ਉਤਪਤ 20

20
ਅਬਰਾਹਾਮ ਤੇ ਅਬੀਮਲਕ
1ਤਾਂ ਅਬਰਾਹਾਮ ਨੇ ਉੱਥੋਂ ਦੱਖਣ ਦੇ ਦੇਸ ਵੱਲ ਕੂਚ ਕੀਤਾ ਅਤੇ ਕਾਦੇਸ ਅਰ ਸ਼ੂਰ ਦੇ ਵਿਚਕਾਰ ਟਿਕ ਕੇ ਗਰਾਰ ਵਿੱਚ ਜਾ ਵੱਸਿਆ 2ਅਤੇ ਅਬਰਾਹਾਮ ਨੇ ਸਾਰਾਹ ਆਪਣੀ ਪਤਨੀ ਦੇ ਵਿਖੇ ਆਖਿਆ ਭਈ ਏਹ ਮੇਰੀ ਭੈਣ ਹੈ ਸੋ ਅਬੀਮਲਕ ਗਰਾਰ ਦੇ ਰਾਜਾ ਨੇ ਆਦਮੀ ਘੱਲ ਕੇ ਸਾਰਾਹ ਨੂੰ ਮੰਗਵਾ ਲਿਆ 3ਅਤੇ ਪਰਮੇਸ਼ੁਰ ਨੇ ਅਬੀਮਲਕ ਕੋਲ ਰਾਤ ਦੇ ਸੁਫ਼ਨੇ ਵਿੱਚ ਆਕੇ ਉਹ ਨੂੰ ਆਖਿਆ, ਵੇਖ ਤੂੰ ਏਸ ਤੀਵੀਂ ਦੇ ਕਾਰਨ ਜਿਹ ਨੂੰ ਤੂੰ ਲਿਆ ਹੈ ਮਰਨ ਵਾਲਾ ਹੈਂ ਕਿਉਂਜੋ ਉਹ ਵਿਆਹੀ ਹੋਈ ਹੈ 4ਪਰ ਅਜੇ ਅਬੀਮਲਕ ਉਹ ਦੇ ਨੇੜੇ ਨਹੀਂ ਗਿਆ ਸੀ ਤਾਂ ਉਸ ਨੇ ਆਖਿਆ, ਹੇ ਪ੍ਰਭੁ ਕੀ ਤੂੰ ਇੱਕ ਧਰਮੀ ਕੌਮ ਨੂੰ ਵੀ ਮਾਰ ਸੁੱਟੇਂਗਾ? 5ਕੀ ਉਹ ਨੇ ਮੈਨੂੰ ਨਹੀਂ ਆਖਿਆ ਕਿ ਏਹ ਮੇਰੀ ਭੈਣ ਹੈ? ਅਤੇ ਕੀ ਉਸ ਨੇ ਵੀ ਆਪ ਹੀ ਨਹੀਂ ਆਖਿਆ ਕਿ ਉਹ ਮੇਰਾ ਭਰਾ ਹੈ? ਮੈਂ ਤਾਂ ਆਪਣੇ ਦਿਲ ਦੀ ਸਿਧਿਆਈ ਅਰ ਆਪਣੇ ਹੱਥਾਂ ਦੀ ਨਿਰਮਲਤਾਈ ਨਾਲ ਏਹ ਕੀਤਾ ਹੈ 6ਤਾਂ ਪਰਮੇਸ਼ੁਰ ਨੇ ਸੁਫ਼ਨੇ ਵਿੱਚ ਉਹ ਨੂੰ ਆਖਿਆ, ਮੈਂ ਵੀ ਜਾਣ ਲਿਆ ਹੈ ਕਿ ਤੂੰ ਆਪਣੇ ਦਿਲ ਦੀ ਸਿਧਿਆਈ ਨਾਲ ਇਹ ਕੀਤਾ ਹੈ। ਮੈਂ ਤੈਨੂੰ ਆਪਣੇ ਵਿੱਰੁਧ ਪਾਪ ਕਰਨ ਤੋਂ ਰੋਕਿਆ ਹੈ ਕਿਉਂਕਿ ਮੈਂ ਤੈਨੂੰ ਉਹ ਨੂੰ ਛੋਹਣ ਨਹੀਂ ਦਿੱਤਾ 7ਸੋ ਹੁਣ ਤੂੰ ਉਸ ਮਨੁੱਖ ਨੂੰ ਉਹ ਦੀ ਪਤਨੀ ਮੋੜ ਦਿਹ ਕਿਉਂਜੋ ਉਹ ਨਬੀ ਹੈ ਅਰ ਉਹ ਤੇਰੇ ਲਈ ਬੇਨਤੀ ਕਰੇਗਾ ਅਤੇ ਤੂੰ ਜੀਉਂਦਾ ਰਹੇਗਾ ਪਰ ਜੇ ਨਾ ਮੋੜੇਂ ਤਾਂ ਜਾਣ ਲੈ ਕਿ ਤੂੰ ਅਰ ਸਾਰੇ ਜੋ ਤੇਰੇ ਹਨ ਜ਼ਰੂਰ ਮਰਨਗੇ 8ਤਾਂ ਅਬੀਮਲਕ ਸਵੇਰੇ ਹੀ ਉੱਠਿਆ ਅਰ ਆਪਣੇ ਸਾਰੇ ਟਹਿਲੂਆਂ ਨੂੰ ਬੁਲਾਕੇ ਉਨ੍ਹਾਂ ਦੇ ਕੰਨਾਂ ਵਿੱਚ ਏਹ ਸਾਰੀਆਂ ਗੱਲਾਂ ਪਾਈਆਂ ਤਾਂ ਓਹ ਮਨੁੱਖ ਬਹੁਤ ਹੀ ਡਰ ਗਏ 9ਅਬੀਮਲਕ ਨੇ ਅਬਰਾਹਾਮ ਨੂੰ ਬੁਲਵਾਕੇ ਆਖਿਆ, ਤੈਂ ਸਾਡੇ ਨਾਲ ਏਹ ਕੀ ਕੀਤਾ? ਮੈਂ ਤੇਰਾ ਕੀ ਪਾਪ ਕੀਤਾ ਕਿ ਤੂੰ ਮੇਰੇ ਉੱਤੇ ਅਰ ਮੇਰੀ ਬਾਦਸ਼ਾਹੀ ਉੱਤੇ ਇਹ ਵੱਡਾ ਪਾਪ ਲੈ ਆਂਦਾ ਹੈਂ? ਇਹ ਕਰਤੂਤ ਜਿਹੜੀ ਤੈਨੂੰ ਨਹੀਂ ਕਰਨੀ ਚਾਹੀਦੀ ਸੀ ਤੈਂ ਮੇਰੇ ਨਾਲ ਕੀਤੀ 10ਤਾਂ ਅਬੀਮਲਕ ਨੇ ਅਬਰਾਹਾਮ ਨੂੰ ਆਖਿਆ ਤੈਂ ਕੀ ਵੇਖਿਆ ਭਈ ਤੈਂ ਇਹ ਗੱਲ ਕੀਤੀ? 11ਤਾਂ ਅਬਰਾਹਾਮ ਨੇ ਆਖਿਆ ਏਸ ਲਈ ਕਿ ਮੈਂ ਆਖਿਆ ਭਈ ਪਰਮੇਸ਼ੁਰ ਦਾ ਡਰ ਏਸ ਥਾਂ ਜ਼ਰੂਰ ਨਹੀ ਹੈ ਅਰ ਓਹ ਮੇਰੀ ਪਤਨੀ ਦੀ ਖ਼ਾਤਰ ਮੈਨੂੰ ਮਾਰ ਸੁੱਟਣਗੇ 12ਪਰ ਓਹ ਸੱਚ ਮੁੱਚ ਮੇਰੀ ਭੈਣ ਹੈ। ਉਹ ਮੇਰੇ ਪਿਤਾ ਦੀ ਧੀ ਹੈ ਪਰ ਮੇਰੀ ਮਾਤਾ ਦੀ ਧੀ ਨਹੀਂ ਹੈ ਫੇਰ ਉਹ ਮੇਰੀ ਪਤਨੀ ਹੋ ਗਈ 13ਐਉਂ ਹੋਇਆ ਕਿ ਜਦ ਪਰਮੇਸ਼ੁਰ ਨੇ ਮੇਰੇ ਪਿਤਾ ਦੇ ਘਰ ਤੋਂ ਮੈਨੂੰ ਐਧਰ ਔਧਰ ਘੁਮਾਇਆ ਤਾਂ ਮੈਂ ਏਹ ਨੂੰ ਆਖਿਆ ਭਈ ਏਹ ਤੇਰੀ ਦਯਾ ਹੋਵੇਗੀ ਜੋ ਤੂੰ ਮੇਰੇ ਉੱਤੇ ਕਰੇਂ। ਹਰ ਥਾਂ ਜਿੱਥੇ ਅਸੀਂ ਜਾਈਏ ਤੂੰ ਮੇਰੇ ਵਿਖੇ ਆਖੀਂ ਕਿ ਇਹ ਮੇਰਾ ਭਰਾ ਹੈ 14ਉਪਰੰਤ ਅਬੀਮਲਕ ਨੇ ਇੱਜੜ ਅਰ ਪਸੂ ਅਰ ਗੋੱਲੇ ਗੋੱਲੀਆਂ ਲੈਕੇ ਅਬਰਾਹਾਮ ਨੂੰ ਦਿੱਤੇ ਅਰ ਉਹ ਨੂੰ ਸਾਰਾਹ ਉਹ ਦੀ ਪਤਨੀ ਵੀ ਮੋੜ ਦਿੱਤੀ 15ਨਾਲੇ ਅਬੀਮਲਕ ਨੇ ਆਖਿਆ, ਵੇਖ ਮੇਰਾ ਦੇਸ ਤੇਰੇ ਅੱਗੇ ਹੈ। ਜਿੱਥੇ ਤੇਰੀ ਨਿਗਾਹ ਵਿੱਚ ਚੰਗਾ ਲੱਗੇ ਉੱਥੇ ਵੱਸ 16ਅਤੇ ਸਾਰਾਹ ਨੂੰ ਉਸ ਨੇ ਆਖਿਆ, ਵੇਖ ਮੈਂ ਤੇਰੇ ਭਰਾ ਨੂੰ ਇੱਕ ਹਜ਼ਾਰ ਚਾਂਦੀ ਦੇ ਟਕੇ ਦਿੱਤੇ। ਵੇਖ ਓਹ ਤੇਰੇ ਲਈ ਅਰ ਸਾਰਿਆਂ ਲਈ ਜੋ ਤੇਰੇ ਸੰਗ ਹਨ ਅੱਖੀਆਂ ਦਾ ਪੜਦਾ ਹੋਣਗੇ ਅਤੇ ਐਉਂ ਹਰ ਤਰਾਂ ਤੇਰੀ ਦਾਦ ਰਸੀ ਹੋਵੇਗੀ 17ਤਾਂ ਅਬਰਾਹਾਮ ਨੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ ਅਰ ਪਰਮੇਸ਼ੁਰ ਨੇ ਅਬੀਮਲਕ ਅਰ ਉਸ ਦੀ ਤੀਵੀਂ ਅਰ ਉਸ ਦੀਆਂ ਗੋੱਲੀਆਂ ਨੂੰ ਚੰਗਾ ਕਰ ਦਿੱਤਾ ਅਤੇ ਓਹ ਫੇਰ ਜਣਨ ਲੱਗ ਪਈਆਂ 18ਕਿਉਂਕਿ ਯਹੋਵਾਹ ਨੇ ਅਬੀਮਲਕ ਦੇ ਘਰਾਣੇ ਦੀ ਹਰ ਕੁੱਖ ਨੂੰ ਸਾਰਾਹ ਅਬਰਾਹਾਮ ਦੀ ਪਤਨੀ ਦੇ ਕਾਰਨ ਸਖ਼ਤੀ ਨਾਲ ਬੰਦ ਕਰ ਛੱਡਿਆ ਸੀ।।

S'ha seleccionat:

ਉਤਪਤ 20: PUNOVBSI

Subratllat

Comparteix

Copia

None

Vols que els teus subratllats es desin a tots els teus dispositius? Registra't o inicia sessió