰੀ ਵਿੱਚ ਅਸੀਸ ਦੇਵਾਂਗਾ।’ 8ਇਸ ਲਈ ਪੁੱਤਰ, ਮੇਰੀ ਗੱਲ ਸੁਣ ਅਤੇ ਓਹੀ ਕਰ ਜੋ ਮੈਂ ਆਖਦੀ ਹਾਂ। 9ਆਪਣੀਆਂ ਬੱਕਰੀਆਂ ਵੱਲ ਜਾਹ ਅਤੇ ਮੇਰੇ ਕੋਲ ਦੋ ਜਵਾਨ ਬੱਕਰੀਆਂ ਲੈ ਕੇ ਆ। ਮੈਂ ਉਨ੍ਹਾਂ ਨੂੰ ਉਸੇ ਤਰ੍ਹਾਂ ਤਿਆਰ ਕਰਾਂਗੀ ਜਿਵੇਂ ਤੇਰੇ ਪਿਤਾ ਨੂੰ ਪਸੰਦ ਹੈ। 10ਫ਼ੇਰ ਤੂੰ ਭੋਜਨ ਆਪਣੇ ਪਿਤਾ ਕੋਲ ਲੈ ਜਾਵੀਂ। ਅਤੇ ਉਹ ਮਰਨ ਤੋਂ ਪਹਿਲਾਂ ਤੈਨੂੰ ਅਸੀਸ ਦੇ ਦੇਵੇਗਾ।”
11ਪਰ ਯਾਕੂਬ ਨੇ ਆਪਣੀ ਮਾਂ ਰਿਬਕਾਹ ਨੂੰ ਆਖਿਆ, “ਮੇਰਾ ਭਰਾ ਏਸਾਓ ਜੱਤਲ ਬੰਦਾ ਹੈ ਮੈਂ ਉਸ ਵਾਂਗ ਜੱਤਲ ਨਹੀਂ ਹਾਂ। 12ਜੇ ਮੇਰੇ ਪਿਤਾ ਨੇ ਮੈਨੂੰ ਛੂਹ ਲਿਆ, ਉਸ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਏਸਾਓ ਨਹੀਂ ਹਾਂ। ਫ਼ੇਰ ਉਹ ਮੈਨੂੰ ਅਸੀਸ ਨਹੀਂ ਦੇਵੇਗਾ, ਇਸ ਦੀ ਬਜਾਇ ਉਹ ਮੈਨੂੰ ਸਰਾਪ ਦੇ ਦੇਵੇਗਾ ਕਿਉਂਕਿ ਮੈਂ ਉਸ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ।”
13ਇਸ ਲਈ ਰਿਬਕਾਹ ਨੇ ਉਸ ਨੂੰ ਆਖਿਆ, “ਜੇ ਕੋਈ ਔਕੜ ਪੇਸ਼ ਆਈ ਤਾਂ ਮੈਂ ਸਾਰਾ ਦੋਸ਼ ਆਪਣੇ ਸਿਰ ਲੈ ਲਵਾਂਗੀ ਜੋ ਕੁਝ ਮੈਂ ਆਖਿਆ ਹੈ ਉਹੀ ਕਰ। ਜਾ ਮੇਰੇ ਲਈ ਬੱਕਰੀਆਂ ਲੈ ਕੇ ਆ।”
14ਇਸ ਤਰ੍ਹਾਂ ਯਾਕੂਬ ਬਾਹਰ ਚੱਲਾ ਗਿਆ ਅਤੇ ਦੋ ਬੱਕਰੀਆਂ ਲੈ ਕੇ ਆਪਣੀ ਮਾਂ ਕੋਲ ਆਇਆ ਉਸ ਦੀ ਮਾਂ ਨੇ ਬੱਕਰੀਆਂ ਨੂੰ ਅਜਿਹੇ ਖਾਸ ਢੰਗ ਨਾਲ ਰਿੰਨ੍ਹਿਆ ਜਿਸ ਨੂੰ ਇਸਹਾਕ ਪਸੰਦ ਕਰਦਾ ਸੀ। 15ਫ਼ੇਰ ਰਿਬਕਾਹ ਨੇ ਉਹੋ ਕੱਪੜੇ ਕੱਢੇ ਜਿਨ੍ਹਾਂ ਨੂੰ ਉਸ ਦਾ ਵੱਡਾ ਪੁੱਤਰ ਏਸਾਓ ਪਹਿਨਣਾ ਪਸੰਦ ਕਰਦਾ ਸੀ। ਰਿਬਕਾਹ ਨੇ ਇਹ ਕੱਪੜੇ ਛੋਟੇ ਪੁੱਤਰ ਯਾਕੂਬ ਨੂੰ ਪਹਿਨਾ ਦਿੱਤੇ। 16ਰਿਬਕਾਹ ਨੇ ਬੱਕਰੀਆਂ ਦੀਆਂ ਖੱਲ੍ਹਾਂ ਲਾਹੀਆਂ ਅਤੇ ਉਨ੍ਹਾਂ ਨੂੰ ਯਾਕੂਬ ਦੇ ਹੱਥਾਂ ਅਤੇ ਉਸ ਦੀ ਗਰਦਨ ਦੇ ਕੂਲੇ ਹਿੱਸੇ ਉੱਤੇ ਪਾ ਦਿੱਤੀਆਂ। 17ਫ਼ੇਰ ਰਿਬਕਾਹ ਨੇ ਕੁਝ ਮਾਸ ਅਤੇ ਕੁਝ ਰੋਟੀਆਂ ਵੀ ਬਣਾਈਆਂ ਅਤੇ ਯਾਕੂਬ ਨੂੰ ਫ਼ੜਾ ਦਿੱਤੀਆਂ।
18ਯਾਕੂਬ ਆਪਣੇ ਪਿਤਾ ਕੋਲ ਗਿਆ ਅਤੇ ਆਖਿਆ, “ਪਿਤਾ ਜੀ।”
ਉਸ ਦੇ ਪਿਤਾ ਨੇ ਆਖਿਆ, “ਹਾਂ, ਪੁੱਤਰ ਕਿਹੜਾ ਹੈਂ ਤੂੰ?”
19ਯਾਕੂਬ ਨੇ ਆਪਣੇ ਪਿਤਾ ਨੂੰ ਆਖਿਆ, “ਮੈਂ ਏਸਾਓ ਹਾਂ ਤੁਹਾਡਾ ਪਹਿਲੋਠਾ ਪੁੱਤਰ ਮੈਂ ਉਸੇ ਤਰ੍ਹਾਂ ਕੀਤਾ ਹੈ ਜਿਵੇਂ ਤੁਸੀਂ ਆਖਿਆ ਸੀ। ਹੁਣ ਉੱਠ ਕੇ ਬੈਠ ਜਾਓ ਅਤੇ ਉਨ੍ਹਾਂ ਜਾਨਵਰਾਂ ਦਾ ਮਾਸ ਛਕੋ ਜਿਨ੍ਹਾਂ ਦਾ ਮੈਂ ਤੁਹਾਡੇ ਲਈ ਸ਼ਿਕਾਰ ਕੀਤਾ ਹੈ। ਫ਼ੇਰ ਤੁਸੀਂ ਮੈਨੂੰ ਅਸੀਸ ਦੇ ਸੱਕਦੇ ਹੋਂ।”
20ਪਰ ਇਸਹਾਕ ਨੇ ਆਪਣੇ ਪੁੱਤਰ ਨੂੰ ਆਖਿਆ, “ਤੂੰ ਇੰਨੀ ਛੇਤੀ ਜਾਨਵਰ ਦਾ ਸ਼ਿਕਾਰ ਕਿਵੇਂ ਕਰ ਲਿਆ?”
ਯਾਕੂਬ ਨੇ ਜਵਾਬ ਦਿੱਤਾ, “ਕਿਉਂਕਿ ਯਹੋਵਾਹ ਤੇਰੇ ਪਰਮੇਸ਼ੁਰ ਨੇ ਮੈਨੂੰ ਕਾਮਯਾਬ ਕਰ ਦਿੱਤਾ।”
21ਫ਼ੇਰ ਇਸਹਾਕ ਨੇ ਯਾਕੂਬ ਨੂੰ ਆਖਿਆ, “ਮੇਰੇ ਨੇੜੇ ਆ ਤਾਂ ਜੋ ਮੈਂ ਤੈਨੂੰ ਮਹਿਸੂਸ ਕਰ ਸੱਕਾਂ। ਪੁੱਤਰ ਜੇ ਮੈਂ ਮਹਿਸੂਸ ਕਰਾਂਗਾ ਤਾਂ ਮੈਨੂੰ ਪਤਾ ਲੱਗ ਜਾਵੇਗਾ ਕਿ ਤੂੰ ਸੱਚਮੁੱਚ ਮੇਰਾ ਪੁੱਤਰ ਏਸਾਓ ਹੀ ਹੈਂ।”
22ਇਸ ਲਈ ਯਾਕੂਬ ਆਪਣੇ ਪਿਤਾ ਕੋਲ ਚੱਲਾ ਗਿਆ। ਇਸਹਾਕ ਨੇ ਉਸ ਨੂੰ ਟੋਹਿਆ ਅਤੇ ਆਖਿਆ, “ਤੇਰੀ ਆਵਾਜ਼ ਤਾਂ ਯਾਕੂਬ ਵਰਗੀ ਲੱਗਦੀ ਹੈ। ਪਰ ਤੇਰੀਆਂ ਬਾਹਾਂ ਏਸਾਓ ਦੀਆਂ ਬਾਹਾਂ ਵਾਂਗ ਜੱਤਲ ਹਨ।” 23ਇਸਹਾਕ ਨੂੰ ਪਤਾ ਨਾ ਲੱਗ ਸੱਕਿਆ ਕਿ ਉਹ ਯਾਕੂਬ ਸੀ ਕਿਉਂਕਿ ਉਸ ਦੀਆਂ ਬਾਹਾਂ ਏਸਾਓ ਵਾਂਗ ਜੱਤਲ ਸਨ। ਇਸ ਲਈ ਯਾਕੂਬ ਨੇ ਇਸਹਾਕ ਨੂੰ ਅਸੀਸ ਦਿੱਤੀ।
24ਇਸਹਾਕ ਨੇ ਆਖਿਆ, “ਕੀ ਤੂੰ ਸੱਚਮੁੱਚ ਮੇਰਾ ਪੁੱਤਰ ਏਸਾਓ ਹੀ ਹੈਂ?”
ਯਾਕੂਬ ਨੇ ਜਵਾਬ ਦਿੱਤਾ, “ਹਾਂ ਜੀ, ਮੈਂ ਹੀ ਹਾਂ।”
25ਫ਼ੇਰ ਇਸਹਾਕ ਨੇ ਉਸ ਨੂੰ ਆਖਿਆ, “ਮੇਰੇ ਲਈ ਭੋਜਨ ਲੈ ਆ। ਮੈਂ ਇਸ ਨੂੰ ਖਾਵਾਂਗਾ ਅਤੇ ਤੈਨੂੰ ਅਸੀਸਾਂ ਦੇਵਾਂਗਾ।” ਇਸ ਲਈ ਯਾਕੂਬ ਨੇ ਉਸ ਨੂੰ ਭੋਜਨ ਦਿੱਤਾ ਅਤੇ ਉਸ ਨੇ ਖਾ ਲਿਆ। ਫ਼ੇਰ ਯਾਕੂਬ ਨੇ ਉਸ ਨੂੰ ਕੁਝ ਮੈਅ ਦਿੱਤੀ ਅਤੇ ਉਸ ਨੇ ਪੀ ਲਈ।
26ਫ਼ੇਰ ਇਸਹਾਕ ਨੇ ਉਸ ਨੂੰ ਆਖ਼ਿਆ, “ਪੁੱਤਰ, ਨੇੜੇ ਆ ਅਤੇ ਮੈਨੂੰ ਚੁੰਮ।” 27ਇਸ ਲਈ ਯਾਕੂਬ ਆਪਣੇ ਪਿਤਾ ਕੋਲ ਗਿਆ ਅਤੇ ਉਸ ਨੂੰ ਚੁੰਮਿਆ। ਇਸਹਾਕ ਨੇ ਏਸਾਓ ਦੇ ਕੱਪੜੇ ਸੁੰਘੇ ਅਤੇ ਉਸ ਨੂੰ ਅਸੀਸ ਦਿੱਤੀ। ਇਸਹਾਕ ਨੇ ਆਖਿਆ,
“ਮੇਰਾ ਪੁੱਤਰ ਇੱਕ ਖੇਤ ਵਾਂਗ ਸੁਗੰਧਿਤ ਹੈ
ਜਿਸ ਨੂੰ ਯਹੋਵਾਹ ਨੇ ਅਸੀਸ ਦਿੱਤੀ ਹੈ।
28ਯਹੋਵਾਹ ਤੈਨੂੰ ਆਕਾਸ਼ ਤੋਂ ਤਰੇਲ ਦੇਵੇ ਤਾਂ ਜੋ
ਤੇਰੇ ਕੋਲ ਕਾਫ਼ੀ ਅਨਾਜ ਅਤੇ ਮੈਅ ਹੋਵੇ।
29ਸਾਰੇ ਲੋਕ ਤੇਰੀ ਸੇਵਾ ਕਰਨ।
ਬਹੁਤ ਸਾਰੀਆਂ ਕੌਮਾਂ ਤੇਰੇ ਅੱਗੇ ਸਿਰ ਝੁਕਾਉਣ,
ਤੂੰ ਆਪਣੇ ਭਰਾਵਾਂ ਨਾਲੋਂ ਮਹਾਨ ਹੋਵੇਂਗਾ।
ਤੇਰੀ ਮਾਂ ਦੇ ਪੁੱਤਰ, ਝੁਕਣਗੇ ਅਤੇ ਤੇਰਾ ਹੁਕਮ ਮੰਨਣਗੇ।
ਜਿਹੜਾ ਵੀ ਤੈਨੂੰ ਸਰਾਪ ਦੇਵੇਗਾ, ਖੁਦ ਹੀ ਸਰਾਪਿਆ ਜਾਵੇਗਾ।
ਜਿਹੜਾ ਵੀ ਤੈਨੂੰ ਅਸੀਸ ਦੇਵੇਗਾ, ਉਹ ਅਸੀਸਮਈ ਹੋਵੇਗਾ।”
ਏਸਾਓ ਦੀਆਂ “ਅਸੀਸਾਂ”
30ਇਸਹਾਕ ਯਾਕੂਬ ਨੂੰ ਅਸੀਸਾਂ ਦੇ ਹਟਿਆ। ਫ਼ੇਰ ਜਿਵੇਂ ਹੀ ਯਾਕੂਬ ਆਪਣੇ ਪਿਤਾ ਇਸਹਾਕ ਕੋਲੋਂ ਗਿਆ, ਏਸਾਓ ਸ਼ਿਕਾਰ ਤੋਂ ਵਾਪਸ ਆ ਗਿਆ। 31ਏਸਾਓ ਨੇ ਉਸੇ ਖਾਸ ਤਰ੍ਹਾਂ ਨਾਲ ਭੋਜਨ ਪਕਾਇਆ ਜਿਸ ਨੂੰ ਉਸ ਦਾ ਪਿਤਾ ਪਸੰਦ ਕਰਦਾ ਸੀ। ਏਸਾਓ ਇਸ ਨੂੰ ਆਪਣੇ ਪਿਤਾ ਕੋਲ ਲੈ ਆਇਆ। ਉਸ ਨੇ ਆਪਣੇ ਪਿਤਾ ਨੂੰ ਆਖਿਆ, “ਪਿਤਾ ਜੀ ਮੈਂ ਤੁਹਾਡਾ ਪੁੱਤਰ ਹਾਂ। ਉੱਠੋ ਅਤੇ ਮਾਸ ਖਾ ਲਵੋ ਜਿਸਦਾ ਮੈਂ ਤੁਹਾਡੇ ਲਈ ਸ਼ਿਕਾਰ ਕਰਕੇ ਲਿਆਇਆ ਹਾਂ। ਫ਼ੇਰ ਤੁਸੀਂ ਮੈਨੂੰ ਅਸੀਸਾਂ ਦੇਵੋਂਗੇ।”
32ਪਰ ਇਸਹਾਕ ਨੇ ਉਸ ਨੂੰ ਆਖਿਆ, “ਕੌਣ ਹੈਂ ਤੂੰ?”
ਉਸ ਨੇ ਜਵਾਬ ਦਿੱਤਾ, “ਮੈਂ ਤੁਹਾਡਾ ਪੁੱਤਰ ਹਾਂ-ਤੁਹਾਡਾ ਪਹਿਲੋਠਾ ਪੁੱਤਰ-ਏਸਾਓ।”
33ਫ਼ਿਰ ਇਸਹਾਕ ਨੂੰ ਇੰਨਾ ਗੁੱਸਾ ਆਇਆ ਕਿ ਉਹ ਹਿੰਸਾ ਨਾਲ ਕੰਬਣ ਲੱਗ ਪਿਆ ਅਤੇ ਉਹ ਚਿੱਲਾਇਆ, “ਤਾਂ ਫ਼ੇਰ ਉਹ ਕੌਣ ਸੀ ਜਿਹੜਾ ਤੇਰੇ ਤੋਂ ਪਹਿਲਾਂ ਭੋਜਨ ਪਕਾ ਕੇ ਮੇਰੇ ਲਈ ਲਿਆਇਆ? ਮੈਂ ਭੋਜਨ ਛਕ ਲਿਆ ਅਤੇ ਉਸ ਨੂੰ ਅਸੀਸਾਂ ਦੇ ਦਿੱਤੀਆਂ ਹਨ। ਹੁਣ ਅਸੀਸਾਂ ਉਸ ਦੀਆਂ ਹੋ ਚੁੱਕੀਆਂ ਹਨ।”
34ਏਸਾਓ ਨੇ ਆਪਣੇ ਪਿਤਾ ਦੇ ਸ਼ਬਦ ਸੁਣੇ। ਉਹ ਜ਼ਾਰੋ-ਜ਼ਾਰ ਰੋਇਆ। ਉਸ ਨੇ ਆਪਣੇ ਪਿਤਾ ਨੂੰ ਆਖਿਆ, “ਤਾਂ ਪਿਤਾ ਜੀ, ਮੈਨੂੰ ਵੀ ਅਸੀਸ ਦਿਉ।”
35ਇਸਹਾਕ ਨੇ ਆਖਿਆ, “ਤੇਰੇ ਭਰਾ ਨੇ ਮੇਰੇ ਨਾਲ ਚਲਾਕੀ ਕੀਤੀ! ਉਹ ਆਇਆ ਅਤੇ ਤੇਰੀਆਂ ਅਸੀਸਾਂ ਲੈ ਗਿਆ।”
36ਏਸਾਓ ਨੇ ਆਖਿਆ, “ਉਸ ਦਾ ਨਾਮ ਯਾਕੂਬ ਹੈ ‘ਚਲਾਕੂ’ ਇਹੀ ਨਾਮ ਉਸ ਲਈ ਢੁਕਦਾ ਹੈ। ਉਸ ਨੇ ਦੋ ਵਾਰੀ ਮੈਨੂੰ ਧੋਖਾ ਦਿੱਤਾ ਹੈ ਉਸ ਨੇ ਮੇਰੇ ਕੋਲੋਂ ਮੇਰੇ ਪਹਿਲੋਠਾ ਪੁੱਤਰ ਹੋਣ ਦਾ ਹਕ ਖੋਹ ਲਿਆ। ਅਤੇ ਹੁਣ ਉਸ ਨੇ ਮੇਰੀਆਂ ਅਸੀਸਾਂ ਵੀ ਖੋਹ ਲਈਆਂ ਹਨ।” ਫ਼ੇਰ ਏਸਾਓ ਨੇ ਆਖਿਆ, “ਕੀ ਤੇਰੇ ਕੋਲ ਮੇਰੇ ਲਈ ਕੋਈ ਅਸੀਸ ਬਚੀ ਹੈ?”
37ਇਸਹਾਕ ਨੇ ਆਖਿਆ, “ਮੈਂ ਯਾਕੂਬ ਨੂੰ ਤੇਰੇ ਉੱਤੇ ਹਕੂਮਤ ਕਰਨ ਦੀ ਸ਼ਕਤੀ ਦੇ ਚੁੱਕਾ ਹਾਂ। ਮੈਂ ਉਸ ਦੇ ਸਾਰੇ ਭਰਾਵਾਂ ਨੂੰ ਉਸ ਦੇ ਸੇਵਕ ਹੋਣ ਲਈ ਦੇ ਦਿੱਤਾ ਹੈ। ਮੈਂ ਉਸ ਨੂੰ ਬਹੁਤ ਸਾਰਾ ਅਨਾਜ ਅਤੇ ਮੈਅ ਦੇ ਚੁੱਕਿਆ ਹਾਂ। ਪੁੱਤਰ, ਮੈਂ ਹੁਣ ਤੇਰੇ ਵਾਸਤੇ ਕੀ ਕਰ ਸੱਕਦਾ ਹਾਂ?”
38ਪਰ ਏਸਾਓ ਆਪਣੇ ਪਿਤਾ ਨੂੰ ਅਰਜ਼ੋਈਆਂ ਕਰਦਾ ਰਿਹਾ। “ਕੀ ਤੁਹਾਡੇ ਕੋਲ ਇੱਕ ਹੀ ਅਸੀਸ ਹੈ, ਪਿਤਾ ਜੀ? ਪਿਤਾ ਜੀ ਮੈਨੂੰ ਵੀ ਅਸੀਸ ਦੇਵੋ!” ਏਸਾਓ ਰੋਣ ਲੱਗ ਪਿਆ।
39ਤਾਂ ਇਸਹਾਕ ਨੇ ਉਸ ਨੂੰ ਆਖਿਆ,
“ਤੂੰ ਉਪਜਾਊ ਜ਼ਮੀਨ
ਅਤੇ ਆਕਾਸ਼ ਦੀ ਤਰੇਲ ਤੋਂ ਦੂਰ ਰਹੇਂਗਾ।
40ਤੂੰ ਆਪਣੀ ਤਲਵਾਰ ਨਾਲ ਲੜ ਕੇ ਜਿਉਂਵੇਂਗਾ
ਅਤੇ ਤੂੰ ਆਪਣੇ ਭਰਾ ਦਾ ਗੁਲਾਮ ਹੋਵੇਂਗਾ।
ਪਰ ਤੇਰੇ ਸੰਘਰਸ਼ ਤੋਂ ਬਾਦ,
ਤੂੰ ਉਸ ਦੇ ਕਾਬੂ ਵਿੱਚੋਂ ਨਿਕਲ ਆਵੇਂਗਾ।”
ਯਾਕੂਬ ਦਾ ਦੇਸ ਛੱਡਣਾ
41ਇਸ ਮਗਰੋਂ, ਇਸ ਅਸੀਸ ਦੇ ਕਾਰਣ ਏਸਾਓ ਯਾਕੂਬ ਦੇ ਖ਼ਿਲਾਫ਼ ਖਾਰ ਖਾਣ ਲੱਗ ਪਿਆ। ਏਸਾਓ ਨੇ ਆਪਣੇ-ਆਪ ’ਚ ਸੋਚਿਆ, “ਛੇਤੀ ਹੀ ਮੇਰੇ ਪਿਤਾ ਦਾ ਦੇਹਾਂਤ ਹੋ ਜਾਵੇਗਾ ਅਤੇ ਉਸ ਦੇ ਲਈ ਸੋਗ ਦਾ ਸਮਾਂ ਹੋਵੇਗਾ। ਪਰ ਇਸ ਤੋਂ ਬਾਦ ਮੈਂ ਯਾਕੂਬ ਨੂੰ ਮਾਰ ਦਿਆਂਗਾ।”
42ਰਿਬਕਾਹ ਨੇ ਏਸਾਓ ਦੀ ਯਾਕੂਬ ਨੂੰ ਮਾਰਨ ਦੀ ਯੋਜਨਾ ਬਾਰੇ ਸੁਣ ਲਿਆ। ਉਸ ਨੇ ਯਾਕੂਬ ਨੂੰ ਸੱਦਿਆ ਅਤੇ ਆਖਿਆ, “ਸੁਣ, ਤੇਰਾ ਭਰਾ ਏਸਾਓ ਤੈਨੂੰ ਮਾਰਨ ਦੀਆਂ ਵਿਉਂਤਾਂ ਬਣਾ ਰਿਹਾ ਹੈ। 43ਇਸ ਲਈ, ਪੁੱਤਰ ਉਹੀ ਕਰ ਜੋ ਮੈ ਆਖਦੀ ਹਾਂ। ਮੇਰਾ ਭਰਾ ਲਾਬਾਨ, ਹਾਰਾਨ ਵਿੱਚ ਰਹਿੰਦਾ ਹੈ। ਉਸ ਕੋਲ ਚੱਲਿਆ ਜਾਹ ਅਤੇ ਛੁਪ ਜਾਹ। 44ਕੁਝ ਦਿਨਾਂ ਲਈ ਉਸ ਕੋਲ ਰਹਿ। ਓਨਾ ਚਿਰ ਤੱਕ ਉਸ ਕੋਲ ਰਹਿ ਜਦੋਂ ਤੱਕ ਤੇਰੇ ਭਰਾ ਦਾ ਗੁੱਸਾ ਟਲ ਨਹੀਂ ਜਾਂਦਾ। 45ਕੁਝ ਸਮੇਂ ਬਾਦ, ਤੇਰਾ ਭਰਾ ਭੁੱਲ ਜਾਵੇਗਾ ਕਿ ਤੂੰ ਉਸ ਨਾਲ ਕੀ ਸਲੂਕ ਕੀਤਾ ਸੀ। ਫ਼ੇਰ ਮੈ ਤੈਨੂੰ ਵਾਪਸ ਲਿਆਉਣ ਲਈ ਇੱਕ ਨੌਕਰ ਨੂੰ ਭੇਜਾਂਗੀ। ਮੈਂ ਇੱਕੋ ਦਿਨ ਤੁਹਾਨੂੰ ਦੋਹਾਂ ਨੂੰ ਨਹੀਂ ਗੁਆਉਣਾ ਚਾਹੁੰਦੀ।”
46ਫ਼ੇਰ ਰਿਬਕਾਹ ਨੇ ਇਸਹਾਕ ਨੂੰ ਆਖਿਆ, “ਮੈਂ ਏਸਾਓ ਦੀਆਂ ਹਿੱਤੀ ਵਹੁਟੀਆਂ ਦੇ ਆਸ-ਪਾਸ ਰਹਿਣ ਤੋਂ ਨਫ਼ਰਤ ਕਰਦੀ ਹਾਂ। ਕਿਉਂਕਿ ਉਹ ਸਾਡੇ ਲੋਕਾਂ ਵਿੱਚੋਂ ਨਹੀਂ ਹਨ। ਯਾਕੂਬ ਦੇ ਇਨ੍ਹਾਂ ਔਰਤਾਂ ਵਿੱਚੋਂ ਕਿਸੇ ਇੱਕ ਨਾਲ ਸ਼ਾਦੀ ਕਰਨ ਨਾਲੋਂ ਚੰਗਾ ਹੈ ਕਿ ਮੈਂ ਮਰ ਜਾਵਾਂ।”
Currently Selected:
ਉਤਪਤ 27: PERV
Highlight
Share
Copy
Want to have your highlights saved across all your devices? Sign up or sign in
Punjabi Holy Bible: Easy-to-Read Version
All rights reserved.
© 2002 Bible League International