YouVersion Logo
Search Icon

ਲੂਕਾ ਦੀ ਇੰਜੀਲ 1

1
ਲੂਕਾ ਯਿਸੂ ਦੇ ਜਨਮ ਬਾਰੇ ਲਿਖਦਾ ਹੈ
1ਪਿਆਰੇ ਥਿਉਫ਼ਿਲੁਸ,
ਜੋ ਘਟਨਾਵਾਂ ਸਾਡੇ ਦਰਮਿਆਨ ਵਾਪਰੀਆਂ ਹਨ, ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦਾ ਇਤਿਹਾਸ ਲਿਖਣ ਦੀ ਕੋਸ਼ਿਸ਼ ਕੀਤੀ ਹੈ। 2ਜੋ ਕੁਝ ਅਸੀਂ ਦੂਜਿਆਂ ਕੋਲੋਂ ਸਿੱਖਿਆ ਉਨ੍ਹਾਂ ਨੇ ਵੀ ਉਹੀ ਗੱਲਾਂ ਲਿਖੀਆਂ ਹਨ। ਇਹ ਉਨ੍ਹਾਂ ਵੱਲੋਂ ਹੈ ਜਿਨ੍ਹਾਂ ਨੇ ਮੁਢੋਂ ਹੀ ਇਹ ਵਾਪਰਦਿਆਂ ਆਪਣੀ ਅੱਖੀਂ ਵੇਖਿਆ ਅਤੇ ਜਿਨ੍ਹਾਂ ਨੇ ਪਰਮੇਸ਼ੁਰ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾ ਕੇ ਪਰਮੇਸ਼ੁਰ ਦੀ ਸੇਵਾ ਕੀਤੀ। 3ਮਾਣ ਯੋਗ ਥਿਉਫ਼ਿਲੁਸ, ਕਿਉਂਕਿ ਮੈਂ ਮੁਢ ਤੋਂ ਹੀ ਇਸ ਸਭ ਕਾਸੇ ਦਾ ਬੜੇ ਧਿਆਨ ਨਾਲ ਅਧਿਐਨ ਕੀਤਾ ਹੈ, ਇਸ ਲਈ ਮੈਂ ਮਹਿਸੂਸ ਕੀਤਾ ਕਿ ਮੈਂ ਤੈਨੂੰ ਇਹ ਸਭ ਕਰਮਵਾਰ ਦੱਸਾਂ ਕਿ ਇਹ ਕਿਵੇਂ ਵਾਪਰਿਆ। 4ਤਾਂ ਜੋ ਤੁਸੀਂ ਜਾਣ ਸੱਕੋਂ ਕਿ ਤੁਹਾਨੂੰ ਜੋ ਕੁਝ ਵੀ ਸਿੱਖਾਇਆ ਗਿਆ ਹੈ ਉਹ ਸਭ ਸੱਚ ਹੈ।
ਜ਼ਕਰਯਾਹ ਅਤੇ ਇਲੀਸਬਤ
5ਉਨ੍ਹਾਂ ਦਿਨਾਂ ਵਿੱਚ ਜਦੋਂ ਹੇਰੋਦੇਸ ਯਹੂਦਿਯਾ ਵਿੱਚ ਰਾਜ ਕਰਦਾ ਸੀ, ਉੱਥੇ ਜ਼ਕਰਯਾਹ ਨਾਉਂ ਦਾ ਇੱਕ ਜਾਜਕ ਸੀ। ਉਹ ਅਬੀਯਾਹ ਦੇ ਜਾਜਕ ਸਮੂਹ ਵਿੱਚੋਂ ਸੀ ਅਤੇ ਉਸਦੀ ਪਤਨੀ ਦਾ ਨਾਉਂ ਇਲੀਸਬਤ ਸੀ ਅਤੇ ਉਹ ਹਾਰੂਨ ਦੇ ਖਾਨਦਾਨ ਵਿੱਚੋਂ ਸੀ। 6ਉਹ ਦੋਨੋਂ ਜੀਅ ਪਰਮੇਸ਼ੁਰ ਦੀ ਦ੍ਰਿਸ਼ਟੀ ਵਿੱਚ ਬੜੇ ਚੰਗੇ ਸਨ, ਉਨ੍ਹਾਂ ਨੇ ਪ੍ਰਭੂ ਦੇ ਸਾਰੇ ਆਦੇਸ਼ਾਂ ਅਤੇ ਅਸੂਲਾਂ ਨੂੰ ਬੜੇ ਧਿਆਨ ਨਾਲ ਮੰਨਿਆ। ਉਹ ਦੋਨੋ ਜਨੇ ਦੋਸ਼ ਰਹਿਤ ਸਨ। 7ਪਰ ਜ਼ਕਰਯਾਹ ਅਤੇ ਇਲੀਸਬਤ ਦੇ ਕੋਈ ਔਲਾਦ ਨਹੀਂ ਸੀ। ਇਲੀਸਬਤ ਬਾਂਝ ਸੀ ਅਤੇ ਉਹ ਦੋਵੇਂ ਵੱਡੀ ਉਮਰ ਦੇ ਸਨ।
8ਜ਼ਕਰਯਾਹ ਆਪਣੇ ਸਮੂਹ ਲਈ ਮੰਦਰ ਵਿੱਚ ਜਾਜਕ ਦੇ ਤੌਰ ਤੇ ਕਾਰਜ ਕਰਦਾ ਸੀ। ਉਹ ਉੱਥੇ ਪਰਮੇਸ਼ੁਰ ਨੂੰ ਸੇਵਾ ਭੇਟ ਕਰਨ ਲਈ ਉਪਸਥਿਤ ਸੀ। 9ਜਦੋਂ ਉਸ ਦੇ ਸਮੂਹ ਦੀ ਵਾਰੀ ਆਈ, ਤਾਂ ਉਸ ਨੂੰ ਰਿਵਾਜ਼ ਦੇ ਮੁਤਾਬਿਕ ਪਰਚੀਆਂ ਪਾਕੇ ਪ੍ਰਭੂ ਦੇ ਮੰਦਰ ਵਿੱਚ ਜਾਕੇ ਧੂਪ ਧੁਖਾਉਣ ਲਈ ਚੁਣਿਆ ਗਿਆ ਸੀ। 10ਜਿਸ ਵਕਤ ਧੂਪ ਧੁਖਾਉਣ ਦਾ ਵੇਲਾ ਸੀ, ਸਾਰੇ ਲੋਕ ਇਕੱਠੇ ਹੋਕੇ ਮੰਦਰ ਦੇ ਬਾਹਰ ਪ੍ਰਾਰਥਨਾ ਕਰ ਰਹੇ ਸਨ।
11ਤਦ ਜ਼ਕਰ੍ਯਾਹ ਨੂੰ ਧੂਪ ਦੀ ਵੇਦੀ ਦੇ ਸੱਜੇ ਪਾਸੇ ਪ੍ਰਭੂ ਦਾ ਇੱਕ ਦੂਤ ਖਲੋਤਾ ਦਿਖਿਆ। 12ਜਦੋਂ ਜ਼ਕਰਯਾਹ ਨੇ ਦੂਤ ਨੂੰ ਵੇਖਿਆ ਤਾਂ ਉਹ ਬੜਾ ਘਬਰਾ ਗਿਆ ਅਤੇ ਡਰ ਨੇ ਉਸ ਨੂੰ ਘੇਰ ਲਿਆ। 13ਫ਼ੇਰ ਦੂਤ ਨੇ ਉਸ ਨੂੰ ਕਿਹਾ, “ਜ਼ਕਰਯਾਹ ਡਰ ਨਾ! ਤੇਰੀ ਪ੍ਰਾਰਥਨਾ ਪਰਮੇਸ਼ੁਰ ਨੇ ਸੁਣ ਲਈ ਹੈ। ਤੇਰੀ ਪਤਨੀ ਇਲੀਸਬਤ ਇੱਕ ਬੱਚੇ ਨੂੰ ਜਨਮ ਦੇਵੇਗੀ। ਅਤੇ ਤੂੰ ਉਸਦਾ ਨਾਮ ਯੂਹੰਨਾ ਰੱਖੀਂ। 14ਤੈਨੂੰ ਬੜੀ ਖੁਸ਼ੀ ਅਤੇ ਅਨੰਦ ਮਿਲੇਗਾ ਅਤੇ ਬਹੁਤ ਸਾਰੇ ਹੋਰ ਲੋਕ ਵੀ ਯੂਹੰਨਾ ਦੀ ਜੰਮਣ ਤੇ ਖੁਸ਼ ਹੋਣਗੇ। 15ਕਿਉਂ ਕਿ ਉਹ ਪ੍ਰਭੂ ਦੀ ਦ੍ਰਿਸ਼ਟੀ ਵਿੱਚ ਮਹਾਨ ਹੋਵੇਗਾ। ਉਹ ਕਦੇ ਵੀ ਕੋਈ ਮੈਅ ਜਾਂ ਨਸ਼ੀਲੀ ਚੀਜ਼ ਨਹੀਂ ਪੀਵੇਗਾ। ਅਤੇ ਉਹ ਆਪਣੀ ਮਾਤਾ ਦੀ ਕੁੱਖੋਂ ਹੀ ਪਵਿੱਤਰ ਆਤਮਾ ਨਾਲ ਭਰਪੂਰ ਪੈਦਾ ਹੋਵੇਗਾ।
16“ਉਹ ਇਸਰਾਏਲ ਦੇ ਬਹੁਤ ਸਾਰੇ ਲੋਕਾਂ ਨੂੰ ਪ੍ਰਭੂ ਉਨ੍ਹਾਂ ਦੇ ਪਰਮੇਸ਼ੁਰ ਵੱਲ ਵਾਪਸ ਲਿਆਵੇਗਾ। 17ਯੂਹੰਨਾ ਖੁਦ ਪ੍ਰਭੂ ਦੇ ਅੱਗੇ-ਅੱਗੇ ਚੱਲੇਗਾ। ਅਤੇ ਉਹ ਏਲੀਯਾਹ ਵਾਂਗ ਹੀ ਸ਼ਕਤੀਸ਼ਾਲੀ ਹੋਵੇਗਾ। ਉਸ ਕੋਲ ਉਹ ਆਤਮਾ ਹੋਵੇਗਾ ਜੋ ਏਲੀਯਾਹ ਕੋਲ ਸੀ। ਉਹ ਪਿਤਾ ਅਤੇ ਉਸ ਦੇ ਬੱਚਿਆਂ ਵਿੱਚਕਾਰ ਸ਼ਾਂਤੀ ਪੈਦਾ ਕਰੇਗਾ। ਜਿਹੜੇ ਪਰਮੇਸ਼ੁਰ ਦੀ ਪਾਲਣਾ ਨਹੀਂ ਕਰਦੇ ਉਹ ਉਨ੍ਹਾਂ ਦੀਆਂ ਸੋਚਾਂ ਨੂੰ ਧਰਮੀ ਲੋਕਾਂ ਦੀਆਂ ਸੋਚਾਂ ਵਿੱਚ ਬਦਲ ਦੇਵੇਗਾ, ਉਹ ਲੋਕਾਂ ਨੂੰ ਪ੍ਰਭੂ ਲਈ ਤਿਆਰ ਕਰੇਗਾ।”
18ਜ਼ਕਰਯਾਹ ਨੇ ਦੂਤ ਨੂੰ ਪੁੱਛਿਆ, “ਮੈਨੂੰ ਕਿਵੇਂ ਪਤਾ ਲੱਗੇ ਕਿ ਜੋ ਤੂੰ ਆਖਿਆ ਹੈ ਉਹ ਸੱਚ ਹੈ ਕਿਉਂਕਿ ਮੇਰੀ ਪਤਨੀ ਅਤੇ ਮੈਂ ਖੁਦ ਕਾਫ਼ੀ ਬੁੱਢੇ ਹੋ ਗਏ ਹਾਂ।”
19ਦੂਤ ਨੇ ਫ਼ਰਮਾਇਆ, “ਮੈਂ ਜ਼ਿਬਰਾਏਲ ਹਾਂ ਜੋ ਕਿ ਪਰਮੇਸ਼ੁਰ ਦੇ ਸਾਹਮਣੇ ਹਾਜ਼ਰ ਰਹਿੰਦਾ ਹੈ। ਮੈਨੂੰ ਤੇਰੇ ਨਾਲ ਗੱਲਾਂ ਕਰਨ ਅਤੇ ਤੈਨੂੰ ਇਹ ਖੁਸ਼ਖਬਰੀ ਦੱਸਣ ਲਈ ਭੇਜਿਆ ਗਿਆ ਹੈ। 20ਹੁਣ ਸੁਣ, ਜਦੋਂ ਤੱਕ ਇਹ ਗੱਲਾਂ ਪੂਰੀਆਂ ਨਾ ਹੋ ਜਾਣ ਤੂੰ ਚੁੱਪ ਰਹੇਂਗਾ ਅਤੇ ਬੋਲਣ ਦੇ ਯੋਗ ਨਹੀਂ ਹੋਵੇਂਗਾ। ਕਿਉਂ ਕਿ ਤੂੰ ਮੇਰੀਆਂ ਆਖੀਆਂ ਗੱਲਾਂ ਨੂੰ ਸੱਚ ਨਹੀਂ ਮੰਨਿਆ, ਜਿਹੜੀਆਂ ਨਿਯੁਕਤ ਸਮੇਂ ਤੇ ਪੂਰੀਆਂ ਹੋਣਗੀਆਂ।”
21ਬਾਹਰ ਲੋਕ ਅਜੇ ਵੀ ਜ਼ਕਰਯਾਹ ਦਾ ਇੰਤਜ਼ਾਰ ਕਰ ਰਹੇ ਸਨ। ਉਹ ਹੈਰਾਨ ਸਨ ਕਿ ਉਸ ਨੇ ਮੰਦਰ ਅੰਦਰ ਇੰਨਾ ਸਮਾਂ ਲਾਇਆ। 22ਜਦੋਂ ਉਹ ਬਾਹਰ ਆਇਆ ਤਾਂ ਉਹ ਲੋਕਾਂ ਨਾਲ ਗੱਲ ਨਾ ਕਰ ਸੱਕਿਆ। ਉਸ ਨੇ ਮੰਦਰ ਵਿੱਚ ਕੋਈ ਦਰਸ਼ਨ ਵੇਖਿਆ ਸੀ, ਕਿਉਂਕਿ ਉਹ ਗੂੰਗਾ ਹੋ ਗਿਆ ਸੀ ਅਤੇ ਉਹ ਸਿਰਫ਼ ਲੋਕਾਂ ਨਾਲ ਇਸ਼ਾਰੇ ਹੀ ਕਰ ਸੱਕਿਆ। 23ਜਦੋਂ ਉਸ ਦੀ ਸੇਵਾ ਮੁਕੰਮਲ ਹੋ ਗਈ ਤਾਂ ਉਹ ਘਰ ਵਾਪਿਸ ਮੁੜ ਆਇਆ।
24ਫ਼ਿਰ ਕੁਝ ਦਿਨਾਂ ਪਿੱਛੋਂ ਉਸਦੀ ਪਤਨੀ ਇਲੀਸਬਤ ਗਰਭਵਤੀ ਹੋ ਗਈ ਅਤੇ ਉਹ ਪੰਜ ਮਹੀਨਿਆਂ ਵਾਸਤੇ ਘਰੋਂ ਬਾਹਰ ਨਾ ਗਈ। ਉਸ ਨੇ ਆਖਿਆ, 25“ਪ੍ਰਭੂ ਨੇ ਮੇਰੀ ਹਾਲਤ ਵੇਖੀ ਸੀ ਅਤੇ ਹੁਣ ਮੇਰੀ ਸਹਾਇਤਾ ਕਰਨ ਦਾ ਫ਼ੈਸਲਾ ਕੀਤਾ ਹੈ। ਉਸ ਨੇ ਲੋਕਾਂ ਅੱਗੇ ਮੇਰਾ ਬਾਂਝ ਹੋਣ ਦਾ ਕਲੰਕ ਦੂਰ ਕਰਨ ਲਈ ਕਾਰਵਾਈ ਕੀਤੀ।”
ਕੁਆਰੀ ਮਰਿਯਮ
26-27ਜਦੋਂ ਇਲੀਸਬਤ ਗਰਭ ਅਵਸਥਾ ਦੇ ਛੇਵੇਂ ਮਹੀਨੇ ਵਿੱਚ ਸੀ ਤਾਂ ਜ਼ਿਬਰਾਏਲ ਦੂਤ ਨੂੰ ਪਰਮੇਸ਼ੁਰ ਦੇ ਵੱਲੋਂ ਨਾਸਰਤ ਨਾਮੀ ਗਲੀਲ ਦੇ ਇੱਕ ਨਗਰ ਦੇ ਵਿੱਚ ਇੱਕ ਕੁਆਰੀ ਕੁੜੀ ਕੋਲ ਭੇਜਿਆ ਗਿਆ। ਉਸ ਕੁੜੀ ਦੀ ਦਾਊਦ ਦੇ ਪਰਿਵਾਰ ਵਿੱਚੋਂ ਯੂਸੁਫ਼ ਨਾਉਂ ਦੇ ਇੱਕ ਆਦਮੀ ਨਾਲ ਕੁੜਮਾਈ ਹੋਈ ਸੀ, ਅਤੇ ਉਸ ਕੁੜੀ ਦਾ ਨਾਮ ਮਰਿਯਮ ਸੀ। 28ਦੂਤ ਉਸ ਕੁੜੀ ਕੋਲ ਆਇਆ ਅਤੇ ਆਖਿਆ, “ਮੁਬਾਰਕ ਹੋਵੇ! ਪ੍ਰਭੂ ਤੇਰੇ ਨਾਲ ਹੈ ਅਤੇ ਤੇਰੇ ਤੇ ਪ੍ਰਭੂ ਨੇ ਆਪਣੀ ਕਿਰਪਾ ਵਿਖਾਈ ਹੈ।”
29ਜਦੋਂ ਉਸ ਨੇ ਦੂਤ ਦੇ ਸ਼ਬਦ ਸੁਣੇ, ਉਹ ਪਰੇਸ਼ਾਨ ਹੋ ਗਈ ਅਤੇ ਘਬਰਾ ਗਈ। ਉਹ ਸੋਚਣ ਲੱਗੀ, “ਇਸ ਸ਼ੁਭਕਾਮਨਾ ਦਾ ਕੀ ਅਰਥ ਹੋਇਆ।”
30ਦੂਤ ਨੇ ਉਸ ਨੂੰ ਆਖਿਆ, “ਮਰਿਯਮ, ਤੂੰ ਘਬਰਾ ਨਾ, ਕਿਉਂ ਕਿ ਪਰਮੇਸ਼ੁਰ ਤੇਰੇ ਤੇ ਬੜਾ ਪ੍ਰਸੰਨ ਹੈ। 31ਅਤੇ ਵੇਖ! ਤੂੰ ਗਰਭਵਤੀ ਹੋਵੇਂਗੀ, ਅਤੇ ਇੱਕ ਪੁੱਤਰ ਜਣੇਂਗੀ ਅਤੇ ਉਸਦਾ ਨਾਉਂ ਯਿਸੂ ਰੱਖਣਾ। 32ਉਹ ਮਹਾਨ ਹੋਵੇਗਾ ਅਤੇ ਲੋਕ ਉਸ ਨੂੰ ਅੱਤ ਉੱਚ ਪਰਮੇਸ਼ੁਰ ਦਾ ਪੁੱਤਰ ਆਖਣਗੇ। ਅਤੇ ਪ੍ਰਭੂ ਪਰਮੇਸ਼ੁਰ ਉਸ ਦੇ ਪਿਤਾ ਦਾਊਦ ਦਾ ਤਖਤ ਉਸ ਨੂੰ ਦੇਵੇਗਾ। 33ਉਹ ਹਮੇਸ਼ਾ ਲਈ ਇਸਰਾਏਲੀਆਂ ਤੇ ਹਕੂਮਤ ਕਰੇਗਾ ਅਤੇ ਉਸਦਾ ਰਾਜ ਕਦੀ ਵੀ ਖਤਮ ਨਹੀਂ ਹੋਵੇਗਾ।”
34ਤਾਂ ਮਰਿਯਮ ਨੇ ਦੂਤ ਨੂੰ ਪੁੱਛਿਆ, “ਇਹ ਕਿਵੇਂ ਵਾਪਰੇਗਾ? ਮੈਂ ਤਾਂ ਅਜੇ ਕੁਆਰੀ ਹਾਂ!”
35ਦੂਤ ਨੇ ਮਰਿਯਮ ਨੂੰ ਕਿਹਾ, “ਪਵਿੱਤਰ ਆਤਮਾ ਤੇਰੇ ਉੱਪਰ ਆਵੇਗਾ ਅਤੇ ਅੱਤ ਉੱਚ ਪਰਮੇਸ਼ੁਰ ਦੀ ਸ਼ਕਤੀ ਤੇਰੇ ਉੱਪਰ ਆਪਣੀ ਛਾਇਆ ਕਰੇਗੀ ਅਤੇ ਇਸ ਲਈ ਜਿਹੜਾ ਪਵਿੱਤਰ ਬਾਲਕ ਪੈਦਾ ਹੋਣ ਵਾਲਾ ਹੈ, ਪਰਮੇਸ਼ੁਰ ਦਾ ਪੁੱਤਰ ਕਹਾਵੇਗਾ। 36ਅਤੇ ਸੁਣ, ਤੇਰੀ ਰਿਸ਼ਤੇਦਾਰ ਇਲੀਸਬਤ ਵੀ ਗਰਭਵਤੀ ਹੈ। ਭਾਵੇਂ ਉਹ ਬੜੀ ਬੁੱਢੀ ਹੈ ਪਰ ਉਸ ਨੂੰ ਬੱਚਾ ਹੋਣ ਵਾਲਾ ਹੈ। ਉਹ ਔਰਤ, ਜਿਸ ਨੂੰ ਲੋਕ ਬਾਂਝ ਆਖਦੇ ਸਨ, ਇਸ ਨੂੰ ਗਰਭਵਤੀ ਹੋਈ ਨੂੰ ਛੇ ਮਹੀਨੇ ਹੋ ਗਏ ਹਨ! 37ਕਿਉਂ ਕਿ ਪਰਮੇਸ਼ੁਰ ਲਈ ਕੁਝ ਵੀ ਅਸੰਭਵ ਨਹੀਂ ਹੈ।”
38ਮਰਿਯਮ ਨੇ ਕਿਹਾ, “ਮੈਂ ਤਾਂ ਪ੍ਰਭੂ ਦੀ ਦਾਸੀ ਹਾਂ ਸੋ ਮੇਰੇ ਨਾਲ ਸਭ ਤੇਰੇ ਕਹੇ ਅਨੁਸਾਰ ਹੀ ਵਾਪਰੇ!” ਤਦ ਦੂਤ ਉਸ ਪਾਸੋਂ ਚੱਲਾ ਗਿਆ।
ਮਰਿਯਮ ਦਾ ਜ਼ਕਰਯਾਹ ਅਤੇ ਇਲੀਸਬਤ ਕੋਲ ਜਾਣਾ
39ਮਰਿਯਮ ਤਿਆਰ ਹੋਈ ਅਤੇ ਛੇਤੀ ਹੀ ਯਹੂਦਿਯਾ ਦੇ ਪਹਾੜੀ ਇਲਾਕੇ ਦੇ ਇੱਕ ਨਗਰ ਨੂੰ ਗਈ। 40ਫ਼ਿਰ ਉਹ ਜ਼ਕਰਯਾਹ ਦੇ ਘਰ ਜਾ ਵੜੀ ਅਤੇ ਇਲੀਸਬਤ ਨੂੰ ਸਲਾਮ ਕੀਤਾ। 41ਜਦੋਂ ਇਲੀਸਬਤ ਨੇ ਮਰਿਯਮ ਦੀਆਂ ਸ਼ੁਭਕਾਮਨਾਵਾਂ ਸੁਣੀਆਂ ਤਾਂ ਉਸਦੀ ਕੁੱਖ ਵਿੱਚ ਬੱਚਾ ਉੱਛਲ ਪਿਆ ਅਤੇ ਇਲੀਸਬਤ ਪਵਿੱਤਰ ਆਤਮਾ ਨਾਲ ਭਰਪੂਰ ਹੋ ਗਈ।
42ਉਸ ਨੇ ਉੱਚੀ ਅਵਾਜ਼ ਵਿੱਚ ਆਖਿਆ, “ਤੂੰ ਸਭ ਔਰਤਾਂ ਤੋਂ ਵੱਧੇਰੇ ਧੰਨ ਹੈ। ਅਤੇ ਉਹ ਜੋ ਬਾਲਕ ਤੈਨੂੰ ਪੈਦਾ ਹੋਵੇਗਾ ਉਹ ਵੀ ਧੰਨ ਹੈ। 43ਮੇਰੇ ਪ੍ਰਭੂ ਦੀ ਮਾਤਾ ਦਾ ਮੇਰੇ ਕੋਲ ਆਉਣ ਦਾ ਭਾਗ ਮੈਨੂੰ ਕਿਵੇਂ ਪ੍ਰਾਪਤ ਹੋਇਆ! 44ਮੈਂ ਕਿੰਨੀ ਖੁਸ਼ਨਸੀਬ ਹਾਂ। ਜਦੋਂ ਮੈਂ ਤੇਰੀ ਅਵਾਜ਼ ਸੁਣੀ ਤਾਂ ਮੇਰੀ ਕੁੱਖ ਅੰਦਰਲਾ ਬੱਚਾ ਖੁਸ਼ੀ ਨਾਲ ਉੱਛਲ ਪਿਆ। 45ਤੂੰ ਸੱਚ-ਮੁੱਚ ਧੰਨ ਹੈ! ਕਿਉਂਕਿ ਤੂੰ ਵਿਸ਼ਵਾਸ ਕੀਤਾ ਹੈ ਕਿ, ਜਿਹੜੀਆਂ ਗੱਲਾਂ ਪ੍ਰਭੂ ਨੇ ਤੈਨੂੰ ਕਹੀਆਂ, ਉਹ ਜ਼ਰੂਰ ਪੂਰੀਆਂ ਹੋਣਗੀਆਂ।”
ਮਰਿਯਮ ਪਰਮੇਸ਼ੁਰ ਦੀ ਉਸਤਤਿ ਕਰਦੀ ਹੈ
46ਤਾਂ ਮਰਿਯਮ ਨੇ ਕਿਹਾ,
47“ਮੇਰਾ ਆਤਮਾ ਪ੍ਰਭੂ ਦੀ ਉਸਤਤਿ ਕਰਦਾ ਹੈ
ਮੇਰਾ ਦਿਲ ਬੜਾ ਖੁਸ਼ ਹੈ ਕਿਉਂਕਿ ਪਰਮੇਸ਼ੁਰ ਮੇਰਾ ਮੁਕਤੀਦਾਤਾ ਹੈ।
48ਉਸ ਨੇ ਆਪਣੀ ਦੀਨ ਦਾਸੀ
ਵੱਲ ਆਪਣਾ ਧਿਆਨ ਦਿੱਤਾ ਹੈ।
ਹਾਂ, ਹੁਣ ਤੋਂ ਸਭ
ਮੈਨੂੰ ਧੰਨ ਆਖਣਗੇ,
49ਕਿਉਂਕਿ, ਇਸ ਸਰਬ ਸ਼ਕਤੀਮਾਨ ਨੇ ਮੇਰੇ ਲਈ ਮਹਾਨ ਕਾਰਜ ਕੀਤੇ ਹਨ
ਅਤੇ ਉਸਦਾ ਨਾਮ ਪਵਿੱਤਰ ਹੈ।
50ਜਿਹੜੇ ਲੋਕ ਉਸਤੋਂ ਡਰਦੇ ਹਨ ਉਹ ਉਨ੍ਹਾਂ ਤੇ,
ਅਤੇ ਉਨ੍ਹਾਂ ਦੀਆਂ ਉਲਾਦਾਂ ਤੇ ਮਿਹਰਬਾਨ ਹੁੰਦਾ ਹੈ।
51ਉਸ ਨੇ ਆਪਣੀਆਂ ਬਾਹਾਂ ਦੀ ਤਾਕਤ ਵਿਖਾਈ।
ਉਸ ਨੇ ਹੰਕਾਰੀ ਲੋਕਾਂ ਨੂੰ ਉਨ੍ਹਾਂ ਦੀਆਂ ਹੰਕਾਰੀ ਸੋਚਾਂ ਨਾਲ ਖਿੰਡਾ ਦਿੱਤਾ।
52ਉਸ ਨੇ ਸ਼ਕਤੀਸ਼ਾਲੀ ਹਾਕਮਾਂ ਨੂੰ ਉਨ੍ਹਾਂ ਦੇ ਸਿੰਘਾਸਨਾਂ ਤੋਂ ਹਟਾ ਦਿੱਤਾ ਹੈ
ਅਤੇ ਉਸ ਨੇ ਦੀਨ ਲੋਕਾਂ ਨੂੰ ਉੱਚਾ ਉੱਠਾਇਆ।
53ਉਸ ਨੇ ਭੁੱਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾ ਦਿੱਤਾ
ਅਤੇ ਅਮੀਰ ਲੋਕਾਂ ਨੂੰ ਖਾਲੀ ਹੱਥੀ ਭੇਜ ਦਿੱਤਾ।
54ਉਹ ਇਸਰਾਏਲ ਦੇ ਲੋਕਾਂ ਦੀ ਮਦਦ ਲਈ ਆਇਆ ਜਿਨ੍ਹਾਂ ਨੂੰ ਉਸ ਨੇ ਆਪਣੀ ਸੇਵਾ ਲਈ ਚੁਣਿਆ ਸੀ।
ਉਸ ਨੇ ਸਾਨੂੰ ਆਪਣੀ ਮਿਹਰ ਵਿਖਾਈ ਤਾਂ ਜੋ ਅਸੀਂ ਉਸ ਨੂੰ ਯਾਦ ਰੱਖੀਏ।
55ਇਸ ਤਰ੍ਹਾਂ ਉਸ ਨੇ ਸਾਡੇ ਪੁਰਖਿਆਂ, ਅਬਰਾਹਾਮ ਅਤੇ ਉਸਦੀਆਂ ਉਲਾਦਾਂ,
ਨਾਲ ਕੀਤਾ ਵਚਨ ਸਦੀਵੀ ਪੂਰਾ ਕੀਤਾ।”
56ਮਰਿਯਮ ਇਲੀਸਬਤ ਨਾਲ ਤਿੰਨ ਕੁ ਮਹੀਨੇ ਰਹੀ ਅਤੇ ਫ਼ਿਰ ਘਰ ਮੁੜ ਆਈ।
ਯੂਹੰਨਾ ਦਾ ਜਨਮ
57ਜਦੋਂ ਇਲੀਸਬਤ ਦੇ ਜਣਨ ਦਾ ਵੇਲਾ ਆ ਗਿਆ ਤਾਂ ਉਸ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। 58ਜਦੋਂ ਉਸ ਦੇ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੇ ਸੁਣਿਆ ਕਿ ਪ੍ਰਭੂ ਨੇ ਉਸ ਉੱਪਰ ਆਪਣੀ ਮਹਾਨ ਦਯਾ ਵਿਖਾਈ ਹੈ ਤਾਂ ਉਹ ਉਸ ਦੇ ਨਾਲ ਜਸ਼ਨ ਮਨਾਉਣ ਲਈ ਆਏ।
59ਜਦੋਂ ਬਾਲਕ ਅੱਠਾਂ ਦਿਨਾਂ ਦਾ ਹੋ ਗਿਆ ਤਾਂ ਉਹ ਲੋਕ ਬੱਚੇ ਦੀ ਸੁੰਨਤ ਕਰਨ ਲਈ ਆਏ ਅਤੇ ਉਸਦਾ ਨਾਉਂ ਜ਼ਕਰਯਾਹ ਰੱਖਣ ਲੱਗੇ, ਕਿਉਂਕਿ ਇਹੀ ਉਸ ਦੇ ਪਿਤਾ ਦਾ ਨਾਉਂ ਸੀ। 60ਪਰ ਉਸਦੀ ਮਾਤਾ ਨੇ ਆਖਿਆ, “ਨਹੀਂ! ਉਹ ਯੂਹੰਨਾ ਸਦਵਾਏਗਾ।”
61ਫ਼ਿਰ ਉਨ੍ਹਾਂ ਨੇ ਉਸ ਨੂੰ ਕਿਹਾ, “ਤੇਰੇ ਸਾਕਾਂ ਵਿੱਚੋਂ ਕੋਈ ਵੀ ਅਜਿਹਾ ਨਹੀਂ ਹੈ ਜੋ ਇਸ ਨਾਉਂ ਨਾਲ ਸਦਵਾਉਂਦਾ ਹੋਵੇ।” 62ਤਦ ਉਨ੍ਹਾਂ ਨੇ ਉਸ ਦੇ ਪਿਤਾ ਵੱਲ ਇਸ਼ਾਰਾ ਕੀਤਾ “ਉਹ ਉਸਦਾ ਕੀ ਨਾਉਂ ਰੱਖਣਾ ਚਾਹੁੰਦਾ ਹੈ?”
63ਤਾਂ ਉਸ ਨੇ ਲਿਖਣ ਵਾਸਤੇ ਕੁਝ ਮੰਗਵਾਕੇ ਉਸ ਉੱਪਰ ਲਿਖਿਆ ਕਿ, “ਇਸਦਾ ਨਾਮ ਯੂਹੰਨਾ ਹੈ।” ਸਾਰੇ ਲੋਕ ਵੇਖਕੇ ਹੈਰਾਨ ਰਹਿ ਗਏ। 64ਫ਼ੇਰ ਤੁਰੰਤ ਹੀ ਉਸਦਾ ਮੂੰਹ ਖੁਲ੍ਹ ਗਿਆ ਅਤੇ ਬੋਲਣ ਲਗ ਪਿਆ ਅਤੇ ਉਸ ਨੇ ਪਰਮੇਸ਼ੁਰ ਦੀ ਉਸਤਤਿ ਕਰਨੀ ਸ਼ੁਰੂ ਕਰ ਦਿੱਤੀ। 65ਤਾਂ ਸਾਰੇ ਆਂਢੀ-ਗੁਆਂਢੀ ਇਹ ਵੇਖਕੇ ਘਬਰਾ ਗਏ ਅਤੇ ਯਹੂਦਿਯਾ ਦੇ ਸਾਰੇ ਪਹਾੜੀ ਖੇਤ੍ਰ ਵਿੱਚ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਚਰਚਾ ਕਰਨ ਲੱਗ ਪਏ। 66ਸਾਰੇ ਲੋਕ ਜਿਨ੍ਹਾਂ ਨੇ ਵੀ ਅਜਿਹੀਆਂ ਗੱਲਾਂ ਸੁਣੀਆਂ ਉਹ ਹੈਰਾਨ ਹੋਏ ਅਤੇ ਪੁੱਛਿਆ, “ਇਹ ਬੱਚਾ ਕੀ ਬਣੇਂਗਾ?” ਕਿਉਂਕਿ ਪ੍ਰਭੂ ਦਾ ਹੱਥ ਉਸ ਬੱਚੇ ਦੇ ਨਾਲ ਸੀ।
ਜ਼ਕਰਯਾਹ ਨੇ ਪਰਮੇਸ਼ੁਰ ਦੀ ਉਸਤਤਿ ਕੀਤੀ
67ਤਦ ਯੂਹੰਨਾ ਦਾ ਪਿਤਾ ਜ਼ਕਰਯਾਹ ਪਵਿੱਤਰ ਆਤਮਾ ਨਾਲ ਭਰਪੂਰ ਹੋ ਗਿਆ ਅਤੇ ਉਹ ਲੋਕਾਂ ਨੂੰ ਦੱਸਣ ਲਗਾ ਕਿ ਭਵਿੱਖ ਵਿੱਚ ਕੀ ਵਾਪਰੇਗਾ:
68“ਉਸਤਤਿ ਹੋਵੇ ਇਸਰਾਏਲ ਦੇ ਪ੍ਰਭੂ ਦੀ,
ਕਿਉਂ ਜੋ ਉਹ ਆਪਣੇ ਲੋਕਾਂ ਦੀ ਮਦਦ ਕਰਨ ਲਈ ਆਇਆ ਹੈ
ਅਤੇ ਉਨ੍ਹਾਂ ਨੂੰ ਛੁਟਕਾਰਾ ਦਿੱਤਾ ਹੈ।
69ਉਸ ਨੇ ਸਾਨੂੰ ਆਪਣੇ ਸੇਵਕ ਦਾਊਦ ਦੇ
ਪਰਿਵਾਰ ਵਿੱਚੋਂ ਸ਼ਕਤੀਸ਼ਾਲੀ ਮੁਕਤੀਦਾਤਾ ਬਖਸ਼ਿਆ ਹੈ।
70ਉਸ ਨੇ ਅਜਿਹਾ ਉਸ ਵਾਦੇ ਲਈ ਕੀਤਾ ਜਿਹੜਾ
ਉਸ ਨੇ ਬਹੁਤ ਪਹਿਲਾਂ ਆਪਣੇ ਨਬੀਆਂ ਰਾਹੀਂ ਕੀਤਾ ਸੀ।
71ਉਸ ਨੇ ਸਾਨੂੰ ਸਾਡੇ ਵੈਰੀਆਂ ਤੋਂ
ਅਤੇ ਉਨ੍ਹਾਂ ਸਭਨਾਂ ਲੋਕਾਂ ਦੇ ਹੱਥਾਂ ਤੋਂ ਬਚਾਉਣ ਦਾ ਵਾਦਾ ਕੀਤਾ ਜੋ ਸਾਨੂੰ ਨਫ਼ਰਤ ਕਰਦੇ ਹਨ।
72ਪਰਮੇਸ਼ੁਰ ਨੇ ਵਾਦਾ ਕੀਤਾ ਸੀ ਕਿ ਉਹ ਸਾਡੇ ਪਿਉ-ਦਾਦਿਆਂ ਤੇ ਮਿਹਰਬਾਨ ਹੋਵੇਗਾ
ਅਤੇ ਆਪਣੇ ਪਵਿੱਤਰ ਵਾਦੇ ਨੂੰ ਚੇਤੇ ਰੱਖੇਗਾ।
73ਉਸ ਨੇ ਅਬਰਾਹਾਮ, ਸਾਡੇ ਪੂਰਵਜ ਨਾਲ ਇਕਰਾਰ ਕੀਤਾ
74ਕਿ ਉਹ ਸਾਨੂੰ ਸਾਡੇ ਦੁਸ਼ਮਣਾਂ ਦੇ ਹੱਥੋਂ ਛੁਟਕਾਰਾ ਦੁਆਵੇਗਾ ਤਾਂ ਜੋ
ਅਸੀਂ ਉਸਦੀ ਨਿਰਭੈ ਹੋਕੇ ਸੇਵਾ ਕਰ ਸੱਕੀਏ
75ਅਸੀਂ ਆਪਣੀ ਸਾਰੀ ਜ਼ਿੰਦਗੀ ਵਿੱਚ ਉਸ ਦੇ ਸਾਹਮਣੇ ਪਵਿੱਤਰ ਅਤੇ ਧਰਮੀ ਰਹਾਂਗੇ।
76“ਹੇ ਬਾਲਕ, ਹੁਣ ਤੂੰ ਅੱਤ ਉੱਚ ਪਰਮੇਸ਼ੁਰ ਦਾ ਨਬੀ ਅਖਵਾਏਂਗਾ ਕਿਉਂਕਿ ਤੂੰ
ਪ੍ਰਭੂ ਦੇ ਅੱਗੇ-ਅੱਗੇ ਜਾਵੇਂਗਾ ਅਤੇ ਉਸ ਲਈ ਰਾਹ ਤਿਆਰ ਕਰੇਂਗਾ।
77ਅਤੇ ਤੂੰ ਉਸ ਦੇ ਲੋਕਾਂ ਨੂੰ ਦੱਸੇਂਗਾ ਕਿ ਉਹ ਆਪਣੇ ਪਾਪਾਂ
ਦੀ ਮਾਫ਼ੀ ਰਾਹੀਂ ਬਚਾਏ ਜਾਣਗੇ।
78“ਸਾਡੇ ਪਰਮੇਸ਼ੁਰ ਦੀ ਮਹਾਨ ਦਯਾ ਦੇ ਕਾਰਣ,
ਇੱਕ ਨਵੀਂ ਸਵੇਰ ਸਾਡੇ ਉੱਪਰ ਆਵੇਗੀ।
79ਇਹ ਨਵੀਂ ਸਵੇਰ ਉਨ੍ਹਾਂ ਲੋਕਾਂ ਤੇ ਚਮਕੇਗੀ ਜੋ ਹਨੇਰੇ ਅਤੇ ਮੌਤ ਦੇ ਪਰਛਾਵੇਂ ਵਿੱਚ ਰਹਿ ਰਹੇ ਹਨ।
ਤਾਂ ਜੋ ਸਾਡੇ ਕਦਮ ਸ਼ਾਂਤੀ ਵੱਲ ਵੱਧ ਸੱਕਣ।”
80ਇਉਂ ਉਹ ਛੋਟਾ ਬੱਚਾ ਵੱਡਾ ਹੋਇਆ ਅਤੇ ਆਤਮਾ ਵਿੱਚ ਤਾਕਤਵਰ ਬਣਿਆ। ਅਤੇ ਇਸਰਾਏਲ ਉੱਤੇ ਆਪਣੇ ਪਰਗਟ ਹੋਣ ਦੇ ਦਿਨ ਤੀਕਰ, ਉਜਾੜ ਵਿੱਚ ਰਿਹਾ।

Highlight

Share

Copy

None

Want to have your highlights saved across all your devices? Sign up or sign in