ਉਤਪਤ 14

14
ਲੂਤ ਫ਼ੜਿਆ ਜਾਂਦਾ ਹੈ
1ਅਮਰਾਫਲ ਸਿਨਾਰ ਦਾ ਰਾਜਾ ਸੀ। ਅਰਯੋਕ ਅੱਲਾਸਾਰ ਦਾ ਰਾਜਾ ਸੀ। ਕਦਾਰਲਾਓਮਰ ਏਲਾਮ ਦਾ ਰਾਜਾ ਸੀ। ਅਤੇ ਤਿਦਾਲ ਗੋਈਮ ਦਾ ਰਾਜਾ ਸੀ। 2ਇਨ੍ਹਾਂ ਸਾਰੇ ਰਾਜਿਆਂ ਨੇ ਸਦੂਮ ਦੇ ਰਾਜੇ ਬਰਾ, ਅਮੂਰਾਹ ਦੇ ਰਾਜੇ ਬਿਰਸਾ, ਅਦਮਾਹ ਦੇ ਰਾਜੇ ਸਿਨਾਬ, ਸਬੋਈਮ ਦੇ ਰਾਜੇ ਸਮੇਬਰ ਅਤੇ ਬਲਾ ਦੇ ਰਾਜੇ ਨਾਲ ਜੰਗ ਲੜੀ। (ਬਲਾ ਨੂੰ ਸੋਅਰ ਵੀ ਆਖਿਆ ਜਾਂਦਾ ਹੈ।)
3ਇਨ੍ਹਾਂ ਸਾਰੇ ਰਾਜਿਆਂ ਨੇ ਸਿੱਦੀਮ ਦੀ ਵਾਦੀ ਵਿੱਚ ਆਪਣੀਆਂ ਫ਼ੌਜਾਂ ਇਕੱਠੀਆਂ ਕਰ ਲਈਆਂ। (ਸਿੱਦੀਮ ਦੀ ਵਾਦੀ ਅੱਜ ਕੱਲ੍ਹ ਖਾਰਾ ਸਮੁੰਦਰ ਹੈ।) 4ਇਨ੍ਹਾਂ ਰਾਜਿਆਂ ਨੇ ਕਦਾਰਲਾਓਮਰ ਦੀ ਬਾਰ੍ਹਾਂ ਵਰ੍ਹੇ ਤੱਕ ਸੇਵਾ ਕੀਤੀ ਸੀ। ਪਰ ਤੇਰ੍ਹਵੇਂ ਵਰ੍ਹੇ ਵਿੱਚ ਇਨ੍ਹਾਂ ਸਾਰਿਆਂ ਨੇ ਉਸ ਦੇ ਵਿਰੁੱਧ ਬਗਾਵਤ ਕਰ ਦਿੱਤੀ। 5ਇਸ ਲਈ ਚੌਦਵੇਂ ਵਰ੍ਹੇ ਵਿੱਚ ਰਾਜਾ ਕਦਾਰਲਾਓਮਰ ਅਤੇ ਉਸ ਦੇ ਨਾਲ ਦੇ ਰਾਜੇ ਉਨ੍ਹਾਂ ਨਾਲ ਲੜਨ ਲਈ ਆ ਗਏ। ਕਦਾਰਲਾਓਮਰ ਅਤੇ ਉਸ ਦੇ ਸਾਥੀ ਰਾਜਿਆਂ ਨੇ ਰਫ਼ਾਈਆਂ ਲੋਕਾਂ ਨੂੰ ਅਸਤਰੋਥ ਕਰਨਇਮ ਵਿਖੇ ਹਰਾ ਦਿੱਤਾ। ਉਨ੍ਹਾਂ ਨੇ ਜ਼ੂਜ਼ੀਆ ਲੋਕਾਂ ਨੂੰ ਵੀ ਹਾਮ ਵਿੱਚ ਹਰਾ ਦਿੱਤਾ। ਉਨ੍ਹਾਂ ਨੇ ਏਮੀਆਂ ਲੋਕਾਂ ਨੂੰ ਸਾਵੇਹ ਕਿਰਯਾਤਇਮ ਵਿਖੇ ਹਰਾ ਦਿੱਤਾ। 6ਉਨ੍ਹਾਂ ਨੇ ਹੋਰੀ ਲੋਕਾਂ ਨੂੰ ਹਰਾ ਦਿੱਤਾ ਜਿਹੜੇ ਪਹਾੜੀ ਪ੍ਰਦੇਸ਼ ਸੇਈਰ ਤੋਂ ਲੈ ਕੇ ਏਲ-ਪਾਰਾਨ ਦੇ ਇਲਾਕੇ ਤਾਈ ਰਹਿੰਦੇ ਸਨ। (ਏਲ ਪਾਰਾਨ ਮਾਰੂਥਲ ਦੇ ਨੇੜੇ ਹੈ।) 7ਫ਼ੇਰ ਰਾਜਾ ਕਦਾਰਲਾਓਮਰ ਵਾਪਸ ਮੁੜ ਪਿਆ ਅਤੇ ਏਲ ਮਿਸਪਾਟ (ਜਿਹੜਾ ਕਿ ਕਾਦੇਸ ਹੈ) ਵੱਲ ਚੱਲਾ ਗਿਆ ਅਤੇ ਅਮਾਲੇਕੀਆਂ ਦੇ ਇਲਾਕੇ ਨੂੰ ਜਿੱਤ ਲਿਆ। ਉਸ ਨੇ ਹਸਿਸੋਨ ਤਾਮਰ ਵਿੱਚ ਰਹਿੰਦੇ ਅਮੋਰੀ ਲੋਕਾਂ ਨੂੰ ਵੀ ਹਰਾ ਦਿੱਤਾ।
8ਉਸ ਸਮੇਂ ਸਦੂਮ ਦਾ ਰਾਜਾ, ਅਮੂਰਾਹ ਦਾ ਰਾਜਾ, ਅਦਮਾਹ ਦਾ ਰਾਜਾ, ਸਬੋਈਮ ਦਾ ਰਾਜਾ ਅਤੇ ਬਲਾ (ਸੋਅਰ) ਦਾ ਰਾਜਾ ਸਾਰੇ ਇੱਕ ਦੂਜੇ ਨਾਲ ਰਲ ਗਏ ਅਤੇ ਆਪਣੇ ਦੁਸ਼ਮਣਾਂ ਨਾਲ ਲੜਨ ਲਈ ਗਏ। ਉਹ ਜੰਗ ਕਰਨ ਲਈ ਸਿੱਦੀਮ ਦੀ ਵਾਦੀ ਵਿੱਚ ਗਏ। 9ਉਨ੍ਹਾਂ ਨੇ ਏਲਾਮ ਦੇ ਰਾਜੇ ਕਦਾਰਲਾਓਮਰ, ਗੋਈਮ ਦੇ ਰਾਜੇ ਤਿਦਾਲ, ਸਿਨਾਰ ਦੇ ਰਾਜੇ ਅਮਰਾਫਲ ਅਤੇ ਅੱਲਾਸਾਰ ਦੇ ਰਾਜੇ ਅਰਯੋਕ ਦੇ ਖ਼ਿਲਾਫ਼ ਜੰਗ ਕੀਤੀ। ਇਸ ਤਰ੍ਹਾਂ ਪੰਜਾਂ ਨਾਲ ਜੰਗ ਕਰਨ ਵਾਲੇ ਚਾਰ ਰਾਜੇ ਸਨ।
10ਸਿੱਦੀਮ ਦੀ ਵਾਦੀ ਵਿੱਚ ਲੁੱਕ ਨਾਲ ਭਰੀਆਂ ਹੋਈਆਂ ਅਨੇਕਾਂ ਖੱਡਾਂ ਸਨ। ਸਦੂਮ ਅਤੇ ਅਮੂਰਾਹ ਦੇ ਰਾਜੇ ਅਤੇ ਉਨ੍ਹਾਂ ਦੀਆਂ ਫ਼ੌਜਾਂ ਭੱਜ ਗਈਆਂ। ਬਹੁਤ ਸਾਰੇ ਸਿਪਾਹੀ ਇਨ੍ਹਾਂ ਖੱਡਾਂ ਵਿੱਚ ਡਿੱਗ ਪਏ। ਪਰ ਦੂਸਰੇ ਪਹਾੜਾਂ ਵੱਲ ਨੱਸ ਗਏ।
11ਇਸ ਤਰ੍ਹਾਂ, ਉਨ੍ਹਾਂ ਦੇ ਦੁਸ਼ਮਣਾਂ ਨੇ ਸਦੂਮ ਅਤੇ ਅਮੂਰਾਹ ਦੇ ਲੋਕਾਂ ਦੀਆਂ ਸਾਰੀਆਂ ਚੀਜ਼ਾਂ ਖੋਹ ਲਈਆਂ। ਉਨ੍ਹਾਂ ਨੇ ਉਨ੍ਹਾਂ ਦਾ ਸਾਰਾ ਭੋਜਨ ਖੋਹ ਲਿਆ ਅਤੇ ਚੱਲੇ ਗਏ। 12ਅਬਰਾਮ ਦਾ ਭਤੀਜਾ ਲੂਤ, ਸਦੂਮ ਵਿੱਚ ਰਹਿ ਰਿਹਾ ਸੀ ਅਤੇ ਦੁਸ਼ਮਣਾਂ ਨੇ ਉਸ ਨੂੰ ਬੰਦੀ ਬਣਾ ਲਿਆ। ਦੁਸ਼ਮਣ ਨੇ ਉਸ ਦੀਆਂ ਸਾਰੀਆਂ ਚੀਜ਼ਾਂ ਲੈ ਲਈਆਂ। 13ਉਨ੍ਹਾਂ ਵਿੱਚੋਂ ਇੱਕ ਆਦਮੀ ਜਿਹੜਾ ਫ਼ੜਿਆ ਨਹੀਂ ਗਿਆ ਸੀ, ਅਬਰਾਮ ਇਬਰਾਨੀ ਵੱਲ ਗਿਆ ਅਤੇ ਉਸ ਨੂੰ ਜਾਕੇ ਸਾਰਾ ਹਾਲ ਦੱਸਿਆ। ਅਬਰਾਮ ਦਾ ਡੇਰਾ ਉਨ੍ਹਾਂ ਰੁੱਖਾਂ ਦੇ ਲਾਗੇ ਸੀ ਜੋ ਮਮਰੇ ਅਮੋਰੀ ਦੇ ਸਨ। ਮਮਰੇ, ਅਸ਼ਕੋਲ ਅਤੇ ਆਨੇਰ ਨੇ ਅਬਰਾਮ ਨਾਲ ਇੱਕ ਦੂਸਰੇ ਦੀ ਸਹਾਇਤਾ ਕਰਨ ਦਾ ਇਕਰਾਰਨਾਮਾ ਕੀਤਾ ਹੋਇਆ ਸੀ।
ਅਬਰਾਮ ਦਾ ਲੂਤ ਨੂੰ ਛੁਡਾਉਣਾ
14ਅਬਰਾਮ ਨੂੰ ਪਤਾ ਚੱਲਿਆ ਕਿ ਲੂਤ ਫ਼ੜਿਆ ਗਿਆ ਸੀ। ਇਸ ਲਈ ਅਬਰਾਮ ਨੇ ਆਪਣੇ ਸਾਰੇ ਪਰਿਵਾਰ ਨੂੰ ਇਕੱਠਾ ਕਰ ਲਿਆ। ਉਸ ਵਿੱਚ 318 ਸਿਖਿਅਤ ਫ਼ੌਜੀ ਸਨ। ਅਬਰਾਮ ਨੇ ਇਨ੍ਹਾਂ ਆਦਮੀਆਂ ਦੀ ਅਗਵਾਈ ਕੀਤੀ ਅਤੇ ਦੁਸ਼ਮਣ ਨੂੰ ਦਾਨ ਸ਼ਹਿਰ ਤੱਕ ਭਜਾ ਦਿੱਤਾ। 15ਉਸ ਰਾਤ ਉਸ ਨੇ ਅਤੇ ਉਸ ਦੇ ਆਦਮੀਆਂ ਨੇ ਦੁਸ਼ਮਣ ਉੱਤੇ ਅਚਾਨਕ ਹਮਲਾ ਕਰ ਦਿੱਤਾ। ਉਨ੍ਹਾਂ ਨੇ ਦੁਸ਼ਮਣ ਨੂੰ ਹਰਾ ਦਿੱਤਾ ਅਤੇ ਉਸ ਨੂੰ ਹੋਬਾਹ, ਦਮਿਸੱਕ ਦੇ ਉੱਤਰ ਵੱਲ ਭਜਾ ਦਿੱਤਾ। 16ਫ਼ੇਰ ਅਬਰਾਮ ਨੇ ਉਹ ਸਾਰੀਆਂ ਚੀਜ਼ਾਂ ਵਾਪਸ ਲਿਆਂਦੀਆਂ ਜਿਹੜੀਆਂ ਦੁਸ਼ਮਣ ਨੇ ਲੁੱਟ ਲਈਆਂ ਸਨ। ਅਬਰਾਮ ਔਰਤਾਂ, ਨੌਕਰਾਂ, ਲੂਤ ਅਤੇ ਲੂਤ ਦੀ ਹਰ ਸ਼ੈਅ ਨੂੰ ਵਾਪਸ ਲੈ ਆਇਆ।
17ਫ਼ੇਰ ਅਬਰਾਮ ਕਦਾਰਲਾਓਮਰ ਅਤੇ ਉਸ ਦੇ ਨਾਲ ਜੁੜੇ ਰਾਜਿਆਂ ਨੂੰ ਹਰਾਉਣ ਤੋਂ ਬਾਦ ਘਰ ਪਰਤ ਆਇਆ। ਜਦੋਂ ਉਹ ਘਰ ਵਾਪਸ ਚੱਲਾ ਗਿਆ, ਸਦੂਮ ਦਾ ਰਾਜਾ ਉਸ ਨੂੰ ਸ਼ਾਵੇਹ ਦੀ ਵਾਦੀ (ਇਸ ਨੂੰ ਹੁਣ ਰਾਜੇ ਦੀ ਵਾਦੀ ਆਖਿਆ ਜਾਂਦਾ ਹੈ।) ਵਿੱਚ ਮਿਲਣ ਆਇਆ।
ਮਲਕਿ-ਸਿਦਕ
18ਸਾਲੇਮ ਦਾ ਰਾਜਾ, ਮਲਕਿ-ਸਿਦਕ ਵੀ ਅਬਰਾਮ ਨੂੰ ਮਿਲਣ ਲਈ ਗਿਆ। ਮਲਕਿ-ਸਿਦਕ ਸਰਬ ਉੱਚ ਪਰਮੇਸ਼ੁਰ ਦਾ ਜਾਜਕ ਸੀ। ਮਲਕਿ-ਸਿਦਕ ਰੋਟੀ ਤੇ ਮੈਅ ਲੈ ਕੇ ਆਇਆ। 19ਮਲਕਿ-ਸਿਦਕ ਨੇ ਅਬਰਾਮ ਨੂੰ ਅਸੀਸ ਦਿੱਤੀ ਅਤੇ ਆਖਿਆ,
“ਅਬਰਾਮ, ਸਰਬ ਉੱਚ ਪਰਮੇਸ਼ੁਰ ਤੈਨੂੰ ਅਸੀਸ ਦੇਵੇ।
ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਸਾਜਿਆ।
20ਅਤੇ ਅਸੀਂ ਸਰਬ ਉੱਚ ਪਰਮੇਸ਼ੁਰ ਦੀ ਉਸਤਤ ਕਰਦੇ ਹਾਂ।
ਪਰਮੇਸ਼ੁਰ ਨੇ ਤੇਰੇ ਦੁਸ਼ਮਣਾਂ ਨੂੰ ਹਰਾਉਣ ਵਿੱਚ ਤੇਰੀ ਸਹਾਇਤਾ ਕੀਤੀ।”
ਫ਼ੇਰ ਅਬਰਾਮ ਨੇ ਮਲਕਿ-ਸਿਦਕ ਨੂੰ ਜੰਗ ਵਿੱਚ ਜਿੱਤੀ ਹੋਈ ਹਰ ਚੀਜ਼ ਦਾ ਦਸਵੰਧ ਕੱਢ ਕੇ ਦਿੱਤਾ। 21ਸਦੂਮ ਦੇ ਰਾਜੇ ਨੇ ਅਬਰਾਮ ਨੂੰ ਆਖਿਆ, “ਤੂੰ ਇਹ ਸਾਰੀਂ ਚੀਜ਼ਾਂ ਆਪਣੇ ਲਈ ਰੱਖ ਸੱਕਦਾ ਹੈਂ। ਮੈਨੂੰ ਸਿਰਫ਼ ਮੇਰੇ ਉਹ ਲੋਕ ਵਾਪਸ ਕਰ ਦੇ ਜਿਨ੍ਹਾਂ ਨੂੰ ਦੁਸ਼ਮਣ ਫ਼ੜ ਕੇ ਲੈ ਗਏ ਸੀ।”
22ਪਰ ਅਬਰਾਮ ਨੇ ਸਦੂਮ ਦੇ ਰਾਜੇ ਨੂੰ ਆਖਿਆ, “ਮੈਂ ਯਹੋਵਾਹ ਸਰਬ ਉੱਚ ਪਰਮੇਸ਼ੁਰ ਅੱਗੇ ਇਕਰਾਰ ਕਰਦਾ ਹਾਂ, ਜਿਸਨੇ ਧਰਤੀ ਤੇ ਅਕਾਸ਼ ਨੂੰ ਸਾਜਿਆ 23ਮੈਂ ਇਕਰਾਰ ਕਰਦਾ ਹਾਂ ਕਿ ਮੈਂ ਕੋਈ ਵੀ ਉਹ ਚੀਜ਼ ਨਹੀਂ ਰੱਖਾਂਗਾ ਜਿਹੜੀ ਤੇਰੀ ਹੈ-ਕੋਈ ਧਾਗਾ ਜਾਂ ਤਸਮਾ ਵੀ ਨਹੀਂ। ਮੈਂ ਨਹੀਂ ਚਾਹੁੰਦਾ ਕਿ ਤੂੰ ਇਹ ਆਖੇਂ, ‘ਮੈਂ ਅਬਰਾਮ ਨੂੰ ਅਮੀਰ ਬਣਾਇਆ।’ 24ਸਿਰਫ਼ ਇੱਕੋ ਚੀਜ਼ ਜਿਹੜੀ ਮੈਂ ਪ੍ਰਵਾਨ ਕਰਾਂਗਾ ਉਹ ਭੋਜਨ ਹੈ ਜਿਹੜਾ ਮੇਰੇ ਜਵਾਨਾਂ ਨੇ ਖਾਧਾ ਹੈ। ਪਰ ਤੈਨੂੰ ਚਾਹੀਦਾ ਹੈ ਕਿ ਹੋਰਨਾਂ ਆਦਮੀਆਂ ਨੂੰ ਉਨ੍ਹਾਂ ਦਾ ਹਿੱਸਾ ਦੇ ਦੇਵੇ। ਉਹ ਚੀਜ਼ਾਂ ਲੈ ਲਵੋ ਜਿਹੜੀਆਂ ਅਸੀਂ ਜੰਗ ਵਿੱਚ ਜਿੱਤੀਆਂ ਹਨ ਅਤੇ ਕੁਝ ਆਨੇਰ, ਅਸ਼ਕੋਲ ਅਤੇ ਮਮਰੇ ਨੂੰ ਦੇ ਦੇਵੋ। ਇਨ੍ਹਾਂ ਆਦਮੀਆਂ ਨੇ ਮੇਰੀ ਜੰਗ ਵਿੱਚ ਸਹਾਇਤਾ ਕੀਤੀ ਸੀ।”

S'ha seleccionat:

ਉਤਪਤ 14: PERV

Subratllat

Comparteix

Copia

None

Vols que els teus subratllats es desin a tots els teus dispositius? Registra't o inicia sessió