ਲੂਕਾ 13

13
ਸਬਤ ਨੂੰ ਮੰਨਣਾ। ਯਰੂਸ਼ਲਮ ਉੱਤੇ ਅਫ਼ਸੋਸ
1ਉਸ ਵੇਲੇ ਕਈ ਉੱਥੇ ਹਾਜ਼ਰ ਸਨ ਜਿਹੜੇ ਉਸ ਨੂੰ ਉਨ੍ਹਾਂ ਗਲੀਲੀਆਂ ਦਾ ਹਵਾਲਾ ਦੱਸਣ ਲੱਗੇ ਜਿਨ੍ਹਾਂ ਦਾ ਲਹੂ ਪਿਲਾਤੁਸ ਨੇ ਉਨ੍ਹਾਂ ਦੇ ਬਲੀਦਾਨਾਂ ਨਾਲ ਮਿਲਾਇਆ ਸੀ 2ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਭਲਾ, ਤੁਸੀਂ ਸਮਝਦੇ ਹੋ ਭਈ ਇਹ ਗਲੀਲੀ ਸਭਨਾਂ ਗਲੀਲੀਆਂ ਨਾਲੋਂ ਵੱਡੇ ਪਾਪੀ ਸਨ ਜੋ ਉਨ੍ਹਾਂ ਨੇ ਇਹ ਦੁਖ ਸਹੇ? 3ਮੈਂ ਤੁਹਾਨੂੰ ਆਖਦਾ ਹਾਂ, ਨਹੀਂ ਪਰ ਜੇ ਤੁਸੀਂ ਤੋਬਾ ਨਾ ਕਰੋ ਤਾਂ ਤੁਸਾਂ ਸਭਨਾਂ ਦਾ ਇਸੇ ਤਰਾਂ ਨਾਸ ਹੋ ਜਾਵੇਗਾ 4ਯਾ ਉਹ ਅਠਾਰਾਂ ਜਿਨ੍ਹਾਂ ਉੱਤੇ ਸਿਲੋਆਮ ਦਾ ਬੁਰਜ ਢੱਠਾ ਅਤੇ ਉਨ੍ਹਾਂ ਨੂੰ ਮਾਰ ਸੁੱਟਿਆ, ਭਲਾ, ਤੁਸੀਂ ਏਹ ਸਮਝਦੇ ਹੋ ਜੋ ਓਹ ਯਰੂਸ਼ਲਮ ਦੇ ਸਭ ਰਹਿਣ ਵਾਲਿਆਂ ਨਾਲੋਂ ਵੱਡੇ ਪਾਪੀ ਸਨ? 5ਮੈਂ ਤੁਹਾਨੂੰ ਆਖਦਾ ਹਾਂ, ਨਹੀਂ ਪਰ ਜੇ ਤੁਸੀਂ ਤੋਬਾ ਨਾ ਕਰੋ ਤਾਂ ਤੁਸਾਂ ਸਭਨਾਂ ਦਾ ਇਸੇ ਤਰਾਂ ਨਾਸ ਹੋ ਜਾਵੇਗਾ।।
6ਉਸ ਨੇ ਇਹ ਦ੍ਰਿਸ਼ਟਾਂਤ ਦਿੱਤਾ ਭਈ ਕਿਸੇ ਮਨੁੱਖ ਦੇ ਅੰਗੂਰੀ ਬਾਗ ਵਿੱਚ ਇੱਕ ਹੰਜੀਰ ਦਾ ਬੂਟਾ ਲਾਇਆ ਹੋਇਆ ਸੀ ਅਤੇ ਉਹ ਉਸ ਦਾ ਫਲ ਲੈਣ ਆਇਆ ਪਰ ਨਾ ਲੱਭਾ 7ਤਦ ਉਹ ਨੇ ਬਾਗਵਾਨ ਨੂੰ ਆਖਿਆ, ਵੇਖ ਮੈਂ ਇਸ ਹੰਜੀਰ ਦੇ ਬੂਟੇ ਦੇ ਫਲ ਲੈਣ ਨੂੰ ਤਿੰਨਾਂ ਵਰਿਹਾਂ ਤੋਂ ਆਉਂਦਾ ਹਾਂ ਪਰ ਨਹੀਂ ਲੱਭਦਾ। ਇਹ ਨੂੰ ਵੱਢ ਸੁੱਟ। ਕਾਹਨੂੰ ਜਮੀਨ ਭੀ ਰੋਕ ਛੱਡੀ ਹੈ? 8ਪਰ ਉਸ ਨੇ ਉਹ ਨੂੰ ਉੱਤਰ ਦਿੱਤਾ, ਸੁਆਮੀ ਜੀ ਇਹ ਨੂੰ ਐਤਕੀ ਹੋਰ ਭੀ ਰਹਿਣ ਦਿਓ ਜਦ ਤੀਕੁਰ ਮੈਂ ਇਹ ਦੇ ਗਿਰਦੇ ਖਾਲ ਨਾ ਖੋਦਾਂ ਅਤੇ ਰੂੜੀ ਨਾ ਪਾਵਾਂ 9ਸ਼ਾਇਤ ਅੱਗੇ ਨੂੰ ਫਲ ਲੱਗੇ। ਨਹੀਂ ਤਾਂ ਇਹ ਨੂੰ ਵਢਾ ਸੁੱਟੀਂ।।
10ਉਹ ਸਬਤ ਦੇ ਦਿਨ ਕਿਸੇ ਸਮਾਜ ਵਿੱਚ ਉਪਦੇਸ਼ ਦਿੰਦਾ ਸੀ 11ਅਰ ਵੇਖੋਂ ਇੱਕ ਤੀਵੀਂ ਸੀ ਜਿਹ ਨੂੰ ਅਠਾਰਾਂ ਵਰਿਹਾਂ ਤੋਂ ਮਾਂਦਗੀ ਦਾ ਆਤਮਾ ਚਿੰਬੜਿਆ ਹੋਇਆ ਸੀ ਅਤੇ ਉਹ ਕੁੱਬੀ ਹੈਸੀ ਅਰ ਕਿਸੇ ਤਰਾਂ ਸਿੱਧੀ ਨਹੀਂ ਸੀ ਹੋ ਸਕਦੀ 12ਯਿਸੂ ਨੇ ਉਹ ਨੂੰ ਵੇਖ ਕੇ ਕੋਲ ਸੱਦਿਆ ਅਰ ਉਹ ਨੂੰ ਕਿਹਾ, ਹੇ ਤ੍ਰੀਮਤ ਤੂੰ ਆਪਣੀ ਮਾਂਦਗੀ ਤੋਂ ਛੁੱਟ ਗਈ ਹੈਂ 13ਅਤੇ ਉਸ ਉੱਤੇ ਹੱਥ ਰੱਖੇ ਤਾਂ ਓਵੇਂ ਉਹ ਸਿੱਧੀ ਹੋ ਗਈ ਅਰ ਪਰਮੇਸ਼ੁਰ ਦੀ ਵਡਿਆਈ ਕਰਨ ਲੱਗੀ! 14ਪਰ ਸਮਾਜ ਦੇ ਸਰਦਾਰ ਨੇ ਇਸ ਲਈ ਜੋ ਯਿਸੂ ਨੇ ਸਬਤ ਦੇ ਦਿਨ ਨਰੋਈ ਕੀਤੀ ਗੁੱਸੇ ਹੋ ਕੇ ਅੱਗੋਂ ਜਮਾਤ ਨੂੰ ਆਖਿਆ ਕਿ ਛੇ ਦਿਨ ਹਨ ਜਿਨ੍ਹਾਂ ਵਿੱਚ ਕੰਮ ਕਰਨਾ ਚਾਹੀਦਾ ਹੈ ਸੋ ਇਨ੍ਹਾਂ ਵਿੱਚ ਆਣ ਕੇ ਚੰਗੇ ਹੋਵੋ ਨਾ ਕਿ ਸਬਤ ਦੇ ਦਿਨ 15ਪਰ ਪ੍ਰਭੁ ਨੇ ਉਹ ਨੂੰ ਉੱਤਰ ਦੇ ਕੇ ਆਖਿਆ, ਹੇ ਕਪਟੀਓ ਕੀ ਤੁਹਾਡੇ ਵਿੱਚੋਂ ਹਰ ਕੋਈ ਸਬਤ ਦੇ ਦਿਨ ਆਪਣੇ ਬਲਦ ਯਾ ਗਧੇ ਨੂੰ ਖੁਰਲੀ ਤੋਂ ਖੋਲ੍ਹ ਕੇ ਪਾਣੀ ਪਿਆਉਣ ਨੂੰ ਨਹੀਂ ਲੈ ਜਾਂਦਾ? 16ਫੇਰ ਭਲਾ, ਇਹ ਤੀਵੀਂ ਜੋ ਅਬਰਾਹਾਮ ਦੀ ਧੀ ਹੈ ਜਿਹ ਨੂੰ ਸ਼ਤਾਨ ਨੇ ਵੇਖੋ ਅਠਾਰਾਂ ਵਰਿਹਾਂ ਤੋਂ ਬੰਨ੍ਹ ਰੱਖਿਆ ਹੈ ਇਹ ਨੂੰ ਸਬਤ ਦੇ ਦਿਨ ਇਸ ਬੰਧਨ ਤੋਂ ਛੁਡਾਉਣਾ ਜੋਗ ਨਹੀਂ ਸੀ? 17ਜਾਂ ਇਹ ਗੱਲਾਂ ਕਰਦਾ ਹੀ ਸੀ ਤਾਂ ਉਹ ਦੇ ਸਭ ਵਿਰੋਧੀ ਸ਼ਰਮਿੰਦੇ ਹੋ ਗਏ ਅਤੇ ਸਾਰੀ ਭੀੜ ਉਨ੍ਹਾਂ ਸਭਨਾਂ ਪਰਤਾਪ ਵਾਲੇ ਕੰਮਾਂ ਤੋਂ ਜੋ ਉਹ ਦੇ ਕੋਲੋਂ ਹੋਏ ਸਨ ਅਨੰਦ ਹੋਈ।।
18ਇਸ ਲਈ ਉਹ ਨੇ ਆਖਿਆ ਕਿ ਪਰਮੇਸ਼ੁਰ ਦਾ ਰਾਜ ਕਿਸ ਵਰਗਾ ਹੈ ਅਤੇ ਮੈਂ ਉਸ ਨੂੰ ਕਿਹ ਦੇ ਵਰਗਾ ਦੱਸਾਂ? 19ਉਹ ਰਾਈ ਦੇ ਦਾਣੇ ਵਰਗਾ ਹੈ ਜਿਹ ਨੂੰ ਇੱਕ ਮਨੁੱਖ ਨੇ ਲੈ ਕੇ ਆਪਣੇ ਬਾਗ ਵਿੱਚ ਬੀਜਿਆ ਅਰ ਉਹ ਉੱਗਿਆ ਅਤੇ ਬਿਰਛ ਹੋ ਗਿਆ ਅਤੇ ਅਕਾਸ਼ ਦੇ ਪੰਛੀਆਂ ਨੇ ਉਹਦੀਆਂ ਟਹਿਣੀਆਂ ਉੱਤੇ ਵਸੇਰਾ ਕੀਤਾ 20ਉਸ ਨੇ ਫੇਰ ਆਖਿਆ, ਮੈਂ ਪਰਮੇਸ਼ੁਰ ਦੇ ਰਾਜ ਨੂੰ ਕਿਹ ਦੇ ਵਰਗਾ ਦੱਸਾਂ? 21ਉਹ ਖ਼ਮੀਰ ਵਰਗਾ ਹੈ ਜਿਹ ਨੂੰ ਇੱਕ ਤੀਵੀਂ ਨੇ ਲੈ ਕੇ ਤਿੰਨ ਸੇਰ ਆਟੇ ਵਿੱਚ ਗੁੰਨ੍ਹਿਆ ਐਥੋਂ ਤੋੜੀ ਜੋ ਸਾਰਾ ਖ਼ਮੀਰਾ ਹੋ ਗਿਆ।।
22ਉਹ ਉਪਦੇਸ਼ ਦਿੰਦਾ ਹੋਇਆ ਨਗਰ ਨਗਰ ਅਤੇ ਪਿੰਡ ਪਿੰਡ ਹੋ ਕੇ ਯਰੂਸ਼ਲਮ ਦੀ ਵੱਲ ਲਗਾ ਜਾਂਦਾ ਸੀ 23ਤਦ ਇੱਕ ਨੇ ਉਹ ਨੂੰ ਆਖਿਆ, ਪ੍ਰਭੁ ਜੀ ਜਿਹੜੇ ਮੁਕਤੀ ਪਾਉਂਦੇ ਕੀ ਓਹ ਵਿਰਲੇ ਹਨ? 24ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਭੀੜੇ ਬੂਹੇ ਤੋਂ ਵੜਨ ਦਾ ਵੱਡਾ ਜਤਨ ਕਰੋ ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਬਥੇਰੇ ਵੜਨ ਨੂੰ ਚਾਹੁਣਗੇ ਪਰ ਵੜ ਨਾ ਸੱਕਣਗੇ 25ਜਦੋਂ ਘਰ ਦਾ ਮਾਲਕ ਉੱਠ ਕੇ ਬੂਹਾ ਮਾਰ ਦੇਵੇ ਅਤੇ ਤੁਸੀਂ ਬਾਹਰ ਖੜੇ ਇਹ ਕਹਿ ਕੇ ਬੂਹਾ ਖੜਕਾਉਣ ਲੱਗੋਗੇ ਕਿ ਹੇ ਪ੍ਰਭੁ, ਸਾਡੇ ਲਈ ਖੋਲ੍ਹੋ! ਅਤੇ ਉਹ ਤੁਹਾਨੂੰ ਉੱਤਰ ਦੇਵੇਗਾ ਭਈ ਮੈਂ ਤੁਹਾਨੂੰ ਨਹੀਂ ਜਾਣਦਾ ਜੋ ਤੁਸੀਂ ਕਿੱਥੋਂ ਦੇ ਹੋ 26ਤਦ ਤੁਸੀਂ ਆਖਣ ਲੱਗੋਗੇ ਕਿ ਅਸਾਂ ਤੇਰੇ ਅੱਗੇ ਖਾਧਾ ਪੀਤਾ ਅਤੇ ਤੈਂ ਸਾਡੇ ਚੋਂਕਾਂ ਵਿੱਚ ਉਪਦੇਸ਼ ਦਿੱਤਾ ਹੈ 27ਫੇਰ ਉਹ ਬੋਲੇਗਾ, ਮੈਂ ਤੁਹਾਨੂੰ ਆਖਦਾ ਹਾਂ ਭਈ ਮੈਂ ਨਹੀਂ ਜਾਣਦਾ ਜੋ ਤੁਸੀਂ ਕਿੱਥੋਂ ਦੇ ਹੋ। ਹੇ ਸਭ ਕੁਕਰਮੀਓ, ਮੇਰੇ ਕੋਲੋਂ ਦੂਰ ਹੋ ਜਾਓ! 28ਓੱਥੇ ਰੋਣਾ ਅਤੇ ਕਚੀਚੀਆਂ ਦਾ ਵੱਟਣਾ ਹੋਵੇਗਾ ਜਦ ਤੁਸੀਂ ਅਬਰਾਹਾਮ ਅਰ ਇਸਹਾਕ ਅਰ ਯਾਕੂਬ ਅਤੇ ਸਭਨਾਂ ਨਬੀਆਂ ਨੂੰ ਪਰਮੇਸ਼ੁਰ ਦੇ ਰਾਜ ਵਿੱਚ ਅਤੇ ਆਪਣੇ ਤਾਈਂ ਬਾਹਰ ਕੱਢੇ ਹੋਏ ਵੇਖੋਗੇ! 29ਅਰ ਲੋਕ ਪੂਰਬ ਅਤੇ ਪੱਛਮ ਅਤੇ ਉੱਤਰ ਅਤੇ ਦੱਖਣ ਤੋਂ ਆਣ ਕੇ ਪਰਮੇਸ਼ੁਰ ਦੇ ਰਾਜ ਦੀ ਪੰਗਤ ਵਿੱਚ ਬੈਠਣਗੇ 30ਵੇਖੋ, ਕਿੰਨੇ ਪਿਛਲੇ ਹਨ ਜਿਹੜੇ ਪਹਿਲੇ ਹੋਣਗੇ ਅਤੇ ਪਹਿਲੇ ਹਨ ਜਿਹੜੇ ਪਿੱਛਲੇ ਹੋਣਗੇ।।
31ਉਸੇ ਘੜੀ ਕਈ ਫ਼ਰੀਸੀਆਂ ਨੇ ਕੋਲ ਆਣ ਕੇ ਉਹ ਨੂੰ ਕਿਹਾ ਕਿ ਐਥੋਂ ਨਿੱਕਲ ਕੇ ਚੱਲਿਆ ਜਾਹ ਕਿਉਂ ਜੋ ਹੇਰੋਦੇਸ ਤੈਨੂੰ ਮਾਰ ਸੁੱਟਣਾ ਚਾਹੁੰਦਾ ਹੈ 32ਉਸ ਨੇ ਉਨ੍ਹਾਂ ਆਖਿਆ, ਤੁਸੀਂ ਜਾ ਕੇ ਉਸ ਲੂੰਬੜੀ ਨੂੰ ਕਹੋ ਭਈ ਵੇਖ ਮੈਂ ਅੱਜ ਅਰ ਕੱਲ੍ਹ ਭੂਤਾਂ ਨੂੰ ਕੱਢਦਾ ਅਤੇ ਨਰੋਆ ਕਰਦਾ ਹਾਂ ਅਤੇ ਤੀਏ ਦਿਨ ਪੂਰਾ ਹੋ ਜਾਵਾਂਗਾ 33ਪਰ ਮੈਨੂੰ ਚਾਹੀਦਾ ਹੈ ਜੋ ਅੱਜ ਅਰ ਕੱਲ੍ਹ ਅਤੇ ਪਰਸੋਂ ਫਿਰਦਾ ਰਹਾਂ ਕਿਉਂਕਿ ਇਹ ਨਹੀਂ ਹੋ ਸੱਕਦਾ ਜੋ ਯਰੂਸ਼ਲਮ ਤੋਂ ਬਾਹਰ ਕੋਈ ਨਬੀ ਮਾਰਿਆ ਜਾਵੇ 34ਹੇ ਯਰੂਸ਼ਲਮ, ਯਰੂਸ਼ਲਮ! ਤੂੰ ਜੋ ਨਬੀਆਂ ਨੂੰ ਕਤਲ ਕਰਦਾ ਹੈਂ ਅਤੇ ਉਨ੍ਹਾਂ ਨੂੰ ਜਿਹੜੇ ਤੇਰੇ ਕੋਲ ਘੱਲੇ ਹੋਏ ਹਨ ਪਥਰਾਉ ਕਰਦਾ ਹੈਂ, ਮੈਂ ਕਿੰਨੀ ਵਾਰੀ ਚਾਹਿਆ ਜੋ ਤੇਰੇ ਬਾਲਕਾਂ ਨੂੰ ਉਸੇ ਤਰਾਂ ਇਕੱਠਾ ਕਰਾਂ ਜਿਸ ਤਰਾਂ ਕੁੱਕੜੀ ਆਪਣੇ ਬੱਚਿਆਂ ਨੂੰ ਖੰਭਾਂ ਹੇਠ ਇਕੱਠੇ ਕਰਦੀ ਹੈ ਪਰ ਤੁਸਾਂ ਨਾ ਚਾਹਿਆ 35ਵੇਖੋ ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ ਅਤੇ ਮੈਂ ਤੁਹਾਨੂੰ ਆਖਦਾ ਹਾਂ ਜੋ ਤੁਸੀਂ ਮੈਨੂੰ ਨਾ ਵੇਖੋਗੇ ਜਦ ਤੋੜੀ ਇਹ ਨਾ ਕਹੋਗੇ ਭਈ ਮੁਬਾਰਕ ਉਹ ਜਿਹੜਾ ਪ੍ਰਭੁ ਦੇ ਨਾਮ ਉੱਤੇ ਆਉਂਦਾ ਹੈ!।।

S'ha seleccionat:

ਲੂਕਾ 13: PUNOVBSI

Subratllat

Comparteix

Copia

None

Vols que els teus subratllats es desin a tots els teus dispositius? Registra't o inicia sessió