YouVersion Logo
Search Icon

ਲੂਕਾ ਦੀ ਇੰਜੀਲ 19

19
ਜ਼ੱਕੀ
1ਯਿਸੂ ਯਰੀਹੋ ਸ਼ਹਿਰ ਦੇ ਵਿੱਚੋਂ ਦੀ ਲੰਘ ਰਿਹਾ ਸੀ। 2ਯਰੀਹੋ ਵਿੱਚ ਜ਼ੱਕੀ ਨਾਂ ਦਾ ਇੱਕ ਆਦਮੀ ਸੀ, ਉਹ ਇੱਕ ਅਮੀਰ ਅਤੇ ਪ੍ਰਧਾਨ ਮਸੂਲੀਆ ਸੀ। 3ਉਹ ਵੇਖਣਾ ਚਾਹੁੰਦਾ ਸੀ ਕਿ ਇਹ ਯਿਸੂ ਕੌਣ ਹੈ? ਹੋਰ ਵੀ ਬੜੇ ਲੋਕ ਉੱਥੇ ਸਨ ਜਿਹੜੇ ਕਿ ਉਸ ਨੂੰ ਵੇਖਣਾ ਚਾਹੁੰਦੇ ਸਨ। ਕਿਉਂਕਿ ਜ਼ੱਕੀ ਮਧਰਾ ਸੀ, ਉਹ ਭੀੜ ਵਿੱਚ ਯਿਸੂ ਨੂੰ ਨਾ ਵੇਖ ਸੱਕਿਆ। 4ਇਸ ਲਈ ਉਹ ਰਾਹ ਦੇ ਉਸ ਹਿੱਸੇ ਵੱਲ ਅੱਗੇ ਨੱਸਿਆ ਜਿੱਧਰੋਂ ਯਿਸੂ ਆ ਰਿਹਾ ਸੀ। ਫ਼ਿਰ ਉਹ ਉਸ ਨੂੰ ਵੇਖਣ ਲਈ ਗੁੱਲਰ ਦੇ ਰੁੱਖ ਤੇ ਚੜ੍ਹ੍ਹ ਗਿਆ।
5ਜਦੋਂ ਯਿਸੂ ਉਸ ਥਾਵੇਂ ਅੱਪੜਿਆ, ਉਸ ਉੱਪਰ ਤੱਕਿਆ ਅਤੇ ਜ਼ੱਕੀ ਨੂੰ ਰੁੱਖ ਉੱਤੇ ਵੇਖਿਆ। ਯਿਸੂ ਨੇ ਉਸ ਨੂੰ ਆਖਿਆ, “ਜ਼ੱਕੀ, ਜਲਦੀ ਹੇਠਾਂ ਉੱਤਰ ਆ! ਅੱਜ ਮੈਂ ਤੇਰੇ ਘਰ ਰੁਕਣਾ ਹੈ।”
6ਜ਼ੱਕੀ ਫ਼ਟਾਫ਼ਟ ਹੇਠਾਂ ਉੱਤਰਿਆ ਅਤੇ ਉਸ ਨੇ ਖੁਸ਼ੀ ਨਾਲ ਯਿਸੂ ਨੂੰ ਆਪਣੇ ਘਰ ਸੱਦਾ ਦਿੱਤਾ। 7ਸਭ ਲੋਕਾਂ ਨੇ ਇਹ ਨਜ਼ਾਰਾ ਵੇਖਿਆ ਅਤੇ ਉਹ ਸ਼ਿਕਾਇਤ ਕਰਨ ਲੱਗੇ, “ਵੇਖੋ! ਯਿਸੂ ਇੱਕ ਪਾਪੀ ਦੇ ਘਰ ਠਹਿਰਣ ਗਿਆ ਹੈ।”
8ਪਰ ਜ਼ੱਕੀ ਉੱਪਰ ਉੱਠਿਆ ਅਤੇ ਆਖਿਆ, “ਪ੍ਰਭੂ, ਮੈਂ ਆਪਣਾ ਅੱਧਾ ਧਨ ਗਰੀਬਾਂ ਨੂੰ ਦੇਣ ਦਾ ਇਕਰਾਰ ਕਰਦਾ ਹਾਂ। ਜੇਕਰ ਮੈਂ ਕਿਸੇ ਨਲ ਧੋਖਾ ਕਰਾਂ ਤਾਂ ਉਸਦਾ ਚੌਗੁਣਾ ਉਸ ਮਨੁੱਖ ਨੂੰ ਮੋੜਾਂਗਾ।”
9ਯਿਸੂ ਨੇ ਕਿਹਾ, “ਅੱਜ, ਇਸ ਖਾਨਦਾਨ ਲਈ ਮੁਕਤੀ ਆਈ ਹੈ। ਕਿਉਂਕਿ ਇਹ ਮਸੂਲੀਆਂ ਵੀ ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਵਿੱਚੋਂ ਇੱਕ ਹੈ। 10ਮਨੁੱਖ ਦਾ ਪੁੱਤਰ ਗੁਆਚੇ ਹੋਇਆਂ ਨੂੰ ਲੱਭਣ ਅਤੇ ਬਚਾਉਣ ਲਈ ਆਇਆ ਹੈ।”
ਪਰਮੇਸ਼ੁਰ ਤੁਹਾਨੂੰ ਜੋ ਦੇਵੇ ਸੋ ਵਰਤੋ
(ਮੱਤੀ 25:14-30)
11ਲੋਕ ਉਨ੍ਹਾਂ ਗੱਲਾਂ ਨੂੰ ਸੁਣ ਰਹੇ ਸਨ ਜੋ ਯਿਸੂ ਨੇ ਉਨ੍ਹਾਂ ਨੂੰ ਆਖੀਆਂ। ਪਰ ਹੁਣ, ਉਹ ਯਰੂਸ਼ਲਮ ਦੇ ਨੇੜੇ ਆ ਗਿਆ, ਇਸ ਲਈ ਕੁਝ ਲੋਕਾਂ ਨੇ ਸੋਚਿਆ ਕਿ ਪਰਮੇਸ਼ੁਰ ਦਾ ਰਾਜ ਜਲਦੀ ਆਵੇਗਾ। 12ਯਿਸੂ ਜਾਣਦਾ ਸੀ ਕਿ ਲੋਕ ਇੰਝ ਸੋਚ ਰਹੇ ਹਨ ਤਾਂ ਇਸ ਆਧਾਰ ਤੇ ਉਸ ਨੇ ਲੋਕਾਂ ਨੂੰ ਇੱਕ ਦ੍ਰਿਸ਼ਟਾਂਤ ਸੁਣਾਇਆ, “ਇੱਕ ਸ਼ਹਿਜ਼ਾਦਾ ਕਿਸੇ ਦੂਰ ਦੇਸ਼ ਜਾਣ ਲਈ ਤਿਆਰ ਹੋ ਰਿਹਾ ਸੀ, ਜਿੱਥੇ ਉਸ ਨੂੰ ਰਾਜਾ ਬਣਾ ਦਿੱਤਾ ਜਾਣਾ ਸੀ ਅਤੇ ਫ਼ੇਰ ਉਸ ਨੇ ਆਪਣੇ ਦੇਸ਼ ਵਾਪਸ ਆਉਣਾ ਸੀ। 13ਇਸ ਲਈ ਉਸ ਨੇ ਆਪਣੇ ਦਸ ਨੋਕਰਾਂ ਨੂੰ ਇਕੱਠਿਆਂ ਕੀਤਾ। ਉਸ ਨੇ ਹਰ ਇੱਕ ਨੂੰ ਦੌਲਤ ਦਾ ਇੱਕ ਥੈਲਾ ਦਿੱਤਾ। ਅਤੇ ਉਨ੍ਹਾਂ ਨੂੰ ਕਿਹਾ, ‘ਜਦ ਤੱਕ ਮੈਂ ਵਾਪਸ ਮੁੜਾਂ ਤੁਸੀਂ ਇਸ ਧਨ ਨਾਲ ਵਪਾਰ ਕਰਨਾ।’ 14ਪਰ ਉਸ ਦੇ ਰਾਜ ਵਿੱਚ ਲੋਕਾਂ ਨੇ ਉਸ ਨੂੰ ਨਫ਼ਰਤ ਕੀਤੀ। ਇਸ ਲਈ ਲੋਕਾਂ ਨੇ ਕਾਸਦਾਂ ਦਾ ਇੱਕ ਗੁਟ ਉਸ ਆਦਮੀ ਦੇ ਮਗਰ ਦੂਜੇ ਦੇਸ਼ ਭੇਜਿਆ। ਦੂਜੇ ਦੇਸ਼ ਵਿੱਚ ਜਾਕੇ ਕਾਸਦਾਂ ਦੇ ਹੱਥ ਸੁਨੇਹਾ ਭੇਜਿਆ, ‘ਅਸੀਂ ਉਸ ਨੂੰ ਆਪਣਾ ਰਾਜਾ ਬਨਾਉਣਾ ਨਹੀਂ ਚਾਹੁੰਦੇ।’
15“ਪਰ ਉਹ ਆਦਮੀ ਰਾਜਾ ਬਣ ਗਿਆ। ਜਦੋਂ ਉਹ ਮੁੜ ਆਇਆ, ਉਸ ਨੇ ਆਖਿਆ, ‘ਉਨ੍ਹਾਂ ਨੋਕਰਾਂ ਨੂੰ ਸੱਦੋ ਜਿਨ੍ਹਾਂ ਨੂੰ ਮੈਂ ਧਨ ਦਿੱਤਾ ਸੀ। ਮੈਂ ਜਾਨਣਾ ਚਾਹੁੰਦਾ ਹਾਂ ਕਿ ਉਸ ਧਨ ਨਾਲ ਉਨ੍ਹਾਂ ਨੇ ਕਿੰਨਾ ਨਫ਼ਾ ਕਮਾਇਆ ਹੈ।’ 16ਪਹਿਲਾ ਨੋਕਰ ਆਇਆ ਤੇ ਆਖਿਆ, ‘ਮਾਲਕ! ਜੋ ਧਨ ਤੁਸੀਂ ਮੈਨੂੰ ਦੇ ਗਏ ਸੀ, ਉਸ ਨੂੰ ਲਗਾ ਕੇ ਮੈਂ ਦਸ ਗੁਣਾ ਕਰ ਲਿਆ ਹੈ।’ 17ਬਾਦਸ਼ਾਹ ਨੇ ਉਸ ਨੂੰ ਕਿਹਾ, ‘ਸ਼ਾਬਾਸ਼! ਤੂੰ ਇੱਕ ਚੰਗਾ ਸੇਵਕ ਹੈ। ਤੂੰ ਇਹ ਸਾਬਤ ਕਰ ਦਿੱਤਾ ਹੈ ਕਿ ਤੂੰ ਛੋਟੀਆਂ ਚੀਜ਼ਾਂ ਵਿੱਚ ਵਿਸ਼ਵਾਸਯੋਗ ਹੈ, ਇਸ ਲਈ ਮੈਂ ਹੁਣ ਤੈਨੂੰ ਦਸ ਸ਼ਹਿਰਾਂ ਦਾ ਹਾਕਮ ਬਣਾਵਾਂਗਾ।’
18“ਦੂਜੇ ਨੇ ਆਖਿਆ, ‘ਮਾਲਕ! ਮੈਂ ਤੁਹਾਡੇ ਇੱਕ ਧਨ ਦੇ ਥੈਲੇ ਨਾਲ ਪੰਜ ਗੁਣਾ ਧਨ ਕਮਾਇਆ ਹੈ।’ 19ਬਾਦਸ਼ਾਹ ਨੇ ਉਸ ਨੌਕਰ ਨੂੰ ਕਿਹਾ, ‘ਮੈਂ ਤੈਨੂੰ ਪੰਜ ਸ਼ਹਿਰਾਂ ਦਾ ਹਾਕਮ ਬਣਾਵਾਂਗਾ।’
20“ਤਦ ਇੱਕ ਹੋਰ ਨੋਕਰ ਅੰਦਰ ਆਇਆ ਅਤੇ ਉਸ ਨੇ ਆਣਕੇ ਕਿਹਾ, ‘ਸੁਆਮੀ, ਇਹ ਰਿਹਾ ਤੁਹਾਡਾ ਧਨ ਵਾਲਾ ਥੈਲਾ। ਮੈਂ ਇਸ ਨੂੰ ਵੱਡੇ ਕੱਪੜੇ ਵਿੱਚ ਲਪੇਟ ਕੇ ਲੁਕਾ ਦਿੱਤਾ ਸੀ। 21ਮੈਂ ਤੁਹਾਡੇ ਕੋਲੋਂ ਡਰਦਾ ਸੀ ਕਿਉਂਕਿ ਤੁਸੀਂ ਸਖਤ ਤਬੀਅਤ ਦੇ ਆਦਮੀ ਹੋ। ਤੁਸੀਂ ਉਹ ਧਨ ਲੈਂਦੇ ਹੋ ਜੋ ਤੁਸੀਂ ਕਮਾਇਆ ਨਹੀਂ ਸੀ ਅਤੇ ਜੋ ਬੀਜਿਆ ਨਹੀਂ ਸੀ ਸੋ ਵਢਦੇ ਹੋ।’
22“ਤਦ ਰਾਜੇ ਨੇ ਨੋਕਰ ਨੂੰ ਆਖਿਆ, ‘ਓ ਦੁਸ਼ਟ ਨੋਕਰ! ਮੈਂ ਤੇਰੇ ਆਪਣੇ ਹੀ ਸ਼ਬਦਾਂ ਨਾਲ ਤੇਰੀ ਨਿਖੇਧੀ ਕਰਾਂਗਾ, ਤੂੰ ਆਖਿਆ ਹੈ ਕਿ ਮੈਂ ਸਖਤ ਦਿਲ ਆਦਮੀ ਹਾਂ ਅਤੇ ਮੈਂ ਉਹ ਧਨ ਲੈਂਦਾ ਹਾਂ ਜੋ ਮੈਂ ਕਮਾਇਆ ਨਹੀਂ ਅਤੇ ਉਹ ਅੰਨ ਲੈ ਲੈਂਦਾ ਹਾਂ ਜੋ ਮੈਂ ਬੀਜਿਆ ਨਹੀਂ। 23ਜੇਕਰ ਇਹ ਸੱਚ ਹੈ, ਤਾਂ ਤੈਨੂੰ ਮੇਰੇ ਧਨ ਨੂੰ ਸਰਾਫ਼ੇ ਦੀ ਹੱਟੀ ਵਿੱਚ ਰੱਖਣਾ ਚਾਹੀਦਾ ਸੀ, ਤਾਂ ਜੋ ਜਦੋਂ ਮੈਂ ਵਾਪਸ ਪਰਤਦਾ, ਮੈਂ ਆਪਣਾ ਧਨ ਕੁਝ ਬਿਆਜ ਨਾਲ ਪ੍ਰਾਪਤ ਕੀਤਾ ਹੁੰਦਾ।’ 24ਤਦ ਜਿਹੜੇ ਆਦਮੀ ਖੜ੍ਹੇ ਇਹ ਸਭ ਵੇਖ ਰਹੇ ਸਨ ਉਸ ਨੇ ਉਨ੍ਹਾਂ ਨੂੰ ਕਿਹਾ, ‘ਧਨ ਦਾ ਇਹ ਝੋਲਾ ਇਸ ਨੋਕਰ ਤੋਂ ਲੈ ਲਵੋ ਅਤੇ ਉਸ ਨੋਕਰ ਨੂੰ ਦੇ ਦੇਵੋ ਜਿਸਨੇ ਧਨ ਦੇ ਦਸ ਝੋਲੇ ਕਮਾਏ ਹਨ।’
25“ਉਨ੍ਹਾਂ ਮਨੁੱਖਾਂ ਨੇ ਰਾਜੇ ਨੂੰ ਕਿਹਾ, ‘ਪਰ ਸੁਆਮੀ! ਉਸ ਆਦਮੀ ਕੋਲ ਤਾਂ ਪਹਿਲਾਂ ਹੀ ਧਨ ਦੇ ਦਸ ਝੋਲੇ ਹਨ।’
26“ਫ਼ੇਰ ਰਾਜੇ ਨੇ ਆਖਿਆ, ‘ਮੈਂ ਤੁਹਾਨੂੰ ਦੱਸਦਾ ਹਾਂ ਕਿ ਹਰ ਉਸ ਨੂੰ ਜਿਸ ਕੋਲ ਹੈ, ਜ਼ਿਆਦਾ ਦਿੱਤਾ ਜਾਵੇਗਾ, ਪਰ ਹਰ ਕੋਈ ਜਿਸ ਕੋਲ ਨਹੀਂ ਹੈ ਜੋ ਉਸ ਕੋਲ ਹੈ ਉਹ ਵੀ ਲੈ ਲਿਆ ਜਾਵੇਗਾ। 27ਹੁਣ ਕਿੱਥੇ ਹਨ ਮੇਰੇ ਵੈਰੀ? ਕਿੱਥੇ ਹਨ ਉਹ ਜੋ ਮੈਨੂੰ ਆਪਣਾ ਰਾਜਾ ਨਹੀਂ ਬਨਾਉਣਾ ਚਾਹੁੰਦੇ ਸਨ? ਮੇਰੇ ਵੈਰੀਆਂ ਨੂੰ ਇੱਥੇ ਲਿਆਕੇ ਮਾਰ ਸੁੱਟੋ। ‘ਮੈਂ ਉਨ੍ਹਾਂ ਨੂੰ ਮਰਦੇ ਹੋਏ ਵੇਖਾਂਗਾ।’”
ਯਿਸੂ ਦਾ ਯਰੂਸ਼ਲਮ ਵਿੱਚ ਪ੍ਰਵੇਸ਼
(ਮੱਤੀ 21:1-11; ਮਰਕੁਸ 11:1-11; ਯੂਹੰਨਾ 12:12-19)
28ਇਹ ਸਭ ਗੱਲਾਂ ਆਖਣ ਤੋਂ ਬਾਦ ਯਿਸੂ ਯਰੂਸ਼ਲਮ ਵੱਲ ਨੂੰ ਗਿਆ। 29ਜਦ ਉਹ ਬੈਤਫਗਾ ਅਤੇ ਬੈਤਅਨੀਆ ਪਹੁੰਚਿਆ, ਜੋ ਕਿ ਜ਼ੈਤੂਨ ਦੇ ਪਹਾੜ ਤੇ ਹੈ, ਉਸ ਨੇ ਆਪਣੇ ਦੋ ਚੇਲਿਆਂ ਨੂੰ ਇਹ ਕਹਿ ਕੇ ਭੇਜਿਆ, 30“ਉਹ ਸ਼ਹਿਰ, ਜੋ ਤੁਹਾਨੂੰ ਇੱਥੋਂ ਨਜ਼ਰ ਆ ਰਿਹਾ ਹੈ, ਉੱਥੇ ਜਾਵੋ। ਜਦੋਂ ਤੁਸੀਂ ਸ਼ਹਿਰ ਵਿੱਚ ਪ੍ਰਵੇਸ਼ ਕਰੋ, ਤੁਹਾਨੂੰ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਲੱਭੇਗਾ ਹਾਲੇ ਤੱਕ ਇਸ ਉੱਤੇ ਕਿਸੇ ਨੇ ਵੀ ਸਵਾਰੀ ਨਹੀਂ ਕੀਤੀ। ਤੁਸੀਂ ਉਸ ਨੂੰ ਖੋਲ੍ਹਕੇ ਮੇਰੇ ਕੋਲ ਲੈ ਆਵੋ। 31ਜੇਕਰ ਤੁਹਾਨੂੰ ਕੋਈ ਪੁੱਛੇ, ‘ਤੁਸੀਂ ਇਸ ਨੂੰ ਕਿਉਂ ਲਿਜਾ ਰਹੇ ਹੋ?’ ਉਸ ਨੂੰ ਆਖੋ, ‘ਸੁਆਮੀ ਨੂੰ ਇਸਦੀ ਲੋੜ ਹੈ।’”
32“ਦੋਨੋ ਚੇਲੇ ਸ਼ਹਿਰ ਅੰਦਰ ਚੱਲੇ ਗਏ। ਉਨ੍ਹਾਂ ਨੇ ਉੱਥੇ ਇੱਕ ਗਧਾ ਬੰਨ੍ਹਿਆ ਹੋਇਆ ਵੇਖਿਆ ਜਿਵੇਂ ਯਿਸੂ ਨੇ ਦੱਸਿਆ ਸੀ। 33ਜਿਵੇਂ ਹੀ ਉਹ ਇਸ ਨੂੰ ਖੋਲ੍ਹ ਰਹੇ ਸਨ, ਮਾਲਕ ਬਾਹਰ ਆਏ ਅਤੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਸਾਡੇ ਗਧੇ ਨੂੰ ਕਿਉਂ ਖੋਲ੍ਹ ਰਹੇ ਹੋ?”
34ਚੇਲਿਆਂ ਨੇ ਜਵਾਬ ਦਿੱਤਾ, “ਸੁਆਮੀ ਨੂੰ ਇਸਦੀ ਲੋੜ ਹੈ।” 35ਤਾਂ ਉਹ ਚੇਲੇ ਉਸ ਗਧੀ ਦੇ ਬੱਚੇ ਨੂੰ ਯਿਸੂ ਕੋਲ ਲੈ ਆਏ। ਉਨ੍ਹਾਂ ਨੇ ਆਪਣੇ ਵਸਤਰ ਗਧੇ ਦੇ ਉੱਪਰ ਵਿਛਾਏ ਅਤੇ ਯਿਸੂ ਨੂੰ ਉਸ ਉੱਪਰ ਬਿਠਾ ਦਿੱਤਾ। 36ਜਿਓ ਹੀ ਯਿਸੂ ਸਵਾਰੀ ਕਰਦਾ ਅੱਗੇ ਵੱਧਿਆ, ਲੋਕਾਂ ਨੇ ਆਪਣੇ ਕੱਪੜੇ ਰਾਹ ਤੇ ਖਿਲਾਰ ਦਿੱਤੇ।
37ਉਹ ਯਰੂਸ਼ਲਮ ਦੇ ਨੇੜੇ ਪਹੁੰਚ ਰਿਹਾ ਸੀ। ਉਹ ਤਕਰੀਬਨ ਜੈਤੂਨ ਦੀ ਪਹਾੜੀ ਦੀ ਉਤਰਾਈ ਤੇ ਪਹੁੰਚਿਆ। ਚੇਲਿਆਂ ਦੀ ਸਾਰੀ ਭੀੜ ਖੁਸ਼ ਸੀ, ਅਤੇ ਉਨ੍ਹਾਂ ਨੇ ਜੋ ਸਾਰੇ ਕਰਿਸ਼ਮੇ ਵੇਖੇ ਸਨ ਉਨ੍ਹਾਂ ਲਈ ਉੱਚੀ ਅਵਾਜ਼ ਨਾਲ ਪਰਮੇਸ਼ੁਰ ਦੀ ਉਸਤਤਿ ਕੀਤੀ। ਉਨ੍ਹਾਂ ਨੇ ਜੋ ਵੀ ਸ਼ਕਤੀਸ਼ਾਲੀ ਵਸਤਾਂ ਵੇਖੀਆਂ ਉਨ੍ਹਾਂ ਸਭਨਾਂ ਲਈ ਪਰਮੇਸ਼ੁਰ ਦਾ ਸ਼ੁਕਰ ਕੀਤਾ। 38ਉਨ੍ਹਾਂ ਨੇ ਆਖਿਆ,
“‘ਧੰਨ ਹੈ! ਜੋ ਪ੍ਰਭੂ ਦੇ ਨਾਂ ਤੇ ਆਉਂਦਾ ਹੈ।’#ਜ਼ਬੂਰ 118:26
ਸੁਰਗ ਵਿੱਚ ਸ਼ਾਂਤੀ ਹੋਵੇ ਅਤੇ ਪਰਮੇਸ਼ੁਰ ਨੂੰ ਮਹਿਮਾ।”
39ਭੀੜ ਵਿੱਚੋਂ ਕੁਝ ਫਰੀਸੀਆਂ ਨੇ ਯਿਸੂ ਨੂੰ ਆਖਿਆ, “ਸੁਆਮੀ! ਆਪਣੇ ਚੇਲਿਆਂ ਨੂੰ ਆਖੋ ਕਿ ਇੰਝ ਕਹਿਣ ਤੋਂ ਬਾਜ ਆਉਣ!”
40ਪਰ ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਦੱਸਦਾ ਹਾਂ ਇਹ ਗੱਲਾਂ ਜ਼ਰੂਰ ਆਖਣੀਆਂ ਚਾਹੀਦੀਆਂ ਹਨ। ਜੇਕਰ ਮੇਰੇ ਚੇਲੇ ਚੁੱਪ ਕਰ ਜਾਣਗੇ ਤਾਂ ਇਹ ਪੱਥਰ ਅਜਿਹਾ ਬੋਲ ਉੱਠਣਗੇ।”
ਯਿਸੂ ਦੀ ਯਰੂਸ਼ਲਮ ਲਈ ਪੁਕਾਰ
41ਜਦੋਂ ਯਿਸੂ ਯਰੂਸ਼ਲਮ ਦੇ ਨੇੜੇ ਆਇਆ, ਉਸ ਨੇ ਸ਼ਹਿਰ ਨੂੰ ਵੇਖਿਆ ਅਤੇ ਉਸ ਲਈ ਰੋਇਆ। 42ਉਸ ਨੇ ਯਰੂਸ਼ਲਮ ਨੂੰ ਆਖਿਆ, “ਕਾਸ਼ ਕਿ ਤੂੰ ਅੱਜ ਇਹ ਜਾਣਦਾ ਕਿ ਤੇਰੇ ਲਈ ਕਿਹੜੀਆਂ ਗੱਲਾਂ ਸ਼ਾਂਤੀ ਲਿਆਉਣਗੀਆਂ। ਪਰ ਤੂੰ ਇਸ ਨੂੰ ਨਹੀਂ ਜਾਣ ਸੱਕਦਾ ਕਿਉਂਕਿ ਇਹ ਤੈਥੋਂ ਲੁਕੀਆਂ ਹੋਈਆਂ ਹਨ। 43ਇੱਕ ਸਮਾਂ ਆਵੇਗਾ ਜਦੋਂ ਤੇਰੇ ਵੈਰੀ ਤੇਰੇ ਦੁਆਲੇ ਮੋਰਚਾ ਬੰਨ੍ਹਣਗੇ ਅਤੇ ਤੈਨੂੰ ਸਾਰੇ ਪਾਸਿਓ ਘੇਰਾ ਪਾ ਲੈਣਗੇ ਅਤੇ ਦਬਾਉ ਪਾਉਣਗੇ। 44ਉਹ ਤੈਨੂੰ ਅਤੇ ਤੇਰੇ ਲੋਕਾਂ ਨੂੰ ਨਸ਼ਟ ਕਰ ਦੇਣਗੇ। ਉਹ ਇੱਕ ਪੱਥਰ ਨੂੰ ਦੂਜੇ ਪੱਥਰ ਉੱਤੇ ਟਿਕਿਆ ਨਹੀਂ ਰਹਿਣ ਦੇਣਗੇ। ਇਹ ਸਭ ਇਸ ਲਈ ਵਾਪਰੇਗਾ ਕਿਉਂਕਿ ਜਦੋਂ ਪਰਮੇਸ਼ੁਰ ਤੈਨੂੰ ਬਚਾਉਣ ਲਈ ਆਇਆ ਤੂੰ ਉਸ ਨੂੰ ਮਹਿਸੂਸ ਨਾ ਕੀਤਾ।”
ਯਿਸੂ ਦਾ ਮੰਦਰ ਵਿੱਚ ਜਾਣਾ
(ਮੱਤੀ 21:12-17; ਮਰਕੁਸ 11:15-19; ਯੂਹੰਨਾ 2:13-22)
45ਯਿਸੂ ਮੰਦਰ ਦੇ ਖੇਤਰ ਵਿੱਚ ਗਿਆ। ਅਤੇ ਉਸ ਨੇ ਉਨ੍ਹਾਂ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ, ਜੋ ਅੰਦਰ ਚੀਜ਼ਾਂ ਵੇਚ ਰਹੇ ਸਨ। 46ਯਿਸੂ ਨੇ ਕਿਹਾ, “ਇਹ ਪੋਥੀਆਂ ਵਿੱਚ ਲਿਖਿਆ ਹੈ, ‘ਮੇਰਾ ਘਰ ਇੱਕ ਪ੍ਰਾਰਥਨਾ ਦਾ ਘਰ ਹੋਵੇਗਾ’,#ਯਸਾਯਾਹ 56:7 ਪਰ ਤੁਸੀਂ ਇਸ ਨੂੰ, ‘ਡਾਕੂਆਂ ਦੇ ਲੁਕਣ ਦੀ ਜਗ੍ਹਾ’#ਯਿਰਮਿਯਾਹ. 7:11 ਵਿੱਚ ਬਦਲ ਦਿੱਤਾ ਹੈ।”
47ਯਿਸੂ ਨੇ ਹਰ ਰੋਜ਼ ਮੰਦਰ ਵਿੱਚ ਉਪਦੇਸ਼ ਦਿੱਤੇ। ਪ੍ਰਧਾਨ ਜਾਜਕ, ਨੇਮ ਦੇ ਉਪਦੇਸ਼ਕ ਅਤੇ ਕੁਝ ਲੋਕ ਤੇ ਆਗੂ ਯਿਸੂ ਨੂੰ ਮਾਰਨ ਦਾ ਮੌਕਾ ਤਾੜ ਰਹੇ ਸਨ। 48ਪਰ ਉਹ ਉਸ ਨੂੰ ਮਾਰਨ ਦਾ ਰਾਹ ਨਾ ਲੱਭ ਸੱਕੇ ਕਿਉਂਕਿ ਸਭ ਲੋਕ ਬੜੇ ਧਿਆਨ ਨਾਲ ਯਿਸੂ ਦੇ ਉਪਦੇਸ਼ਾਂ ਨੂੰ ਸੁਣ ਰਹੇ ਸਨ।

Highlight

Share

Copy

None

Want to have your highlights saved across all your devices? Sign up or sign in